ਪਟਾਕਿਆਂ ਲਈ ਲਇਸੈਂਸ ਇੱਕ ਦਾ ਜਾਰੀ ਹੋਇਆ ਪਰ ਖੁੱਲ੍ਹੀਆਂ ਦਰਜ਼ਨਾਂ ਦੁਕਾਨਾਂ

Licenses, Firecrackers, Shops

ਪਟਾਕਿਆਂ ਦੀ ਮਾਰਕਿਟ ਸਜੀ, ਇੰਪਰੂਵਮੈਂਟ ਟਰੱਸਟ ਨੇ ਨਹੀਂ ਭਰਾਈ ਅਜੇ ਆਪਣੀ ਥਾਂ ਦੀ ਫੀਸ

ਪਟਿਆਲਾ, ਖੁਸ਼ਵੀਰ ਸਿੰਘ ਤੂਰ

ਮੁੱਖ ਮੰਤਰੀ ਦੇ ਸ਼ਹਿਰ ਅੰਦਰ ਦੀਵਾਲੀ ਦੇ ਮੱਦੇਨਜ਼ਰ ਪਟਾਕਾ ਮਾਰਕਿਟ ਲਈ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਲਾਇਸੈਂਸ ਜਾਰੀ ਕੀਤਾ ਗਿਆ ਹੈ ਪਰ ਇੱਥੇ ਬਹੇੜਾ ਰੋਡ ‘ਤੇ ਦਰਜ਼ਨਾਂ ਦੁਕਾਨਾਂ ਇੰਪਰੂਵਮੈਂਟ ਟਰੱਸਟ ਦੀ ਜਗ੍ਹਾ ਅੰਦਰ ਬਿਨਾਂ ਲਾਇਸੈਂਸ ਤੋਂ ਹੀ ਖੁੱਲ੍ਹ ਗਈਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਥਾਂ ਨੂੰ ਵਰਤਨ ਲਈ ਪਟਾਕਾ ਵਪਾਰੀਆਂ ਵੱਲੋਂ ਇੰਪਰੂਵਮੈਂਟ ਟਰੱਸਟ ਕੋਲ ਕੋਈ ਫੀਸ ਜਮ੍ਹਾ ਨਹੀਂ ਕਰਵਾਈ ਗਈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਬਿਲਕੁਲ ਵਿਚਲੇ ਏਰੀਏ ‘ਚ ਬਹੇੜਾ ਰੋਡ ਤੇ ਏ. ਸੀ. ਮਾਰਕਿਟ ਨੇੜੇ ਪਟਾਕਾ ਮਾਰਕਿਟ ਲਈ ਵਪਾਰੀਆਂ ਵੱਲੋਂ ਕਈ ਦਿਨ ਪਹਿਲਾਂ ਥਾਂ ਮੱਲ ਲਈ ਸੀ। ਹੋਰ ਤਾਂ ਹੋਰ ਇੱਥੇ ਟੀਨ ਦੀਆਂ ਬਣੀਆਂ ਦਰਜ਼ਨਾਂ ਦੀ ਗਿਣਤੀ ਵਿੱਚ ਆਪਣੀਆਂ ਅਸਥਾਈ ਦੁਕਾਨਾਂ ਵੀ ਉਸਾਰ ਲਈਆਂ ਹਨ। ਬਿਨਾਂ ਮਨਜੂਰੀ ਮਿਲਣ ਕਰਕੇ ਮੀਡੀਆ ਵੱਲੋਂ ਮਾਮਲਾ ਚੁੱਕਣ ਤੋਂ ਬਾਅਦ ਭਾਵੇਂ ਪ੍ਰਸ਼ਾਸਨ ਤੇ ਇੰਪਰੂਵਮੈਂਟ ਟਰੱਸਟ ਵੱਲੋਂ ਇਸ ਮਾਰਕਿਟ ਨੂੰ ਬੰਦ ਕਰਵਾ ਦਿੱਤਾ ਸੀ। ਇਸ ਦੌਰਾਨ ਬੀਤੇ ਦੇਰ ਸ਼ਾਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿੰਗਲਾ ਟਰੇਡਰਜ਼ ਨੂੰ ਪਟਾਕਿਆਂ ਲਈ ਇੱਕ ਲਾਇਸੈਂਸ ਜਾਰੀ ਕਰ ਦਿੱਤਾ, ਜਿਸ ਤੋਂ ਬਾਅਦ ਅੱਜ ਇੱਥੇ ਇੱਕ ਦੁਕਾਨ ਦੀ ਥਾਂ ਦਰਜ਼ਨਾਂ ਦੁਕਾਨਾਂ ਪਟਾਕਿਆਂ ਲਈ ਸਜ ਗਈਆਂ ਹਨ।

ਇਹ ਵੀ ਪਤਾ ਲੱਗਾ ਹੈ ਕਿ ਜਿਸ ਇੰਪਰੂਵਮੈਂਟ ਟਰੱਸਟ ਦੀ ਥਾਂ ‘ਤੇ ਪਟਾਕਾ ਵਪਾਰੀਆਂ ਵੱਲੋਂ ਆਪਣੀਆਂ ਦੁਕਾਨਾਂ ਉਸਾਰੀਆਂ ਗਈਆਂ ਹਨ, ਉਸ ਥਾਂ ਦੀ ਇੰਪਰੂਵਮੈਂਟ ਟਰੱਸਟ ਨੂੰ ਕੋਈ ਫੀਸ ਅਦਾ ਨਹੀਂ ਕੀਤੀ ਗਈ। ਇੱਥੇ ਨਾ ਹੀ ਟਰੱਸਟ ਵੱਲੋਂ ਇਹ ਚੈੱਕ ਕੀਤਾ ਗਿਆ ਹੈ ਕਿ ਲਾਇਸੈਂਸ ਕਿਸ ਨੂੰ ਮਿਲਿਆ ਹੈ ਤੇ ਕਿੰਨੀਆਂ ਦੁਕਾਨਾਂ ਬਣ ਗਈਆਂ ਹਨ। ਸਿੰਗਲਾ ਟਰੇਡਰਜ਼ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਵੱਲੋਂ 2 ਹਜ਼ਾਰ ਰੁਪਏ ਭਰ ਕੇ ਲਾਇਸੈਂਸ ਲਿਆ ਗਿਆ ਹੈ, ਪਰ ਜਦੋਂ ਉਸ ਤੋਂ ਟਰੱਸਟ ਦੀ ਥਾਂ ਦੇ ਕਿਰਾਇਆ ਆਦਿ ਸਬੰਧੀ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਅੱਜ ਛੁੱਟੀ ਹੋਣ ਕਰਕੇ ਦਫ਼ਤਰ ਬੰਦ ਸੀ। ਦੱਸਣਯੋਗ ਹੈ ਕਿ ਅੱਜ ਸਬੰਧਿਤ ਪੁਲਿਸ ਵੱਲੋਂ ਬਾਕੀ ਦੀਆਂ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਬਾਅਦ ‘ਚ ਫਿਰ ਦੁਕਾਨਾਂ ਖੁੱਲ੍ਹ ਗਈਆਂ।

ਇਸ ਸਬੰਧੀ ਜਦੋਂ ਇੰਪਰੂਵਮੈਂਟ ਦੇ ਜੇ.ਈ. ਸੁਮਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਛੁੱਟੀ ਹੋਣ ਕਰਕੇ ਉਹ ਸੋਮਵਾਰ ਨੂੰ ਬਣਦੀ ਥਾਂ ਦੀ ਫੀਸ ਭਰਵਾਉਣਗੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਲਾਇਸੈਂਸ ਇੱਕ ਲਿਆ ਗਿਆ ਹੈ ਅਤੇ ਦੁਕਾਨਾਂ ਸਾਰੀਆਂ ਖੁੱਲ੍ਹ ਗਈਆਂ ਤਾਂ ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਹੀ ਇਸ ਸਬੰਧੀ ਚੈਕਿੰਗ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।