ਲੱਗੀ ਨਜ਼ਰ ਪੰਜਾਬ ਨੂੰ

punjab

ਪੰਜਾਬ ਨੂੰ ਸੱਚਮੁੱਚ ਹੀ ਕਿਸੇ ਚੰਦਰੇ ਦੀ ਨਜ਼ਰ ਲੱਗ ਗਈ ਹੈ। ਹੁਣ ਤਾਂ ਸੱਚਮੁੱਚ ਹੀ ਇਸ ਦੇ ਸਿਰ ਤੋਂ ਮਿਰਚਾਂ ਵਾਰ ਕੇ ਨਜ਼ਰ ਉਤਾਰਨ ਦਾ ਸਮਾਂ ਆ ਗਿਆ ਜਾਪਦਾ ਹੈ। ਗੁਰੂਆਂ, ਪੀਰਾਂ ਤੇ ਸੰਤਾਂ ਫਕੀਰਾਂ ਦੀ ਵਰੋਸਾਈ ਪੰਜਾਬ ਦੀ ਧਰਤੀ ਨੂੰ ਚੁਣੌਤੀਆਂ ਨੇ ਚੌਤਰਫਾ ਘੇਰਿਆ ਹੋਇਆ ਹੈ। ਘੇਰਾ ਵੀ ਐਸਾ ਕਿ ਟੁੱਟਣ ਦਾ ਨਾਂ ਹੀ ਨਹੀਂ ਲੈ ਰਿਹਾ। ਪੰਜਾਬੀਆਂ ਨੇ ਤਾਂ ਜਿਵੇਂ ਇਸ ਘੇਰੇ ਨੂੰ ਤੋੜਨ ਤੋਂ ਅਸਮਰੱਥਤਾ ਹੀ ਪ੍ਰਗਟਾ ਦਿੱਤੀ ਹੋਵੇ। ਚੁਣੌਤੀਆਂ ਦੇ ਖਾਤਮੇ ਲਈ ਸੰਘਰਸ਼ ਕਰਨ ਨਾਲੋਂ ਪੰਜਾਬੀ ਪੰਜਾਬ ਨੂੰ ਛੱਡ ਵਿਦੇਸ਼ਾਂ ਵੱਲ ਉਡਾਰੀਆਂ ਮਾਰਨ ਨੂੰ ਤਰਜ਼ੀਹ ਦੇਣ ਲੱਗੇ ਹਨ। ਵੀਜ਼ਾ ਸਲਾਹਕਾਰਾਂ ਦੇ ਕਾਊਂਟਰਾਂ ਤੇ ਹਵਾਈ ਅੱਡਿਆਂ ’ਤੇ ਪੰਜਾਬੀਆਂ ਦੀ ਗਿਣਤੀ ’ਚ ਹੋ ਰਿਹਾ ਇਜ਼ਾਫਾ ਇਸ ਦਾ ਪ੍ਰਤੱਖ ਪ੍ਰਮਾਣ ਹੈ। ਵਿਦੇਸ਼ ਜਾਣ ਲਈ ਕਾਹਲੇ ਨੌਜਵਾਨਾਂ ਦੀਆਂ ਆਈਲੈਟਸ ਸੈਂਟਰਾਂ ’ਚ ਲੱਗੀਆਂ ਭੀੜਾਂ ਨੇ ਉੱਚ ਵਿੱਦਿਅਕ ਅਦਾਰਿਆਂ ਦੇ ਜੜ੍ਹੀਂ ਤੇਲ ਦੇ ਦਿੱਤਾ ਹੈ।

ਪੰਜਾਬ ਨੂੰ ਦਰਪੇਸ਼ ਤਮਾਮ ਚੁਣੌਤੀਆਂ ਤੇ ਸਮੱਸਿਆਵਾਂ ਵਿੱਚੋਂ ਸਭ ਤੋਂ ਅਹਿਮ ਹੈ ਨਸ਼ਿਆਂ ਦੀ ਭਰਮਾਰ। ਕੈਮੀਕਲ ਨਸ਼ਿਆਂ ਦੀ ਭਰਮਾਰ ਨੇ ਪੰਜਾਬ ਨੂੰ ਐਸੀ ਮਾਰ ਪਾਈ ਹੈ ਕਿ ਰੋਜ਼ਾਨਾ ਕੋਈ ਨਾ ਕੋਈ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਕੇ ਜ਼ਿੰਦਗੀ ਤੋਂ ਹੱਥ ਧੋ ਰਿਹਾ ਹੈ। ਨੌਜਵਾਨ ਮੁੰਡੇ ਅਤੇ ਕੁੜੀਆਂ ਧੜਾਧੜ ਨਸ਼ਿਆਂ ਦੀ ਮਾਰ ਹੇਠ ਆ ਰਹੇ ਹਨ। ਸ਼ਾਇਦ ਹੀ ਅਜਿਹਾ ਕੋਈ ਪਿੰਡ ਹੋਵੇ ਜਿਸ ਵਿੱਚ ਨਸ਼ਿਆਂ ਦੀ ਬਦੌਲਤ ਨੌਜਵਾਨਾਂ ਦੀ ਮੌਤ ਨਾ ਹੋਈ ਹੋਵੇ। ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਕਈ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਤਾਂ ਬੱਚਿਆਂ ਦੇ ਨਸ਼ਿਆਂ ਦੀ ਮਾਰ ਹੇਠ ਆਉਣ ਦੀਆਂ ਖਬਰਾਂ ਆਉਣ ਲੱਗੀਆਂ ਹਨ। ਨਸ਼ਿਆਂ ਦੇ ਸੌਦਾਗਰ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਲੱਗੇ ਹਨ। ਮੁੱਕਦੀ ਗੱਲ ਨਸ਼ਿਆਂ ਦੇ ਸੌਦਾਗਰਾਂ ਲਈ ਨਸ਼ਿਆਂ ਦੀ ਵਿੱਕਰੀ ਸਭ ਤੋਂ ਉੱਤਮ ਵਪਾਰ ਹੋ ਨਿੱਬੜਿਆ ਹੈ। ਉੱਜੜ ਰਹੇ ਪਰਿਵਾਰਾਂ ਤੇ ਵਿਰਲਾਪ ਕਰਦੇ ਮਾਪਿਆਂ ਦਾ ਉਨ੍ਹਾਂ ਨੂੰ ਕੋਈ ਦਰਦ ਨਹੀਂ। ਸਭ ਤੋਂ ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਨਸ਼ਿਆਂ ਦੇ ਸੌਦਾਗਰਾਂ ਨੂੰ ਸ਼ਾਸਨ-ਪ੍ਰਸ਼ਾਸ਼ਨ ਦਾ ਕੋਈ ਭੈਅ ਹੀ ਨਹੀਂ। ਹਾਲਾਤ ਇਸ ਹੱਦ ਤੱਕ ਪੁੱਜ ਚੁੱਕੇ ਹਨ ਕਿ ਪਿੰਡਾਂ ਦੇ ਲੋਕ ਖੁਦ ਨਸ਼ਾ ਵੇਚਣ ਵਾਲਿਆਂ ਨੂੰ ਕਟਹਿਰੇ ’ਚ ਖੜੇ੍ਹ ਕਰਨ ਲਈ ਮਜਬੂਰ ਹਨ। ਕਈ ਥਾਵਾਂ ਤੋਂ ਸਮਾਜ ਦੇ ਦੁਸ਼ਮਣ ਅਜਿਹੇ ਲੋਕਾਂ ਨੂੰ ਪਿੰਡ ਵਾਸੀਆਂ ਵੱਲੋਂ ਖੁਦ ਹੀ ਕੁਟਾਪਾ ਚਾੜ੍ਹ ਕੇ ਭਵਿੱਖ ਵਿੱਚ ਇਸ ਕੰਮ ਨੂੰ ਨਾ ਕਰਨ ਤੋਂ ਤੌਬਾ ਕਰਵਾਈ ਜਾ ਰਹੀ ਹੈ। ਪਿਛਲੇ ਦਿਨੀਂ ਇੱਕ ਪਿੰਡ ਦੀ ਮਹਿਲਾ ਸਰਪੰਚ ਵੱਲੋਂ ਬੜੀ ਦਲੇਰੀ ਨਾਲ ਪਿੰਡ ਦੇ ਸਹਿਯੋਗ ਸਦਕਾ ਨਸ਼ਿਆਂ ਦੇ ਸੌਦਾਗਰਾਂ ਨੂੰ ਬੇਪਰਦ ਕੀਤਾ ਗਿਆ। ਇਸ ਤਰ੍ਹਾਂ ਨਸ਼ਿਆਂ ਦੇ ਸੌਦਾਗਰਾਂ ਨਾਲ ਟੱਕਰਨ ਵਾਲਿਆਂ ਨੂੰ ਕਈ ਤਰ੍ਹਾਂ ਦੇ ਜੋਖਮ ਉਠਾਉਣੇ ਪੈਂਦੇ ਹਨ।

ਸਵਾਲਾਂ ਦਾ ਸਵਾਲ ਇਹ ਵੀ ਹੈ ਕਿ ਜੇਕਰ ਲੋਕਾਂ ਨੇ ਖੁਦ ਹੀ ਸਮਾਜ ਵਿਰੋਧੀ ਅਨਸਰਾਂ ਨਾਲ ਨਜਿੱਠਣਾ ਹੈ ਤਾਂ ਪੁਲਿਸ ਤੇ ਹੋਰ ਤੰਤਰ ਕਿਸ ਲਈ ਬਣਾਇਆ ਗਿਆ ਹੈ? ਜਾਂ ਫਿਰ ਇਸ ਤੰਤਰ ਦੀਆਂ ਵੀ ਕੀ ਮਜਬੂਰੀਆਂ ਹਨ? ਸਰਕਾਰਾਂ ਚਿੱਟੇ ਵਰਗੇ ਖਤਰਨਾਕ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਤੋਂ ਪੂਰੀ ਤਰ੍ਹਾਂ ਅਸਮਰੱਥ ਨਜ਼ਰ ਆ ਰਹੀਆਂ ਹਨ। ਤਕੜੇ ਜੁੱਸਿਆਂ ਅਤੇ ਹਸੰੂ-ਹਸੰੂ ਕਰਦੇ ਚਿਹਰਿਆਂ ਵਜੋਂ ਜਾਣੇ ਜਾਣ ਵਾਲੇ ਪੰਜਾਬੀ ਨੌਜਵਾਨਾਂ ’ਤੇ ਨਸ਼ੱਈਆਂ ਦਾ ਲੇਵਲ ਲੱਗ ਗਿਆ ਹੈ। ਮਹਿੰਗੇ ਨਸ਼ਿਆਂ ਦੇ ਆਦੀ ਨੌਜਵਾਨ ਪਰਿਵਾਰਾਂ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਜਾਇਦਾਦਾਂ ਵੀ ਵੇਚ ਰਹੇ ਹਨ। ਆਪਣੀ ਆਲੀਸ਼ਾਨ ਕੋਠੀ ਦਾ ਸਾਮਾਨ ਤੋੜ-ਭੰਨ੍ਹ ਕੇ ਵੇਚਣ ਵਾਲੇ ਨੌਜਵਾਨਾਂ ਦੀ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵੇਖ ਕੇ ਕਾਲਜਾ ਮੂੰਹ ਨੂੰ ਆਉਂਦਾ ਹੈ। ਇਸੇ ਹੀ ਤਰ੍ਹਾਂ ਇੱਕ ਅਭਾਗੀ ਮਾਂ ਵੱਲੋਂ ਆਪਣੇ ਨਸ਼ੱਈ ਪੁੱਤ ਦੀ ਕੀਤੀ ਸ਼ਰੇਆਮ ਕੁੱਟਮਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ।

ਬੇਵੱਸ ਮਾਪੇ ਕਰਨ ਤਾਂ ਕੀ ਕਰਨ? ਆਖਰ ਕੁਰਾਹੇ ਪੈ ਚੁੱਕੇ ਨੌਜਵਾਨਾਂ ਦੇ ਮਾਪੇ ਆਪਣੇ ਦਰਦ ਦੀ ਵਿਥਿਆ ਕਿਸ ਨੂੰ ਸੁਣਾਉਣ? ਧੀਆਂ-ਪੁੱਤਰਾਂ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣਾ ਮਾਪਿਆਂ ਲਈ ਚੁਣੌਤੀ ਬਣਦਾ ਜਾ ਰਿਹਾ ਹੈ। ਨਸ਼ਿਆਂ ਦੀ ਬੁਰਾਈ ਨੇ ਬਾਕੀ ਸਭ ਬੁਰਾਈਆਂ ਨੂੰ ਬੌਣੀਆਂ ਕਰ ਛੱਡਿਆ ਹੈ। ਮਾਪੇ ਇਹੋ ਸੋਚ ਰਹੇ ਹਨ ਕਿ ਬਾਕੀ ਬੁਰਾਈਆਂ ਦੀ ਤਾਂ ਕੋਈ ਗੱਲ ਨਹੀਂ ਬੱਸ ਉਨ੍ਹਾਂ ਦੀ ਔਲਾਦ ਨਸ਼ਿਆਂ ਤੋਂ ਬਚ ਜਾਵੇ। ਅਫਸੋਸ ਇਸ ਗੱਲ ਦਾ ਵੀ ਹੈ ਕਿ ਸਾਰੀਆਂ ਹੀ ਰਾਜਸੀ ਪਾਰਟੀਆਂ ਸੱਤਾ ਤੋਂ ਬਾਹਰ ਹੋਣ ਸਮੇਂ ਨਸ਼ਿਆਂ ਦੇ ਖਾਤਮੇ ਦਾ ਦਮ ਭਰਦੀਆਂ ਹਨ। ਸੀਮਿਤ ਸਮੇਂ ’ਚ ਨਸ਼ਿਆਂ ਦੇ ਖਾਤਮੇ ਦਾ ਵਾਅਦਾ ਕੀਤਾ ਜਾਂਦਾ ਹੈ। ਪਰ ਸੱਤਾ ਪ੍ਰਾਪਤੀ ਉਪਰੰਤ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਨਸ਼ਿਆਂ ਦਾ ਕਾਰੋਬਾਰ ਉਸੇ ਤਰ੍ਹਾਂ ਜਾਰੀ ਰਹਿੰਦਾ ਹੈ। ਨੌਜਵਾਨ ਲਾਸ਼ਾਂ ਦਾ ਸਿਵਿਆਂ ਵੱਲ ਜਾਣਾ ਉਸੇ ਤਰ੍ਹਾਂ ਜਾਰੀ ਰਹਿੰਦਾ ਹੈ। ਉਸੇ ਤਰ੍ਹਾਂ ਜਾਰੀ ਰਹਿੰਦਾ ਹੈ ਅਭਾਗੇ ਮਾਪਿਆਂ ਦਾ ਵਿਰਲਾਪ। ਰਾਜਸੀ ਪਾਰਟੀਆਂ ਲਈ ਤਾਂ ਜਿਵੇਂ ਨਸ਼ਿਆਂ ਦਾ ਮੁੱਦਾ ਵੀ ਚੋਣ ਮੁੱਦਾ ਹੀ ਬਣ ਕੇ ਰਹਿ ਗਿਆ ਹੋਵੇ।

ਅੱਜ ਸ਼ਾਇਦ ਹਰ ਪੰਜਾਬੀ ਸਰਕਾਰਾਂ ਤੋਂ ਇਹ ਜਾਣਨਾ ਚਾਹੁੰਦਾ ਹੈ ਕਿ ਪੰਜਾਬ ਦੀ ਜਵਾਨੀ ਨੂੰ ਮੌਤ ਵੱਲ ਧੱਕ ਰਹੇ ਨਸ਼ਿਆਂ ਦਾ ਪੰਜਾਬ ਦੀ ਧਰਤੀ ਤੋਂ ਖਾਤਮਾ ਕਦੋਂ ਹੋਵੇਗਾ? ਹੁਣ ਨਸ਼ਿਆਂ ਦੇ ਖਾਤਮੇ ਦੇ ਸਟੇਜੀ ਭਾਸ਼ਣਾਂ ਨਾਲ ਨਹੀਂ ਸਰਨਾ। ਨਸ਼ਿਆਂ ਦੀ ਮਾਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਨਸ਼ਿਆਂ ਦਾ ਖਾਤਮਾ ਬਿਨਾਂ ਦੇਰੀ ਸਰਕਾਰ ਦੀ ਪਹਿਲੀ ਤਰਜ਼ੀਹ ਬਣਨਾ ਚਾਹੀਦਾ ਹੈ ਅਤੇ ਪਹਿਲੀ ਤਰਜ਼ੀਹ ਬਣਨ ਦੇ ਨਤੀਜੇ ਵੀ ਨਜ਼ਰ ਆਉਣੇ ਚਾਹੀਦੇ ਹਨ।

ਬਿੰਦਰ ਸਿੰਘ ਖੁੱਡੀ ਕਲਾਂ
ਸ਼ਕਤੀ ਨਗਰ, ਬਰਨਾਲਾ
ਮੋ. 98786-05965

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here