ਜਿਨਸੀ ਸ਼ੋਸਣ: ਡੀਸੀ ਦਫਤਰ ਘੇਰਨ ਜਾਂਦੇ ਮੁਜ਼ਾਹਰਾਕਾਰੀਆਂ ‘ਤੇ ਲਾਠੀਚਾਰਜ

 Lathi charge, Protesters ,DC office

ਅੱਥਰੂ ਗੈਸ ਤੇ ਜਲ ਤੋਪਾਂ ਚੱਲੀਆਂ, 30 ਦੇ ਕਰੀਬ ਮੁਜਾਹਰਾਕਾਰੀ ਜਖ਼ਮੀ

ਸੱਚ ਕਹੂੰ ਨਿਊਜ਼/ਫ਼ਰੀਦਕੋਟ। ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੀ ਇੱਕ ਮਹਿਲਾ ਡਾਕਟਰ ਨਾਲ ਹੋਏ ਕਥਿਤ  ਜਿਣਸੀ ਸ਼ੋਸਣ ਦੇ ਮਾਮਲੇ ‘ਚ ਡੀਸੀ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ਮੁਜਾਹਰਾਕਾਰੀਆਂ ਤੇ ਪੁਲਿਸ ਦਰਮਿਆਨ ਜਬਰਦਸਤ ਟਕਰਾਅ ਹੋ ਗਿਆ ਇਸ ਦੌਰਾਨ ਪੁਲਿਸ ਵੱਲੋਂ ਮੁਜਾਹਰਾਕਾਰੀਆਂ ‘ਤੇ ਅੱਥਰੂ ਗੈਸ , ਜਲ ਤੋਪਾਂ ਤੇ ਲਾਠੀਚਾਰਜ ਦੀ ਵਰਤੋਂ ਵੀ ਕੀਤੀ ਗਈ ਜਿਸ ਕਾਰਨ 30 ਦੇ ਕਰੀਬ ਮੁਜਾਹਰਾਕਾਰੀ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੀ ਇੱਕ ਮਹਿਲਾ ਡਾਕਟਰ ਨਾਲ ਹੋਏ ਕਥਿਤ ਜਿਣਸੀ ਸ਼ੋਸਣ ਦੇ ਮਾਮਲੇ ‘ਚ ਪਿਛਲੇ ਤਿੰਨ ਹਫ਼ਤਿਆਂ ਤੋਂ ਡੀ.ਸੀ. ਦਫ਼ਤਰ ਨਜ਼ਦੀਕ ਕਚਹਿਰੀ ਰੋਡ ‘ਤੇ ਧਰਨਾ ਚੱਲ ਰਿਹਾ ਹੈ ਅੱਜ ਜਿਨਸੀ ਸ਼ੋਸਣ ਵਿਰੋਧੀ ਐਕਸ਼ਨ ਕਮੇਟੀ ਅਤੇ ਵੱਖ-ਵੱਖ ਜੱਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਵੱਲ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵੱਲ ਜਾਣ ਤੋਂ ਰੋਕਣ ਲਈ ਪੁਲਿਸ ਨੇ ਭਾਰੀ ਫੋਰਸ ਤਾਇਨਾਤ ਕਰਨ ਦੇ ਨਾਲ-ਨਾਲ ਜਲ ਤੋਪਾਂ, ਵੱਡੇ ਬੈਰੀਕੇਟਾਂ ਅਤੇ ਅੱਥਰੂ ਗੈਸ ਦਾ ਪੁਖਤਾ ਪ੍ਰਬੰਧ ਕੀਤਾ ਹੋਇਆ ਸੀ।

ਅੱਥਰੂ ਗੈਸ , ਜਲ ਤੋਪਾਂ ਤੇ ਲਾਠੀਚਾਰਜ ਦੀ ਵਰਤੋਂ ਵੀ ਕੀਤੀ

ਜਿਵੇਂ ਹੀ ਮੁਜ਼ਾਹਰਾਕਾਰੀ ਡੀ.ਸੀ. ਦਫ਼ਤਰ ਵੱਲ ਵਧਣ ਲੱਗੇ ਤਾਂ ਪੁਲਿਸ ਨੇ ਇੱਕਦਮ ਅੱਥਰੂ ਗੈਸ ਅਤੇ ਜਲ ਤੋਪਾਂ ਛੱਡ ਦਿੱਤੀਆਂ। ਜਲ ਤੋਪਾਂ ਛੱਡਣ ਨਾਲ ਰੋਸ ‘ਚ ਆਏ ਮੁਜ਼ਾਹਰਾਕਾਰੀਆਂ ਨੇ ਬੈਰੀਕੇਟ ਪੁੱਟ ਦਿੱਤੇ ਜਿਸ ‘ਤੇ ਪੁਲਿਸ ਨੇ ਅੰਨ੍ਹੇਵਾਹ ਲਾਠੀਚਾਰਜ ਕਰ ਦਿੱਤਾ ਜਿਸ ਵਿੱਚ ਪੀੜਤ ਡਾਕਟਰ ਦੇ ਨਾਲ ਕਰੀਬ 30 ਮੁਜ਼ਾਹਰਾਕਾਰੀਆਂ ਦੇ ਸੱਟਾਂ ਵੱਜੀਆਂ। ਪੀ.ਐੱਸ.ਯੂ ਦੀ ਜ਼ਿਲ੍ਹਾ ਆਗੂ ਮਨਦੀਪ ਕੌਰ ਅਤੇ ਨੌਜਵਾਨ ਭਾਰਤ ਸਭਾ ਦੇ ਨਗਿੰਦਰ ਅਜ਼ਾਦ ਇਹਨਾਂ ਝੜਪਾਂ ਵਿੱਚ ਗੰਭੀਰ ਜਖ਼ਮੀ  ਹੋਏ ਹਨ ਜੋ ਇਲਾਜ ਅਧੀਨ ਹਨ। ਪੀੜਤ ਡਾਕਟਰ ਦੀ ਪੁਲਿਸ ਵੱਲੋਂ ਕਾਫ਼ੀ ਖਿੱਚ ਧੂਹ ਵੀ ਕੀਤੀ ਗਈ। ਲਾਠੀਚਾਰਜ ਦੌਰਾਨ ਨੌਜਵਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ।

ਐਕਸ਼ਨ ਕਮੇਟੀ ਆਗੂ ਲਾਲ ਸਿੰਘ ਗੋਲੇਵਾਲਾ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਕੇਸ਼ਵ ਅਜ਼ਾਦ, ਸਾਹਿਲਦੀਪ ਸਿੰਘ, ਜਤਿੰਦਰ ਕੁਮਾਰ, ਮੰਗਾ ਅਜ਼ਾਦ, ਮਾਸਟਰ ਬੂਟਾ ਸਿੰਘ, ਹਰਵੀਰ ਕੌਰ ਅਤੇ ਸੁਖਪ੍ਰੀਤ ਕੌਰ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਪੀੜਤ ਡਾਕਟਰ ਨੂੰ ਇਨਸਾਫ਼ ਦੇਣ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਪੁਲਿਸ ਦੇ ਜ਼ੋਰ ‘ਤੇ ਸੰਘਰਸ਼ਸ਼ੀਲ ਲੋਕਾਂ ਨੂੰ ਦਬਾਉਣਾ ਚਾਹੁੰਦਾ ਹੈ ਪਰੰਤੂ ਐਕਸ਼ਨ ਕਮੇਟੀ ਪੀੜਤ ਡਾਕਟਰ ਨੂੰ ਇਨਸਾਫ਼ ਮਿਲਣ ਅਤੇ ਦੋਸ਼ੀ ਡਾਕਟਰਾਂ ਖਿਲਾਫ਼ ਪਰਚਾ ਦਰਜ ਹੋਣ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ। ਦੂਜੇ ਪਾਸੇ ਐੱਸ.ਪੀ. ਸੇਵਾ ਸਿੰਘ ਮੱਲੀ ਨੇ ਕਿਹਾ ਕਿ ਨੌਜਵਾਨਾਂ ਨੇ ਪੁਲਿਸ ਦੇ ਬੈਰੀਕੇਟ ਪੁੱਟਣ ਦੀ ਕੋਸ਼ਿਸ਼ ਕੀਤੀ ਸੀ  ਜਿਸ ਕਰਕੇ ਲਾਠੀਚਾਰਜ ਕਰਨਾ ਪਿਆ। ਐੱਸ.ਪੀ. ਨੇ ਕਿਹਾ ਕਿ ਝੜਪ ਦੌਰਾਨ ਪੁਲਿਸ ਕਰਮੀਆਂ ਦੇ ਵੀ ਸੱਟਾਂ ਵੱਜੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।