ਹਰਿਆਣਾ ‘ਚ ਨਿਰੋਲ ਸਰਕਾਰ ਨਾ ਬਣਨ ਪਿੱਛੇ ਸਥਾਨਕ ਮੁੱਦੇ ਹਾਵੀ ਰਹੇ : ਬਰਾਲਾ

0
Local issues , Unresolved , Haryana , Purely ,Government, Barala

‘ਪਰਦੇ ਦੇ ਪਿੱਛੇ ਗੁਪਤ ਤਰੀਕੇ ਨਾਲ ਹੋਈਆਂ ਗਤੀਵਿਧੀਆਂ ਵੀ ਬਣੀਆਂ ਹਾਰ ਦਾ ਕਾਰਨ’

ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੰਗਰੂਰ । ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਨਿਰੋਲ ਸਰਕਾਰ ਨਾ ਬਣਨ ਲਈ ਸਥਾਨਕ ਮੁੱਦੇ ਰਹੇ ਹਨ ਜਿਹੜੇ ਭਾਜਪਾ ਨੂੰ ਸਪੱਸ਼ਟ ਬਹੁਮਤ ਦਿਵਾਉਣ ਲਈ ਅੜਿੱਕਾ ਸਾਬਿਤ ਹੋਏ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।   ਸ੍ਰੀ ਬਰਾਲਾ ਸੰਗਰੂਰ ‘ਚ ਭਾਜਪਾ ਦੇ ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ ਦੇ ਘਰ ਪਹੁੰਚੇ ਹੋਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਾਲਾ ਨੇ ਕਿਹਾ ਕਿ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਨੂੰ ਪੂਰਨ ਆਸ ਸੀ ਕਿ ਅਸੀਂ ਸਪੱਸ਼ਟ ਬਹੁਮਤ ਨਾਲ ਸੂਬੇ ‘ਚ ਸਰਕਾਰ ਬਣਾ ਲਵਾਂਗੇ ਪਰ ਜੋ ਨਤੀਜੇ ਸਾਹਮਣੇ ਆਏ ਹਨ, ਉਸ ਕਾਰਨ ਕਿਤੇ ਨਾ ਕਿਤੇ ਭਾਜਪਾ ਨੂੰ ਨਮੋਸ਼ੀ ਜ਼ਰੂਰ ਹੋਈ ਹੈ।

ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਸੂਬੇ ਵਿੱਚ ਭਾਜਪਾ ਦੀ ਇਹ ਹਾਲਤ ਪਰਦੇ ਦੇ ਪਿੱਛੇ ਰਹਿ ਕੇ ਬਣੀਆਂ ਪ੍ਰਸਥਿਤੀਆਂ ਅਤੇ ਸਥਾਨਕ ਮੁੱਦੇ ਵੀ ਬਣੇ ਜਿਨ੍ਹਾਂ ਨੂੰ ਸਮਝਣ ਵਿੱਚ ਸਾਥੋਂ ਭੁੱਲ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਰ ਵਾਰ ਖਾਪ ਪੰਚਾਇਤਾਂ ਦੀ ਭੂਮਿਕਾ ਬੇਹੱਦ ਅਹਿਮ ਰਹੀ ਹੈ। ਇਸ ਵਾਰ ਪੀ ਖਾਪ ਪੰਚਾਇਤਾਂ ਵੱਲੋਂ ਨਿਰਣਾਇਕ ਭੂਮਿਕਾ ਅਦਾ ਕੀਤੀ ਗਈ। ਬਰਾਲਾ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਹਰਿਆਣਾ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਲਗਾਤਾਰ ਦੂਜੀ ਵਾਰ ਸੂਬੇ ਦੀ ਸੱਤਾ ਗੈਰ ਕਾਂਗਰਸ ਦੇ ਹੱਥ ਵਿੱਚ ਆਈ ਹੋਵੇ।

ਉਨ੍ਹਾਂ ਕਿਹਾ ਕਿ ਜੇਜੇਪੀ ਤੇ ਭਾਜਪਾ ਦੀ ਸਰਕਾਰ ਪੂਰੇ ਪੰਜ ਸਾਲ ਸਰਕਾਰ ਚਲਾਏਗੀ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੂੰ ਲੈ ਕੇ ਦੋਵਾਂ ਪਾਰਟੀਆਂ ਵਿੱਚ ਕੋਈ ਮਤਭੇਦ ਨਹੀਂ ਹੈ ਤੇ ਛੇਤੀ ਹੀ ਆਮ ਸਹਿਮਤੀ ਨਾਲ ਕੈਬਨਿਟ ਬਾਰੇ ਫੈਸਲਾ ਲੈ ਲਿਆ ਜਾਵੇਗਾ ਤੇ ਭਾਜਪਾ ਦਾ ਕੋਈ ਆਗੂ ਇਸ ਕਾਰਨ ਨਰਾਜ਼ ਨਹੀਂ ਹੈ। ਬੇਸ਼ੱਕ ਸਾਡੇ ਕਈ ਤੱਤਕਾਲੀਨ ਮੰਤਰੀਆਂ ਨੂੰ ਚੋਣਾਂ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਭਾਜਪਾ ਦਾ ਵੋਟ ਪ੍ਰਤੀਸ਼ਤ ਪਿਛਲੀ ਵਾਰ ਦੇ ਨਾਲੋਂ 3 ਫੀਸਦੀ ਵਧਿਆ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਚੋਣਾਂ ‘ਚ ਇਨੈਲੋ ਨੂੰ ਮੱਦਦ ਕਰਨ ਦੇ ਸਵਾਲ ਦੇ ਜਵਾਬ ‘ਚ ਬਰਾਲਾ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੀਆਂ ਰਾਜਸੀ ਪ੍ਰਸਥਿਤੀਆਂ ਵੱਖਰੀਆਂ ਹਨ। ਪੰਜਾਬ ‘ਚ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਬਰਕਰਾਰ ਹੈ। ਇਸ ਮੌਕੇ ਉਨ੍ਹਾਂ ਨਾਲ ਅਮਨਦੀਪ ਸਿੰਘ ਪੂਨੀਆ ਸਾਬਕਾ ਸੂਬਾ ਸਕੱਤਰ ਭਾਜਪਾ, ਵਿਨੋਦ ਕੁਮਾਰ ਬੋਦੀ ਨਗਰ ਕੌਂਸਲਰ ਤੇ ਭਾਜਪਾ ਆਗੂ ਤੋਂ ਇਲਾਵਾ ਹੋਰ ਵੀ ਮੌਜ਼ੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।