ਭਾਰਤ ਦਾ ਮਾਨਚੈਸਟਰ ਅਹਿਮਦਾਬਾਦ

0
133

ਭਾਰਤ ਦਾ ਮਾਨਚੈਸਟਰ ਅਹਿਮਦਾਬਾਦ

ਗੁਜਰਾਤ ਦਾ ਦਿਲ ਕਿਹਾ ਜਾਣ ਵਾਲਾ ਅਹਿਮਦਾਬਾਦ ਸ਼ਹਿਰ ਗੁਜਰਾਤ ਦਾ ਸਭ ਤੋਂ ਵੱਡਾ ਸ਼ਹਿਰ ਹੈ। ਆਪਣੇ ਵੱਡੇ ਉਦਯੋਗਾਂ ਕਾਰਨ ‘ਭਾਰਤ ਦੇ ਮਾਨਚੈਸਟਰ’ ਵਜੋਂ ਪ੍ਰਸਿੱਧ ਇਹ ਸ਼ਹਿਰ ਗੁਜਰਾਤ ਦੀ ਆਰਥਿਕ ਰਾਜਧਾਨੀ ਵਜੋਂ ਪ੍ਰਸਿੱਧ ਹੈ। ਸਾਬਰਮਤੀ ਨਦੀ ਦੇ ਕਿਨਾਰੇ ਵੱਸਿਆ ਲਗਭਗ 51 ਲੱਖ ਦੀ ਅਬਾਦੀ ਵਾਲਾ ਅਹਿਮਦਾਬਾਦ 1976 ਈ: ਵਿੱਚ ਗਾਂਧੀਨਗਰ ਦੇ ਰਾਜਧਾਨੀ ਬਣਨ ਤੋਂ ਪਹਿਲਾਂ ਗੁਜਰਾਤ ਦੀ ਰਾਜਧਾਨੀ ਹੁੰਦਾ ਸੀ।

ਇਤਿਹਾਸ ਦੀ ਜੇ ਗੱਲ ਕਰੀਏ ਤਾਂ ਇੱਥੇ ਅਬਾਦੀ ਪੁਰਾਣੇ ਸਮਿਆਂ ਤੋਂ ਵੱਸਦੀ ਸੀ ਪਰ ਮੌਜੂਦਾ ਸ਼ਹਿਰ ਦੀ ਸਥਾਪਨਾ 1411 ਈ: ਵਿੱਚ ਸੁਲਤਾਨ ਅਹਿਮਦ ਸ਼ਾਹ ਨੇ ਕੀਤੀ। ਇਸ ਵਾਰ ਗੁਜਰਾਤ ਯਾਤਰਾ ਦੌਰਾਨ ਅਹਿਮਦਾਬਾਦ ਨੂੰ ਦੇਖਣ ਦਾ ਸਬੱਬ ਬਣਿਆ। ਯੂਨੈਸਕੋ ਵੱਲੋਂ ਅਹਿਮਦਾਬਾਦ ਨੂੰ ਭਾਰਤ ਦਾ ਪਹਿਲਾ ਅਤੇ ਏਸ਼ੀਆ ਦਾ ਤੀਜਾ ਵਿਸ਼ਵ-ਵਿਰਾਸਤ ਸ਼ਹਿਰ ਘੋਸ਼ਿਤ ਕੀਤਾ ਗਿਆ ਹੈ। ਅਹਿਮਦਾਬਾਦ ਵਿੱਚ ਦੇਖਣ ਵਾਲੀਆਂ ਬਹੁਤ ਸਾਰੀਆਂ ਥਾਵਾਂ ਹਨ।

ਧਾਰਮਿਕ, ਇਤਿਹਾਸਕ, ਸੱਭਿਆਚਾਰਕ, ਵਪਾਰਕ, ਕੁਦਰਤੀ ਖੂਬਸੂਰਤੀ ਅਤੇ ਵੰਨ-ਸੁਵੰਨਤਾ ਵਾਲੀਆਂ ਥਾਵਾਂ ਕਾਰਨ ਅਹਿਮਦਾਬਾਦ ਹਰ ਤਰ੍ਹਾਂ ਦੇ ਸੈਲਾਨੀਆਂ ਵਿੱਚ ਕਾਫੀ ਪ੍ਰਸਿੱਧ ਹੈ। ‘ਰਾਣੀ ਕੀ ਬਾਵ’ ਅਤੇ ‘ਮੁਢੇਰਾ ਦਾ ਸੂਰਜ ਮੰਦਰ’ ਦੇਖਣ ਤੋਂ ਬਾਅਦ ਅਸੀਂ ਅਹਿਮਦਾਬਾਦ ਦੇਖਦੇ ਹਾਂ। ਅਹਿਮਦਾਬਾਦ ਵੱਡਾ ਸ਼ਹਿਰ ਹੈ ਤੁਸੀਂ ਇਸ ਨੂੰ ਆਪਣੀ ਸੁਵਿਧਾ ਅਤੇ ਸਮੇਂ ਮੁਤਾਬਕ ਪਬਲਿਕ ਟਰਾਂਸਪੋਰਟ ਜਾਂ ਟੈਕਸੀ ਕਾਰ ਰਾਹੀਂ ਘੁੰਮ ਸਕਦੇ ਹੋ ਪਰ ਸਭ ਤੋਂ ਸਸਤਾ ਅਤੇ ਸੁਵਿਧਾਜਨਕ ਤਰੀਕਾ ਗੁਜਰਾਤ ਟੂਰਿਜ਼ਮ ਦੀ ਸਿਟੀ ਟੂਰ ਬੱਸ ਰਾਹੀਂ ਘੁੰਮਣਾ ਹੈ।

ਡਬਲ ਡੈਕਰ ਬੱਸ ਰਾਹੀਂ ਦੇਖੋ ਅਹਿਮਦਾਬਾਦ (ਜੋ ਉੱਪਰੋਂ ਖੁੱਲ੍ਹੀ ਹੈ) ਦਿਨ ਵਿੱਚ ਦੋ ਵਾਰ (ਸਵੇਰੇ 8 ਤੋਂ 1 ਅਤੇ ਸ਼ਾਮ 1:30 ਤੋਂ 9:30) ਸਾਬਰਮਤੀ ਆਸ਼ਰਮ ਦੇ ਸਾਹਮਣੇ ਬਣੇ ਹੋਟਲ ਤੋਰਨ ਤੋਂ ਚੱਲਦੀ ਹੈ ਜੋ ਪੰਜ ਸੌ ਰੁਪਏ ਪ੍ਰਤੀ ਸਵਾਰੀ ਕਿਰਾਏ ਨਾਲ ਅਹਿਮਦਾਬਾਦ ਦੇ ਸਾਰੇ ਮਹੱਤਵਪੂਰਣ ਥਾਂ ਆਪਣੇ ਤਜ਼ਰਬੇਕਾਰ ਗਾਈਡ ਨਾਲ਼ ਘੁੰਮਾ ਦਿੰਦੀ ਹੈ। ਪੈਦਲ ਤੁਰਨ ਦੇ ਸ਼ੌਕੀਨਾਂ ਲਈ ਗੁਜਰਾਤ ਟੂਰਿਜ਼ਮ ਵੱਲੋਂ ਵਿਰਾਸਤੀ ਸੈਰ ਦਾ ਪ੍ਰਬੰਧ ਹੈ 200 ਰੁਪਏ ਵਿੱਚ 7:45 ਤੋਂ 10:30 ਤੱਕ ਗਾਈਡ ਤੁਹਾਨੂੰ ਜਾਣਕਾਰੀ ਦਿੰਦੇ ਹੋਏ ਸੈਰ-ਸੈਰ ਵਿੱਚ 20-22 ਵਿਰਾਸਤੀ ਥਾਵਾਂ ਘੁੰਮਾ ਦਿੰਦਾ ਹੈ। ਸਾਡੀ ਵਿਉਂਤਬੰਦੀ ਸਮੇਂ ਦੀ ਮੰਗ ਅਨੁਸਾਰ ਹੋਰ ਤਰ੍ਹਾਂ ਦੀ ਹੋਣ ਕਾਰਨ ਅਸੀਂ ਕਾਰ ਰਾਹੀਂ ਘੁੰਮੇ।

ਅਹਿਮਦਾਬਾਦ ਵਿੱਚ ਵੇਖਣ ਯੋਗ ਏਨੀਆਂ ਥਾਵਾਂ ਹਨ ਕਿ ਜਿਸ ਨੂੰ ਇੱਕ ਦਿਨ ਵਿਚ ਨਹੀਂ ਦੇਖਿਆ ਜਾ ਸਕਦਾ। ਸਾਬਰਮਤੀ ਆਸ਼ਰਮ, ਕਾਂਕਰੀਆ ਝੀਲ, ਤੀਨ ਦਰਵਾਜ਼ਾ, ਜਾਮਾ ਮਸਜਿਦ, ਸਰਖੇਜ ਰੋਜਾ, ਰਾਣੀ ਕਾ ਹਜ਼ੀਰਾ, ਸਿੱਧੀ ਸਈਅਦ ਜਾਲ਼ੀ, ਹਠੀਸਿੰਗ ਜੈਨ ਮੰਦਰ, ਝੂਲਦੇ ਮਿਨਾਰ, ਅਡਾਲਜ ਦੀ ਬਾਵ, ਭਾਦਰਾ ਦਾ ਕਿਲ੍ਹਾ, ਸਾਇੰਸ ਸਿਟੀ, ਰਿਵਰ ਫਰੰਟ, ਮਾਣਕ ਚੌਕ ਆਦਿ ਪ੍ਰਸਿੱਧ ਥਾਵਾਂ ਹਨ ਪਰ ਸੀਮਤ ਸਮਾਂ ਹੋਣ ਕਾਰਨ ਅਸੀਂ ਕੁਝ ਚੋਣਵੀਆਂ ਥਾਵਾਂ ਵੇਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸਾਬਰਮਤੀ ਆਸ਼ਰਮ ਵੇਖਣ ਜਾਂਦੇ ਹਾਂ। ਸਾਬਰਮਤੀ ਨਦੀ ਕਿਨਾਰੇ ਬਣਿਆ ਸਾਬਰਮਤੀ ਜਾਂ ਗਾਂਧੀ ਆਸ਼ਰਮ ਬਹੁਤ ਵੱਡੇ ਖੇਤਰ ਵਿੱਚ ਬਣਿਆ ਹੈ ਜਿਸਦਾ ਨਿਰਮਾਣ ਮਹਾਤਮਾ ਗਾਂਧੀ ਨੇ 1915 ਈ: ਵਿੱਚ ਕੀਤਾ ਸੀ।

1933 ਈ: ਤੱਕ ਮਹਾਤਮਾ ਗਾਂਧੀ ਇੱਥੇ ਰਹੇ। ਇੱਥੋਂ ਹੀ ਉਨ੍ਹਾਂ ਨੇ ਡਾਂਡੀ ਯਾਤਰਾ ਦੀ ਸੁਰੂਆਤ ਕੀਤੀ ਸੀ ਅੱਜ-ਕੱਲ੍ਹ ਆਸ਼ਰਮ ’ਚ ਲਾਇਬ੍ਰੇਰੀ, ਅਜਾਇਬਘਰ, ਕਿਤਾਬ ਘਰ, ਖਾਦੀ ਵਸਤਾਂ ਦੀ ਦੁਕਾਨ ਤੇ ਮਹਾਤਮਾ ਗਾਂਧੀ ਦੀ ਜ਼ਿੰਦਗੀ ਨਾਲ ਸਬੰਧਤ ਦਸਤਾਵੇਜ਼ ਤੇ ਚੀਜਾਂ ਸੰਭਾਲ ਕੇ ਰੱਖੇ ਗਏ ਹਨ। ਇਸ ਤੋਂ ਬਾਅਦ ਅਸੀਂ ਅਹਿਮਦਾਬਾਦ ਸ਼ਹਿਰ ਤੋਂ ਬਾਹਰ ਬਣੀ ਪ੍ਰਮੁੱਖ ਇਤਿਹਾਸਕ ਇਮਾਰਤ ‘ਅਡਾਲਜ ਦੀ ਬਾਵ’ ਦੇਖਣ ਜਾਂਦੇ ਹਾਂ। ਭਾਰਤੀ ਪੁਰਾਤੱਤਵ ਸਰਵੇਖਣ ਦੀ ਦੇਖ-ਰੇਖ ਅਧੀਨ ਇਸ ਸਮਾਰੋਹ ਵਿਚ ਜਾਣ ਲਈ ਤਿੰਨ ਪਾਸਿਓਂ ਰਾਹ ਹਨ ਬਘੇਲਾ ਸਾਮਰਾਜ ਦੇ ਰਾਜੇ ਬੀਰ ਸਿੰਘ ਦੀ ਪਤਨੀ ਰੁਦਾਬਾਈ ਦੁਆਰਾ ਆਪਣੇ ਪਤੀ ਦੀ ਯਾਦ ’ਚ ਬਣਾਇਆ ਇਹ ਇੱਕ ਪੌੜੀਦਾਰ ਖੂਹ ਹੈ ਜਿਸ ਦੀ ਵਾਸਤੂਕਲਾ ਕਮਾਲ ਦੀ ਹੈ।

ਧਰਤੀ ਦੀ ਸਤਹਿ ਤੋਂ ਹੇਠਾਂ ਪਾਣੀ ਦੇ ਤਲ ਤੱਕ ਜਾਣ ਲਈ ਪੰਜ ਮੰਜਿਲਾਂ ਬਣੀਆਂ ਹਨ ਜਿਨ੍ਹਾਂ ’ਚੋਂ ਪੌੜੀਆਂ ਹੇਠਾਂ ਵੱਲ ਉੱਤਰਦੀਆਂ ਹਨ। ਪਹਿਲੀ ਮੰਜਿਲ ’ਤੇ 16 ਖੰਭਿਆਂ ਵਾਲਾ ਮੰਚ ਬਣਿਆ ਹੈ ਜਿਸ ਦੀ ਛੱਤ ਅਸ਼ਟਭੁਜਾਕਾਰ ਹੈ। ਬਾਵ ਦੇ ਦੋਵੇਂ ਪਾਸੇ ਬਣੇ ਥੰਮ੍ਹਲਿਆਂ ਉੱਪਰ ਸ਼ਾਨਦਾਰ ਨੱਕਾਸ਼ੀ ਕੀਤੀ ਗਈ ਅਤੇ ਇਤਿਹਾਸ ਮਿਥਿਹਾਸ ਦੀਆਂ ਕਈ ਸ਼ਾਨਦਾਰ ਮੂਰਤਾਂ ਬਣਾਈਆਂ ਹਨ। ਅਨੋਖੀ ਵਾਸਤੂ ਸਰੰਚਨਾ ਕਾਰਨ ਬਾਵ ਵਿਚ ਸੂਰਜ ਦੀ ਰੌਸ਼ਨੀ ਅਤੇ ਗਰਮ ਹਵਾ ਬਹੁਤ ਘੱਟ ਪ੍ਰਭਾਵ ਕਰਦੀ ਹੈ ਜਿਸ ਨਾਲ ਅੰਦਰ ਦਾ ਤਾਪਮਾਨ ਬਾਹਰ ਦੇ ਮੁਕਾਬਲੇ ਘੱਟ ਰਹਿੰਦਾ ਹੈ । ਬਾਵ ਵਿੱਚ ਪਾਣੀ ਅੱਜ ਵੀ ਮੌਜੂਦ ਹੈ ਪਰ ਉਹ ਕਾਫੀ ਗੰਦਾ ਤੇ ਦੂਸ਼ਿਤ ਲੱਗਦਾ ਹੈ । ਇਸ ਵਿੱਚ ਕੀਤੀ ਗਈ ਨੱਕਾਸ਼ੀ ਦੇਖਣਯੋਗ ਹੈ।

ਸ਼ਾਮ ਸਮੇਂ ਸਾਬਰਮਤੀ ਨਦੀ ਦੇ ਕਿਨਾਰੇ ’ਤੇ ਖੜ੍ਹ ਕੇ ਦੇਖਦਿਆਂ ਅਹਿਮਦਾਬਾਦ ਬਹੁਤ ਖੂਬਸੂਰਤ ਲੱਗਦਾ ਹੈ। ਨਦੀ ਸ਼ਹਿਰ ਦੇ ਬਿਲਕੁਲ ਵਿਚਕਾਰ ਦੀ ਲੰਘਦੀ ਹੈ ਜਿਸ ਉੱਪਰ ਸ਼ਹਿਰ ਦੇ ਦੋਵੇਂ ਪਾਸਿਆਂ ਨੂੰ ਜੋਡਦੇ ਦਸ ਪੁਲ਼ ਬਣੇ ਹਨ ਜਿਨ੍ਹਾਂ ’ਚੋਂ ਲੋਹੇ ਦਾ ਬਣਿਆ ਅੰਗਰੇਜ਼ਾਂ ਵੇਲੇ ਦਾ ਪੁਲ ਅੱਜ ਵੀ ਦੇਖਣਯੋਗ ਹੈ। ਇਹ ਸ਼ਹਿਰ ਬਿਲਕੁਲ ਉਸੇ ਤਰ੍ਹਾਂ ਬਣਿਆ ਹੈ ਜਿਸ ਤਰ੍ਹਾਂ ਥੇਮਜ ਨਦੀ ਦੇ ਕਿਨਾਰੇ ਲੰਡਨ ਸ਼ਹਿਰ ਵੱਸਿਆ ਹੈ ਸ਼ਾਮ ਸਮੇਂ ‘ਕਾਂਕਰੀਆ ਝੀਲ’ ਦੀ ਰੌਣਕ ਦੇਖਣਯੋਗ ਹੁੰਦੀ ਹੈ।

ਅਹਿਮਦਾਬਾਦ ਦੇ ਬਿਲਕੁਲ ਵਿਚਕਾਰ ਬਣੀ ਇਹ ਝੀਲ ਬਹੁਤ ਖ਼ੂਬਸੂਰਤ ਹੈ। ਸ਼ਾਮ ਸਮੇਂ ਰੰਗ-ਬਿਰੰਗੀਆਂ ਰੌਸ਼ਨੀਆਂ ਵਿੱਚ ਝੀਲ ਵਿੱਚ ਤੈਰਦੀਆਂ ਕਿਸ਼ਤੀਆਂ ਤੇ ਸ਼ਿਕਾਰੇ ਇਸ ਦੀ ਰੌਣਕ ਨੂੰ ਚਾਰ ਚੰਦ ਲਾਉਂਦੇ ਹਨ ਕਾਂਕਰੀਆ ਝੀਲ ਗੋਲ ਬਨਾਵਟ ਵਿਚ ਬਣੀ ਹੈ ਜਿਸ ਦੇ ਚੁਫੇਰੇ ਬੱਚਿਆਂ ਲਈ ਟੁਆਏ ਟਰੇਨ ਚੱਲਦੀ ਹੈ। ਝੀਲ ਦੇ ਵਿਚਕਾਰ ਟਾਪੂ ਬਣਿਆ ਹੈ ਜਿਸ ਨੂੰ ਨਗੀਨਾ ਵਾੜੀ ਆਖਦੇ ਹਨ ਇੱਥੇ ਛੋਟਾ ਜਿਹਾ ਚਿੜੀਆਘਰ ਬਣਾਇਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਭਾਰਤੀ ਸਟੇਟ ਬੈਂਕ ਦਾ ਲੋਗੋ ਇਸ ਝੀਲ ਦੇ ਹਵਾਈ ਚਿੱਤਰ ਅਨੁਸਾਰ ਬਣਦੇ ਨਕਸ਼ੇ ਤੋਂ ਹੀ ਲਿਆ ਹੈ। ਝੀਲ ਤੋਂ ਵਾਪਸ ਆਉਂਦਿਆਂ ਰਾਤ ਹੋ ਜਾਂਦੀ ਹੈ ਰਾਤ ਸਮੇਂ ਅਹਿਮਦਾਬਾਦ ’ਚ ਵੱਖ-ਵੱਖ ਗੁਜਰਾਤੀ ਖਾਣਿਆਂ ਦਾ ਆਨੰਦ ਲੈਣ ਲਈ ਸਭ ਤੋਂ ਮਸ਼ਹੂਰ ਥਾਂ ਮਾਣਕ ਚੌਕ ਹੈ।

ਮਾਣਕ ਚੌਂਕ ਸ਼ਹਿਰ ਦੇ ਪੁਰਾਣੇ ਅਹਿਮਦਾਬਾਦ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ ਇਸ ਲਈ ਇਹ ਬਹੁਤ ਭੀੜ-ਭਾੜ ਵਾਲੀ ਜਗ੍ਹਾ ਹੈ। ਗੱਡੀ ਦੂਰ ਪਾਰਕ ਕਰਕੇ ਪੈਦਲ ਹੀ ਇੱਥੇ ਪਹੁੰਚਦੇ ਹਾਂ। ਮਾਣਕ ਚੌਂਕ ਦਾ ਨਜ਼ਾਰਾ ਦੇਖਣਯੋਗ ਹੈ ਆਲੇ-ਦੁਆਲੇ ਖਾਣ ਵਾਲੀਆਂ ਰੇਹੜੀਆਂ, ਦੁਕਾਨਾਂ ’ਤੇ ਲੋਕਾਂ ਦੀ ਭੀੜ ਹੈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਏ ਜਾ ਰਹੇ ਹਨ ਗੁਜਰਾਤੀ ਖਾਣੇ, ਗਾਟੀਆ, ਖਾਮਣ, ਢੋਕਲਾ, ਫਾਫੜਾ, ਜਲੇਬੀਆਂ, ਬਾਸੂੰਦੀ, ਖਾਖਰਾ, ਪਾਉ ਭਾਜੀ ਗੱਲ ਕੀ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਅਤੇ ਹੋਰ ਸਟਰੀਟ ਫੂਡ ਲਈ ਪ੍ਰਸਿੱਧ ਮਾਣਕ ਚੌਂਕ ਦੇ ਆਪਣੇ ਹੀ ਅਨੋਖੇ ਰੰਗ ਹਨ।

ਸਵੇਰ ਵੇਲੇ ਇੱਥੇ ਸਬਜ਼ੀ ਮੰਡੀ, ਦੁਪਹਿਰ ਵੇਲੇ ਇੱਥੇ ਸਰਾਫਾ ਬਾਜਾਰ ਅਤੇ ਰਾਤ ਸਮੇਂ ਖਾਣੇ ਦਾ ਬਾਜਾਰ ਲੱਗਦਾ ਹੈ। ਇੱਕੋ ਥਾਂ ਦਿਨ ਵਿੱਚ ਤਿੰਨ ਰੰਗ ਬਦਲਦੀ ਹੈ। ਮਾਣਕ ਚੌਂਕ ’ਚੋਂ ਵੰਨ-ਸੁਵੰਨੇ ਖਾਣੇ ਖਾ ਕੇ ਅਸੀਂ ਆਪਣੇ ਕਮਰੇ ਵਿੱਚ ਆ ਕੇ ਆਰਾਮ ਕਰਦੇ ਹਾਂ ਤੇ ਅਗਲੀ ਸਵੇਰ ਨਵੇਂ ਸਫਰ ਲਈ ਰਵਾਨਾ ਹੋ ਜਾਂਦੇ ਹਾਂ। ਪ੍ਰਾਚੀਨਤਾ ਤੇ ਆਧੁਨਿਕਤਾ ਦੇ ਸੁਮੇਲ ’ਚ ਰੰਗਿਆ ਅਹਿਮਦਾਬਾਦ ਵੇਖਣ ਵਾਲੇ ਦੇ ਮਨ ਨੂੰ ਮੋਹ ਲੈਂਦਾ ਹੈ ।
ਮੋ. 81462-11644
ਗੁਰਪ੍ਰੀਤ ਪਸ਼ੌਰੀਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ