ਇਕਲਾਪੇ ਦਾ ਦਰਦ

0
Loneliness, Pain

ਜੇ. ਐਸ. ਬਲਿਆਲਵੀ

ਬਲਵੀਰ ਤੇ ਰੱਜੋ ਦਾ ਗ੍ਰਹਿਸਥੀ ਜੀਵਨ ਬੜਾ ਐਸ਼ੋ-ਆਰਾਮ ਨਾਲ ਗੁਜ਼ਰ ਰਿਹਾ ਸੀ। ਘਰ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਸੀ। ਕੋਠੀ ਵਰਗਾ ਮਕਾਨ, ਚੰਗਾ ਪੈਸਾ ਤੇ ਲਾਇਕ ਪੁੱਤਰ ਸ਼ਿੰਦਾ। ਹੋਰ ਕੀ ਚਾਹੀਦਾ ਸੀ। ਪਰਿਵਾਰ ਖੁਸ਼ਨੁਮਾ ਮਾਹੌਲ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਸੀ। ਸ਼ਿੰਦੇ ਦਾ ਪਾਲਣ-ਪੋਸ਼ਣ ਤੇ ਪੜ੍ਹਾਈ-ਲਿਖਾਈ ਵਿੱਚ ਰੱਜੋ ਤੇ ਬਲਵੀਰ ਨੇ ਕੋਈ ਕਸਰ ਬਾਕੀ ਨਹੀਂ ਸੀ ਰਹਿਣ ਦਿੱਤੀ। ਜਿੱਥੇ ਸ਼ਿੰਦਾ ਆਪਣੇ ਮਾਪਿਆਂ ਦੀ ਅੱਖ ਦਾ ਤਾਰਾ ਸੀ, Àੁੱਥੇ ਉਹ ਆਪਣੇ ਅਧਿਆਪਕਾਂ ਦਾ ਪਿਆਰਾ ਵਿਦਿਆਰਥੀ ਵੀ ਸੀ। ਸ਼ਿੰਦਾ ਪਹਿਲੀ ਤੋਂ ਬੀ. ਏ. ਤੱਕ ਦੀ ਪੜ੍ਹਾਈ ਮੁਕੰਮਲ ਕਰਕੇ ਇੱਕ ਕਾਬਲ ਇਨਸਾਨ ਬਣ ਗਿਆ ਸੀ। ਸ਼ਿੰਦੇ ਦੇ ਮਾਪਿਆਂ ਨੇ ਆਪਣੇ ਪੁੱਤਰ ਨੂੰ ਨੌਕਰੀ ਕਰਨ ਦੀ ਬਜਾਏ ਇੱਕ ਵੱਡੀ ਦੁਕਾਨ ਲੈ ਕੇ, ਉਸ ਵਿੱਚ ਟਰੈਕਟਰ, ਮੋਟਰਸਾਈਕਲ ਤੇ ਸਕੂਟਰ ਸਪੇਅਰ ਪਾਰਟਸ ਦਾ ਸਾਮਾਨ ਰੱਖ ਕੇ ਇੱਕ ਚੰਗਾ ਕਾਰੋਬਾਰ ਖੋਲ੍ਹ ਦਿੱਤਾ ਸੀ। ਸ਼ਿੰਦੇ ਨੇ ਵੀ ਆਪਣੇ ਮਾਪਿਆਂ ਦੇ ਵਿਸ਼ਵਾਸ ਨੂੰ ਕਾਇਮ ਰੱਖਦਿਆਂ ਹੋਇਆਂ ਦੁਕਾਨ ਦਾ ਕਾਰੋਬਾਰ ਸੁਚੱਜੇ ਢੰਗ ਨਾਲ ਸੰਭਾਲ ਲਿਆ ਸੀ। ਹੋਰ ਮਾਪਿਆਂ ਦੀ ਤਰ੍ਹਾਂ ਰੱਜੋ ਤੇ ਬਲਵੀਰ ਦੀ ਇਹ ਇੱਛਾ ਸੀ ਕਿ ਉਹ ਵੀ ਆਪਣੇ ਪੁੱਤਰ ਸ਼ਿੰਦੇ ਨੂੰ ਵਿਆਹ ਕੇ ਨੂੰਹ ਨੂੰ ਛੇਤੀ ਘਰੇ ਲਿਆਉਣ। ਛੇਤੀ ਹੀ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਸਹਿਯੋਗ ਨਾਲ ਸ਼ਿੰਦੇ ਦਾ ਵਿਆਹ ਨੇੜਲੇ ਪਿੰਡ ਦੀ ਇੱਕ ਦਸਵੀਂ ਤੱਕ ਪੜ੍ਹੀ ਕੁੜੀ ਰੂਪਾ ਨਾਲ ਹੋ ਗਿਆ। ਰੂਪਾ ਦੇ ਸਹੁਰੇ ਘਰ ਪੈਰ ਪਾਉਣ ‘ਤੇ ਪਰਿਵਾਰ ਦੇ ਜੀਅ ਫੁੱਲੇ ਨਹੀਂ ਸਨ ਸਮਾ ਰਹੇ। ਉੱਧਰ ਰੂਪਾ ਵੀ ਇੱਕ ਚੰਗੇ ਘਰ ਵਿੱਚ ਰਿਸ਼ਤਾ ਹੋਣ ਕਾਰਨ ਬੇਹੱਦ ਖੁਸ਼ ਸੀ। ਥੋੜ੍ਹੇ ਸਮੇਂ ਬਾਅਦ ਰੂਪਾ ਦੀ ਕੁੱਥੋਂ ਇੱਕ ਲੜਕੇ ਦਾ ਜਨਮ ਹੋਇਆ ਜਿਸ ਦਾ ਨਾਂਅ ਨਿੰਮਾ ਰੱਖਿਆ ਗਿਆ। ਘਰ ਵਿੱਚ ਖੁਸ਼ੀ ਆਉਣ ਕਾਰਨ ਸਾਰਾ ਪਰਿਵਾਰ ਜਿੱਥੇ ਖੁਸ਼ ਸੀ, Àੁੱਥੇ ਉਹ ਰੱਬ ਦਾ ਸ਼ੁਕਰਾਨਾ ਕਰਦਾ ਵੀ ਨਹੀਂ ਸੀ ਥੱਕਦਾ। ਨਿੰਮੇ ਦੀ ਪਰਵਰਿਸ਼ ਵਧੀਆ ਢੰਗ ਨਾਲ ਹੋਣ ਲੱਗੀ। ਉੱਧਰ ਰੂਪਾ ਦੇ ਗੁਆਂਢ ‘ਚ ਰਹਿੰਦੀ ਬੰਤੀ, ਰੱਜੋ ਦੇ ਪਰਿਵਾਰ ਦੀ ਖੁਸ਼ਹਾਲੀ ਦੇਖ ਕੇ ਚਿੜਦੀ ਸੀ। ਉਹ ਹਰ ਵੇਲੇ ਰੱਜੋ ਦੇ ਪਰਿਵਾਰ ਨੂੰ ਖੇਰੂੰ-ਖੇਰੂੰ ਕਰਨ ਦੀ ਤਾਕ ਵਿੱਚ ਰਹਿੰਦੀ ਸੀ। ਉੱਧਰ ਰੂਪਾ ਵੀ ਪੂਰੇ ਘਰ ਦੀ ਮਾਲਕਣ ਛੇਤੀ ਨਾਲ ਬਨਣਾ ਚਾਹੁੰਦੀ ਸੀ, ਜਿਸ ਕਰਕੇ ਉਹ ਗਾਹੇ-ਬਗਾਹੇ ਆਪਣੀ ਸੱਸ ਰੱਜੋ ਵੱਲੋਂ ਦਿੱਤੇ ਪਿਆਰ ਨੂੰ ਦਰਕਿਨਾਰ ਕਰਨ ਦੀ ਤਾਕ ਵਿੱਚ ਰਹਿੰਦੀ। ਇਸ ਮਾਮਲੇ ਵਿੱਚ ਰਹਿੰਦੀ-ਖੂੰਹਦੀ ਕਸਰ ਰੱਜੋ ਦੀ ਗੁਆਂਢਣ ਬੰਤੀ ਅਤੇ ਰੂਪਾ ਦੀ ਫਫੜੋ ਚਾਚੀ ਨੇ ਫੋਨ ਰਾਹੀਂ ਕੱਢ ਦਿੱਤੀ। ਹੌਲੀ-ਹੌਲੀ ਘਰ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਗਿਆ। ਸ਼ਿੰਦਾ ਸ਼ਾਮ ਨੂੰ ਜਦ ਦੁਕਾਨ ਤੋਂ ਘਰ ਆਉਂਦਾ ਤਾਂ ਉਸਦਾ ਮਨ ਬੜਾ ਦੁਖੀ ਹੁੰਦਾ। ਰੱਜੋ ਤੇ ਬਲਵੀਰ ਘਰ ਵਿੱਚ ਸ਼ਾਂਤੀ ਬਣਾਈ ਰੱਖਣ  ਦੀ ਹਰ ਸੰਭਵ ਕੋਸ਼ਿਸ਼ ਕਰਦੇ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਸੀ ਮਿਲ ਰਹੀ। ਨਤੀਜਾ, ਘਰ ਵਿੱਚ ਅਸ਼ਾਂਤੀ ਦਾ ਆਲਮ ਛਾ ਗਿਆ। ਹੁਣ ਸ਼ਿੰਦੇ ਦਾ ਪਰਿਵਾਰ ਆਪਣੇ ਮਾਪਿਆਂ ਤੋਂ ਅਲੱਗ ਰਹਿਣ ਲੱਗ ਪਿਆ ਸੀ। ਬਲਵੀਰ ਤੇ ਰੱਜੋ ਹੁਣ ਬੁਢਾਪੇ ਵਿੱਚ ਇਕੱਲੇ ਰਹਿਣ ਨੂੰ ਮਜ਼ਬੂਰ ਸਨ। ਉੱਧਰ ਰੂਪਾ ਹੁਣ ਸ਼ਿੰਦੇ ਨੂੰ ਉਸਦੇ ਮਾਪਿਆਂ ਤੋਂ ਅਲੱਗ ਕਰਕੇ ਆਪਣਾ ਵੱਖਰਾ ਘਰ ਬਣਾ ਕੇ ਖੁਸ਼ ਸੀ। ਦਿਨ ਬੀਤਦੇ ਗਏ ਅਤੇ ਸ਼ਿੰਦਾ ਆਪਣੇ ਬਜ਼ੁਰਗ ਮਾਂ-ਬਾਪ ਦਾ ਹਾਲ-ਚਾਲ ਪੁੱਛਣ ਲਈ ਕਦੇ-ਕਦਾਈ ਹੀ ਗੇੜਾ ਮਾਰਦਾ। Àੁੱਧਰ ਨਿੰਮਾ ਵੀ ਪੜ੍ਹਾਈ ਮੁਕੰਮਲ ਕਰ ਕੇ ਇੱਕ ਬੈਂਕ ਵਿੱਚ ਕੈਸ਼ੀਅਰ ਦੀ ਨੌਕਰੀ ‘ਤੇ ਲੱਗ ਗਿਆ ਸੀ। ਰੂਪਾ ਨੂੰ ਬੜਾ ਚਾਅ ਸੀ ਕਿ ਉਹ ਛੇਤੀ-ਛੇਤੀ ਆਪਣੇ ਪੁੱਤਰ ਨਿੰਮੇ ਨੂੰ ਵਿਆਹ ਕੇ ਨੂੰਹ ਦਾ ਮੂੰਹ ਦੇਖੇ। ਉਸ ਦੀ ਇਹ ਆਸ ਉਦੋਂ ਪੂਰੀ ਹੋਈ ਜਦੋਂ ਪਿੰਡ ਦੀ ਹੀ ਇੱਕ ਔਰਤ ਨੇ ਆਪਣੀ ਮਾਸੀ ਦੀ ਕੁੜੀ ਨਾਲ ਨਿੰਮੇ ਦਾ ਵਿਆਹ ਕਰਵਾ ਦਿੱਤਾ। ਹੁਣ ਰੂਪਾ ਬਹੁਤ ਖੁਸ਼ ਸੀ। ਉਹ ਆਪਣੀ ਨੂੰਹ ਜੱਸੀ ਨਾਲ ਬਹੁਤ ਪਿਆਰ ਕਰਦੀ ਅਤੇ ਘਰ ਦੇ ਕਿਸੇ ਕੰਮ ਨੂੰ ਵੀ ਹੱਥ ਨਾ ਲਾਉਣ ਦਿੰਦੀ। ਸਮਾਂ ਲੰਘਦਾ ਗਿਆ ਹੁਣ ਜੱਸੀ ਕੰਮ ਤੋਂ ਜੀਅ ਚਰਾਉਣ ਲੱਗੀ ਅਤੇ ਆਪਣੇ ਪਤੀ ਨਿੰਮੇ ਨੂੰ ਆਪਣੀ ਸੱਸ ਵਿਰੁੱਧ ਭੜਕਾਉਂਦੀ ਹੋਈ ਵਾਰ-ਵਾਰ ਪੇਕੇ ਜਾਣ ਦੀ ਧਮਕੀ ਦਿੰਦੀ। ਹੁਣ ਸ਼ਿੰਦਾ ਤੇ ਰੂਪਾ ਬੇਵੱਸ ਹੋ ਗਏ, ਉਹਨਾਂ ਨੇ ਜੱਸੀ ਨੂੰ ਸਮਝਾਉਣ ਦਾ ਬੜਾ ਯਤਨ ਕੀਤਾ ਪਰ ਜੱਸੀ ਤਾਂ ਆਪਣਾ ਵੱਖਰਾ ਘਰ ਵਸਾਉਣਾ ਚਾਹੁੰਦੀ ਸੀ। ਇਸ ਕਰਕੇ ਉਸ ਨੇ ਇਹ ਰਟ ਲਾਈ ਰੱਖੀ ਕਿ ਮੈਂ ਸਾਂਝੇ ਘਰ ਵਿੱਚ ਨਹੀਂ ਰਹਿਣਾ। ਆਖਰਕਾਰ ਜੱਸੀ ਆਪਣੇ ਪਤੀ ਨਿੰਮੇ ਨੂੰ ਲੈ ਕੇ ਵੱਖਰੀ ਰਹਿਣ ਲੱਗ ਪਈ। ਹੁਣ ਰੂਪਾ ਨੂੰ ਆਪਣੇ ਵੱਲੋਂ ਆਪਣੇ ਸੱਸ-ਸਹੁਰੇ ਨਾਲ ਕੀਤੀਆਂ ਵਧੀਕੀਆਂ ਮੁੜ-ਮੁੜ ਚੇਤੇ ਆਉਣ ਲੱਗੀਆਂ ਕਿਉਂਕਿ ਉਸ ਨੇ ਵੀ ਮਾਪਿਆਂ ਦੇ ਇਕਲੌਤੇ ਪੁੱਤਰ ਨੂੰ ਉਸਦੇ ਮਾਪਿਆਂ ਤੋਂ ਅਲੱਗ ਕਰਕੇ ਉਨ੍ਹਾਂ ਦੇ ਬੁਢਾਪੇ ਨੂੰ ਰੋਲ ਕੇ ਰੱਖ ਦਿੱਤਾ ਸੀ। ਪਛਤਾਵੇ ਦੀ ਅੱਗ ਹੁਣ ਰੂਪਾ ਨੂੰ ਅੰਦਰੋਂ-ਅੰਦਰੀ ਸਾੜ ਕੇ ਸੁਆਹ ਕਰ ਰਹੀ ਸੀ। ਉਸ ਨੂੰ ਹੁਣ ਵੱਖਰਾ ਹੋਣ ਦੇ ਅਰਥ ਅਤੇ ਉਸ ਤੋਂ ਹੋਣ ਵਾਲੇ ਦਰਦ ਦਾ ਅਹਿਸਾਸ ਬਾਖੂਬੀ ਹੋ ਰਿਹਾ ਸੀ। ਉਹ ਆਪਣੇ ਪਤੀ ਸ਼ਿੰਦੇ ਨੂੰ ਨਾਲ ਲੈ ਕੇ ਗਲਤੀ ਮੁਆਫ ਕਰਵਾਉਣ ਲਈ ਆਪਣੇ ਸਹੁਰੇ ਘਰ ਵੱਲ ਤੁਰ ਪਈ। ਰੂਪਾ ਨੇ ਸਹੁਰੇ ਘਰ ਪਹੁੰਚਦਿਆਂ ਹੀ ਸੱਸ ਰੱਜੋ ਦੇ ਪੈਰਾਂ ‘ਤੇ ਸਿਰ ਰੱਖ ਦਿੱਤਾ ਅਤੇ ਅੱਖਾਂ ਵਿੱਚੋ ਆਪ-ਮੁਹਾਰੇ ਹੰਝੂ ਵਹਿਣ ਲੱਗੇ, ਪਰ ਉਸਦੇ ਮੂੰਹੋਂ ਕੋਈ ਬੋਲ ਨਹੀਂ ਸੀ ਨਿੱਕਲ ਰਿਹਾ ਕਿਉਂਕਿ ਉਸਨੇ ਤਾਂ ਖੁਦ ਆਪਣੇ ਸੱਸ-ਸਹੁਰੇ ਨੂੰ ਇਕਲਾਪੇ ਦਾ ਦਰਦ ਹੰਢਾਉਣ ਲਈ ਮਜ਼ਬੂਰ ਕਰ ਦਿੱਤਾ ਸੀ।

 ਕੁਲਾਰਾਂ (ਪਟਿਆਲਾ)

ਮੋ. 99886-68608

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।