ਆਧੁਨਿਕ ਤੇ ਪੁਰਾਤਨ ਜੀਵਨਸ਼ੈਲੀ ’ਚ ਤਾਲਮੇਲ ਬਣਾ ਕੇ ਜਿੰਦਗੀ ਨੂੰ ਖੂਬਸੂਰਤ ਬਣਾਇਆ ਜਾ ਸਕਦੈ

ਆਧੁਨਿਕ ਤੇ ਪੁਰਾਤਨ ਜੀਵਨਸ਼ੈਲੀ ’ਚ ਤਾਲਮੇਲ ਬਣਾ ਕੇ ਜਿੰਦਗੀ ਨੂੰ ਖੂਬਸੂਰਤ ਬਣਾਇਆ ਜਾ ਸਕਦੈ

ਹੁਣ ਦੇ ਨਵੀਂ ਤਰ੍ਹਾਂ ਦੇ ਖਾਣ-ਪੀਣ, ਨਵੀਂ ਤਰ੍ਹਾਂ ਦੇ ਕੱਪੜੇ ਤੇ ਫੈਸ਼ਨ ਅਤੇ ਰਹਿਣ-ਸਹਿਣ ਦੇ ਢੰਗ-ਤਰੀਕਿਆਂ ਨੇ ਇਨਸਾਨ ਨੂੰ ਨਵੀਂ ਹੀ ਤਰ੍ਹਾਂ ਦੀਆਂ ਬਿਮਾਰੀਆਂ ਦਿੱਤੀਆਂ ਹਨ। ਲੇਕਿਨ ਇਨਸਾਨ ਅਜੇ ਆਪਣੇ ਖਾਣ-ਪੀਣ ’ਚ ਮਸਤ ਹੈ। ਉਹ ਜਿਵੇਂ ਰਹਿ ਰਿਹਾ ਹੈ ਉਸਨੂੰ ਵਧੀਆ ਲੱਗਣ ਲੱਗ ਪਿਆ ਹੈ। ਕਿਸੇ ਨੂੰ ਝੱਟੇ-ਬਿੰਦੇ ਚਾਹ ਪੀਣ ਦੀ ਲਤ ਲੱਗ ਗਈ ਹੈ। ਕਿਸੇ ਨੂੰ ਲੱਗਦਾ ਹੈ ਕਿ ਕੌਫੀ ਪੀ ਕੇ ਉਹਦਾ ਦਿਮਾਗ ਜ਼ਿਆਦਾ ਕੰਮ ਕਰਦਾ ਹੈ। ਕੋਈ ਕੋਲਡ ਡਰਿੰਕ ਬਿਨਾਂ ਨਹੀਂ ਸਾਰ ਸਕਦਾ। ਕਿਸੇ ਨੂੰ ਨਿਊਡਲਜ, ਚਾਕਲੇਟ ਜਾਂ ਪੈਟੀਜ ਬਹੁਤ ਪਸੰਦ ਹਨ। ਕੋਈ ਦੁੱਧ ’ਚ ਰੂਹ ਅਫਜਾ ਪਾਏ ਬਿਨਾਂ ਨਹੀਂ ਪੀਂਦਾ।

ਤੁਸੀਂ ਕਿਸੇ ਨੂੰ ਵੀ ਕਹਿ ਕੇ ਵੇਖ ਲਵੋ ਕਿ ਇਹ ਆਧੁਨਿਕ ਖਾਣ-ਪੀਣ ਤੇ ਇਸ ਤਰ੍ਹਾਂ ਦਾ ਰਹਿਣ-ਸਹਿਣ ਬੇਹੱਦ ਖਤਰਨਾਕ ਹੈ ਤਾਂ ਉਸਦਾ ਜਵਾਬ ਹੋਵੇਗਾ ਕਿ ਸਾਰੀ ਦੁਨੀਆਂ ’ਚ ਹੀ ਅਜਿਹਾ ਹੀ ਖਾਣ-ਪੀਣ ਚੱਲ ਰਿਹਾ ਹੈ ਅਸੀਂ ਇਕੱਲੇ ਅਲੱਗ ਤਰ੍ਹਾਂ ਕਿਵੇਂ ਰਹਿਣ ਲੱਗ ਸਕਦੇ ਹਾਂ।
ਸ਼ਰੇਆਮ ਵਿਕ ਰਹੀਆਂ ਨਕਲੀ ਦੁੱਧ, ਨਕਲੀ ਮਿਠਾਸ, ਨਕਲੀ ਰੰਗਾਂ ਅਤੇ ਗਲੇ-ਸੜੇ ਆਟਿਆਂ ਦੀਆਂ ਬਾਜ਼ਾਰੂ ਮਠਿਆਈਆਂ ਬਿਸਕੁਟ, ਬਰੈਡ, ਕੇਕ, ਪੇਸਟਰੀ, ਚਿਪਸ, ਰਸ, ਚਾਕਲੇਟ, ਟੌਫੀਆਂ, ਬਰਗਰ, ਨੂਡਲਜ਼, ਹਾਟ ਡੌਗਜ, ਗੋਲਗੱਪੇ, ਦਹੀਂ ਭੱਲੇ, ਪਰੌਂਠੇ, ਸਮੋਸੇ, ਪੈਟੀਜ, ਸੌਸ, ਬਾਜ਼ਾਰੂ ਅਚਾਰ, ਬਾਜਾਰੀ ਮੁਰੱਬੇ ਆਦਿ ਨੂੰ ਵੀ ਲੋਕਾਂ ਨੇ ਇਉਂ ਅਪਣਾਅ ਲਿਆ ਹੈ ਜਿਵੇਂ ਕਿ ਇਹਨਾਂ ’ਚ ਕੋਈ ਨੁਕਸ ਨਾ ਹੋਵੇ।

ਉਹ ਸਾਦਾ ਧਰਤੀ ਹੇਠਲਾ ਪਾਣੀ, ਘੜੇ ਦਾ ਪਾਣੀ, ਸਾਦੀ ਦਾਲ ਰੋਟੀ, ਘਰ ਦਾ ਸਲਾਦ, ਨਿੰਬੂ ਸ਼ਿਕੰਜਵੀ, ਚਾਟੀ ਦੀ ਲੱਸੀ, ਕਾਹੜਨੀ ਦੁੱਧ ਦਾ ਦਹੀਂ, ਅਣਚੋਪੜੀ ਰੋਟੀ, ਚਟਣੀ, ਉੱਬਲੀਆਂ ਸਬਜ਼ੀਆਂ, ਕਾਹੜਨੀ ਦਾ ਦੁੱਧ, ਪਤਲੀਆਂ ਦਾਲਾਂ, ਖੀਰ, ਚੌਲ, ਸੇਵੀਆਂ, ਕੜਾਹ, ਦਲੀਆ, ਖਿਚੜੀ, ਸਾਗ, ਖੱਖੜੀ, ਖਰਬੂਜ਼ਾ, ਅਮਰੂਦ, ਬੇਰ, ਜਾਮਣ, ਕਿੰਨੂ ਆਦਿ ਸੀਜਨਲ ਤੇ ਰੀਜਨਲ ਖਾਣਿਆਂ ਨੂੰ ਤਾਂ ਚੰਗਾ ਹੀ ਸਮਝਣੋ ਹਟ ਗਏ।

ਇਸੇ ਤਰ੍ਹਾਂ ਖੱਦਰ, ਸੂਤੀ, ਚਾਦਰਾ ਕੁੜਤਾ, ਕਮੀਜ਼ ਪਜਾਮਾ, ਸਲਵਾਰ ਕਮੀਜ਼ ਪਹਿਨਣਾ ਵੀ ਬਹੁਤ ਨੂੰ ਪਸੰਦ ਨਹੀਂ ਹੈ। ਟਾਈਮ ਸਿਰ ਘਰੇ ਮੁੜਨਾ, ਬੱਚਿਆਂ ਨਾਲ ਜਾਂ ਪਤਨੀ ਨਾਲ ਜਾਂ ਮਾਪਿਆਂ ਨਾਲ ਵਧੇਰੇ ਸਮਾਂ ਬਿਤਾਉਣਾ, ਘਰੇ ਆਪ ਗਾਰਡਨਿੰਗ ਕਰਨੀ, ਬੱਚਿਆਂ ਨੂੰ ਆਪ ਪੜ੍ਹਾਉਣਾ, ਬੱਚਿਆਂ ਤੇ ਬਜ਼ੁਰਗ ਮਾਪਿਆਂ ਜਾਂ ਪਤਨੀ ਨਾਲ ਕਿਧਰੇ ਘੁੰਮਣ ਜਾਣਾ ਬਹੁਤ ਲੋਕ ਪਸੰਦ ਹੀ ਨਹੀਂ ਕਰਦੇ।
ਜ਼ਿਆਦਾਤਰ ਲੋਕ ਲੇਟ ਘਰੇ ਆਉਣ, ਉਲਟਾ-ਪੁਲਟਾ ਖਾਣ, ਆਉਂਦਿਆ ਸਾਰ ਫੋਨ ਜਾਂ ਟੀਵੀ ਨੂੰ ਚਿੰਬੜਨ, ਬੱਚਿਆਂ ਜਾਂ ਪਤਨੀ ਨੂੰ ਬਿਨਾਂ ਵਜ੍ਹਾ ਝਿੜਕਣ ਅਤੇ ਸਾਰਾ ਦਿਨ ਮੱਥੇ ਤਿਉੜੀਆਂ ਚੜ੍ਹਾਈ ਰੱਖਣ, ਛੇਤੀ ਕੀਤਿਆਂ ਨਾ ਹੱਸਣ ਮੁਸਕਰਾਉਣ ਆਦਿ ਨੂੰ ਜਿਵੇਂ ਸਟੈਂਡਰਡ ਹੀ ਸਮਝਦੇ ਹਨ।

ਇਸੇ ਤਰ੍ਹਾਂ ਔਰਤਾਂ ਵੀ ਆਪ ਹੱਥੀਂ ਕੰਮ ਕਰਨ ਦੀ ਬਿਜਾਏ ਨੌਕਰਾਂ ਤੋਂ ਹੀ ਸਭ ਕੁਝ ਕਰਾਉਣ ਲੱਗ ਪਈਆਂ ਹਨ। ਬਹੁਤ ਔਰਤਾਂ ਵੀ ਟੀ.ਵੀ. ਜਾਂ ਫੋਨ ਦੀਆਂ ਏਨੀਆਂ ਆਦੀ ਹੋ ਚੁੱਕੀਆਂ ਹਨ ਕਿ ਉਹਨਾਂ ਕੋਲ ਆਪਣੇ ਬੱਚਿਆਂ, ਪਤੀ, ਮਾਪਿਆਂ, ਸੱਸ-ਸਹੁਰੇ ਆਦਿ ਲਈ ਟਾਈਮ ਹੀ ਨਹੀਂ ਨਿੱਕਲਦਾ। ਕੁੱਝ ਔਰਤਾਂ ਤਾਂ ਰੋਜ਼ਾਨਾ ਹੀ ਘਰੋਂ ਬਾਹਰ ਦਾ ਖਾਣਾ ਪਸੰਦ ਕਰਦੀਆਂ ਹਨ। ਉਹ ਬੱਚਿਆਂ ਨੂੰ ਵੀ ਉਲਟ-ਪੁਲਟ ਖਾਣ ਦੀ ਆਦਤ ਪਾ ਬੈਠਦੀਆਂ ਹਨ ਤੇ ਆਪ ਵੀ ਖੂਬ ਊਟ-ਪਟਾਂਗ ਜੰਕ ਫੂਡ ਜਾਂ ਬਾਜ਼ਾਰੂ ਚੀਜਾਂ ਦੀਆਂ ਆਦੀ ਹੋ ਜਾਂਦੀਆਂ ਹਨ।

ਲੋਕ ਐਨੇ ਮਾਨਸਿਕ ਰੋਗੀ ਹੁੰਦੇ ਜਾ ਰਹੇ ਹਨ ਕਿ ਉਹ ਮਨਪ੍ਰਚਾਵੇ ਲਈ ਬਹੁਤ ਉਲਟ-ਪੁਲਟ ਆਦਤਾਂ ਪਾ ਲੈਂਦੇ ਹਨ। ਮਹਿੰਗੀਆਂ ਕਾਰਾਂ, ਮਹਿੰਗੇ ਫੋਨ, ਬਰੈਂਡਡ ਕੱਪੜੇ, ਬੂਟ, ਸੂਟ, ਮਹਿੰਗਾ ਮੇਕ ਅੱਪ ਦਾ ਸਾਮਾਨ, ਵੱਡੀਆਂ ਕੋਠੀਆਂ, ਬੰਗਲਿਆਂ ਵਰਗੇ ਘਰ ਬਣਾਉਣਾ ਤੇ ਫਿਰ ਆਪਣੀ ਸਿਹਤ ਦਾ ਘੱਟ ਧਿਆਨ ਰੱਖਣਾ ਮਾਨਸਿਕ ਰੋਗੀ ਹੋਣ ਦੇ ਪੱਕੇ ਲੱਛਣ ਹਨ। ਇਸ ਤਰ੍ਹਾਂ ਦੇ ਲਾਈਫ ਸਟਾਈਲ ਨੂੰ ਲੋਕਾਂ ਨੇ ਉੱਚੇ-ਸੁੱਚੇ ਆਚਰਣ ਦਾ ਲਖਾਇਕ ਮੰਨ ਲਿਆ ਹੈ। ਤੁਸੀਂ ਸੋਚੋ ਹੁਣ ਅਜਿਹੇ ਲੋਕ ਬਰਾਂਡਿਆਂ ਵਾਲੇ ਸਾਦੇ ਘਰ ’ਚ ਰਹਿਣਾ ਕਿਵੇਂ ਪਸੰਦ ਕਰ ਸਕਦੇ ਹਨ।

ਮੰਜਿਆਂ ’ਤੇ ਪੈਣਾ, ਰੁੱਖਾਂ ਥੱਲੇ ਬੈਠਣਾ, ਨਿੱਕੇ-ਮੋਟੇ ਕੰਮ ਪੈਦਲ ਕਰਨਾ, ਰਾਤ ਨੂੰ ਖੁੱਲੇ੍ਹ ’ਚ ਸੌਣਾ, ਛੱਤ ’ਤੇ ਸੌਣਾ, ਬੱਚਿਆਂ ਨੂੰ ਦਾਦੇ-ਦਾਦੀ ਦੀਆਂ ਬਾਤਾਂ ਸੁਣਨ ਲਈ ਕਹਿਣਾ, ਸਵੇਰੇ ਉੁਠਦਿਆਂ ਸਾਰ ਬਾਹਰ ਖੁੱਲ੍ਹੀ ਹਵਾ ’ਚ ਤੁਰਦਿਆਂ ਦਾਤਣ ਕਰਨੀ, ਖੁੱਲ੍ਹੇ ਪਾਣੀ ਨਾਲ ਨਹਾਉਣਾ, ਨੰਗੇ ਪੈਰੀਂ ਚੱਲਣਾ, ਧੁੱਪ ’ਚ ਹੀ ਕੰਮ ਲੱਗੇ ਰਹਿਣਾ, ਸਰੀਰ ’ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨਾ, ਸਿਰ ’ਚ ਦੇਸੀ ਘਿਉ ਦੀ ਮਾਲਿਸ਼ ਕਰਨਾ, ਸ਼ਾਮ ਨੂੰ ਹੀ ਰਾਤ ਦਾ ਖਾਣਾ ਖਾ ਲੈਣਾ, ਹੋਲਾਂ, ਭੁੰਨ੍ਹੇ ਦਾਣੇ, ਪੁੰਗਰੀਆਂ ਦਾਲਾਂ, ਚੁੱਲੇ੍ਹ ਦੀ ਰੋਟੀ, ਤੰਦੂਰ ਦੀ ਰੋਟੀ, ਹਾਰੇ ਦੀ ਦਾਲ, ਕੁੱਜੇ ਦੀ ਸਬਜ਼ੀ, ਕੂੰਡੇ ਦੀ ਚਟਣੀ, ਚੌਂਤਰੇ ’ਚ ਚੁੱਲ੍ਹੇ ਮੂਹਰੇ ਬੈਠ ਕੇ ਖਾਣ ਨੂੰ ਉਹ ਅਨਪੜ੍ਹਤਾ ਹੀ ਸਮਝਣ ਲੱਗ ਪਏ ਹਨ।

ਕੋਈ ਸੱਥ ਵਿੱਚ ਨਹੀਂ ਬੈਠਦਾ, ਕੋਈ ਆਂਢ-ਗੁਆਂਢ ਵਿੱਚ ਜਾਂ ਰਿਸ਼ਤੇਦਾਰਾਂ ਨਾਲ ਨਹੀਂ ਵਰਤਦਾ, ਕੋਈ ਕੰਧ ਉੱਤੋਂ ਦੀ ਕਿਸੇ ਨਾਲ ਸਬਜੀ ਦਾਲ ਨਹੀਂ ਵਟਾਉਂਦਾ। ਕੋਈ ਰਿਸ਼ਤੇਦਾਰੀ ’ਚ ਜਾ ਕੇ ਅਗਲੇ ਨਾਲ ਕੰਮ ਨਹੀਂ ਕਰਾਉਂਦਾ। ਸਿਰਫ ਫੋਨ ਦੇ ਚੁਟਕਲੇ ਪੜ੍ਹ ਕੇ ਹੱਸਣਾ ਹੀ ਖੁਸ਼ੀ ਸਮਝਣ ਲੱਗ ਪਏ ਹਨ। ਕਿਸੇ ਨਾਲ ਹੱਸਣਾ ਮੁਸਕਰਾਉਣਾ ਤਾਂ ਮੂਰਖਤਾ ਹੀ ਸਮਝਣ ਲੱਗ ਪਏ ਹਨ।

ਜਿਵੇਂ-ਜਿਵੇਂ ਸਾਇੰਸ ਤਰੱਕੀ ਕਰ ਰਹੀ ਹੈ ਤੇ ਮੈਡੀਕਲ ਸੇਵਾਵਾਂ ਵਧ ਰਹੀਆਂ ਹਨ ਉਵੇਂ ਹੀ ਬਿਮਾਰੀਆਂ ਵੀ ਵਧ ਰਹੀਆਂ ਹਨ ਤੇ ਲਾਇਲਾਜ ਹੋ ਰਹੀਆਂ ਹਨ। ਜੇ ਇਉਂ ਹੀ ਸਭ ਚੱਲਦਾ ਰਿਹਾ ਤਾਂ ਤੁਹਾਨੂੰ ਥੋੜੇ੍ਹ ਸਮੇਂ ਵਿਚ ਹੀ ਸੱਠ ਸਾਲ ਤੋਂ ਉੁਪਰ ਦੇ ਲੋਕ ਦਿਸਣੋਂ ਹਟ ਜਾਣਗੇ। ਬਹੁਤਿਆਂ ਨੂੰ ਤੀਹ-ਚਾਲੀ ਸਾਲ ਦੀ ਉਮਰ ’ਚ ਹੀ ਦਿਸਣੋਂ ਹਟ ਜਾਏਗਾ। ਬਹੁਤਿਆਂ ਦੇ ਦੰਦ, ਜਾੜ੍ਹਾਂ ਤੇ ਜੋੜ ਛੋਟੀ ਉਮਰ ’ਚ ਹੀ ਜੁਆਬ ਦੇ ਜਾਇਆ ਕਰਨਗੇ।

ਬਹੁਤ ਛੋਟੀ ਉਮਰ ’ਚ ਤਾਂ ਮੌਤਾਂ ਹੁਣੇ ਹੀ ਹੋਣੀਆਂ ਸ਼ੁਰੂ ਹੋ ਗਈਆਂ ਹਨ। ਜਿਗਰ, ਗੁਰਦਿਆਂ, ਦਿਲ, ਦਿਮਾਗ ਦੇ ਰੋਗ ਵਧ ਗਏ ਹਨ। ਐਲਰਜੀ ਬਹੁਤ ਵਧ ਗਈ ਹੈ। ਛੋਟੇ-ਛੋਟੇ ਬੱਚਿਆਂ ਦੇ ਕੈਂਸਰ, ਸ਼ੂਗਰ, ਹਾਰਟ ਅਟੈਕ ਆਦਿ ਰੋਗ ਬਣ ਰਹੇ ਹਨ। ਬੇਔਲਾਦ ਲੋਕਾਂ ਦੀ ਵੀ ਗਿਣਤੀ ਵਧ ਰਹੀ ਹੈ।

ਇੱਕ ਹੀ ਹੱਲ ਹੈ ਜੇ ਤੁਸੀਂ ਲੰਮੀ ਤੰਦਰੁਸਤ ਉਮਰ ਭੋਗਣਾ ਚਾਹੁੰਦੇ ਹੋ ਤਾਂ ਆਪਣੇ-ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਆਪਣੇ ਬੱਚਿਆਂ ਨੂੰ ਵੀ ਤੰਦਰੁਸਤ ਰੱਖਣ ਲਈ ਉਹਨਾਂ ਦਾ ਖਾਣ-ਪੀਣ ਸੁਧਾਰੋ। ਸਾਦਾ ਖਾਣ-ਪੀਣ, ਸਾਦੀ ਰਹਿਣੀ-ਬਹਿਣੀ, ਹੱਥੀਂ ਕੰਮ ਕਰਨ ਦੀ ਆਦਤ ਬਣਾਉਣੀ, ਪੈਦਲ ਵੱਧ ਤੋਂ ਵੱਧ ਤੁਰਨਾ, ਘੱਟ ਖਾਣਾ, ਰਲ-ਮਿਲ ਰਹਿਣਾ, ਪਰਿਵਾਰ ਲਈ ਵੱਧ ਤੋਂ ਵੱਧ ਟਾਈਮ ਕੱਢਣਾ, ਪੱਖਿਆਂ, ਕੂਲਰਾਂ, ਏ ਸੀਆਂ ਤੋਂ ਵੱਧ ਤੋਂ ਵੱਧ ਬਚਣ ਦੀ ਕੋਸ਼ਿਸ਼ ਕਰੋ।

ਰੁੱਖ ਵੱਧ ਤੋਂ ਵੱਧ ਲਾਏ ਜਾਣ। ਸਿਰਫ ਲਾਏ ਹੀ ਨਾ ਜਾਣ ਬਲਕਿ ਉਹਨਾਂ ਨੂੰ ਵੱਡਿਆਂ ਵੀ ਹੋਣ ਦਿੱਤਾ ਜਾਏ। ਕੁਦਰਤੀ ਜੀਵਨ ਜੀਵਿਆ ਜਾਏ। ਆਂਢ-ਗੁਆਂਢ ਨਾਲ ਵਰਤੋਂ-ਵਿਹਾਰ ਵਧਾਇਆ ਜਾਵੇ। ਸਕੂਲਾਂ, ਕਾਲਜਾਂ, ਧਾਰਮਿਕ ਸਥਾਨਾਂ, ਸੜਕਾਂ, ਰਾਹਾਂ ਆਦਿ ’ਤੇ ਵੱਧ ਤੋਂ ਵੱਧ ਸਾਰਾ ਸਾਲ ਹਰੇ-ਭਰੇ ਰਹਿਣ ਵਾਲੇ ਰੁੱਖ ਲਾਏ ਜਾਣ।

ਪੰਛੀਆਂ ਤੇ ਪਸ਼ੂਆਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਲੋਕਾਂ ਦਾ ਆਪਸੀ ਪਿਆਰ ਤੇ ਵਰਤ-ਵਿਹਾਰ ਵਧਾਉਣ ਲਈ ਸਰਕਾਰੀ ਤੌਰ ’ਤੇ ਉਪਰਾਲੇ ਕੀਤੇ ਜਾਣ। ਨਸ਼ਿਆਂ ਨੂੰ ਰੋਕਿਆ ਜਾਵੇ। ਨਸਲੀ ਵਿਤਕਰੇ, ਊਚ-ਨੀਚ, ਜਾਤ-ਪਾਤ, ਅੰਧਵਿਸ਼ਵਾਸ, ਧਾਰਮਿਕ ਕੱਟੜਵਾਦ ਆਦਿ ’ਚੋਂ ਲੋਕਾਂ ਨੂੰ ਕੱਢਿਆ ਜਾਵੇ। ਸਕੂਲ ਪੱਧਰ ਤੋਂ ਹੀ ਉੱਚ ਆਚਰਣ, ਮਿਲਾਪੜੇ ਸੁਭਾਅ, ਚੰਗੀਆਂ ਆਦਤਾਂ, ਕੁਦਰਤ ਨੂੰ ਸੱਚਮੁੱਚ ਪਿਆਰ ਕਰਨ ਦੀ ਟ੍ਰੇਨਿੰਗ ਦਿੱਤੀ ਜਾਵੇ। ਆਮ ਲੋਕਾਂ ਨੂੰ ਟੀਵੀ, ਅਖਬਾਰਾਂ, ਕਿਤਾਬਾਂ ਅਤੇ ਇੰਟਰਨੈੱਟ ਰਾਹੀਂ ਪੂਰੀ ਤਰ੍ਹਾਂ ਕੁਦਰਤੀ ਜੀਵਨ ਜਾਪਣ ਆਦਿ ਦੀ ਟ੍ਰੇਨਿੰਗ ਵੱਧ ਤੋਂ ਵੱਧ ਦਿੱਤੀ ਜਾਣੀ ਚਾਹੀਦੀ ਹੈ।
ਡਾ. ਬਲਰਾਜ ਬੈਂਸ ਡਾ. ਕਰਮਜੀਤ ਕੌਰ ਬੈਂਸ,
ਬੈਂਸ ਹੈਲਥ ਸੈਂਟਰ, ਮੋਗਾ
ਮੋ. 94630-38229

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।