ਮਹਿੰਗਾਈ ਦੀ ਮਾਰ ਝੱਲ ਰਿਹੈ ਪਸ਼ੂ ਪਾਲਣ ਦਾ ਧੰਦਾ

0
307

ਮਹਿੰਗਾਈ ਦੀ ਮਾਰ ਝੱਲ ਰਿਹੈ ਪਸ਼ੂ ਪਾਲਣ ਦਾ ਧੰਦਾ

ਦਿਨੋ-ਦਿਨ ਵਧ ਰਹੀ ਮਹਿੰਗਾਈ ਕਾਰਨ ਪੰਜਾਬ ਵਿੱਚ ਪਸ਼ੂ ਪਾਲਣ ਧੰਦਾ ਬਹੁਤਾ ਵਧੀਆ ਨਹੀਂ ਰਿਹਾ। ਭਾਵੇਂ ਡੇਅਰੀ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਡੇਅਰੀ ਫਾਰਮਿੰਗ ਦੇ ਨਾਂਅ ਹੇਠ ਇਸ ਸਹਾਇਕ ਧੰਦੇ ਨੂੰ ਪ੍ਰਫੁੱਲਿਤ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਸ਼ੂਆਂ ਤੇ ਉਨ੍ਹਾਂ ਦੀ ਖੁਰਾਕ ਦੀਆਂ ਕੀਮਤਾਂ ਵਧਣ ਤੇ ਦੁੱਧ ਦੀਆਂ ਕੀਮਤਾਂ ਘਟਣ ਕਰਕੇ ਜ਼ਿਆਦਾਤਰ ਡੇਅਰੀ ਫਾਰਮਰ ਆਰਥਿਕ ਤੰਗੀ ਦਾ ਸ਼ਿਕਾਰ ਹਨ। ਪਸ਼ੂ ਪਾਲਣ ਦਾ ਧੰਦਾ ਘਰੇਲੂ ਪੱਧਰ ’ਤੇ ਵੀ ਖਤਮ ਹੋਣ ਕਿਨਾਰੇ ਖੜ੍ਹਾ ਹੈ ਕਿਉਂਕਿ ਇੱਕ/ਦੋ ਦੁਧਾਰੂ ਪਸ਼ੂ ਰੱਖਣ ਵਾਲੇ ਪਰਿਵਾਰ ਵੀ ਹਰੇ ਚਾਰੇ ਦੀ ਘਾਟ ਕਾਰਨ ਪਸ਼ੂ ਰੱਖਣ ਤੋਂ ਪਾਸਾ ਹੀ ਵੱਟ ਰਹੇ ਹਨ।

ਜਿਸ ਕਰਕੇ ਪੰਜਾਬ ਦੇ ਪਿੰਡਾਂ ’ਚੋਂ ਦੁੱਧ ਹੀ ਗਾਇਬ ਹੁੰਦਾ ਜਾ ਰਿਹਾ ਹੈ। ਖੇਤਾਂ ਦੇ ਵੱਟਾਂ-ਬੰਨਿਆਂ, ਨਹਿਰਾਂ, ਫਸਲਾਂ, ਸੜਕਾਂ ਤੇ ਹੋਰ ਕਈ ਕੁਦਰਤੀ ਸਾਧਨਾਂ ਤੋਂ ਮਿਲਦਾ ਹਰਾ ਚਾਰਾ ਨਦੀਨਨਾਸ਼ਕ ਦਵਾਈਆਂ ਦੀ ਮਾਰ ਹੇਠ ਆਉਣ ਨਾਲ ਖ਼ਤਮ ਹੋ ਗਿਆ ਹੈ। ਜਿਸ ਕਰਕੇ ਪਸ਼ੂ ਪਾਲਣਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਜਾਵੇਗਾ। ਜੇਕਰ ਸੁੱਕੇ ਚਾਰੇ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਆਮ ਪਸ਼ੂ ਪਾਲਕਾਂ ਦੇ ਵੱਸੋਂ ਬਾਹਰ ਹੁੰਦਾ ਜਾ ਰਿਹਾ ਹੈ। ਇਸ ਕਣਕ ਦੇ ਸੀਜ਼ਨ ਵਿੱਚ ਤਿੰਨ ਸੌ ਰੁਪਏ ਤੋਂ ਲੈ ਕੇ ਚਾਰ ਸੌ ਰੁਪਏ ਪ੍ਰਤੀ ਕੁਇੰਟਲ ਤੱਕ ਤੂੜੀ ਦੀ ਬੁਕਿੰਗ ਹੋਣੀ ਸ਼ੁਰੂ ਹੋ ਗਈ ਹੈ।

ਜਦੋਂਕਿ ਸਰਦੀ ਦੇ ਮੌਸਮ ਵਿੱਚ ਪਸ਼ੂ ਪਾਲਕਾਂ ਨੂੰ ਗੁਆਂਢੀ ਰਾਜਾਂ ’ਚੋਂ ਇਹੀ ਤੂੜੀ ਅੱਠ ਸੌ ਰੁਪਏ ਪ੍ਰਤੀ ਕੁਇੰਟਲ ਤੱਕ ਖਰੀਦ ਕੇ ਲਿਆਉਣੀ ਪੈਂਦੀ ਹੈ। ਇੱਕ ਪਸ਼ੂ ਪਾਲਕ ਨੇ ਦੱਸਿਆ ਕਿ ਪਸ਼ੂ ਖੁਰਾਕ ਦੀਆਂ ਕੀਮਤਾਂ ਵਿੱਚ ਚਾਰ ਗੁਣਾ ਵਾਧਾ ਹੋ ਚੁੱਕਾ ਹੈ ਪਰ ਦੁੱਧ ਦੀਆਂ ਕੀਮਤਾਂ ਇਸ ਦੇ ਮੁਕਾਬਲੇ ਦੁੱਗਣੀਆਂ ਹੀ ਹੋ ਸਕੀਆਂ ਹਨ। ਸਾਲ 2012 ਵਿੱਚ ਮਿਲਕਫੈੱਡ ਨੇ ਦੁੱਧ ਦੀਆਂ ਕੀਮਤਾਂ 3 ਰੁਪਏ 70 ਪੈਸੇ ਪ੍ਰਤੀ ਫੈਟ ਕਰ ਦਿੱਤੀਆਂ ਜਦੋਂਕਿ ਬਾਕੀ ਦੇ ਸਾਰੇ ਹੀ ਦੁੱਧ ਸੈਕਟਰ 3 ਰੁਪਏ 30 ਪੈਸੇ ਖਰੀਦ ਕਰਦੇ ਰਹੇ। ਜਿਸ ਕਰਕੇ ਮਿਲਕਫੈੱਡ ਦੁੱਧ ਨੂੰ ਸੰਭਾਲ ਹੀ ਨਹੀਂ ਸਕੀ। ਕੀਮਤਾਂ ਦੇ ਇਸ ਉੱਤਰਾਅ-ਚੜ੍ਹਾਅ ਕਾਰਨ ਵੀ ਪਸ਼ੂ ਪਾਲਕਾਂ ਨੂੰ ਕਾਫੀ ਘਾਟਾ ਝੱਲਣਾ ਪਿਆ। ਜੋ ਆਪਣੇ ਡੇਅਰੀ ਫਾਰਮਾਂ ਦੇ ਨਾਲ ਹੀ ਦੂਸਰੇ ਛੋਟੇ ਫਾਰਮਾਂ ਤੋਂ ਦੁੱਧ ਖਰੀਦ ਕੇ ਆਪਣਾ ਖਰਚਾ ਚਲਾਉਂਦੇ ਸਨ, ਉਨ੍ਹਾਂ ਦਾ ਸਾਰਾ ਹੀ ਦੁੱਧ ਮਿਲਕਫੈੱਡ ਕੋਲ ਚਲਾ ਗਿਆ।

ਇੱਕ ਹੋਰ ਪਸ਼ੂ ਪਾਲਕ ਨੇ ਗੱਲ ਕਰਦਿਆਂ ਕਿਹਾ ਕਿ ਇੱਕ ਦਹਾਕਾ ਪਹਿਲਾਂ ਵਧੀਆ ਮੱਝ ਦੀ ਕੀਮਤ ਪੰਦਰਾਂ ਤੋਂ ਵੀਹ ਹਜਾਰ ਰੁਪਏ ਹੁੰਦੀ ਸੀ। ਜਿਹੜੀ ਹੁਣ 40 ਹਜਾਰ ਰੁਪਏ ਤੋਂ ਵੀ ਟੱਪ ਚੁੱਕੀ ਹੈ। ਇਸੇ ਤਰ੍ਹਾਂ ਹੀ ਗਾਵਾਂ ਦੀਆਂ ਕੀਮਤਾਂ ਵੀ 70-80 ਹਜਾਰ ਰੁਪਏ ਤੱਕ ਪਹੁੰਚ ਗਈਆਂ ਹਨ।

ਇੱਕ ਛੋਟਾ ਜਿਹਾ ਡੇਅਰੀ ਫਾਰਮ ਚਲਾਉਣ ਲਈ ਵੀ ਘੱਟੋ-ਘੱਟ 10 ਲੱਖ ਰੁਪਏ ਦੀ ਲੋੜ ਪੈਂਦੀ ਹੈ। ਜਿਸ ਕਰਕੇ ਛੋਟਾ ਤੇ ਦਰਮਿਆਨਾ ਪਸ਼ੂ ਪਾਲਕ ਖਤਮ ਹੋਣ ਕਿਨਾਰੇ ਖੜ੍ਹਾ ਹੈ। ਕਿਉਂਕਿ ਦੁੱਧ ਦੀ ਖਰੀਦ ਕਰਨ ਵਾਲੀਆਂ ਕੰਪਨੀਆਂ ਵੀ ਜ਼ਿਆਦਾ ਪੈਦਾਵਾਰ ਵਾਲੇ ਪਸ਼ੂ ਪਾਲਕਾਂ ਨੂੰ ਵੱਧ ਮੁਨਾਫਾ ਦਿੰਦੀਆਂ ਹਨ। ਜਦੋਂਕਿ ਛੋਟਾ ਤੇ ਦਰਮਿਆਨਾ ਪਸ਼ੂ ਪਾਲਕ ਮਹਿੰਗਾਈ ਦੀ ਚੱਕੀ ਵਿੱਚ ਪਿਸ ਕੇ ਰਹਿ ਜਾਂਦਾ ਹੈ।
ਜੇਕਰ ਸੂਚਕ ਅੰਕ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਦੁੱਧ ਦੀ ਪੈਦਾਵਾਰ ਅਤੇ ਪਸ਼ੂਆਂ ਦੀ ਖੁਰਾਕ ਦੇ ਨਾਲ ਹੀ ਇਲਾਜ ਦਾ ਖਰਚਾ ਬਹੁਤ ਮਹਿੰਗਾ ਹੋ ਗਿਆ ਹੈ ਪਰ ਦੁੱਧ ਦੀਆਂ ਕੀਮਤਾਂ ਵਿੱਚ ਕੋਈ ਖਾਸ ਵਾਧਾ ਨਹੀਂ ਹੋਇਆ। ਦੁੱਧ ਦੀ ਪੈਦਾਵਾਰ ਕਰਨ ਵਾਲੇ ਪਸ਼ੂ ਪਾਲਕਾਂ ਨਾਲੋਂ ਬਿਨਾਂ ਕੋਈ ਖਰਚ ਕੀਤੇ ਘਰਾਂ ’ਚ ਦੁੱਧ ਪਾਉਣ ਵਾਲਾ ਜ਼ਿਆਦਾ ਕਮਾਈ ਕਰ ਰਿਹੈ।

ਪਸ਼ੂ ਪਾਲਕ ਨੂੰ ਖਰਚਾ ਕੱਢ ਕੇ ਮੁਸ਼ਕਲ ਨਾਲ ਕੁਇੰਟਲ ਦੁੱਧ ਬਦਲੇ ਦੋ ਸੌ ਰੁਪਇਆ ਬਣਦਾ ਹੈ ਪਰ ਪਿੰਡ ’ਚੋਂ ਦੁੱਧ ਖਰੀਦ ਕੇ ਸ਼ਹਿਰ ਤੱਕ ਸਿੱਧਾ ਹੀ ਖਪਤਕਾਰਾਂ ਤੱਕ ਪੁੱਜਦਾ ਕਰਨ ਵਾਲਾ ਪੰਜ ਸੌ ਰੁਪਏ ਪ੍ਰਤੀ ਕੁਇੰਟਲ ਤੋਂ ਜਿਆਦਾ ਕਮਾਈ ਕਰ ਜਾਂਦਾ ਹੈ। ਇਸੇ ਹੀ ਕੁਇੰਟਲ ਦੁੱਧ ਦੀ ਬਰਫੀ ਤਿਆਰ ਕਰਨ ਵਾਲਾ ਹਲਵਾਈ ਪੰਜ ਹਜਾਰ ਰੁਪਏ ਤੱਕ ਪ੍ਰਤੀ ਕੁਇੰਟਲ ਤੱਕ ਮੁਨਾਫਾ ਲੈ ਜਾਂਦਾ ਹੈ। ਮਹਿੰਗੀ ਖੁਰਾਕ ਅਤੇ ਹੋਰ ਸਾਧਨਾਂ ਰਾਹੀਂ ਖਤਮ ਹੋ ਰਹੇ ਪਸ਼ੂ ਪਾਲਣ ਦੇ ਧੰਦੇ ਨੂੰ ਬਚਾਉਣ ਲਈ ਸਰਕਾਰ ਨੂੰ ਪਸ਼ੂ ਪਾਲਣ ਦੇ ਧੰਦੇ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਇਸ ਦਾ ਵੱਡਾ ਕਾਰਨ ਰਵਾਇਤੀ ਹਰੇ ਚਾਰੇ, ਤੂੜੀ ਤੇ ਜ਼ਮੀਨਾਂ ਦੇ ਠੇਕੇ ਮਹਿੰਗੇ ਹੋਣਾ ਵੀ ਦੱਸਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਕਿਸਾਨ ਹੁਣ ਪਸ਼ੂਆਂ ਨੂੰ ਮਹਿੰਗੇ ਭਾਅ ਦੀ ਤੂੜੀ ਪਾਉਣ ਦੀ ਬਜਾਏ ਮੰਡੀ ਵਿੱਚ ਵਿਕਣ ਆਈਆਂ ਘੱਟ ਭਾਅ ਦੀਆਂ ਗਾਜਰਾਂ, ਆਲੂ, ਗੋਭੀ ਅਤੇ ਹੋਰ ਸਬਜ਼ੀਆਂ ਵੱਲ ਧਿਆਨ ਦੇ ਰਹੇ ਹਨ। ਇੱਕ ਦਿਨ ਵਿੱਚ ਪਸ਼ੂਆਂ ਨੂੰ ਪੰਦਰਾਂ ਕਿੱਲੋ ਸਬਜੀਆਂ ਚਾਰਨ ਨਾਲ ਦੁੱਧ ਦੀ ਮਾਤਰਾ ਵਿੱਚ ਕਾਫੀ ਵਾਧਾ ਹੁੰਦਾ ਹੈ। ਸਬਜੀ ਦੇ ਵਪਾਰੀ ਥੋਕ ਭਾਅ ’ਤੇ ਸਬਜ਼ੀਆਂ ਫਾਰਮ ’ਤੇ ਪਹੁੰਚਦੀਆਂ ਕਰ ਦਿੰਦੇ ਹਨ। ਤੂੜੀ ਖਾਣ ਨਾਲ ਪਸ਼ੂਆਂ ਦਾ ਢਿੱਡ ਭਰਦਾ ਹੈ ਪਰ ਸਬਜ਼ੀਆਂ ਨਾਲ ਵਿਟਾਮਿਨ ਤੇ ਖਣਿੱਜ ਮਿਲਦੇ ਹਨ। ਪਸ਼ੂ ਪਾਲਕਾਂ ਦੀ ਇੱਕ ਹੋਰ ਸਭ ਤੋਂ ਵੱਡੀ ਸਮੱਸਿਆ ਰਹਿੰਦੀ ਹੈ ਕਿ ਡੇਅਰੀ ਫਾਰਮ ਵਿੱਚ ਜਿਆਦਾਤਰ ਗਾਵਾਂ ਵੱਛੇ ਹੀ ਦਿੰਦੀਆਂ ਹਨ। ਜੇਕਰ 10 ਗਾਵਾਂ ਦੇ ਫਾਰਮ ਵਿੱਚ 8 ਗਾਵਾਂ ਵੀ ਵੱਛੀਆਂ ਦੇ ਦੇਣ ਤਾਂ ਕੈਨੇਡਾ ਜਾ ਕੇ ਕੰਮ ਕਰਨ ਦੀ ਲੋੜ ਹੀ ਨਹੀਂ।

ਪ੍ਰਮੁੱਖ ਖੇਤੀ ਖੋਜ ਕੇਂਦਰ ਆਈ. ਸੀ. ਏ. ਆਰ. ਦੁੱਧ ਦੀ ਪੈਦਾਵਾਰ ਨੂੰ ਵਧਾਉਣ ਲਈ ਇੱਕ ਯੋਜਨਾ ਤਿਆਰ ਕਰਕੇ ਮਨਸੂਈ ਗਰਭਦਾਨ ਅਤੇ ਸਾਨ੍ਹ ਦੇ ਵੀਰਜ ਵਿੱਚੋਂ ਮਾਦਾ ਗੁਣ ਲੈ ਕੇ ਵੱਛੀਆਂ ਅਤੇ ਕੱਟੀਆਂ ਦੀ ਗਿਣਤੀ ਵਧਾਉਣ ਦਾ ਉਪਰਾਲਾ ਕਰ ਰਿਹਾ ਹੈ। ਕੁਦਰਤੀ ਅਤੇ ਆਮ ਗਰਭ ਦੌਰਾਨ ਵੱਛਾ ਅਤੇ ਵੱਛੀ ਦੀ ਬਰਾਬਰ ਗਿਣਤੀ ਰਹਿੰਦੀ ਹੈ ਪਰ ਇਸ ਨਵੀਂ ਕਿਸਮ ਦੀ ਖੋਜ ਦੌਰਾਨ ਪਸ਼ੂ ਪਾਲਕਾਂ ਨੂੰ ਇਹ ਲਾਭ ਮਿਲ ਸਕੇਗਾ ਕਿ ਉਹ ਗਾਵਾਂ ਨੂੰ ਇਸ ਤਰ੍ਹਾਂ ਦਾ ਟੀਕਾ ਲਵਾ ਸਕਣਗੇ ਜਿਸ ਨਾਲ ਸਿਰਫ ਵੱਛੀ ਹੀ ਜਨਮ ਲਵੇਗੀ।

ਆਈ.ਸੀ.ਏ.ਆਰ. ਦੀ ਮੇਰਠ ਵਿੱਚ ਸਥਿਤ ਪਸ਼ੂ ਪਰਿਯੋਜਨਾ ਸੈਂਟਰ ਦੇ ਵਿਗਿਆਨਕ ਸ਼੍ਰੀਕਾਂਤ ਤਿਆਗੀ ਦਾ ਕਹਿਣਾ ਹੈ ਕਿ ਇਸ ਨਵੀਂ ਕਿਸਮ ਦੀ ਤਕਨੀਕ ਨਾਲ ਡੇਅਰੀ ਫਾਰਮਿੰਗ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਵੱਛਾ ਜਾਂ ਵੱਛੀਆਂ ਵਾਲੇ ਟੀਕੇ ਦਿੱਤੇ ਜਾਣਗੇ। ਰਾਸ਼ਟਰੀ ਡੇਅਰੀ ਖੋਜ ਫਾਰਮ ਕਰਨਾਲ ਅਤੇ ਹਿਸਾਰ ਕੇਂਦਰੀ ਮੱਝ ਫਾਰਮ ਵੀ ਰਲ ਕੇ ਇਸ ਯੋਜਨਾ ਅਧੀਨ ਕੰਮ ਕਰ ਰਹੇ ਹਨ।
ਬ੍ਰਿਸ਼ਭਾਨ ਬੁਜਰਕ,
ਕਾਹਨਗੜ ਰੋਡ, ਪਾਤੜਾਂ (ਪਟਿਆਲਾ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ