ਇਸ ਰੱਖੜੀ ਮੋਹ ਦੀਆਂ ਤੰਦਾਂ ਮਜ਼ਬੂਤ ਕਰੀਏ

0

ਇਸ ਰੱਖੜੀ ਮੋਹ ਦੀਆਂ ਤੰਦਾਂ ਮਜ਼ਬੂਤ ਕਰੀਏ

ਰੱਖੜੀ ਦਾ ਤਿਉਹਾਰ ਜਿੱਥੇ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ, ਉੱਥੇ ਹੀ ਇਸ ਦੇ ਪਿੱਛੇ ਛਿਪਿਆ ਹੈ ਇੱਕ ਭੈਣ ਦਾ ਆਪਣੇ ਭਰਾ ਉੱਪਰ ਆਪਣੀ ਰੱਖਿਆ ਲਈ ਕੀਤਾ ਜਾਣ ਵਾਲਾ ਵਿਸ਼ਵਾਸ। ਸਮੇਂ ਦੇ ਨਾਲ ਜ਼ਿਆਦਾਤਰ ਤਿਉਹਾਰਾਂ ਦੀ ਬਿਰਤੀ ਬਦਲ ਚੁੱਕੀ ਹੈ, ਪਰ ਰੱਖੜੀ ਦਾ ਤਿਉਹਾਰ ਅੱਜ ਵੀ ਪਹਿਲਾਂ ਵਾਂਗ ਹੀ ਮਨਾਇਆ ਜਾਂਦਾ ਹੈ। ਇਸ ਦਿਨ ਸਹੁਰੇ ਗਈਆਂ ਕੁੜੀਆਂ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਪੇਕੇ ਘਰ ਆਉਂਦੀਆਂ ਹਨ।

ਭੈਣ ਰੱਖੜੀ ਬੰਨ੍ਹ ਭਰਾ ਦਾ ਮੂੰਹ ਮਿੱਠਾ ਕਰਵਾਉਂਦੀ ਹੈ ਤੇ ਭਰਾ ਉਸ ਨੂੰ ਨਕਦੀ ਜਾਂ ਤੋਹਫ਼ੇ ਆਦਿ ਦਿੰਦਾ ਹੈ। ਜਿਹੜੇ ਭੈਣ-ਭਰਾ ਇੱਕ-ਦੂਜੇ ਤੋਂ ਦੂਰ ਦੇਸ਼-ਵਿਦੇਸ਼ ਵਿੱਚ ਬੈਠੇ ਹੁੰਦੇ ਹਨ ਉਨ੍ਹਾਂ ਨੂੰ ਬਹੁਤ ਸਾਰੀਆਂ ਭੈਣਾਂ ਡਾਕ ਰਾਹੀਂ ਰੱਖੜੀ ਭੇਜਦੀਆਂ ਹਨ। ਹੁਣ ਦੇ ਸਮੇਂ ਵਿੱਚ ਦੇਖੀਏ, ਭੈਣ ਭਰਾ ਦਾ ਰਿਸ਼ਤਾ ਵੀ ਤਿੜਕ ਗਿਆ ਹੈ। ਪਿਛਲੇ ਸਮੇਂ ਰੱਖੜੀ ਦਾ ਮੁੱਲ ਮੋਹ-ਪਿਆਰ ਨਾਲ ਪੈਂਦਾ ਸੀ। ਦਿਖਾਵੇ ਤੇ ਕੱਪੜੇ ਗਹਿਣੇ ਨਾਲ ਨਹੀਂ। ਬੇਸ਼ੱਕ ਅੱਜ ਵੀ ਅਜਿਹੇ ਭਰਾ ਹਨ; ਜੋ ਭੈਣਾਂ ਨੂੰ ਮਾਪੇ ਯਾਦ ਨਹੀਂ ਆਉਣ ਦੇਂਦੇ ਤੇ ਉਨ੍ਹਾਂ ਦੇ ਸਾਰੀ ਉਮਰ ਦੇ ਮਾਪੇ ਬਣ ਕੇ ਰਹਿੰਦੇ ਨੇ ਤੇ ਅਜਿਹੀਆਂ ਭੈਣਾਂ ਵੀ ਨੇ ਜੋ ਭਰਾਵਾਂ ਨੂੰ ਮਾਪਿਆਂ ਵਾਂਗ ਤੇ ਪੁੱਤਾਂ ਵਾਂਗ ਸਤਿਕਾਰ ਕਰਦੀਆਂ ਤੇ ਪਿਆਰ ਕਰਦੀਆਂ ਨੇ ਪਰ ਅਜਿਹੇ ਭੈਣ-ਭਰਾ ਹੁਣ ਬਹੁਤ ਘੱਟ ਹਨ।

ਭੈਣ ਭਰਾ ਦੇ ਪਿਆਰ ਦੀ ਪ੍ਰਤੀਕ, ਇਹ ਰੱਖੜੀ ਬੰਨ੍ਹਣ ਦਾ ਉਦੇਸ਼ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਦੋਵੇਂ ਧਿਰਾਂ ਇੱਕ-ਦੂਜੇ ਨੂੰ ਪਿਆਰ-ਸਤਿਕਾਰ ਦੇਣ ਨਹੀਂ ਤਾਂ ਰੱਖੜੀ ਦਾ ਕੋਈ ਮਹੱਤਵ ਨਹੀਂ ਹੈ। ਕਈ ਭੈਣਾਂ ਸੋਨੇ ਜਾਂ ਚਾਂਦੀ ਦੀਆਂ ਰੱਖੜੀਆਂ ਵੀ ਭਰਾ ਦੇ ਬੰਨ੍ਹਦੀਆਂ ਨੇ । ਇਹ ਆਪਣੀ ਪਹੁੰਚ ‘ਤੇ ਨਿਰਭਰ ਹੈ। ਪਰ ਮੋਹ ਦੀ ਤੰਦ ਤਾਂ ਇੱਕ ਧਾਗਾ ਵੀ ਹੋ ਨਿੱਬੜਦਾ ਹੈ। ਅੱਜ ਦੇ ਸਮੇਂ ਰੱਖੜੀ ਦਾ ਮੁੱਲ ਮੋਹ-ਪਿਆਰ ਨਾਲ ਨਹੀਂ ਕੱਪੜੇ ਤੇ ਗਹਿਣੇ ਜਾਂ ਪੈਸੇ ਨਾਲ ਪੈਂਦਾ ਹੈ। ਕਈ ਭੈਣਾਂ ਉਸੇ ਭਰਾ ਨੂੰ ਜ਼ਿਆਦਾ ਮਾਣ-ਆਦਰ ਦਿੰਦੀਆਂ ਹਨ ਜਿਹੜਾ ਉਨ੍ਹਾਂ ਦੀ ਰੱਖੜੀ ਦਾ ਜ਼ਿਆਦਾ ਮੁੱਲ ਪਾਉਂਦਾ ਹੈ। ਕਈ ਘਰਾਂ ਵਿਚ ਭਾਬੀਆਂ ਰੱਖੜੀ ਨੂੰ ਮੱਥੇ ਵੱਟ ਵੀ ਪਾਉਂਦੀਆਂ ਨੇ ਤੇ ਕਈ ਆਈਆਂ ਨਣਾਨਾਂ ਨੂੰ ਦਿਲੋਂ ਸਤਿਕਾਰ ਤੇ ਪਿਆਰ ਕਰਦੀਆਂ ਹਨ ਸਰਦਾ-ਬਣਦਾ ਮਾਣ ਕਰਦੀਆਂ ਸੋਚਦੀਆਂ ਨੇ ਕਿ ਇਨ੍ਹਾਂ ਨੂੰ ਭਰਾ ਓਵੇਂ ਹੀ ਪਿਆਰੇ ਨੇ ਜਿਵੇਂ ਸਾਨੂੰ ਆਪਣੇ ਭਰਾ।

ਜੋ ਭੈਣ-ਭਰਾ ਕੋਰੋਨਾ ਦੇ ਚੱਲਦਿਆਂ ਇਸ ਵਾਰ ਇੱਕ-ਦੂਜੇ ਤੋਂ ਦੂਰ ਹਨ, ਉਹ ਜਲਦਬਾਜ਼ੀ ਨਾ ਕਰਨ, ਜਿੱਥੇ ਹਨ, ਉੱਥੋਂ ਹੀ ਰੱਖੜੀ ਦਾ ਤਿਉਹਾਰ ਮਨਾਉਣ। ਵੀਡੀਓ ਕਾਲ, ਆਡੀਓ ਕਾਲ ਰਾਹੀਂ ਇੱਕ-ਦੂਜੇ ਨੂੰ ਦੇਖੋ। ਇਹ ਤਾਂ ਭੈਣ-ਭਰਾ ਦੀ ਸਾਂਝ ਤੇ ਸਨੇਹ ਦਾ ਪਿਆਰਾ ਤਿਉਹਾਰ ਹੈ। ਸਮਾਂ ਬੀਤਣ ਨਾਲ ਇਸ ਤਿਉਹਾਰ ਨਾਲ ਸਬੰਧਿਤ ਭਾਵ ਹੀ ਬਦਲ ਗਏ ਹਨ। ਬੇਸ਼ੱਕ ਅੱਜ ਰਿਸ਼ਤਿਆਂ ਵਿੱਚ ਪਹਿਲਾਂ ਵਾਲੀ ਨਿੱਘ ਤੇ ਨੇੜਤਾ ਨਹੀਂ ਰਹੀ ਪਰ ਅਜੇ ਵੀ ਕੁਝ ਲੋਕ ਮੋਹ ਭਰੇ ਦਿਲ ਰੱਖਦੇ ਹਨ। ਰੱਖੜੀ ਬਾਰੇ ਇਸ ਲਿਖਤ ਵਿਚ ਕੌੜੀਆਂ ਸੱਚਾਈਆਂ ਨੂੰ ਲਿਖਿਆ ਉਹ ਸਿਰਫ ਇਸ ਲਈ ਕਿ ਸਾਰੇ ਭੈਣ-ਭਰਾ ਇਸ ਰਿਸ਼ਤੇ ਨੂੰ ਇੱਕ ਰਸਮੀ ਤਿਉਹਾਰ ਨਾ ਸਮਝਣ। ਦਿਖਾਵਿਆਂ ਨੂੰ ਛੱਡ ਕੇ ਸਾਦਗੀ ਤੇ ਪਿਆਰ ਸਤਿਕਾਰ ਨਾਲ ਇਹ ਮੋਹ ਦੀਆਂ ਤੰਦਾਂ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ

ਅੱਜ ਦੇ ਸਮੇਂ ਵਿੱਚ ਔਰਤਾਂ ਨਾਲ ਹੋ ਰਹੇ ਦੁਰਵਿਵਹਾਰ ਤੇ ਉਨ੍ਹਾਂ ਉੱਪਰ ਵਧ ਰਹੇ ਜ਼ੁਲਮਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਔਰਤ ਨੂੰ ਆਪਣੀ ਸੁਰੱਖਿਆ ਦਾ ਕਦਮ ਆਪ ਹੀ ਚੁੱਕਣਾ ਪਵੇਗਾ। ਇਸ ਦੇ ਨਾਲ ਹੀ ਭਰਾਵਾਂ ਨੂੰ ਚਾਹੀਦੈ ਕਿ ਉਹ ਆਪਣੀਆਂ ਭੈਣਾਂ ਨੂੰ ਪੜ੍ਹਾ-ਲਿਖਾ ਕੇ ਆਪਣੇ ਪੈਰਾਂ ਉੱਪਰ ਖੜ੍ਹਾ ਕਰਨ ਤਾਂ ਜੋ ਉਹ ਜ਼ਿੰਦਗੀ ਦੇ ਕਿਸੇ ਵੀ ਮੋੜ ਉੱਪਰ ਆਉਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਰ ਸਕਣ। ਭਰਾ ਦੁਆਰਾ ਆਪਣੀ ਭੈਣ ਨੂੰ ਦਿੱਤਾ ਜਾਣ ਵਾਲਾ ਇਹ ਸਭ ਤੋਂ ਕੀਮਤੀ ਤੋਹਫ਼ਾ ਹੋਵੇਗਾ।
ਗੰਢੂਆਂ (ਸੰਗਰੂਰ)

ਭੈਣਾਂ ਭਰਾਵਾਂ ਤੋਂ ਲੈਣ ਨਸ਼ੇ ਨਾ ਕਰਨ ਦਾ ਪ੍ਰਣ

ਰੱਖੜੀ ਦਾ ਤਿਉਹਾਰ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਇੱਕ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ੍ਹ ਕੇ ਆਪਣੀ ਰੱਖਿਆ ਤੇ ਪਿਆਰ ਨੂੰ ਸਦਾ ਕਾਇਮ ਰੱਖਣ ਦਾ ਵਾਅਦਾ ਮੰਗਦੀ ਹੈ ਤੇ ਭਰਾ ਵੀ ਕੋਈ ਨਾ ਕੋਈ ਤੋਹਫ਼ਾ ਦੇ ਕੇ ਉਸਦੀ ਰੱਖਿਆ ਕਰਨ ਦਾ ਵਾਅਦਾ ਭੈਣ ਨਾਲ ਕਰਦਾ ਹੈ। ਇਹ ਰੀਤ ਕਾਫੀ ਸਮੇਂ ਤੋਂ ਚੱਲੀ ਆ ਰਹੀ ਹੈ। ਸਮੇਂ-ਸਮੇਂ ਅਨੁਸਾਰ ਇਨ੍ਹਾਂ ਤਿਉਹਾਰਾਂ ਦੇ ਮਨਾਉਣ ਦੇ ਤਰੀਕਿਆਂ ਵਿਚ ਅੰਤਰ ਆਉਂਦਾ ਰਹਿੰਦਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਬਦਲਾਅ ਜੇਕਰ ਚੰਗੇ ਲਈ ਆਵੇ ਤਾਂ ਠੀਕ ਹੈ ਲੇਕਿਨ ਸਮਾਂ ਕੁਝ ਇਸ ਵੇਲੇ ਕੁਝ ਹੋਰ ਚਾਹ ਰਿਹਾ ਹੈ।

ਸਮਾਜ ਵਿਚ ਜਿਸ ਤਰ੍ਹਾਂ ਇਸ ਵੇਲੇ ਸਥਿਤੀ ਬਣੀ ਹੋਈ ਹੈ। ਨਸ਼ਿਆਂ ਤੇ ਸਮਾਜਿਕ ਬੁਰਾਈਆਂ ਨੇ ਇਸ ਵੇਲੇ ਪੂਰਾ ਜ਼ੋਰ ਫੜਿਆ ਹੋਇਐ। ਇਨ੍ਹਾਂ ਬੁਰਾਈਆਂ ਤੋਂ ਆਪਣੇ ਭਰਾਵਾਂ ਨੂੰ ਬਚਾਉਣ ਲਈ ਭੈਣਾਂ ਨੂੰ ਯੋਗਦਾਨ ਦੇਣਾ ਚਾਹੀਦਾ ਹੈ ਕਿਉਂਕਿ ਭੈਣ-ਭਰਾ ਦਾ ਰਿਸ਼ਤਾ ਇੱਕ ਇਹੋ-ਜਿਹਾ ਰਿਸ਼ਤਾ ਹੈ, ਕਿ ਇੱਕ ਭੈਣ ਜੇਕਰ ਚਾਹੇ ਤਾਂ ਆਪਣੇ ਭਰਾ ਨੂੰ ਇਨ੍ਹਾਂ ਬੁਰਾਈਆਂ ਤੋਂ ਬਚਾ ਸਕਦੀ ਹੈ। ਇਸਦਾ ਮਤਲਬ ਇਹ ਨਹੀਂ?ਕਿ ਹਰ ਕਿਸੇ ਦਾ ਭਰਾ ਇਨ੍ਹਾਂ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੈ ਪਰ ਇਨ੍ਹਾਂ ਸਮਾਜਿਕ ਬੁਰਾਈਆਂ ਤੋਂ ਬਚਣ ਲਈ ਬਚਾਅ ਬਹੁਤ ਜਰੂਰੀ ਹੈ ਕਿਉਂਕਿ ਪਤਾ ਨਹੀਂ ਕਿਸ ਵੇਲੇ ਕਿਸੇ ਮਾੜੀ ਸੰਗਤ ‘ਚ ਕਿਸੇ ਦਾ ਭਰਾ ਪੈ ਜਾਵੇ ਇਸ ਨਾਲ ਪਰਿਵਾਰ ਨੂੰ  ਅਜਿਹੀ ਸੱਟ ਲੱਗਦੀ ਹੈ ਕਿ ਮੁੜ ਕੇ ਪੈਰਾਂ ‘ਤੇ ਆਉਂਦਿਆਂ ਕਾਫੀ ਸਮਾਂ ਲੰਘ ਜਾਂਦਾ ਹੈ।

ਅਸੀਂ ਸਮਾਜ ਵਿਚ ਦੇਖਦੇ ਹਾਂ ਕਿ ਭੈਣ ਤੇ ਭਰਾ ਦਾ ਰਿਸ਼ਤਾ ਪਰਿਵਾਰ ਦੇ ਬਾਕੀ ਰਿਸ਼ਤਿਆਂ ਨਾਲੋਂ ਇੱਕ ਅਲੱਗ ਰਿਸ਼ਤਾ ਮੰਨਿਆ ਜਾਂਦਾ ਹੈ। ਇਸ ਰਿਸ਼ਤੇ ਵਿਚ ਤਕਰਾਰ, ਗੁੱਸਾ, ਲੜਾਈ ਜਰੂਰ ਹੁੰਦੀ ਹੈ ਪਰ ਨਾਲ ਪਿਆਰ ਵੀ ਬਹੁਤ ਹੁੰਦਾ ਹੈ। ਅਕਸਰ ਹੀ ਜਦੋਂ ਛੋਟੀ ਉਮਰ ਵਿਚ ਭੈਣ-ਭਰਾ ਵਿਚ ਤਕਰਾਰ ਹੁੰਦੀ ਹੈ ਤਾਂ ਮਾਂ-ਬਾਪ ਭੈਣ-ਭਰਾ ਨੂੰ ਇਹ ਗੱਲ ਆਮ ਹੀ ਕਹਿ ਦਿੰਦੇ ਹਨ ਕਿ ਜਦੋਂ ਇੱਕ-ਦੂਸਰੇ ਤੋਂ ਦੂਰ ਹੋਵੋਗੇ ਭੈਣ ਦਾ ਵਿਆਹ ਹੋ ਗਿਆ ਤਾਂ ਫਿਰ ਪਤਾ ਲੱਗੂ।

ਇਹੀ ਭੈਣਾਂ ਦਾ ਪਿਆਰ ਭਰਾਵਾਂ ਦੀ ਤਾਕਤ ਹੁੰਦਾ ਹੈ, ਜਿਸ ਨਾਲ ਉਹ ਹਰ ਸਮੱਸਿਆ ਨਾਲ ਲੜ ਸਕਦਾ ਹੈ। ਭੈਣਾਂ ਭਰਾਵਾਂ ਲਈ ਇੱਕ ਸੁਰਖਿਆ ਕਵਚ ਵੀ ਹੁੰਦੀਆਂ ਹਨ ਕਿਉਂਕਿ ਇੱਕ ਭੈਣ ਸਦਾ ਹੀ ਆਪਣੇ ਮਾਪਿਆਂ ਦੇ ਨਾਲ-ਨਾਲ ਆਪਣੇ ਭਰਾਵਾਂ ਦੀ ਸੁੱਖ ਮੰਗਦੀ ਹੈ, ਉਹ ਚਾਹੇ ਜਿੱਥੇ ਮਰਜ਼ੀ ਹੋਣ ਉਨ੍ਹਾਂ ਲਈ ਭੈਣਾਂ ਦੁਆਵਾਂ ਹੀ ਮੰਗਦੀਆਂ ਰਹਿੰਦੀਆਂ ਹਨ। ਇਹੀ ਦੁਆਵਾਂ ਹੀ ਭਰਾਵਾਂ ਦੀ ਹਰ ਥਾਂ ‘ਤੇ ਰੱਖਿਆ ਕਰਦੀਆਂ ਹਨ।
ਮਨਪ੍ਰੀਤ ਸਿੰਘ ਮੰਨਾ, ਗੜਦੀਵਾਲਾ
ਮੋ. 94177-17095
ਰਾਜਿੰਦਰ ਰਾਣੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ