ਬਿਨ੍ਹਾਂ ਗ੍ਰਾਂਟ ਤੋਂ ਬਣਾਈ ਸ਼ੂਟਿੰਗ ਰੇਂਜ, ਖਿਡਾਰੀਆਂ ਨੇ ਲਾਏ ਸਫ਼ਲਤਾ ਦੇ ਨਿਸ਼ਾਨੇ

0

ਸੇਵਾ ਮੁਕਤ ਫੌਜੀ ਹੁਣ ਪੀਟੀਆਈ ਅਧਿਆਪਕ ਵਜੋਂ ਕਰਵਾ ਰਿਹਾ ਖਿਡਾਰੀਆਂ ਦੀ ਪਰੇਡ

ਮਾਨਸਾ, (ਸੁਖਜੀਤ ਮਾਨ) ਪਿੰਡ ਫਫੜੇ ਭਾਈਕੇ ਦੀ ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ ਦੀ ਸ਼ੂਟਿੰਗ ਰੇਂਜ ‘ਚ ਸਫਲਤਾ ਦਾ ਨਿਸ਼ਾਨਾ ਲੱਗਿਆ ਹੈ ਸ਼ੂਟਿੰਗ ਰੇਂਜ ਲਈ ਫੰਡਾਂ ਦੀ ਘਾਟ ਸੀ ਪਰ ਹੌਂਸਲਾ ਵਾਧੂ ਸੀ ਹੌਂਸਲੇ ਨਾਲ ਕੰਮ ਤੋਰਿਆ ਤਾਂ ਨੇਪਰੇ ਚੜ੍ਹ ਗਿਆ ਹੁਣ ਇਸ ਸਰਕਾਰੀ ਸਕੂਲ ਦੇ ਨਿਸ਼ਾਨੇਬਾਜ਼ ਕੌਮੀ ਮੁਕਾਬਲਿਆਂ ਲਈ ਨਿਸ਼ਾਨੇ ਲਾਉਂਦੇ ਨੇ ਉਂਜ ਤਾਂ ਪੰਜਾਬ ਸਰਕਾਰ ਵੱਲੋਂ ਭਾਵੇਂ ਹੀ ਨੌਜਵਾਨਾਂ ਨੂੰ ਨਸ਼ਾ ਰਹਿਤ ਰੱਖਣ ਲਈ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਸਕੂਲਾਂ ਨੂੰ ਅਜਿਹੇ ਕਾਰਜ਼ਾਂ ਲਈ ਕਦੇ ਫੁੱਟੀ ਕੌਡੀ ਨਹੀਂ ਦਿੱਤੀ ਅਧਿਆਪਕ ਪੱਲੇ ਪੈਸਿਓਂ  ਖਰਚ ਕਰਕੇ ਖੇਡਾਂ ਕਰਵਾਉਂਦੇ ਨੇ ਇਸ ਸਭ ਦੇ ਬਾਵਜੂਦ ਜ਼ਿਲ੍ਹਾ ਮਾਨਸਾ ਦੇ ਪਿੰਡ ਫਫੜੇ ਭਾਈਕੇ ਦਾ ਇਹ ਸਕੂਲ ਖੇਡ ਖੇਤਰ ‘ਚ ਨਿੱਤ ਨਵੀਆਂ ਪੁਲਾਘਾਂ ਪੁੱਟ ਰਿਹਾ ਹੈ ਇਸ ਸਕੂਲ ਨੂੰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ‘ਚੋਂ ਪਹਿਲੀ ਸ਼ੂਟਿੰਗ ਰੇਂਜ ਬਣਾਉਣ ਦਾ ਮਾਣ ਹਾਸਿਲ ਹੋਇਆ ਹੈ ਹੁਣ ਬਾਸਕਿਟਬਾਲ ਦਾ ਮੈਦਾਨ ਵੀ ਮੁਕੰਮਲ ਹੋ ਗਿਆ

ਵੇਰਵਿਆਂ ਮੁਤਾਬਿਕ ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ ਫਫੜੇ ਭਾਈਕੇ ਦੇ ਪੀਟੀਆਈ ਅਧਿਆਪਕ ਕੁਲਦੀਪ ਸਿੰਘ ਜੋ ਇਸ ਪਿੰਡ ਦੇ ਹੀ ਜੰਮਪਲ ਹਨ, ਦਾ ਪੁੱਤਰ ਸੁਰਿੰਦਰ ਸਿੰਘ 50 ਮੀਟਰ ਏਅਰ ਪਿਸਟਲ ‘ਚ ਭਾਰਤੀ ਨਿਸ਼ਾਨੇਬਾਜ਼ਾਂ ‘ਚੋਂ ਦੋ ਨੰਬਰ ਰੈਕਿੰਗ ‘ਤੇ ਹੈ ਮਹਿੰਗੀ ਖੇਡ ਨਿਸ਼ਾਨੇਬਾਜੀ ‘ਚ ਪੁੱਤ ਨੂੰ ਸਫਲ ਬਣਾਉਣ ਮਗਰੋਂ ਉਸਨੇ ਆਪਣੇ ਸਕੂਲ ਦੇ ਖਿਡਾਰੀਆਂ ਨੂੰ ਵੀ ਇਸ ਖੇਡ ‘ਚ ਸਫਲ ਬਣਾਉਣ ਦਾ ਸੁਪਨਾ ਲਿਆ ਫੰਡਾਂ ਦੀ ਘਾਟ ਸੀ ਪਰ ਹੌਂਸਲਾ ਵਾਧੂ ਸੀ

ਸਟਾਫ ਨੇ ਉੱਦਮ ਕੀਤਾ ਤਾਂ 7 ਲੱਖ ਰੁਪਏ ਦੀ ਸ਼ੂਟਿੰਗ ਰੇਂਜ ਤਿਆਰ ਹੋ ਗਈ ਇਸ ਮਗਰੋਂ ਭਾਵੇਂ ਨਿਸ਼ਾਨੇਬਾਜ਼ੀ ਲਈ ਮਹਿੰਗੇ ਹਥਿਆਰਾਂ ਲਈ ਗਰਾਂਟ ਦੀ ਵੱਡੀ ਸਮੱਸਿਆ ਸੀ ਪਰ ਸਕੂਲ ‘ਚ ਇੱਕ ਸਮਾਗਮ ਦੌਰਾਨ ਪਹੁੰਚੇ ਰਾਜ ਸਭਾ ਮੈਂਬਰ ਵੱਲੋਂ ਦੋ ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕਰਨ ਮਗਰੋਂ ਗ੍ਰਾਂਟ ਦੇ ਕੇ ਇਹ ਲੋੜ ਵੀ ਪੂਰੀ ਕਰ ਦਿੱਤੀ ਤੇ ਖਿਡਾਰੀਆਂ ਨੂੰ ਪੀਪ ਸਾਇਟ ਵਰਗੇ ਮਹਿੰਗੇ ਹਥਿਆਰ ਮਿਲ ਗਏ ਇਸ ਸਕੂਲ ਦੇ ਸ਼ੂਟਰ ਸ਼ੁਭਦੀਪ ਸਿੰਘ ਨੇ 2019 ‘ਚ ਸਟੇਟ ਪੱਧਰ ‘ਤੇ ਸੋਨ ਤਗ਼ਮਾ ਹਾਸਿਲ ਕੀਤਾ ਤੇ ਹੁਣ ਉਸਦੇ ਭਾਰਤੀ ਟੀਮ ਲਈ ਵੀ ਟ੍ਰਾਇਲ ਚੱਲ ਰਹੇ ਹਨ

ਇਸ ਤੋਂ ਪਹਿਲਾਂ ਇਸ ਸਕੂਲ ਦੀਆਂ ਖੋ-ਖੋ ਤੇ ਹਾਕੀ ‘ਚ ਵੀ ਚੰਗੀਆਂ ਪ੍ਰਾਪਤੀਆਂ ਹਨ ਪੀਟੀਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਹੁਣ ਬਾਸਕਟਬਾਲ ਦਾ ਆਧੁਨਿਕ ਖੇਡ ਗਰਾਊਂਡ ਵੀ 3 ਲੱਖ 50 ਹਜ਼ਾਰ ਰੁਪਏ ‘ਚ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਬਣਾਇਆ ਹੈ ਜਿਸਦੇ ਸਿੱਟੇ ਵਜੋਂ ਵਿਦਿਆਰਥੀ ਖਿਡਾਰੀ ਹੁਣ ਬਾਸਕਟਬਾਲ ਖੇਡ ‘ਚ ਵੀ ਦਿਲਚਸਪੀ ਲੈਣ ਲੱਗੇ ਹਨ

ਆਰਮੀ ‘ਚੋਂ ਸੇਵਾ ਮੁਕਤ ਹੋਕੇ ਸਿੱਖਿਆ ਵਿਭਾਗ ‘ਚ ਪੀਟੀ ਆਈ ਦੀ ਅਸਾਮੀ ‘ਤੇ ਡਿਊਟੀ ਨਿਭਾਅ ਰਹੇ ਕੁਲਦੀਪ ਸਿੰਘ 2009 ‘ਚ ਬਖ਼ਸ਼ੀਵਾਲਾ ਵਿਖੇ ਸੀ ਉਸ ਤੋਂ ਬਾਅਦ ਦਸੰਬਰ 2011 ‘ਚ ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ ਫਫੜੇ ਭਾਈਕੇ ਵਿਖੇ ਆਏ  ਉਨ੍ਹਾਂ ਨੇ ਜਨੂੰਨ ਨਾਲ ਕੰਮ ਕਰਕੇ ਵਿਦਿਆਰਥੀਆਂ ਨੂੰ ਖੇਡ ਖੇਤਰ ‘ਚ ਵੀ ਚਮਕਾ ਦਿੱਤਾ ਪਿਛਲੇਂ ਦਿਨੀਂ ਇਸ ਖੇਡ ਗਰਾਊਂਡ ਦਾ ਉਦਘਾਟਨ ਕਰਨ ਆਏ ਅੰਤਰਰਾਸ਼ਟਰੀ ਐਥਲੀਟ ਅਤੇ ਮਾਨਸਾ ਦੇ ਐਸ ਡੀ ਐਮ ਸਰਬਜੀਤ ਕੌਰ ਅਤੇ ਬਾਅਦ ਵਿੱਚ ਸਕੂਲ ਦੇ ਸਮਾਗਮ ਦੌਰਾਨ ਸ਼ਿਰਕਤ ਕਰਨ ਆਏ ਹਲਕਾ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਸਕੂਲ ਦੇ ਖੇਡ ਉਪਰਾਲਿਆ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਹਰ ਸਹਿਯੋਗ ਦਾ ਭਰੋਸਾ ਦਿੱਤਾ ਜ਼ਿਲ੍ਹਾ ਖੇਡ ਇੰਚਾਰਜ ਪ੍ਰਾਇਮਰੀ ਹਰਦੀਪ ਸਿੱਧੂ ਨੇ ਇੱਥੋਂ ਦੀਆਂ ਖੇਡ ਉਪਲਬਧੀਆਂ ਦੀ ਚਰਚਾ ਕਰਦਿਆਂ ਦੱਸਿਆ ਕਿ ਨਵੇਂ ਸ਼ੈਸਨ ਤੋਂ ਇੱਥੋਂ ਦੀ ਸ਼ੂਟਿੰਗ ਰੇਂਜ ‘ਚੋਂ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਲੋੜੀਂਦੀ ਟਰੇਨਿੰਗ ਦਿੱਤੀ ਜਾਵੇਗੀ

ਪ੍ਰਾਪਤੀਆਂ ਦਾ ਸਿਹਰਾ ਪੀਟੀਆਈ ਕੁਲਦੀਪ ਸਿੰਘ ਸਿਰ : ਪ੍ਰਿੰਸੀਪਲ

ਸਕੂਲ ਦੇ ਨਵੇਂ ਆਏ ਪ੍ਰਿੰਸੀਪਲ ਕੁਲਦੀਪ ਸਿੰਘ ਨੇ ਇਸ ਗੱਲ ‘ਤੇ ਮਾਣ ਮਹਿਸੂਸ ਕੀਤਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ‘ਚ ਵੀ ਇਸ ਸਕੂਲ ਦੀਆਂ ਵੱਡੀਆਂ ਪ੍ਰਾਪਤੀਆਂ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਪੀ ਟੀ ਆਈ ਕੁਲਦੀਪ ਸਿੰਘ ਦੇ ਸਿਰ ਜਾਂਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।