ਪੰਜਾਬ ਭਰ ਦੇੇ ਮੁਲਾਜ਼ਮਾਂ ਤੇ ਮਾਣ-ਭੱਤਾ ਵਰਕਰਾਂ ਵੱਲੋਂ ਤਿੰਨ ਰੋਜ਼ਾ ਮੋਰਚੇ ਦੀ ਸ਼ੁਰੂਆਤ

0
153
Punjab Employees Sachkahoon

ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਮਾਣ ਭੱਤਾ ਵਰਕਰਾਂ ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਨ ਦੀ ਮੰਗ

 ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੀ ਰਿਹਾਇਸ਼ ਤੱਕ ਕੀਤਾ ਰੋਸ ਮਾਰਚ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਕੈਪਟਨ ਸਰਕਾਰ ਵੱਲੋਂ ਮੁਲਾਜਮ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਪੁੱਜੇ ਵੱਖ-ਵੱਖ ਮਹਿਕਮਿਆਂ ਦੇ ਕੱਚੇ ਮੁਲਾਜਮਾਂ ਅਤੇ ਮਾਣ-ਭੱਤਾ ਵਰਕਰਾਂ ਵੱਲੋਂ ‘ਮਾਣ-ਭੱਤਾ, ਕੱਚਾ ਤੇ ਕੰਟਰੈਕਟ ਮੁਲਾਜਮ ਮੋਰਚੇ ਵੱਲੋਂ ਪਟਿਆਲਾ ਵਿੱਚ ਤਿੰਨ ਦਿਨਾਂ ਦਾ ਮੋਰਚਾ ਸ਼ੁਰੂ ਕੀਤਾ ਗਿਆ ਹੈ। ਮੋਰਚੇ ਦੇ ਪਹਿਲੇ ਦਿਨ ਮੁਲਾਜ਼ਮਾਂ ਵੱਲੋਂ ਤਿ੍ਰਪੜੀ ਦੇ ਬਾਜਾਰ ਵਿੱਚੋਂ ਗੁਜਰਦਿਆਂ ਮੰਡੀਕਰਨ ਬੋਰਡ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸ ਆਗੂ ਲਾਲ ਸਿੰਘ ਦੀ ਕੋਠੀ ਤੱਕ ਰੋਸ ਮਾਰਚ ਕਰਦਿਆਂ ਜੋਰਦਾਰ ਨਾਅਰੇਬਾਜੀ ਕੀਤੀ ਗਈ।

ਇਸ ਮੌਕੇ ਮੁਲਾਜਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁਲਾਜਮ ਆਗੂਆਂ ਰਛਪਾਲ ਸਿੰਘ, ਪ੍ਰਵੀਨ ਸ਼ਰਮਾਂ, ਕਮਲਜੀਤ ਕੌਰ ਤੇ ਕਿਰਨਪਾਲ ਕੌਰ ਨੇ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਸਰਕਾਰ ਬਣਨ ਤੋਂ ਬਾਅਦ ਆਪਣੇ ਕਾਰਜਕਾਲ ਦੇ ਆਖਰੀ ਸਾਲ ਤੱਕ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਜਿਹੜਾ ਕਾਨੂੰਨ ਲਿਆਂਦਾ ਜਾ ਰਿਹਾ ਹੈ ਉਸ ਨਾਲ ਬਹੁਤ ਹੀ ਘੱਟ ਮੁਲਾਜਮ ਪੱਕੇ ਹੋਣ ਦੀ ਆਸ ਹੈ।

ਇਸ ਤੋਂ ਇਲਾਵਾ ਮੋਰਚੇ ਦੇ ਆਗੂਆਂ ਲਖਵਿੰਦਰ ਕੌਰ, ਪਰਮਜੀਤ ਕੌਰ ਮਾਨ, ਮਮਤਾ ਸ਼ਰਮਾਂ ਅਤੇ ਸਰਬਜੀਤ ਕੌਰ ਮਚਾਕੀ ਨੇ ਆਖਿਆ ਕਿ ਪੰਜਾਬ ਸਰਕਾਰ ਦੁਆਰਾ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਮਾਣ-ਭੱਤਾ ਵਰਕਰਾਂ ਨੂੰ ਬਹੁਤ ਹੀ ਨਿਗੂਣਾ ਮਾਣ ਭੱਤਾ ਦੇ ਕੇ ਸੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਮੋਰਚੇ ਨਾਲ ਹੋਈਆਂ ਮੀਟਿੰਗਾਂ ਦੌਰਾਨ ਮੁੱਖ ਮੰਤਰੀ ਦੇ ਚੀਫ ਪਿ੍ਰੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਮਾਣ ਭੱਤਾ ਵਰਕਰਾਂ ਦੀ ਤਨਖਾਹ ਵਿੱਚ ਵਾਧੇ ਪ੍ਰਤੀ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ ਸੀ ਪਰ ਅੱਜ ਤੱਕ ਕਿਸੇ ਵੀ ਵਰਕਰ ਦੇ ਮਾਣ ਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਹੀ ਬਲਵੀਰ ਸੀਵੀਆ, ਸਰਬਜੀਤ ਕੌਰ ਮਚਾਕੀ, ਹਰਿੰਦਰ ਸਿੰਘ ਅਮਿ੍ਰਤਸਰ, ਹਰਜੀਤ ਕੌਰ ਸਮਰਾਲਾ, ਚਮਕੌਰ ਸਿੰਘ ਅਤੇ ਸੰਜੂ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਕੇ ਜੇ ਕੱਚੇ ਮੁਲਾਜਮਾਂ ਅਤੇ ਮਾਣ ਭੱਤਾ ਵਰਕਰਾਂ ਦੀਆਂ ਮੰਗਾਂ ਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ 19 ਸਤੰਬਰ ਨੂੰ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਹਜਾਰਾਂ ਮੁਲਾਜਮ ਤੇ ਵਰਕਰ ਪਟਿਆਲਾ ਪੁੱਜ ਕੇ ਮੁੱਖ ਮੰਤਰੀ ਦੇ ਮੋਤੀ ਮਹਿਲ ਦਾ ਘਿਰਾਓ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ