ਲੋਕ ਸਭਾ ਹਲਕਾ ਹੁਸ਼ਿਆਰਪੁਰ : ਕਾਂਗਰਸ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਆਪਣਿਆਂ ਤੋਂ ਡਰ

0
LokSabha, Hoshiarpur, Congress, BJP, Candidates

ਦੋਹਾਂ ਪਾਰਟੀਆਂ ਅੰਦਰ ਬਾਗੀ ਸੁਰਾਂ ਸਰਗਰਮ

ਹੁਸ਼ਿਆਰਪੁਰ, ਰਾਜਨ ਮਾਨ

ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ  ਮੁੱਖ ਟੱਕਰ ਕਾਂਗਰਸ ਤੇ ਭਾਜਪਾ ਦੇ ਉਮੀਦਵਾਰਾਂ ਦਰਮਿਆਨ ਬਣੀ ਹੋਈ ਹੈ ਤੇ ਇਨ੍ਹਾਂ ਦੋਵਾਂ ਉਮੀਦਵਾਰਾਂ ਨੂੰ ਵਿਰੋਧੀਆਂ ਦੇ ਨਾਲ-ਨਾਲ ਆਪਣਿਆਂ ਤੋਂ ਵੀ ਖਤਰਾ ਬਣਿਆ ਹੋਇਆ ਹੈ ਕਾਂਗਰਸ ਪਾਰਟੀ ਵੱਲੋਂ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ ਜਦਕਿ ਭਾਜਪਾ ਵੱਲੋਂ ਇਸ ਹਲਕੇ ਤੋਂ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ ਦੋਵਾਂ ਹੀ ਉਮੀਦਵਾਰਾਂ ਨੂੰ ਪਾਰਟੀ ਅੰਦਰਲੀਆਂ  ਬਾਗੀ ਸੁਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੋਵਾਂ ਪਾਰਟੀਆਂ ਦੇ ਦਿੱਗਜ਼ ਆਗੂਆਂ ਵੱਲੋਂ ਹਲਕੇ ਅੰਦਰ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ ਸਭ ਤੋਂ ਪਹਿਲਾਂ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਉਮੀਦਵਾਰ ਲਈ ਰੈਲੀ ਕਰਕੇ ਵੋਟਾਂ ਮੰਗੀਆਂ ਤੇ ਇਸਦਾ ਜਵਾਬ ਦੇਣ ਲਈ ਦੋ ਦਿਨ ਬਾਅਦ ਹੀ ਕਾਂਗਰਸ ਪਾਰਟੀ ਵੱਲੋਂ ਰੈਲੀ ਕੀਤੀ ਗਈ ਜਿਸਨੂੰ ਰਾਹੁਲ ਗਾਂਧੀ ਨੇ ਸੰਬੋਧਨ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਵਿੱਚ ਭੁਗਤਣ ਦਾ ਸੱਦਾ ਦਿੱਤਾ ਦੋਵਾਂ ਪਾਰਟੀਆਂ ਦੇ ਨੇਤਾਵਾਂ ਦੀਆਂ ਰੈਲੀਆਂ ਤੋਂ ਬਾਅਦ ਦੋਵੇਂ ਪਾਰਟੀਆਂ ਜਿੱਤ ਦੇ ਦਾਅਵੇ ਕਰ ਰਹੀਆਂ ਹਨ ਪਰ ਅਸਲੀਅਤ ਇਹ ਹੈ ਕਿ ਦੋਵਾਂ ਨੂੰ ਅੰਦਰਖਾਤੇ ਆਪਣੇ ਬਾਗੀ ਸਾਥੀਆਂ ਦਾ ਡਰ ਵੀ ਸਤਾ ਰਿਹਾ ਹੈ।

ਭਾਜਪਾ ਵੱਲੋਂ ਸੋਮ ਪ੍ਰਕਾਸ਼ ਨੂੰ ਟਿਕਟ ਦੇਣ ਕਾਰਨ ਪਾਰਟੀ ਦੇ ਸੀਨੀਅਰ ਆਗੂ ਤੇ ਟਿਕਟ ਦੇ ਮੁੱਖ ਦਾਅਵੇਦਾਰ ਵਿਜੇ ਸਾਂਪਲਾ ਵੱਲੋਂ ਬਾਗੀ ਸੁਰਾਂ ਅਖਤਿਆਰ ਕਰ ਲਈਆਂ ਗਈਆਂ ਸਨ ਤੇ ਅੱਜ ਤੱਕ ਨਾਰਾਜ਼ਗੀ ਚੱਲ ਰਹੀ ਹੈ ਲੋਕ ਵਿਖਾਵੇ ਦੇ ਤੌਰ ‘ਤੇ ਉਨ੍ਹਾਂ ਵੱਲੋਂ ਹਾਲ ਦੀ ਘੜੀ ਕੋਈ ਬਿਆਨਬਾਜ਼ੀ ਨਹੀਂ ਕੀਤੀ ਜਾ ਰਹੀ ਪਰ ਗੁੱਸਾ ਉਹਨਾਂ ਦੇ ਅਦਰ ਅੱਜ ਵੀ ਹੈ ਤੇ ਇਸਦੀ ਮਿਸਾਲ ਪ੍ਰਧਾਨ ਮੰਤਰੀ ਦੀ ਰੈਲੀ ਦੌਰਾਨ ਵੇਖਣ ਨੂੰ ਮਿਲੀ ਹੈ ਸ੍ਰੀ ਸਾਂਪਲਾ ਵੱਲੋਂ ਮੰਚ ‘ਤੇ ਬੈਠੇ ਆਗੂਆਂ ਤੋਂ ਸਾਫ ਤੌਰ ‘ਤੇ ਦੂਰੀ ਬਣਾਈ ਰੱਖੀ ਗਈ ਤੇ ਉਨ੍ਹਾਂ ਦੀ ਨਾਰਾਜ਼ਗੀ ਸਾਫ ਝਲਕ ਰਹੀ ਸੀ ਰੈਲੀ ‘ਚ ਕੌਮੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਦੇ ਸਮਰਥਕਾਂ ਨੇ ਤਾਂ ਆਪਣੀ ਹਾਜ਼ਰੀ ਲਗਵਾਈ ਪਰ ਸਾਂਪਲਾ ਗੁੱਟ ਨਜ਼ਰ ਨਹੀਂ ਆਇਆ ਉਧਰ ਕਾਂਗਰਸ ਪਾਰਟੀ ਅੰਦਰ ਵੀ ਸਭ ਚੰਗਾ ਨਹੀਂ ਹੈ ਪਾਰਟੀ ਵੱਲੋਂ ਚੱਬੇਵਾਲ ਨੂੰ ਟਿਕਟ ਦਿੱਤੇ ਜਾਣ ਕਰਕੇ ਪਾਰਟੀ ਦੀ ਸ੍ਰੀਮਤੀ ਸੰਤੋਸ਼ ਚੌਧਰੀ ਜੋ ਦੁਆਬੇ ਦੇ ਸੀਨੀਅਰ ਮਹਿਲਾ ਸਿਆਸਤਦਾਨਾਂ ‘ਚੋਂ ਇੱਕ ਹਨ, ਨਾਰਾਜ਼ ਚੱਲੇ ਆ ਰਹੇ ਹਨ ਰਾਹੁਲ ਗਾਧੀ ਦੀ ਰੈਲੀ ਦੌਰਾਨ ਸ਼੍ਰੀਮਤੀ ਚੌਧਰੀ ਨੇ ਕੋਈ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ।

ਉਧਰ ਭਾਜਪਾ ਹਲਕੇ ਅੰਦਰ ਚੋਣ ਪ੍ਰਚਾਰ ਵਿੱਚ ਪੱਛੜੀ ਨਜ਼ਰ ਆ ਰਹੀ ਹੈ ਇਸ ਦਾ ਪਤਾ ਇੱਥੋਂ ਲੱਗਦਾ ਹੈ ਕਿ ਮੋਦੀ ਦੀ ਰੈਲੀ ਤੋਂ ਬਾਅਦ ਆਰ. ਐੱਸ. ਐੱਸ. ਦੇ ਸੀਨੀਅਰ ਆਗੂਆਂ ਨੂੰ ਇੱਥੇ ਆ ਕੇ ਆਰ. ਐੱਸ. ਐੱਸ. ਤੇ ਭਾਜਪਾ ਦੇ ਵਲੰਟੀਅਰਾਂ ਨੂੰ ਚੁਸਤ ਦਰੁਸਤ ਕਰਨ ਦੀ ਕਵਾਇਦ ਕਰਨੀ ਪਈ ਆਰ. ਐੱਸ. ਐੱਸ. ਦੀ ਮੀਟਿੰਗ ‘ਚ ਇੱਕ ਤਰ੍ਹਾਂ ਨਾਲ ਕਬੂਲਿਆ ਗਿਆ ਕਿ ਜਿਸ ਤਰ੍ਹਾਂ ਦਾ ਚੋਣ ਪ੍ਰਚਾਰ ਹੋਣਾ ਚਾਹੀਦਾ ਹੈ, ਉਸ ਤਰ੍ਹਾਂ ਦਾ ਨਹੀਂ ਹੋ ਰਿਹਾ ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇੱਥੇ ਆ ਕੇ ਆਪਣੇ ਵਰਕਰਾਂ ਨੂੰ ਫ਼ਟਕਾਰ ਲਗਾ ਕੇ ਗਏ ਸਨ ਕਿਉਂਕਿ ਉਨ੍ਹਾਂ ਨੂੰ ਵੀ ਸ਼ਿਕਾਇਤ ਮਿਲੀ ਸੀ ਕਿ ਅਕਾਲੀ ਵਰਕਰ ਭਾਜਪਾ ਆਗੂਆਂ ਦਾ ਪੂਰਾ ਸਾਥ ਨਹੀਂ ਦੇ ਰਹੇ ਭਾਜਪਾ ਨੂੰ ਪਿਛਲੀ ਵਾਰ ਬੀਬੀ ਜਗੀਰ ਕੌਰ ਦੇ ਹਲਕੇ ਭੁਲੱਥ ਵਿੱਚੋਂ ਵੱਡੀ ਲੀਡ ਮਿਲੀ ਸੀ ਪਰ ਇਸ ਵਾਰ ਬੀਬੀ ਜਗੀਰ ਕੌਰ ਖੁਦ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ ਤੇ ਇਸ ਕਰਕੇ ਉਹ ਆਪਣੇ ਹਲਕੇ ਅੰਦਰ ਪਹਿਲਾਂ ਦੀ ਤਰ੍ਹਾਂ ਵਕਤ ਨਹੀਂ ਦੇ ਸਕਣਗੇ ਤੇ ਇਸ ਚੀਜ਼ ਦਾ ਵੀ ਭਾਜਪਾ ਨੂੰ ਨੁਕਸਾਨ ਹੋ ਸਕਦਾ ਹੈ 2009 ਦੀਆਂ ਚੋਣਾਂ ਵਾਂਗ ਇਸ ਵਾਰ ਵੀ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਨੂੰ ਇੱਕ ਵਿਸ਼ੇਸ਼ ਧੜੇ ਨਾਲ ਨੇੜਤਾ ਰੱਖਣ ਦਾ ਨੁਕਸਾਨ ਹੋ ਰਿਹਾ ਹੈ ਉਦੋਂ ਸੋਮ ਪ੍ਰਕਾਸ਼ 366 ਵੋਟਾਂ ਦੇ ਫ਼ਰਕ ਨਾਲ ਹਾਰੇ ਸਨ।

      ਹਾਲ ਦੀ ਘੜੀ ਦੋਵਾਂ ਹੀ ਪਾਰਟੀਆਂ ਦੇ ਆਗੂਆਂ ਵੱਲੋਂ ਪਾਰਟੀ ਅੰਦਰਲੀਆਂ ਬਾਗੀ ਸੁਰਾਂ ਨੂੰ ਦਬਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆ ਹਨ ਪਿਛਲੇ ਦਿਨੀਂ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ਼ ਸ਼੍ਰੀਮਤੀ ਆਸ਼ਾ ਕੁਮਾਰੀ ਵੱਲੋਂ ਸ੍ਰੀਮਤੀ ਸੰਤੋਸ਼ ਚੌਧਰੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅਜੇ ਗੱਲ ਕਿਸੇ ਸਿਰੇ ਨਹੀਂ ਲੱਗੀ ਟਿਕਟਾਂ ਨੂੰ ਲੈ ਕੇ ਪਾਰਟੀ ਅੰਦਰ ਪੈਦਾ ਹੋਏ ਵਿਰੋਧ ਨੂੰ ਰੋਕਣ ਲਈ ਪਾਰਟੀ ਆਗੂਆਂ ਵੱਲੋਂ ਹੱਥ ਪੈਰ ਮਾਰੇ ਜਾ ਰਹੇ ਹਨ ਦੋਹਾਂ ਪਾਰਟੀਆਂ ਅੰਦਰ ਪੈਦਾ ਹੋਏ ਵਿਦਰੋਹ ਦਾ ਕੋਈ ਤੀਸਰੀ ਧਿਰ ਫਾਇਦਾ ਲੈਣ ਵਾਲੀ ਨਜ਼ਰ ਨਹੀਂ ਆ ਰਹੀ ਆਮ ਆਦਮੀ ਪਾਰਟੀ ਦਾ ਆਧਾਰ ਖਤਮ ਹੋ ਜਾਣ ਕਾਰਨ ਲੋਕ ਇਸ ਪਾਰਟੀ ਦੇ ਉਮੀਦਵਾਰ ਨਾਲ ਵੀ ਨਹੀਂ ਜਾਣਾ ਚਾਹੁੰਦੇ ਬਸਪਾ ਪਹਿਲਾਂ ਹੀ ਆਪਣਾ ਹਲਕੇ ਵਿੱਚੋਂ ਆਧਾਰ ਖ਼ਤਮ ਕਰ ਚੁੱਕੀ ਹੈ ਕਿਸੇ ਸਮੇਂ ਬਸਪਾ ਦਾ ਹਲਕੇ ਵਿੱਚ ਚੰਗਾ ਆਧਾਰ ਸੀ ਅਤੇ ਸਮੇਂ ਦੇ ਨਾਲ ਤੇ ਲੀਡਰਾਂ ਦੀ ਘਾਟ ਕਾਰਨ ਬਸਪਾ ਵੀ ਆਪਣਾ ਵੋਟ ਬੈਂਕ ਗਵਾ ਚੁੱਕੀ ਹੈ ।

ਆਮ ਆਦਮੀ ਪਾਰਟੀ ਨੇ ਦੋਆਬਾ ਜ਼ੋਨ ਦੇ ਪ੍ਰਧਾਨ ਡਾ. ਰਵਜੋਤ ਸਿੰਘ ਨੂੰ ਉਮੀਦਵਾਰ ਬਣਾਇਆ ਹੈ ਡਾ. ਰਵਜੋਤ ਪਿਛਲੀ ਵਾਰ ਸ਼ਾਮਚੁਰਾਸੀ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਉਧਰ ਖਹਿਰਾ ਫਰੰਟ ਵੱਲੋਂ ਇਹ ਸੀਟ ਬਸਪਾ ਨੂੰ ਛੱਡੀ ਜਾਣ ਕਰਕੇ ਬਸਪਾ ਨੇ ਇਸ ਹਲਕੇ ਤੋਂ ਖੁਸ਼ੀ ਰਾਮ ਜੋ ਸੇਵਾਮੁਕਤ ਆਈ ਏ ਐਸ ਅਧਿਕਾਰੀ ਹੈ, ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਬਸਪਾ ਆਗੂ ਮਾਇਆਵਤੀ ਨਵਾਂਸ਼ਹਿਰ ਤੋਂ ਹੀ ਰੈਲੀ ਕਰਕੇ ਮੁੜ ਗਏ ਸਨ ਅਤੇ ਉਧਰ ਆਪ ਦਾ ਵੀ ਕੋਈ ਵੱਡਾ ਆਗੂ ਇਹਨਾਂ ਦੀ ਬਾਂਹ ਫੜਨ ਨਹੀਂ ਆਇਆ ਹਾਲ ਦੀ ਘੜੀ ਕਾਂਗਰਸ ਤੇ ਭਾਜਪਾ ਉਮੀਦਵਾਰ ਵਿਚਕਾਰ ਟੱਕਰ ਬਣੀ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।