ਕਦੇ ਬੱਤੀਆਂ ਵਾਲੇ ਦੀਵੇ ਡੰਗਰਾਂ ਵਾਲੇ ਦਲਾਨ ਦੀ ਸ਼ੋਭਾ ਹੋਇਆ ਕਰਦੇ ਸਨ

0
376

ਕਦੇ ਬੱਤੀਆਂ ਵਾਲੇ ਦੀਵੇ ਡੰਗਰਾਂ ਵਾਲੇ ਦਲਾਨ ਦੀ ਸ਼ੋਭਾ ਹੋਇਆ ਕਰਦੇ ਸਨ

ਪੁਰਾਤਨ ਪੰਜਾਬ ਦੀਆਂ ਜੇ ਪੁਰਾਣੀਆਂ ਗੱਲਾਂ ਕਰੀਏ ਤਾਂ ਉਨ੍ਹਾਂ ਸਮਿਆਂ ਵਿੱਚ ਪੇਂਡੂ ਖਿੱਤਿਆਂ ਵਿੱਚ ਹਾਲੇ ਬਿਜਲੀ ਨਹੀਂ ਸੀ ਪਹੁੰਚੀ, ਪਰ ਡੰਗਰ ਵੱਛਾ ਬਲਦ ਊਠ ਰੱਖਣ ਦਾ ਰਿਵਾਜ ਚਰਮ ਸੀਮਾ ’ਤੇ ਸੀ। ਕਰੀਬ-ਕਰੀਬ ਸਾਰੇ ਹੀ ਘਰਾਂ ਵਿੱਚ ਦੁਧਾਰੂ ਪਸ਼ੂ ਰੱਖਣ ਦੇ ਨਾਲ-ਨਾਲ ਖੇਤੀਬਾੜੀ ਲਈ ਬਲਦ ਜਾਂ ਊਠ ਵੀ ਰੱਖੇ ਜਾਂਦੇ ਸਨ। ਹੋਰਨਾਂ ਫਸਲਾਂ ਦੇ ਨਾਲ ਨਾਲ ਗੁਆਰੇ ਦੀ ਫਸਲ ਵੀ ਬਹੁਤ ਬੀਜੀ ਜਾਂਦੀ ਸੀ ਕਿਉਂਕਿ ਗੁਆਰਾ ਹੀ ਊਠ ਦੀ ਮਨ ਭਾਉਂਦੀ ਖੁਰਾਕ ਹੋਇਆ ਕਰਦੀ ਸੀ।

ਕੱਚੇ ਘਰਾਂ ਵਿੱਚ ਇੱਕ ਬਹੁਤ ਵੱਡਾ ਕਮਰਾ ਪਸ਼ੂਆਂ ਲਈ ਅਲੱਗ ਬਣਾਇਆ ਜਾਂਦਾ ਸੀ ਜਿਸ ਨੂੰ ਪੰਜਾਬ ਦੇ ਕਈ ਖਿੱਤਿਆਂ ’ਚ ਦਲਾਨ ਵੀ ਕਿਹਾ ਜਾਂਦਾ ਸੀ। ਉਂਜ ਮਾਲਵਾ ਖੇਤਰ ਵਿੱਚ ਵੱਡੇ ਦਲਾਨ ਵਿੱਚ ਦੀ ਹੀ ਅੰਦਰ ਘਰ ਜਾਣ ਲਈ ਲਾਂਘਾ ਹੁੰਦਾ ਸੀ ਤੇ ਹਵਾ ਲਈ ਵੀ ਚਾਰੇ ਪਾਸੇ ਜਾਲੀਦਾਰ ਬਾਰੀਆਂ ਰੱਖਣ ਕਰਕੇ ਹਵਾ ਦੀ ਕਰਾਸਿੰਗ ਹੋਇਆ ਕਰਦੀ ਸੀ। ਆਮ ਕਹਾਵਤ ਵੀ ਹੈ ਕਿ ਕੱਚੇ ਘਰ ਠੰਢੇ ਤੇ ਪੱਕੇ ਘਰ ਗਰਮ ਹੁੰਦੇ ਸਨ, ਇਹ ਬਿਲਕੁਲ ਸੱਚਾਈ ਹੈ ਕਿ ਕੱਚੇ ਘਰਾਂ ਦੀਆਂ ਕੰਧਾਂ ਕੱਚੀਆਂ ਇੱਟਾਂ ਦੇ ਨਾਲ ਕਾਫੀ ਚੌੜੀਆਂ ਕੱਢੀਆਂ ਜਾਂਦੀਆਂ ਸਨ ਤੇ ਮਕਾਨ ਅੰਦਰੋਂ ਇਸੇ ਲਈ ਠੰਢੇ ਹੋਇਆ ਕਰਦੇ ਸਨ।

ਪਸ਼ੂ ਡੰਗਰ ਵਾਲਾ ਦਲਾਨ ਕਹਿ ਲਈਏ ਜਾਂ ਫਿਰ ਵੱਡਾ ਕਮਰਾ, ਉਸ ਵਿੱਚ ਹਨ੍ਹੇਰੇ-ਸਵੇਰੇ ਪਸ਼ੂਆਂ ਨੂੰ ਬੰਨ੍ਹਣ ਲਈ ਚਾਨਣ ਦੀ ਜਰੂਰਤ ਹੁੰਦੀ ਸੀ ਤੇ ਇਸ ਕੰਮ ਲਈ ਬੱਤੀਆਂ ਵਾਲੇ ਦੀਵੇ, ਲਾਲਟੈਨ ਜਾਂ ਫਿਰ ਚਿਮਨੀ ਵਾਲੇ ਲੈਂਪ ਹੋਇਆ ਕਰਦੇ ਸਨ। ਜਿਸ ਨੂੰ ਜ਼ਿਆਦਾਤਰ ਮਿੱਟੀ ਦੇ ਤੇਲ ਨਾਲ ਜਗਾਇਆ ਜਾਂਦਾ ਰਿਹਾ ਹੈ, ਉਨ੍ਹਾਂ ਸਮਿਆਂ ਵਿੱਚ ਅਜੋਕੇ ਸਮਿਆਂ ਵਾਂਗ ਮਿੱਟੀ ਦਾ ਤੇਲ ਕਾਰਡਾਂ ਵਗੈਰਾ ’ਤੇ ਮਿਲਣ ਦਾ ਝੰਜਟ ਨਹੀਂ ਸੀ, ਸਗੋਂ ਜਿੰਨਾ ਮਰਜੀ ਜਿੱਥੋਂ ਮਰਜੀ ਮਿੱਟੀ ਦਾ ਤੇਲ ਲੈ ਲੈਂਦੇ।

ਮੈਨੂੰ ਅੱਜ ਵੀ ਯਾਦ ਹੈ, ਸਾਡੇ ਪਿੰਡ ਦੱਦਾਹੂਰ ਵਿੱਚ ਵੀ ਇੱਕ ਤਾਰਾ ਸਿੰਘ ਦੀ ਹੱਟੀ ਸੀ, ਉਸ ਨੇ ਘਿਓ ਵਾਲੇ ਪੀਪੇ ਵਿਚ ਮਿੱਟੀ ਦਾ ਤੇਲ ਪਾ ਕੇ ਰੱਖਣਾ, ਵਿੱਚ ਪਲੀ ਹੋਣੀ ਚੁਆਨੀ ਅਠਿਆਨੀ ਦੀ ਇੱਕ ਪਲੀ ਤੇਲ ਦੇਣਾ ਜਿੰਨਾ ਮਰਜੀ ਤੇ ਜਦੋਂ ਮਰਜੀ ਲੈ ਆਉਣਾ, ਕਦੇ ਕੋਈ ਤੋਟ ਨਹੀਂ ਸੀ ਆਉਂਦੀ। ਉਹੀ ਦੀਵੇ, ਲਾਲਟੈਨ ਤੇ ਲੈਂਪ ਵਿੱਚ ਪਾ ਕੇ ਰਾਤ ਨੂੰ ਚਾਨਣ ਲਈ ਜਗਾਉਣੇ, ਤੇ ਰਾਤਾਂ ਨੂੰ ਉਸੇ ਦੇ ਚਾਨਣ ਵਿੱਚ ਹੀ ਪੜ੍ਹਦੇ ਰਹੇ ਹਾਂ।

ਲਾਲਟੈਨ ਜਾਂ ਫਿਰ ਲੈਂਪ ਦੀ ਚਿਮਨੀ ਨੂੰ ਹਰ ਰੋਜ਼ ਸਾਫ ਜ਼ਰੂਰ ਕਰਨਾ ਪੈਂਦਾ ਸੀ। ਬੱਤੀ ਵੱਡੀ-ਛੋਟੀ ਕਰਨ ਲਈ ਇੱਕ ਪਾਸੇ ਇੱਕ ਫਿਰਕੀ ਜਿਹੀ ਲੱਗੀ ਹੁੰਦੀ ਸੀ ਉਸ ਨੂੰ ਸੱਜੇ ਪਾਸੇ ਘਮਾਉਣਾ ਤਾਂ ਬੱਤੀ ਉੱਪਰ ਚੁੱਕੀ ਜਾਣੀ ਤੇ ਚਾਨਣ ਵੱਧ ਹੋ ਜਾਂਦਾ, ਜੇ ਖੱਬੇ ਪਾਸੇ ਘੁਮਾਉਣਾ ਤਾਂ ਬੱਤੀ ਥੱਲੇ ਚਲੀ ਜਾਣੀ ਭਾਵ ਚਾਨਣ ਘੱਟ ਹੋ ਜਾਂਦਾ। ਪਰ ਤੇਲ ਹਰ ਰੋਜ਼ ਪਾਉਣਾ ਪੈਂਦਾ ਸੀ। ਲਾਲਟੈਨ ਤੇ ਲੈਂਪ ਦੀ ਚਿਮਨੀ ਸਾਫ ਕਰਕੇ ਹਰ ਰੋਜ ਤੇਲ ਪਾ ਕੇ ਰਸੋਈ ਜਾਂ ਸੌਣ ਵਾਲੇ ਕਮਰਿਆਂ ਜਾਂ ਫਿਰ ਜਿਥੇ ਬੱਚਿਆਂ ਨੇ ਪੜ੍ਹਨਾ ਹੁੰਦਾ ਸੀ ਉੱਥੇ ਜਗਾਇਆ ਜਾਂਦਾ ਸੀ। ਪਰ ਬੱਤੀ ਵਾਲਾ ਦੀਵਾ ਸਿਰਫ ਤੇ ਸਿਰਫ ਡੰਗਰਾਂ ਵਾਲੇ ਕੋਠੇ ਵਿਚ ਜਗਾਇਆ ਜਾਂਦਾ ਸੀ।

ਸਿਆਲਾਂ ’ਚ ਪਸ਼ੂਆਂ ਥੱਲੇ ਸੁੱਕ ਪਾਉਣੀ, ਵੇਲੇ-ਕੁਵੇਲੇ ਪੱਠੇ ਪਾਉਣੇ ਜਾਂ ਫਿਰ ਮੀਂਹ-ਕਣੀ ਵਿਚ ਇਸ ਦੀਵੇ ਦੀ ਵਰਤੋਂ ਕਰਨੀ। ਜੇਕਰ ਕਿਤੇ ਹਨ੍ਹੇਰੀ ਜਾਂ ਝੱਖੜ ਚੱਲ ਪੈਣਾ ਤਾਂ ਇਹ ਦੀਵੇ ਨਹੀਂ ਸੀ ਕੰਮ ਦਿੰਦੇ, ਫਿਰ ਲਾਲਟੈਨ ਜਾਂ ਲੈਂਪ ਤੋਂ ਕੰਮ ਲੈ ਲੈਣਾ। ਪਰ ਜ਼ਿਆਦਾਤਰ ਇਨ੍ਹਾਂ ਬੱਤੀ ਵਾਲੇ ਦੀਵਿਆਂ ਤੋਂ ਹੀ ਡੰਗਰਾਂ ਵਾਲੇ ਦਲਾਨ ਜਾਂ ਕੋਠਿਆਂ ਵਿੱਚ ਕੰਮ ਲੈਂਦੇ ਰਹੇ ਹਨ ਸਾਡੇ ਪੁਰਖੇ। ਇਨ੍ਹਾਂ ਵਿਚਲੀ ਬੱਤੀ ਦੁਕਾਨ ਤੋਂ ਮਿਲ ਜਾਣੀ ਨਹੀਂ ਤਾਂ ਪੁਰਾਣੀਆਂ ਬੀਬੀਆਂ ਨੇ ਘਰੇ ਹੀ ਕਿਸੇ ਪੁਰਾਣੇ ਕੱਪੜੇ ਦੀ ਬੱਤੀ ਵੱਟ ਲੈਣੀ ਜਿਸ ਵਿੱਚ ਥੋੜ੍ਹੀ-ਬਹੁਤੀ ਰੂੰ ਵੀ ਪਾ ਲੈਣੀ ਤੇ ਘਰੇ ਹੀ ਬੱਤੀ ਵੱਟ ਕੇ ਦੀਵੇ ਵਿੱਚ ਪਾ ਲੈਣੀ ਤੇ ਚਾਨਣ ਕਰ ਲੈਣਾ। ਸੋ ਗੱਲ ਤਾਂ ਸਮੇਂ-ਸਮੇਂ ਦੀ ਹੁੰਦੀ ਹੈ, ਹੁਣ ਜੇਕਰ ਅਜੋਕੀ ਪੀੜ੍ਹੀ ਨੂੰ ਇਹ ਗੱਲਾਂ ਦੱਸਦੇ ਹਾਂ ਤਾਂ ਉਹ ਯਕੀਨ ਨਹੀਂ?ਕਰਦੇ। ਕਿਉਂਕਿ ਇਹ ਤਾਂ ਸਿਰਫ ਓਹੀ ਸਮਝ ਸਕਦੇ ਹਨ ਜਿਨ੍ਹਾਂ ਨੇ ਇਹ ਸਮੇਂ ਆਪ ਖੁਦ ਹੰਢਾਏ ਹਨ, ਜਾਂ ਇਨ੍ਹਾਂ ਦੀਵਿਆਂ ਦੀ ਲੋਅ ’ਚ ਪੜ੍ਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.