ਪੰਜਾਬ

ਐੱਮਏ ਬੀਐੱਡ ਨੌਜਵਾਨ, ਨਹੀਂ ਕੋਈ ਪੱਕਾ ਰੁਜ਼ਗਾਰ ਪਰ ਪੰਜਾਬੀ ਭਾਸ਼ਾ ਦਾ ਕਰ ਰਿਹੈ ਪ੍ਰਚਾਰ

MA-BED Youth, Permanent, Employment, Punjabi Language, Doing Publicity

ਸਾਈਕਲ ਰਾਹੀਂ ਸਕੂਲਾਂ ‘ਚ ਜਾ ਕੇ ਵਿਦਿਆਰਥੀਆਂ ਨੂੰ ਵੰਡ ਰਿਹੈ ਸ਼ੁੱਧ ਲਿਖਾਈ ਦੇ ਗੁਰ

ਪਿੰਡਾਂ ‘ਚ ਖੁੰਡਾਂ ਤੇ ਸੱਥਾਂ ‘ਚ ਬੈਠੇ ਲੋਕਾਂ ਨੂੰ ਵੀ ਕਰਦੈ ਪੰਜਾਬੀ ਲਈ ਜਾਗਰੂਕ

ਸੁਖਜੀਤ ਮਾਨ, ਮਾਨਸਾ

ਮਾਨਸਾ ਦੇ ਤੇਜਿੰਦਰ ਸਿੰਘ ਦੀ ਯੋਗਤਾ ਐੱਮਏ ਕੰਪਿਊਟਰ, ਐੱਮਏ ਹਿਸਟਰੀ, ਐੱਮਏ ਐਜੂਕੇਸ਼ਨ ਤੇ ਬੀਐੱਡ ਹੈ ਪਰ ਕੋਈ ਪੱਕਾ ਰੁਜ਼ਗਾਰ ਨਹੀਂ ਘਰ ‘ਚ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾ ਕੇ ਹੀ ਉਹ ਆਪਣੀ ਕਬੀਲਦਾਰੀ ਰੋੜ੍ਹ ਰਿਹਾ ਹੈ ਤੰਗੀ ਤੁਰਸ਼ੀ ਦੇ ਬਾਵਜ਼ੂਦ ਉਸਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਦਿਨ ਰਾਤ ਇੱਕ ਕੀਤੀ ਹੋਈ ਹੈ ਦਿਨ ‘ਚ ਕਰੀਬ 50-60 ਕਿੱਲੋਮੀਟਰ ਸਾਈਕਲ ਚਲਾ ਕੇ ਵੱਖ-ਵੱਖ ਸਕੂਲਾਂ ‘ਚ ਵਿਦਿਆਰਥੀਆਂ ਨੂੰ ਸ਼ੁੱਧ ਲਿਖਾਈ ਤੋਂ ਇਲਾਵਾ ਪੰਜਾਬੀ ਵਿਆਕਰਨ ਦਾ ਗਿਆਨ ਇਹ ਹਿੰਮਤੀ ਨੌਜਵਾਨ ਵੰਡ ਰਿਹਾ ਹੈ

‘ਸੱਚ ਕਹੂੰ’ ਨਾਲ ਗੱਲਬਾਤ ਦੌਰਾਨ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਲ 2003 ਤੋਂ ਦੇਸ਼ ਭਰ ‘ਚ ਪੰਜਾਬੀ ਦੇ ਪ੍ਰਸਾਰ ਲਈ ਕੰਮ ਕਰ ਰਿਹਾ ਹੈ ਪੰਜਾਬ ਦੇ ਸਕੂਲਾਂ ਤੋਂ ਇਲਾਵਾ ਉਹ ਬਾਲੀਵੁੱਡ ਦੇ ਸਿਤਾਰਿਆਂ ਦੀਆਂ ਕਲਾਸਾਂ ਵੀ ਜੂਹੂ ਬੀਚ ‘ਤੇ ਜਾ ਕੇ ਹਰ ਸਾਲ ਲਾਉਂਦਾ ਹੈ ਸ਼ਾਹਰੁਖ ਖਾਨ, ਰਿਤਿਕ ਰੌਸ਼ਨ ਤੇ ਕਬੀਰ ਬੇਦੀ ਖਾਸ ਤੌਰ ‘ਤੇ ਉਸ ਕੋਲ ਕਲਾਸਾਂ ਲਾਉਂਦੇ ਹਨ ਉਸਦੀ ਪਤਨੀ ਜਸਵੀਰ ਕੌਰ ਇਸ ਕੰਮ ‘ਚ ਉਸਦਾ ਖਾਸ ਸਹਿਯੋਗ ਕਰ ਰਹੀ ਹੈ ਜਦੋਂ ਉਹ ਲੰਮੇ ਰੂਟ ‘ਤੇ ਚਲਾ ਜਾਂਦਾ ਹੈ ਤਾਂ ਪਿੱਛੋਂ ਜਸਵੀਰ ਕੌਰ ਹੀ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾਉਂਦੀ ਹੈ

ਉਸਨੇ ਦੱਸਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਜਾਂਦੇ ਨਤੀਜਿਆਂ ਦੌਰਾਨ ਵੱਡੀ ਗਿਣਤੀ ਵਿਦਿਆਰਥੀ ਪੰਜਾਬੀ ‘ਚੋਂ ਫੇਲ੍ਹ ਹੁੰਦੇ ਹਨ, ਜਿਸਦਾ ਮੁੱਖ ਕਾਰਨ ਵਿਦਿਆਰਥੀਆਂ ਦੀ ਸ਼ੁੱਧ ਲਿਖਾਈ ਤੇ ਸ਼ੁੱਧ ਵਿਆਕਰਨ ਨਾ ਹੋਣਾ ਹੈ ਸਾਈਕਲ ਰਾਹੀਂ ਹੀ ਸਕੂਲਾਂ ‘ਚ ਜਾਣ ਸਬੰਧੀ ਪੁੱਛਣ ‘ਤੇ ਉਸਨੇ ਦੱਸਿਆ ਕਿ ਸਾਈਕਲ ਦੀ ਸਵਾਰੀ ਕਾਰਨ ਇੱਕ ਤਾਂ ਉਸਦਾ ਕੋਈ ਖਰਚਾ ਨਹੀਂ ਹੁੰਦਾ ਤੇ ਸਾਈਕਲ ਪ੍ਰਦੂਸ਼ਣ ਵੀ ਪੈਦਾ ਨਹੀਂ ਕਰਦਾ ਪਰ ਸਭ ਤੋਂ ਵੱਡਾ ਫਾਇਦਾ ਸਾਈਕਲ ‘ਤੇ ਜਾਣ ਵੇਲੇ ਉਹ ਕਿਸੇ ਵੀ ਪਿੰਡ ਦੀ ਸੱਥ ਤੇ ਖੁੰਡਾਂ ਆਦਿ ‘ਤੇ ਬੈਠੇ ਲੋਕਾਂ ਨੂੰ ‘ਪੰਜਾਬੀ ਮੁਹਾਰਨੀ’ ਦੇ ਪਰਚੇ ਬੜੀ ਅਸਾਨੀ ਨਾਲ ਵੰਡ ਸਕਦਾ ਹੈ ਜਦੋਂ ਕਿ ਬੱਸ ਆਦਿ ‘ਤੇ ਜਾਣ ਨਾਲ ਅਜਿਹਾ ਸੰਭਵ ਨਹੀਂ ਹੁੰਦਾ

ਤੇਜਿੰਦਰ ਸਿੰਘ ਵੱਲੋਂ ਆਪਣੇ ਇਸ ਯਤਨ ਸਦਕਾ ਹੁਣ ਪੰਜਾਬ ਦਿਵਸ ਨੂੰ ਸਮਰਪਿਤ ਯਾਤਰਾ 12 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ ਇਸ ਦੌਰਾਨ ਉਹ ਮਾਨਸਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ 22 ਜ਼ਿਲ੍ਹਿਆਂ ਦੇ 80 ਵੱਡੇ ਸ਼ਹਿਰਾਂ ਤੇ 2000 ਤੋਂ ਵੱਧ ਪਿੰਡਾਂ ‘ਚ ਪੰਜਾਬੀ ਦਾ ਹੋਕਾ ਦੇਵੇਗਾ ਤੇਜਿੰਦਰ ਸਿੰਘ ਨੇ ਦੱਸਿਆ ਕਿ ਰਾਹ ‘ਚ ਪੈਂਦੇ ਹਰ ਪਿੰਡ ‘ਚ ਪੰਜਾਬੀ ਮਾਂ ਬੋਲੀ ਜਾਗ੍ਰਿਤੀ ਤਖਤੀ, ਮੁੱਖ ਸੜਕ ‘ਤੇ ਪੈਂਦੇ ਸਕੂਲਾਂ ‘ਚ ਪੰਜਾਬੀ ਸੋਹਣੀ ਤੇ ਸ਼ੁੱਧ ਲਿਖਾਈ ਜਮਾਤਾਂ, ਸੱਥਾਂ, ਬੱਸ ਅੱਡਿਆਂ ‘ਤੇ ਪੰਜਾਬੀ ਪੈਂਤੀ ਅੱਖਰੀ ਅਤੇ ਮੁਹਾਰਣੀ ਦਾ ਪਰਚਾ ਵੰਡਿਆ ਜਾਵੇਗਾ ਉਸਨੇ ਦੱਸਿਆ ਕਿ ਉਹ 1 ਨਵੰਬਰ ਨੂੰ ਚੰਡੀਗੜ੍ਹ ਪਹੁੰਚੇਗਾ ਜਿੱਥੋਂ ਮਾਨਸਾ ਦੀ ਵਾਪਸੀ ਹੋਵੇਗੀ ਇਸ ਸਫਰ ਦੌਰਾਨ ਉਸ ਵੱਲੋਂ ਰੋਜ਼ਾਨਾ 150 ਕਿੱਲੋਮੀਟਰ ਪੈਂਡਾ ਤੈਅ ਕੀਤਾ ਜਾਵੇਗਾ

ਇਨ੍ਹਾਂ ਅੱਖਰਾਂ ਤੋਂ ਅਣਜਾਣ ਨੇ ਜ਼ਿਆਦਾ ਵਿਦਿਆਰਥੀ

ਤੇਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਪ੍ਰਤੀ ਉਸ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਦੇ ਤਜ਼ਰਬੇ ਵਜੋਂ ਹੁਣ ਤੱਕ ਜੋ ਮੁੱਖ ਗੱਲ ਸਾਹਮਣੇ ਆਈ ਹੈ ਉਸ ਮੁਤਾਬਿਕ ਵੱਡੀ ਗਿਣਤੀ ਵਿਦਿਆਰਥੀ ਪੰਜਾਬੀ ਦੇ ਕੁੱਝ ਅੱਖਰਾਂ ਦੀ ਵਰਤੋਂ ਤੋਂ ਅਣਜਾਣ ਹਨ ਉਨ੍ਹਾਂ ਦੱਸਿਆ ਕਿ ਇਕੱਲੇ ਪ੍ਰਾਇਮਰੀ ਵਰਗ ‘ਚ ਹੀ ਨਹੀਂ ਉੱਚ ਕਲਾਸਾਂ ‘ਚ ਵੀ ਕੁਝ ਅਜਿਹਾ ਹੀ ਹਾਲ ਹੈ ਉਨ੍ਹਾਂ ਉਦਾਹਰਨ ਦਿੰਦਿਆਂ ਦੱਸਿਆ ਕਿ ਕਈ ਵਿਦਿਆਰਥੀਆਂ ਨੂੰ ਜ ਤੇ ਝ, ਗ ਤੇ ਘ, ਬ ਤੇ ਭ, ਡ ਤੇ ਢ ਅਤੇ ਨ ਤੇ ਣ ‘ਚ ਫਰਕ ਨਹੀਂ ਪਤਾ ਅਜਿਹਾ ਨਾ ਪਤਾ ਹੋਣ ਕਾਰਨ ਹੀ ਕਈ ਵਿਦਿਆਰਥੀ ਪਾਣੀ ਨੂੰ ਪਾਨੀ ਲਿਖਦੇ ਹਨ

ਹੋਰ ਨੌਜਵਾਨਾਂ ਦੀ ਟੀਮ ਕੀਤੀ ਜਾਵੇਗੀ ਤਿਆਰ

ਤੇਜਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪੰਜਾਬੀ ਭਾਸ਼ਾ ਦੇ ਇਸ ਕਾਰਜ ਲਈ ਹੋਰ ਨੌਜਵਾਨਾਂ ਦੀ ਟੀਮ ਵੀ ਤਿਆਰ ਕੀਤੀ ਜਾਵੇਗੀ ਤਾਂ ਜੋ ਤੇਜ਼ੀ ਨਾਲ ਇਸਦਾ ਪ੍ਰਚਾਰ-ਪ੍ਰਸਾਰ ਹੋ ਸਕੇ ਉਨ੍ਹਾਂ ਆਖਿਆ ਕਿ ਇਸ ਕੰਮ ਲਈ ਨੌਜਵਾਨ ਸਭ ਤੋਂ ਪਹਿਲਾਂ ਸ਼ੁਰੂਆਤ ਆਪਣੇ ਹੀ ਘਰਾਂ ਤੋਂ ਕਰਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top