’10 ਨੰਬਰੀ’ ਬਣਨ ਤੋਂ ਰਹਿ ਗਿਆ ‘ਮਹਾਰਾਜ’, ਸ਼ੀ੍ਰਲੰਕਾ-ਅਫ਼ਰੀਕਾ ਮੈਚ ‘ਚ ਵਿਕਟਾਂ ਦੀ ਝੜੀ ਜਾਰੀ

ਦੱ.ਅਫ਼ਰੀਕਾ 124 ‘ਤੇ ਢੇਰ

ਕੋਲੰਬੋ, 21 ਜੁਲਾਈ

ਆਫ਼ ਸਪਿੱਨਰਾਂ ਅਕੀਲਾ ਧਨੰਜੇ(52 ਦੌੜਾਂ ‘ਤੇ ਪੰਜ ਵਿਕਟਾਂ) ਅਤੇ ਦਿਲਵਰੁਵਾਨ ਪਰੇਰਾ (40 ਦੌੜਾਂ ‘ਤੇ 4 ਵਿਕਟਾਂ) ਨੇ ਦੱਖਣੀ ਅਫ਼ਰੀਕਾ ਨੂੰ ਦੂਸਰੇ ਕ੍ਰਿਕਟ ਟੈਸਟ ਦੇ ਦੂਸਰੇ ਦਿਨ ਸ਼ਨਿੱਚਰਵਾਰ ਨੂੰ ਪਹਿਲੀ ਪਾਰੀ ‘ਚ ਸਿਰਫ਼ 124 ਦੌੜਾਂ ‘ਤੇ ਢੇਰ ਕਰ ਕੇ ਮੈਚ ‘ਤੇ ਆਪਣਾ ਸ਼ਿਕੰਜ਼ਾ ਕਸ ਦਿੱਤਾ ਸ਼੍ਰੀਲੰਕਾ ਨੂੰ ਪਹਿਲੀ ਪਾਰੀ ‘ਚ 214 ਦੌੜਾਂ ਦਾ ਵਾਧਾ ਮਿਲਿਆ ਪਰ ਉਸਨੇ ਫਾਲੋਆਨ ਨਹੀਂ ਕਰਾਇਆ ਸ਼੍ਰੀਲੰਕਾ ਦੇ ਦੂਸਰੀ ਪਾਰੀ ‘ਚ ਦਿਨ ਦੀ ਖੇਡ ਸਮਾਪਤ ਹੋਣ ਤੱਕ ਤਿੰਨ ਵਿਕਟਾਂ ਗੁਆ ਕੇ 151 ਦੌੜਾਂ ਬਣਾ ਲਈਆਂ ਹਨ ਅਤੇ ਉਸਦਾ ਕੁੱਲ ਵਾਧਾ 365 ਦੌੜਾਂ ਦਾ ਹੋ ਗਿਆ ਹੈ ਦੱੱ.ਅਫ਼ਰੀਕਾ ਦੇ ਕੇਸ਼ਵ ਮਹਾਰਾਜ ਨੇ ਪਹਿਲੀ ਪਾਰੀ ‘ਚ 9 ਵਿਕਟਾਂ ਤੋਂ ਬਾਅਦ ਦੂਸਰੀ ਪਾਰੀ ‘ਚ ਵੀ ਸ਼੍ਰੀਲੰਕਾ ਦੀ ਡਿੱਗੀਆਂ ਤਿੰਨ ਵਿਕਟਾਂ ਚੋਂ ਦੋ ਵਿਕਟਾਂ ਹਾਸਲ ਕੀਤੀਆਂ
ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੇ ਖੱਬੇ ਹੱਥ ਦੇ ਸਪਿੱਨ ਗੇਂਦਬਾਜ਼ ਕੇਸ਼ਵ ਮਹਾਰਾਜ ਵੱਲੋਂ ਲਈਆਂ ਗਈਆਂ 9 ਵਿਕਟਾਂ ਦੇ ਦਮ ‘ਤੇ ਦੱਖਣੀ ਅਫ਼ਰੀਕਾ ਨੇ ਸਿੰਹਲੀ ਸਪੋਰਟਸ ਕਲੱਬ ‘ਚ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦੇ ਦੂਸਰੇ ਦਿਨ ਮੇਜ਼ਬਾਨ ਸ਼੍ਰੀਲੰਕਾ ਨੂੰ 338 ਦੌੜਾਂ ਦੇ ਸਕੋਰ ‘ਤੇ ਆਊਟ ਕਰ ਦਿੱਤਾ ਸ਼ੁੱਕਰਵਾਰ ਤੱਕ ਸ਼੍ਰੀਲੰਕਾ ਨੇ 9 ਵਿਕਟਾਂ ਦੇ ਨੁਕਸਾਨ ‘ਤੇ 277 ਦੌੜਾਂ ਬਣਾਈਆਂ ਸਨ ਜਿਸ ਵਿੱਚ ਭਾਰਤੀ ਮੂਲ ਦੇ ਕੇਸ਼ਵ ਦੇ ਨਾਂਅ 8 ਵਿਕਟਾਂ ਸਨ ਇੱਕ ਪਾਰੀ ‘ਚ ਉਹ ਅਜਿਹਾ ਕਰਨ ਵਾਲੇ 17ਵੇਂ ਅਤੇ ਦੱਖਣੀ ਅਫਰੀਕਾ ਦੇ ਦੂਸਰੇ ਗੇਂਦਬਾਜ਼ ਹਨ ਮਹਾਰਾਜ ਨੇ 41.1 ਓਵਰਾਂ ‘ਚ 129 ਦੌੜਾਂ ਦੇ ਕੇ 9 ਵਿਕਟਾਂ ਲਈਆਂ

61 ਸਾਲਾਂ ਬਾਅਦ ਬਣਿਆ ਇਹ ਰਿਕਾਰਡ

ਦੱਖਣੀ ਅਫ਼ਰੀਕਾ ਲਈ 61 ਸਾਲ ਬਾਅਦ ਇਹ ਮੌਕਾ ਆਇਆ ਹੈ ਜਦੋਂ ਉਸਦੇ ਕਿਸੇ ਗੇਂਦਬਾਜ਼ ਨੇ ਇੱਕ ਪਾਰੀ ‘ਚ 9 ਵਿਕਟਾਂ ਲਈਆਂ ਹਨ ਮਹਾਰਾਜ ਤੋਂ ਪਹਿਲਾਂ ਇਹ ਕੰਮ 1957 ‘ਚ ਦੱਖਣੀ ਅਫ਼ਰੀਕਾ ਦੇ ਹਿਊਜ਼ ਟੈਫੀਲਡ ਨੇ ਇੰਗਲੈਂਡ ਵਿਰੁੱਧ 113 ਦੌੜਾਂ ਦੇ ਕੇ 9 ਵਿਕਟਾਂ ਹਾਸਲ ਕੀਤੀਆਂ ਸਨ ਖ਼ਾਸ ਗੱਲ ਇਹ ਹੈ ਕਿ ਉਸ ਸਮੇਂ 8 ਗੇਂਦਾਂ ਦਾ ਇੱਕ ਓਵਰ ਹੁੰਦਾ ਸੀ

ਇੱਕ ਵਿਕਟ ਤੋਂ ਖੁੰਝਿਆ ਕੇਸ਼ਵ

ਮਹਾਰਾਜ ਤੋਂ ਇਲਾਵਾ ਕਾਗਿਸੋ ਰਬਾਡਾ ਇੱਕ ਵਿਕਟ ਲੈਣ ‘ਚ ਸਫ਼ਲ ਰਿਹਾ ਮਹਾਰਾਜ ਦਾ ਇਹ ਪ੍ਰਦਰਸ਼ਨ ਸ਼੍ਰੀਲੰਕਾ ਵਿਰੁੱਧ ਕੀਤਾ ਗਿਆ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਜੇਕਰ ਉਹ ਰਬਾਡਾ ਦੇ ਖ਼ਾਤੇ ‘ਚ ਜਾਣ ਵਾਲੀ ਵਿਕਟ ਵੀ ਲੈ ਲੈਂਦਾ ਤਾਂ ਇੰਗਲੈਂਡ ਦੇ ਜਿਮ ਲੇਕਰ ਅਤੇ ਭਾਰਤ ਦੇ ਅਨਿਲ ਕੁੰਬਲੇ ਤੋਂ ਬਾਅਦ ਇੱਕ ਪਾਰੀ ‘ਚ ਸਾਰੀਆਂ ਵਿਕਟਾਂ ਲੈਣ ਵਾਲਾ ਦੁਨੀਆਂ ਦਾ ਤੀਸਰਾ ਗੇਂਦਬਾਜ਼ ਬਣ ਜਾਂਦਾ

 

ਇਸ ਰਿਕਾਰਡ ਤੋਂ ਵੀ ਖੁੰਝ ਗਿਆ ਮਹਾਰਾਜ

ਕੇਸ਼ਵ ਮਹਾਰਾਜ(129) ਸਿਰਫ਼ ਦੋ ਦੌੜਾਂ ਜ਼ਿਆਦਾ ਦੇਣ ਕਾਰਨ ਸ਼੍ਰੀਲੰਕਾ ਦੇ ਧੁਰੰਦਰ ਸਪਿੱਨ ਗੇਂਦਬਾਜ਼ ਰੰਗਨਾ ਹੇਰਾਥ ਦੇ ਪਾਕਿਸਤਾਨ ਵਿਰੁੱਧ 2014 ‘ਚ ਇੱਕ ਟੈਸਟ ਮੈਚ ਦੀ ਇੱਕ ਪਾਰੀ ‘ਚ ਖੱਬੇ ਹੱਥ ਦੇ ਸਪਿੱਨ ਗੇਂਦਬਾਜ਼ ਵੱਲੋਂ ਕੀਤੇ ਸਰਵਸ੍ਰੇਸ਼ਠ ਪ੍ਰਦਰਸ਼ਨ 127 ਦੌੜਾਂ ਦੇ ਕੇ 9 ਵਿਕਟਾਂ ਤੋਂ ਪਿੱਛੇ ਰਹਿ ਗਏ ਖ਼ਾਸ ਗੱਲ ਇਹ ਹੈ ਕਿ ਹੇਰਾਥ ਨੇ ਵੀ ਇਹ ਪ੍ਰਦਰਸ਼ਨ ਸਿੰਹਲੀ ਸਪੋਰਟਸ ਕਲੱਬ ਦੇ ਇਸ ਦੇ ਮੈਦਾਨ ‘ਤੇ ਕੀਤਾ ਜਿੱਥੇ ਕੇਸ਼ਵ ਮਹਾਰਾਜ ਨੇ 9 ਵਿਕਟਾਂ ਲਈਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।