ਮੇਰੀ ਕਾਰ ਜ਼ਿੰਦਾਬਾਦ

ਮੇਰੀ ਕਾਰ ਜ਼ਿੰਦਾਬਾਦ

ਆਪਣੇ ਬੱਚਿਆਂ ਸੰਗ ਫਿਲਮ ‘ਟਾਰਜਨ ਦਾ ਵੰਡਰ ਕਾਰ’ ਵੇਖਦਿਆਂ ਮੈਂ ਇਸ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਵੱਲੋਂ ਇੱਕ ਕਾਰ ਨੂੰ ਮਨੁੱਖੀ ਭਾਵਨਾਵਾਂ ਨਾਲ ਜੋੜਨ ਵਾਲੀ ਪੇਸ਼ਕਾਰੀ ਤੋਂ ਕਾਫੀ ਹੈਰਾਨ ਤੇ ਵਿਆਕੁਲ ਹੋਇਆ। ਕਾਰ ਤਾਂ ਨਿਰਜੀਵ ਵਸਤੂ ਹੈ, ਪਰ ਉਸ ਨਾਲ ਜੁੜਿਆ ਮਨੁੱਖ ਜਰੂਰ ਭਾਵਨਾਤਮਕ ਬਿਰਤੀਆਂ ਦਾ ਮਾਲਕ ਹੋ ਸਕਦਾ ਹੈ। ਇਸ ਲਈ ਹਰੇਕ ਵਿਅਕਤੀ ਦਾ ਆਪਣੀਆਂ ਭੌਤਿਕ ਜਾਂ ਅਭੌਤਿਕ ਚੀਜ਼ਾਂ ਬਾਰੇ ਆਪਣਾ ਨਿੱਜੀ ਲਗਾਅ, ਪਿਆਰ, ਮੁਹੱਬਤ ਜਾਂ ਦਿ੍ਰਸ਼ਟੀਕੋਣ ਹੁੰਦਾ ਹੈ। ਜਦੋਂ ਇਨਸਾਨ ਇੰਨ੍ਹਾਂ ਵਸਤਾਂ ਦੀ ਵਰਤੋਂ ਨਿਵੇਕਲੇ ਤੇ ਪਰਉਪਕਾਰੀ ਉਦੇਸ਼ਾਂ ਨਾਲ ਕਰਦਾ ਹੈ ਤਾਂ ਨਿਰਜੀਵ ਵਸਤਾਂ ਨੂੰ ਵੀ ਵਿਸ਼ੇਸ਼ ਦਰਜਾਬੰਦੀ ਹਾਸਲ ਹੋ ਜਾਂਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਕੁਝ ਵਸਤਾਂ ਵਿਸ਼ੇਸ਼ ਰੁਤਬਾ ਹਾਸਲ ਕਰ ਲੈਂਦੀਆਂ ਹਨ।

ਤਕਰੀਬਨ ਪੰਦਰਾਂ ਕੁ ਵਰ੍ਹੇ ਇੱਕ ਸਕੂਲ ਵਿੱਚ ਹਾਜ਼ਰ ਹੋਇਆ। ਉਸ ਸਕੂਲ ਵਿੱਚ ਇੱਕ ਅਧਿਆਪਕ ਦੀ ਆਪਣੀ ਕਾਰ ਪ੍ਰਤੀ ਦੇਖ-ਰੇਖ ਵੇਖ ਕੇ ਮੈਂ ਦੰਗ ਰਹਿ ਗਿਆ। ਉਹ ਆਪਣੀ ਕਾਰ ਦੇ ਨੇੜੇ ਕਿਸੇ ਸਟਾਫ ਮੈਂਬਰ ਨੂੰ ਤਾਂ ਕੀ ਬਲਕਿ ਚਿੜੀ ਪਰਿੰਦੇ ਨੂੰ ਵੀ ਨਹੀਂ ਸੀ ਫੜਕਣ ਦਿੰਦਾ। ਉਹ ਕਿਸੇ ਨੂੰ ਆਪਣੀ ਗੱਡੀ ਵਿੱਚ ਬਿਠਾਉਣਾ ਪਸੰਦ ਨਹੀਂ ਸੀ ਕਰਦਾ। ਹਰੇਕ ਪੀਰੀਅਡ ਦੌਰਾਨ ਉਹ ਆਪਣੀ ਕਾਰ ਦੇ ਇਰਦ-ਗਿਰਦ ਗੇੜਾ ਵੀ ਮਾਰ ਆਉਂਦਾ। ਸਕੂਲ ਵਿੱਚ ਉਹ ਇਕੱਲਾ ਅਧਿਆਪਕ ਹੀ ਗੱਡੀ ਦਾ ਮਾਲਕ ਸੀ।

ਇੱਕ ਹੋਰ ਅਧਿਆਪਕ ਨੇ ਸੈਕਿੰਡ ਹੈਂਡ ਕਾਰ ਖਰੀਦੀ। ਉਹ ਲੇਡੀਜ ਸਟਾਫ ਨੂੰ ਵੀ ਆਪਣੀ ਕਾਰ ਵਿੱਚ ਲਿਆਉਣ ਲੱਗਾ, ਮੈਂ ਉਸਦੇ ਨਜ਼ਰੀਏ ਤੋਂ ਕਾਫੀ ਪ੍ਰਭਾਵਿਤ ਹੋਇਆ। ਪਰ ਇੱਕ ਦਿਨ ਉਸ ਸ਼ਖਸ ਨੇ ਆਪਣੀ ਸਟਾਫ ਮੈਂਬਰ ਨੂੰ ਇਸ ਲਈ ਕਾਰ ਵਿੱਚੋਂ ਉਤਾਰ ਦਿੱਤਾ ਕਿ ਉਸਨੇ ਅਧਿਆਪਕ ਦੀ ਪਤਨੀ ਨੂੰ ਸਤਿ ਸ੍ਰੀ ਅਕਾਲ ਨਹੀਂ ਸੀ ਬੁਲਾਈ।

ਉਸ ਸਕੂਲ ਦੀ ਠਹਿਰ ਦੌਰਾਨ ਕਾਰ ਮੇਰੀ ਪਹੁੰਚ ਤੋਂ ਬਾਹਰ ਸੀ। 9 ਕੁ ਵਰ੍ਹੇ ਪਹਿਲਾਂ ਮੇਰੀ ਪਤਨੀ ਨੇ ਮੈਨੂੰ ਕਾਰ ਦਾ ਮਾਲਕ ਬਣਾ ਦਿੱਤਾ। ਹੁਣ ਮੈਂ ਅਜਿਹੇ ਸਕੂਲ ਵਿੱਚ ਸੀ ਜਿੱਥੇ ਪਿ੍ਰੰਸੀਪਲ ਅਤੇ ਸਾਰੇ ਸਟਾਫ ਮੈਂਬਰਾਂ ਕੋਲ ਕਾਰਾਂ ਸਨ। ਪਰ ਸਿਰਫ ਮੇਰੇ ਕੋਲ ਵੰਡਰ ਕਾਰ ਸੀ ਕਿਉਂਕਿ ਵਿਦਿਆਰਥੀਆਂ ਨੂੰ ਕਿਸ਼ਤਾਂ ਵਿੱਚ ਮਿਲਦੀਆਂ ਮੁਫਤ ਕਿਤਾਬਾਂ ਨੂੰ ਸਮੇਂ ਸਿਰ ਵਿਦਿਆਰਥੀਆਂ ਤੱਕ ਅੱਪੜਦਾ ਕਰਨ ਵਾਸਤੇ ਪਿ੍ਰੰਸੀਪਲ ਸਾਹਿਬਾਂ ਨੇ ਆਪਣੀ ਜਾਂ ਕਿਸੇ ਹੋਰ ਅਧਿਆਪਕ ਦੀ ਕਾਰ ਭੇਜਣ ਦੀ ਬਜਾਇ ਮੇਰੀ ਗੱਡੀ ਦੀਆਂ ਹੀ ਸੇਵਾਵਾਂ ਲੈਣੀਆਂ, ਦਰਅਸਲ ਇਹ ਸਕੂਲ ਦੇ ਸਮੇਂ ਤੇ ਧਨ ਦੀ ਬੱਚਤ ਕਰ ਦਿੰਦੀ ਹੈ।

ਸਕੂਲੀ ਖੇਡਾਂ ਦੌਰਾਨ ਖਿਡਾਰੀਆਂ ਨੂੰ ਬਲਾਕ, ਜਿਲ੍ਹਾ ਜਾਂ ਸਟੇਟ ਪੱਧਰ ’ਤੇ ਲਿਜਾਣ ਦੀ ਸੇਵਾ ਵਾਸਤੇ ਮੇਰੀ ਗੱਡੀ ਤਿਆਰ-ਬਰ-ਤਿਆਰ ਹੁੁੰਦੀ। ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਦੀਆਂ ਟਰੇਨਿੰਗਾਂ ਦੌਰਾਨ ਸ਼ਤ-ਪ੍ਰਤੀਸ਼ਤ ਹਾਜਰੀ ਯਕੀਨੀ ਬਣਾਉਣ ਵੇਲੇ ਮੇਰੀ ਕਾਰ ਹੀ ਕੰਮ ਆਉਂਦੀ। ਸਕੂਲ ਦੇ ਸਿਵਲ ਵਰਕਸ ’ਚ ਮਿਸਤਰੀਆਂ ਨੂੰ ਵੱਖ-ਵੱਖ ਸਕੂਲਾਂ ਵਿੱਚ ਬਣੇ ਪ੍ਰੋਜੈਕਟਾਂ ਦਾ ਮੁਆਇਨਾ ਹੀ ਨਹੀਂ ਬਲਕਿ ਕਈ ਵਾਰ ਤਾਂ ਮਜ਼ਦੂਰਾਂ ਨੂੰ ਇਕੱਠੇ ਕਰਕੇ ਸਕੂਲ ਲਿਆਉਣਾ ਵੀ ਮੇਰੀ ਕਾਰ ਦੇ ਹਿੱਸੇ ਹੀ ਆਉਂਦਾ ਹੈ।

ਸਕੂਲ ਦੇ ਕਿਸੇ ਵੀ ਵਿਦਿਆਰਥੀ ਦੇ ਬਿਮਾਰ ਜਾਂ ਫੱਟੜ ਹੋਣ ਦੀ ਸੂਰਤ ਵਿੱਚ ਉਸਨੂੰ ਹਸਪਤਾਲ ਜਾਂ ਘਰ ਛੱਡਣ ਲਈ ਮੈਨੂੰ ਤੇ ਮੇਰੀ ਕਾਰ ਨੂੰ ਹੀ ਯਾਦ ਕੀਤਾ ਜਾਂਦਾ ਹੈ। ਭਾਵੇਂ ਸਕੂਲ ਦੇ ਸਜਾਵਟੀ ਪੌਦੇ ਹੋਣ, ਮਿੱਡ ਡੇ ਮੀਲ ਦਾ ਰਾਸ਼ਨ ਹੋਵੇ ਜਾਂ ਦੂਜੇ ਸਕੂਲਾਂ ਤੋਂ ਕਦੇ-ਕਦਾਈਂ ਕਣਕ ਜਾਂ ਚੌਲ ਦੀਆਂ ਬੋਰੀਆਂ ਉਧਾਰ ਲੈ ਕੇ ਆਉਣੀਆਂ ਹੋਣ ਤਾਂ ਮੇਰੀ ਕਾਰ ਜ਼ਿੰਦਾਬਾਦ।

ਗੱਲ ਇੱਥੇ ਹੀ ਨਹੀਂ ਮੁੱਕਦੀ ਪਿਛਲੇ ਸਾਲਾਂ ਦੌਰਾਨ ਮੁਅੱਤਲ ਹੋਏ ਸਕੂਲ ਪਿ੍ਰੰਸੀਪਲ ਦੀਆਂ ਤਰੀਕਾਂ ਭੁਗਤਣ ਵੇਲੇ ਜਿਲ੍ਹੇ ਦੇ ਅਫਸਰਾਂ ਨਾਲ ਜਾਣ ਹਿੱਤ, ਆਡਿਟ ਪੈਰਿ੍ਹਆਂ ਦੀ ਦਰੁਸਤੀ, ਬਤੌਰ ਡੀ.ਡੀ.ਓ. ਕੰਮ ਕਰ ਚੁੱਕੇ ਅਧਿਆਪਕਾਂ ਦੇ ਬਣਦੇ ਬਕਾਏ ਕਢਵਾਉਣ ਵਾਸਤੇ ਪੁਰਾਣੇ ਸਕੂਲਾਂ ਵਿੱਚ ਤਨਖਾਹ ਬਿੱਲਾਂ ਦੇ ਨੰਬਰ ਲੈਣ ਹਿੱਤ, ਸੀਨੀਅਰ ਸਟਾਫ ਮੈਂਬਰਾਂ ਦੀਆਂ ਤਰੱਕੀਆਂ ਦੇ ਕੇਸਾਂ ਸਬੰਧੀ ਚੰਡੀਗੜ੍ਹ ਤੇ ਮੋਹਾਲੀ ਦੇ ਦੌਰੇ ਅਤੇ ਪਿ੍ਰੰਸੀਪਲ ਸਾਹਿਬਾਂ ਨਾਲ ਵੱਖ-ਵੱਖ ਸਕੂਲਾਂ ਦੀਆਂ ਸ਼ਿਕਾਇਤੀ ਪੜਤਾਲਾਂ ਵੇਲੇ ਮੇਰੀ ਕਾਰ ਸੇਵਾ ਨਿਭਾ ਰਹੀ ਹੁੰਦੀ।
ਇੱਕ ਪ੍ਰਾਇਮਰੀ ਅਧਿਆਪਕ ਦੀ ਪਤਨੀ ਤਾਂ ਹਰੇਕ ਮਹੀਨੇ ਦੇ ਇੱਕ ਦਿਨ ਮੇਰੀ ਗੱਡੀ ਵਿੱਚ ਇਸ ਲਈ ਜਾਣ ਲੱਗੀ ਕਿਉਂਕਿ ਉਸਦੇ ਮਿੱਡ ਡੇ ਮੀਲ ਰਾਸ਼ਨ ਦਾ ਸਾਮਾਨ ਸਕੂਲ ਵਿੱਚ ਅੱਪੜਦਾ ਕਰਨਾ ਹੁੰਦਾ ਸੀ।

ਤਿੰਨ ਸਾਲ ਪਹਿਲਾਂ ਮਹਿੰਗੀ ਗੱਡੀ ਦੇ ਮਾਲਕ ਮੇਰੇ ਸਾਥੀ ਅਧਿਆਪਕ ਦਾ ਗੁੰਮਿਆ ਮੋਬਾਈਲ ਕਿਸੇ ਕੋਲੋਂ ਫੜ੍ਹਨ ਲਈ ਨਿੱਕਲ ਪਏ। ਵਾਪਸੀ ਵੇਲੇ ਉਸ ਅਧਿਆਪਕ ਨੇ ਕੋਠੀ ’ਤੇ ਸਜਾਉਣ ਵਾਲੇ ਸੀਮਿੰਟ ਦੇ ਦੋ ਬਾਜ ਖਰੀਦ ਕੇ ਮੇਰੀ ਗੱਡੀ ਵਿੱਚ ਲੱਦ ਦਿੱਤੇੇ ਜਿਨ੍ਹਾਂ ਦਾ ਭਾਰ ਲਗਭਗ ਇੱਕ ਕੁਇੰਟਲ ਸੀ। ਉਸ ਦਿਨ ਪਹਿਲੀ ਵਾਰ ਮੈਨੂੰ ਫਿਕਰ ਹੋਇਆ ਸੀ ਕਿ ਅੱਜ ਮੇਰੀ ਕਾਰ ਦੇ ਸ਼ੌਕਰ ਤਾਂ ਜਰੂਰ ਟੁੱਟਣਗੇ ਪਰ ਖੁਸ਼ਕਿਸਮਤੀ ਨਾਲ ਅਜਿਹਾ ਭਾਣਾ ਨਾ ਵਾਪਰਿਆ।

ਇੱਕ ਹੋਰ ਸਾਥੀ ਅਧਿਆਪਕ ਨੇ ਆਪਣੀ ਬੇਵੱਸੀ ਜਾਹਿਰ ਕਰਦਿਆਂ ਮੈਨੂੰ ਰਾਤ ਨੂੰ ਫੋਨ ਕੀਤਾ ਕਿ ਉਸਦੇ ਇੱਕ ਮਿੱਤਰ ਦਾ ਸਹੁਰਾ ਲੜਾਈ ਵਿੱਚ ਜਖਮੀ ਹੋ ਗਿਆ ।ਪਤਨੀ ਦੇ ਰੋਕਣ ਦੇ ਬਾਵਜੂਦ ਮੈਂ ਤੇ ਮੇਰੀ ਕਾਰ ਮਿਸ਼ਨ ’ਤੇ ਚੱਲ ਪਏ। ਲਗਭਗ ਅੱਸੀ ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਪੁਲਿਸ ਰਿਪੋਰਟ ਤੇ ਮੁਆਇਨੇ ਉਪਰੰਤ ਮੈਂ ਅੱਧੀ ਰਾਤ ਤਿੰਨ ਵਜੇ ਘਰ ਬਹੁੜਿਆ।

ਇੱਕ ਵਾਰ ਇੱਕ ਅਧਿਆਪਕ ਹਾਦਸੇ ਵਿੱਚ ਫੱਟੜ ਹੋਇਆ ਤਾਂ ਉਸਦੇ ਮਿੱਤਰ ਨੇ ਹਾਦਸੇ ਵਾਲੇ ਸਥਾਨ ਦੇ ਨੇੜਲੇ ਪਿੰਡ ਰਹਿੰਦੇ ਅਧਿਆਪਕ ਨੂੰ ਫੋਨ ਕਰਕੇ ਸੱਦਿਆ ਪਰ ਉਸਨੇ ਆਪਣੀ ਕਾਰ ਲਿਜਾਣ ਤੋਂ ਕੰਨੀ ਕਤਰਾਉਂਦਿਆਂ ਮੈਨੂੰ ਉਸ ਸਥਾਨ ਤੋਂ ਦੂਰ ਹੋਣ ਦਾ ਅਹਿਸਾਸ ਹੁੰਦਿਆਂ ਵੀ ਘਟਨਾ ਸਥਾਨ ’ਤੇ ਪੁੱਜਣ ਦੀ ਨਸੀਹਤ ਦਿੱਤੀ। ਮੈਂ ਤੇ ਮੇਰੀ ਕਾਰ ਸੇਵਾ ਵਿੱਚ ਜੁਟ ਗਏ, ਸਾਥੀ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਮਿਲ ਗਈ ਤੇ ਉਸਦਾ ਬਚਾਅ ਹੋ ਗਿਆ।

ਸਾਥੀ ਅਧਿਆਪਕਾਂ ਦੌਰਾਨ ਖੂੁਨਦਾਨ ਕੈਂਪਾਂ ਦੇ ਆਯੋਜਨ ਦੌਰਾਨ ਰਿਫਰੈਸ਼ਮੈਂਟਾਂ, ਇਸ਼ਤਿਹਾਰਾਂ ਤੇ ਹੋਰ ਸਮੱਗਰੀਆਂ ਤੋਂ ਇਲਾਵਾ ਯੂਨੀਅਨਾਂ ਦੇ ਇਕੱਠਾਂ, ਦੂਰ-ਦੁਰਾਡੇ ਲੋਕ ਹਿੱਤੂ ਸੈਮੀਨਾਰਾਂ, ਧਰਨਿਆਂ, ਮੁਜਾਹਰਿਆਂ, ਇਕੱਠਾਂ ਵੇਲੇ ਮਨੁੱਖੀ ਸਰੋਤਾਂ ਨਾਲ ਇਹ ਹਮੇਸ਼ਾ ਲੈਸ ਰਹਿੰਦੀ ਹੈ।
ਮੈਂ ਕਦੇ ਵੀ ਆਪਣੀ ਕਾਰ ਨੂੰ ਕੇਵਲ ਆਪਣੀਆਂ ਹੀ ਨਿੱਜੀ ਲੋੜਾਂ ਦੀ ਪੂਰਤੀ ਦਾ ਸਾਧਨ ਨਹੀਂ ਮੰਨਿਆ। ਮੈਂ ਡਿਊਟੀ ਜਾਂ ਸਮਾਜਿਕ ਰੁਝੇਵਿਆਂ ਦੌਰਾਨ ਆਪਣੇ ਅਫਸਰਾਂ, ਪਿ੍ਰੰਸੀਪਲ, ਸਟਾਫ ਮੈਂਬਰਾਂ ਜਾਂ ਵਿਦਿਆਰਥੀਆਂ ਦੀ ਖੁਸ਼ਾਮਦ ਜਾਂ ਵਾਹ-ਵਾਹ ਲੈਣ ਦੇ ਮਨੋਰਥ ਨਾਲ ਆਪਣੀ ਕਾਰ ਦੀਆਂ ਸੇਵਾਵਾਂ ਨਹੀਂ ਸੀ ਦਿੰਦਾ

ਬਲਕਿ ਮੇਰੀ ਅੱਖ ਮਨੁੱਖੀ ਸਰੋਤਾਂ ਜਾਂ ਰੂਹਾਂ ਦੇ ਮੁਕਾਬਲਤਨ ਇਸ ਨੂੰ ਮਹਿਜ ਚਾਰ ਪਹੀਆਂ ’ਤੇ ਚੱਲਣ ਵਾਲੀ ਮੋਟਰ ਵਜੋਂ ਹੀ ਵੇਖਦੀ ਰਹੀ। ਮੈਂ ਇਸ ਨੂੰ ਸਟੇਟਸ ਚਿੰਨ੍ਹ ਨਾਲ ਨਾ ਜੋੜਿਆ ਕਿਉਂ ਜੋ ਜਰੂਰਤ ਵੇਲੇ ਕਿਸੇ ਦੀਆਂ ਲੋੜਾਂ ਪੂਰੀਆਂ ਕਰਕੇ ਮੈਨੂੰ ਵੱਖਰਾ ਸਕੂਨ ਮਿਲਦਾ ਹੈ। ਇਸੇ ਲਈ ਮੇਰੀ ਕਾਰ ਮੇਰੀਆਂ ਨਜ਼ਰਾਂ ਵਿੱਚ ਆਮ ਨਾ ਹੋ ਕੇ ਵਿਸ਼ੇਸ਼ ਦਰਜਾ ਪ੍ਰਾਪਤ ਹੈ। ਇਹ ਮੇਰੀਆਂ ਨਹੀਂ ਬਲਕਿ ਮੇਰੇ ਨਾਲ ਜੁੜੇ ਹਰੇਕ ਸ਼ਖਸ ਦੀਆਂ ਸੇਵਾਵਾਂ ਵਾਸਤੇ ਹਮੇਸ਼ਾਂ ਤੱਤਪਰ ਰਹਿੰਦੀ ਹੈ।

ਸਕੂਲ ਵੜਦਿਆਂ ਚੌਕੀਦਾਰ ਦੇ ਮਾਸੂਮ ਬਾਲਾਂ ਨੂੰ ਛੋਟਾ ਜਿਹਾ ਝੂੁਟਾ ਦੇ ਕੇ ਖੁਸ਼ੀ ਦਾ ਜੋ ਅਹਿਸਾਸ ਹੁੰਦਾ ਸੀ ਸ਼ਾਇਦ ਉਹ ਦੂਜਿਆਂ ਦੇ ਲੇਖੇ ਨਹੀਂ ਸੀ ਆ ਸਕਦਾ। ਮੈਂ ਮਹਿਸੂਸਦਾ ਹਾਂ ਕਿ ਅਜਿਹੇ ਕਾਰਜਾਂ ਨਾਲ ਮੇਰੀ ਕਾਰ ਦੇ ਰੰਗ-ਰੂਪ, ਦਿੱਖ ਜਾਂ ਸਾਫ-ਸਫਾਈ ’ਤੇ ਕੋਈ ਅਸਰ ਨਹੀਂ ਪੈਂਦਾ। ਮਹਿਜ ਦੋ ਕੁ ਸੌ ਦੇ ਖਰਚ ਨਾਲ ਇਹ ਲਿਸ਼ਕਣ ਲੱਗਦੀ ਹੈ। ਦਿੱਖ ਵਜੋਂ ਕਾਰ ਹੁੰਦਿਆਂ ਵੀ ਇਹ ਇਹ ਛੋਟੇ ਹਾਥੀ ਦਾ ਕੰਮ ਦਿੰਦੀ ਹੈ, ਨਾ ਕਦੇ ਇਹ ਥੱਕਦੀ ਹੈ ਤੇੇ ਨਾ ਹੀ ਮੈਂ ਅੱਕਦਾ ਹਾਂ।

ਮੇਰੀ ਪਤਨੀ ਨੇ ਅਕਸਰ ਆਖਣਾ ਕਿ ਮੇਰੇ ਵੱਲੋਂ ਉਸ ਦੀ ਕਾਰ ਨੂੰ ਨਜਾਇਜ਼ ਵਰਤਿਆ ਜਾ ਰਿਹਾ ਹੈ। ਪਰ ਸਭ ਕੁਝ ਜਾਣਦਿਆਂ, ਸਮਝਦਿਆਂ ਤੇ ਮਹਿਸੂਸ ਕਰਦਿਆਂ ਉਸ ਦੀ ਗੱਲ ਨੂੰ ਮੁਸਕਰਾ ਕੇ ਟਾਲਣ ਦੀ ਆਦਤ ਜਿਹੀ ਬਣ ਚੁੱਕੀ ਹੈ। ਕਈ ਵਾਰੀ ਤਾਂ ਸਟਾਫ ਮੈਂਬਰ ਵੀ ਮੈਨੂੰ ਟਿੱਚਰ ਕਰਦੇ ਹਨ ਕਿ ਮੇਰੀ ਕਾਰ ਉੱਪਰ ਪੰਜਾਬ ਸਰਕਾਰ ਜਾਂ ਕਾਰ ਸੇਵਾ ਲਿਖਿਆ ਹੋਣਾ ਚਾਹੀਦਾ ਹੈ, ਉਹ ਤਾਂ ਇਹ ਵੀ ਆਖਦੇ ਹਨ ਕਿ ਮੁੜ ਵਿੱਕਰੀ ਵੇਲੇ ਇਹ ਭਾਰ ਤੋਲ ਕੇ ਹੀ ਵਿਕੇਗੀ। ਮੈਨੂੰ ਇਹ ਗੱਲਾਂ ਸੁਣ ਕੇ ਦੁੱਖ ਦਾ ਕੋਈ ਅਹਿਸਾਸ ਨਹੀਂ ਹੁੰਦਾ ਬਲਕਿ ਸਕੂਨ ਜਰੂਰ ਮਿਲਦਾ ਕਿ ਘੱਟੋ-ਘੱਟ ਮੇਰੀ ਕਾਰ ਆਪਣਾ ਲਾਗਤ ਮੁੱਲ ਤਾਂ ਮੋੜ ਰਹੀ ਹੈ। ਹੁਣ ਤਾਂ ਬਤੌਰ ਪ੍ਰਾਇਮਰੀ ਸਕੂਲ ਦੀ ਹੈੱਡ ਟੀਚਰ ਵਿਚਰਦੀ ਮੇਰੀ ਪਤਨੀ ਨੇ ਵੀ ਨੰਨ੍ਹੇ-ਮੁੰਨ੍ਹੇ ਸਕੂਲੀ ਬੱਚਿਆਂ ਦੀ ਸੇਵਾ ਖਾਤਰ ਇਹ ਕਾਰ ਚਲਾਉਣੀ ਸਿੱਖ ਲਈ ਹੈ।

ਜਦੋਂ ਮੈਂ ਮਹਿਜ ਛੇ-ਸੱਤ ਵਰਿ੍ਹਆਂ ਦਾ ਸੀ ਤਾਂ ਵੱਡਾ ਭਰਾ ਜਾਮੁਨ ਦੇ ਵੱਡੇ ਦਰੱਖਤ ਤੋਂ ਡਿੱਗ ਪਿਆ, ਉਸਨੂੰ ਨੇੜਲੇ ਡਾਕਟਰ ਕੋਲ ਲਿਜਾਇਆ ਗਿਆ। ਸੱਟ ਦੀ ਗੰਭੀਰਤਾ ਵੇਖਦੇ ਹੋਏ ਉਸ ਨੇਕ ਇਨਸਾਨ ਨੇ ਆਪਣੀ ਨਿੱਜੀ ਨਵੀਂ-ਨਕੋਰ ਫੀਅਟ ਕਾਰ ਵਿੱਚ ਸਾਨੂੰ ਸਿਵਲ ਹਸਪਤਾਲ ਭੇਜਿਆ ਜੋ ਕਿ ਇੱਕ ਜਿੰਦਗੀ ਨੂੰ ਬਚਾਉਣ ਦਾ ਸਬੱਬ ਬਣੀ। ਭਾਵੇਂ ਉਸ ਵੇਲੇ ਮੈਨੂੰ ਪਹਿਲੀ ਵਾਰ ਕਾਰ ਦੀ ਸਵਾਰੀ ਦਾ ਅਥਾਹ ਚਾਅ ਸੀ। ਪਰ ਜਿੰਦਗੀ ਦੇ ਤਿੰਨ ਦਹਾਕਿਆਂ ਬਾਅਦ ਉਸ ਡਾਕਟਰ ਦੀ ਫਰਾਖਦਿਲੀ ਤੇ ਮਨੁੱਖਤਾ ਦੀ ਭਲਾਈ ਨਾਲ ਓਤ-ਪ੍ਰੋਤ ਵਿਸ਼ਾਲ ਸੋਚਣੀ ਦਾ ਅਹਿਸਾਸ ਹੋਇਆ ਤੇ ਇਹੀ ਗੱਲ ਮੇਰੀ ਪ੍ਰੇਰਨਾਸ੍ਰੋਤ ਬਣੀ।

ਸੋ ਫੀਅਟ ਕਾਰ ਦੇ ਪਹਿਲੇ ਝੂਟੇ ਤੋਂ ਮਿਲੀ ਪ੍ਰੇਰਨਾ ਸਦਕਾ ਮੈਂ ਵੀ ਭਾਵਨਾਤਮਕ ਤੌਰ ’ਤੇ ਆਪਣੀ ਕਾਰ ਨਾਲ ਇਸ ਲਈ ਜੁੜਿਆ ਹਾਂ ਕਿ ਇਹ ਸਾਰਥਿਕ ਉਪਰਾਲਿਆਂ ਵਿੱਚ ਮੇਰਾ ਖੂਬ ਸਾਥ ਦੇ ਰਹੀ ਹੈ ਤੇ ਪਦਾਰਥਵਾਦੀ ਪਹੁੰਚ ਨੂੰ ਨਕਾਰਦਿਆਂ ਮੈਂ ਇਸ ਨੂੰ ਆਪਣੀ ਵੰਡਰ ਕਾਰ ਦਾ ਦਰਜਾ ਦੇਣ ਵਿੱਚ ਮਾਣ ਮਹਿਸੂਸ ਕਰਦਾ ਹਾਂ।
ਮਾ. ਹਰਭਿੰਦਰ ਮੁੱਲਾਂਪੁਰ
ਮੋ. 95308-20106

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ