ਲੇਖ

ਮਾਪਿਆਂ ਦੀ ਸੰਭਾਲ ਇਨਸਾਨ ਦਾ ਨੈਤਿਕ ਫ਼ਰਜ਼

Responsibility, Managing, Parents

ਰਮੇਸ਼ ਸੇਠੀ ਬਾਦਲ 

ਸ੍ਰਿਸ਼ਟੀ ਦੀ ਰਚਨਾ ਅਤੇ ਹੋਂਦ ਵਿੱਚ ਪ੍ਰਜਨਣ ਕਿਰਿਆ ਦਾ ਬਹੁਤ ਯੋਗਦਾਨ ਹੈ। ਸੰਸਾਰ ਦੇ ਜੀਵਾਂ ਦੀ ਉਤਪਤੀ ਇਸੇ ਬੱਚੇ ਪੈਦਾ ਕਰਨ ਦੀ ਕਿਰਿਆ ਨਾਲ ਹੁੰਦੀ ਹੈ। ਮਨੁੱਖ ਅਤੇ ਹੋਰ ਜੀਵਾਂ ਦਾ ਆਪਣੇ ਜਨਮਦਾਤਾ ਮਾਂ-ਪਿਓ ਨਾਲ ਮੋਹ ਭਰਿਆ ਤੇ ਅਪਣੱਤ ਵਾਲਾ ਸਬੰਧ ਹੁੰਦਾ ਹੈ। ਮਨੁੱਖ ਅਤੇ ਬਹੁਤੇ ਜੀਵ ਆਪਣੇ ਬੱਚਿਆਂ ਨਾਲ ਲਗਾਵ ਰੱਖਦੇ ਹਨ ਤੇ ਉਹਨਾਂ ਦਾ ਪਾਲਣ-ਪੋਸ਼ਣ ਕਰਦੇ ਹਨ। ਉਹ ਆਪਣੀ ਔਲਾਦ ਦੇ ਦੁੱਖ-ਤਕਲੀਫਾਂ ਨੂੰ ਸਮਝਦੇ ਹਨ ਅਤੇ ਵੱਸ ਲੱਗਦਾ ਹੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ। ਇਹ ਬਚਪਨ ਤੋਂ ਲੈ ਕੇ ਉਹਨਾਂ ਦੀ ਸੁਰਤ ਸੰਭਾਲਣ ਤੱਕ ਆਪਣੇ ਬੱਚਿਆਂ ਦੀ ਖਾਣ-ਪੀਣ ਦੀ ਵਿਵਸਥਾ ਵੀ ਕਰਦੇ ਹਨ ਕੁਝ ਕੁ ਜੀਵ ਅਜਿਹੇ ਵੀ ਹਨ ਜੋ ਆਪਣੇ ਬੱਚਿਆਂ ਤੱਕ ਨੂੰ ਖਾ ਜਾਂਦੇ ਹਨ। ਉਹਨਾਂ ਵਿੱਚ ਔਲਾਦ ਪ੍ਰਤੀ ਮਮਤਾ ਨਹੀਂ ਹੁੰਦੀ। ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਜਿਆਦਾ ਸੱਭਿਅਕ ਹੈ ਅਤੇ ਰਿਸ਼ਤਿਆਂ ਪ੍ਰਤੀ ਸੁਚੇਤ ਰਹਿੰਦਾ ਹੈ। ਇਸੇ ਲਈ ਇਸ ਨੂੰ ਸਮਾਜਿਕ ਪ੍ਰਾਣੀ ਆਖਿਆ ਜਾਂਦਾ ਹੈ। ਇਹ ਸਮਾਜ ਵਿੱਚ ਹੋਰਨਾਂ ਜੀਵਾਂ ਦੇ ਮੁਕਾਬਲੇ ਜ਼ਿਆਦਾ ਵਿਚਰਦਾ ਹੈ। ਕਈ ਪਸ਼ੂ-ਪੰਛੀ ਆਪਣੀ ਬਿਰਾਦਰੀ ਦਾ ਪੱਖ ਪੂਰਦੇ ਹਨ ਅਤੇ ਇੱਕ-ਦੂਜੇ ਦੀ ਰੱਖਿਆ ਵੀ ਕਰਦੇ ਹਨ। ਝੁੰਡ ਬਣਾ ਕੇ ਰਹਿੰਦੇ ਹਨ। ਪਰ ਮਨੁੱਖ ਜੂਨ ਇਸ ਮਾਮਲੇ ਵਿੱਚ ਉੱਨਤ ਮੰਨੀ ਗਈ ਹੈ।

ਹੁਣ ਗੱਲ ਮਨੁੱਖਤਾ ਦੀ ਹੀ ਕਰਦੇ ਹਾਂ। ਕਿਉਂਕਿ ਮਨੁੱਖ ਸੱਭਿਅਕ ਪ੍ਰਾਣੀ ਹੈ। ਇਹ ਰਿਸ਼ਤਿਆਂ ਪ੍ਰਤੀ ਸੁਚੇਤ ਹੈ। ਸਮਾਜ ਨਾਲ ਜੁੜਿਆ ਹੈ। ਰੱਬ ਅਤੇ ਸ੍ਰਿਸ਼ਟੀ ਦੀ ਹੋਂਦ ਨੂੰ ਮੰਨਦਾ ਹੈ। ਇਹ ਆਪਣੀ ਔਲਾਦ ਪ੍ਰਤੀ ਹੀ ਨਹੀਂ ਹੋਰ ਰਿਸ਼ਤਿਆਂ ਪ੍ਰਤੀ ਲਗਾਅ, ਮੋਹ, ਰੁਚੀ ਰੱਖਦਾ ਹੈ। ਇਹ ਮਾਂ-ਪਿਓ ਨੂੰ ਸਭ ਕੁਝ ਮੰਨਦਾ ਹੈ। ਜੇ ਇਹ ਆਪਣੇ ਬੱਚਿਆਂ ਪ੍ਰਤੀ ਜਾਗਰੂਕ ਹੈ ਤਾਂ ਮਾਪਿਆਂ ਵੱਲ ਵੀ ਅਵੇਸਲਾ ਨਹੀਂ ਹੈ। ਮਾਂ ਅਤੇ ਪਿਉ ਦੀ ਕਦਰ ਕਰਦਾ ਹੈ। ਇਸ ਦੇ ਨਾਲ ਹੋਰ ਰਿਸ਼ਤੇ-ਨਾਤਿਆਂ ਦਾ ਮਾਣ ਰੱਖਦਾ ਹੈ। ਇਸੇ ਮੋਹ ਦਾ ਮੁਥਾਜ ਹੋ ਕੇ ਇਹ ਆਪਣੀ ਜਿੰਦਗੀ ਬਸਰ ਕਰਦਾ ਹੈ।

ਰਿਸ਼ਤਿਆਂ ਵਿੱਚ ਮਾਂ-ਪਿਓ ਤੋਂ ਇਲਾਵਾ ਸਕੇ ਭੈਣ-ਭਰਾਵਾਂ, ਦਾਦਾ-ਦਾਦੀ, ਚਾਚੇ, ਤਾਇਆਂ, ਮਾਮੇ, ਮਾਸੀਆਂ, ਨਾਨਾ-ਨਾਨੀ ਤੇ ਇਸ ਤੋਂ ਬਾਦ ਅਗਲੇ ਤੇ ਦੂਰ ਦੇ ਰਿਸ਼ਤਿਆਂ ਨਾਲ ਜੁੜੇ ਰਹਿਣ ਦੀ ਚਾਹਤ ਰੱਖਦਾ ਹੈ। ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਦੇ ਰਿਸ਼ਤੇ ਮੂਲ ਨਾਲੋਂ ਵਿਆਜ਼ ਪਿਆਰਾ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਉਹ ਕਿਹੜਾ ਦਾਦਾ-ਦਾਦੀ ਜਾਂ ਨਾਨਾ-ਨਾਨੀ ਹੈ ਜਿਸ ਨੇ ਆਪਣੇ ਇਸ ਵਿਆਜ਼ ਦੇ ਮੂਤ ਨੂੰ ਆਪਣੇ ਸਰੀਰ ‘ਤੇ ਡੁੱਲ੍ਹਣ ‘ਤੇ ਖੁਸ਼ੀ ਮਹਿਸੂਸ ਨਹੀਂ ਕੀਤੀ। ਜਦੋਂ ਛੋਟਾ ਬੱਚਾ ਗੋਦੀ ਚੁੱਕਣ ‘ਤੇ ਆਪਣੇ ਕਿਸੇ ਸਕੇ ‘ਤੇ ਪੇਸ਼ਾਬ ਦੀ ਧਾਰ ਮਾਰਦਾ ਹੈ ਤਾਂ ਉਸ ਦਾ ਚਿਹਰਾ ਖੁਸ਼ੀ ਵਿੱਚ ਦਗ ਉੱਠਦਾ ਹੈ। ਰੋਟੀ ਖਾਂਦੀ ਹੋਈ ਮਾਂ, ਦਾਦੀ, ਨਾਨੀ ਬੱਚੇ ਦੇ ਮਲ-ਮੂਤਰ ਦੀ ਪਰਵਾਹ ਨਹੀਂ ਕਰਦੀ ਤੇ ਬਿਨਾ ਮੱਥੇ ‘ਤੇ ਵੱਟ ਪਾਏ ਉਸਨੂੰ ਸਾਫ ਕਰਦੀ ਹੈ।

ਬੱਚੇ ਨੂੰ ਬੋਲਣਾ, ਤੁਰਨਾ ਅਤੇ ਖਾਣਾ ਸਿਖਾਉਂਦੀ ਹੈ। ਅੱਜ ਦੀ ਮਾਂ ਬੱਚੇ ਨੂੰ ਪੜ੍ਹਾਉਣਾ ਵੀ ਸਿਖਾਉਂਦੀ ਹੈ। ਛੋਟੇ ਬੱਚਿਆਂ ਦੀ ਟਿਊਟਰ ਬਣਦੀ ਹੈ ਤਾਂ ਵੱਡਿਆਂ ਨੂੰ ਅਗਲੇਰੀ ਪੜ੍ਹਾਈ ਲਈ ਉਤਸ਼ਾਹਿਤ ਕਰਦੀ ਹੈ। ਪਿਉ ਆਪਣੇ ਬੱਚਿਆਂ ਦੀਆਂ ਖੁਹਾਇਸ਼ਾਂ ਪੂਰੀਆਂ ਕਰਨ ਲਈ ਆਪਣੀਆਂ ਜਰੂਰੀ ਲੋੜਾਂ ਦਾ ਤਿਆਗ ਕਰਦਾ ਹੈ। ਆਪ ਪੈਦਲ ਤੁਰ ਕੇ ਵੀ ਬੱਚਿਆਂ ਲਈ ਸਕੂਟੀ ਦਾ ਇੰਤਜਾਮ ਕਰਦਾ ਹੈ। ਇਸ ਤਰ੍ਹਾਂ ਮਾਂ-ਬਾਪ ਬੱਚਿਆਂ ਲਈ ਜੋ ਕਰਦੇ ਹਨ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਨੇ ਮਾਂ-ਪਿਉ ਦਾ ਕਰਜ ਉਤਾਰਿਆ ਨਹੀਂ ਜਾ ਸਕਦਾ। ਮਾਂ ਆਪਣੇ ਬੱਚੇ ਨੂੰ ਆਪਣੇ ਖੂਨ ਨਾਲ ਸਿੰਜਦੀ ਹੈ। ਨੌਂ ਮਹੀਨੇ ਉਸਦਾ ਭਾਰ ਆਪਣੇ ਪੇਟ ਵਿੱਚ ਚੁੱਕਦੀ ਹੈ। ਜਣੇਪੇ ਦੀਆਂ ਅਥਾਹ ਪੀੜਾਂ ਨੂੰ ਸਹਿੰਦੀ ਹੈ। ਕਹਿੰਦੇ ਨੇ ਜਣੇਪੇ ਦਾ ਦਰਦ ਸੈਂਕੜੇ ਹੱਡੀਆਂ ਦੇ ਟੁੱਟਣ ਤੋਂ ਵੀ ਜਿਆਦਾ ਹੁੰਦਾ ਹੈ, ਫਿਰ ਵੀ ਮਾਂ ਇਹ ਦਰਦ ਹੱਸ ਕੇ ਸਹਿੰਦੀ ਹੈ। ਕਿਉਂਕਿ ਉਹ ਮਾਂ ਹੁੰਦੀ ਹੈ। ਬੱਚੇ ਦੀ ਬਿਮਾਰੀ ‘ਤੇ ਮਾਂ ਸਾਰੀ-ਸਾਰੀ ਰਾਤ ਜਾਗਦੀ ਹੈ। ਪਲ-ਪਲ ਉਸਦੀ ਬਿਮਾਰੀ ਦੀ ਚਿੰਤਾ ਕਰਦੀ ਹੈ। ਕਿਉਂਕਿ ਉਹ ਮਾਂ ਹੁੰਦੀ ਹੈ।

ਹੁਣ ਤਸਵੀਰ ਦਾ ਦੂਜਾ ਪਾਸਾ ਦੇਖਦੇ ਹਾਂ। ਬੱਚਿਆਂ ਦੇ ਮਾਪਿਆਂ ਪ੍ਰਤੀ ਜੋ ਫਰਜ਼ ਹਨ ਬੱਚੇ ਉਹਨਾਂ ਫਰਜਾਂ ਤੋਂ ਅਵੇਸਲੇ ਹੁੰਦੇ ਜਾ ਰਹੇ ਹਨ। ਸਾਰੇ ਇੱਕੋ-ਜਿਹੇ ਤਾਂ ਨਹੀਂ ਹੁੰਦੇ ਪਰ ਬਹੁਗਿਣਤੀ ਵੇਖਣ ‘ਚ ਆਇਆ ਹੈ ਕਿ ਲੋਕਾਂ ਦਾ ਬਜ਼ੁਰਗ ਮਾਪਿਆਂ ਪ੍ਰਤੀ ਰਵੱਈਆ ਨਿਰਾਸ਼ਾਜਨਕ ਹੈ। ਪਾਪਾ ਤੁਹਾਨੂੰ ਨਹੀਂ ਪਤਾ। ਮੰਮੀ ਤੁਸੀਂ ਤਾਂ ਬਿਲਕੁਲ ਹੀ… ਤੁਹਾਨੂੰ ਨਹੀ ਪਤਾ! ਵਰਗੇ ਡਾਇਲੋਗ ਆਮ ਵਰਤਦੇ ਹਨ। ਜਾਇਦਾਦ ‘ਤੇ ਕਬਜ਼ਾ ਕਰਕੇ ਮਾਂ-ਪਿਓ ਨੂੰ ਖੁੱਡੇ ਲਾਈਨ  ਲਾ ਦਿੰਦੇ ਹਨ। ਬਹੁਤੇ ਲੋਕ ਬੁਢਾਪੇ ਵਿੱਚ ਰੋਟੀ-ਪਾਣੀ ਤੋਂ ਵੀ ਤੰਗ ਹੁੰਦੇ ਹਨ। ਕਈ ਤਾਂ ਮਾਪਿਆਂ ਦੀ ਜਾਇਦਾਦ ਵੇਚ ਕੇ ਵਿਦੇਸ਼ ਭੱਜ ਜਾਂਦੇ ਹਨ। ਮਾਂ-ਪਿਉ ਇੱਥੇ ਪਾਈ-ਪਾਈ ਨੂੰ ਮੁਥਾਜ ਹੁੰਦੇ ਹਨ। ਮਾਂ-ਪਿਉ ਦਾ ਮਲ-ਮੂਤਰ ਚੱਕਣਾ ਤਾਂ ਇੱਕ ਪਾਸੇ ਰਿਹਾ ਉਹਨਾਂ ਨੂੰ ਪਾਣੀ ਦੀ ਘੁੱਟ ਲਈ ਤਰਸਾਇਆ ਜਾਂਦਾ ਹੈ। ਬਹੁਤੇ ਮਾਂ-ਬਾਪ ਤਾਂ ਆਪਣੀ ਔਲਾਦ ਦੀ ਝਲਕ ਦੇਖਣ ਨੂੰ ਤਰਸਦੇ ਹੀ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਹਨ। ਜਿਨ੍ਹਾਂ ਮਾਪਿਆਂ ਦੀ ਕਦੇ ਉਂਗਲੀ  ਫੜ੍ਹ ਕੇ ਔਲਾਦ ਤੁਰਨਾ ਸਿੱਖੀ ਸੀ ਉਹਨਾਂ ਅੰਨੇ-ਮੂਹਰੇ ਮਾਪਿਆਂ ਨੂੰ ਔਲਾਦ ਵੱਲੋਂ ਡੰਗੋਰੀ ਵੀ ਨਸੀਬ ਨਹੀਂ ਹੁੰਦੀ। ਅਕਸਰ ਦੇਖਿਆ ਗਿਆ ਹੈ ਕਿ ਅਮੀਰ ਲੋਕ ਬਜੁਰਗਾਂ ਨੂੰ ਦਵਾਈ ਲਈ ਡਾਕਟਰ ਕੋਲ ਆਪ ਲੈ ਕੇ ਜਾਣ ਦੀ ਬਜਾਇ ਆਪਣੇ ਨੌਕਰ ਜਾਂ ਡਰਾਇਵਰ ਨੂੰ ਭੇਜ ਦਿੰਦੇ ਹਨ। ਉਹਨਾਂ ਕੋਲ ਬਿਮਾਰ ਮਾਪਿਆਂ ਨੂੰ ਦਵਾਈ ਦਿਵਾਉਣ ਦਾ ਟਾਈਮ ਵੀ ਨਹੀਂ ਹੁੰਦਾ। ਆਹੀ ਅੱਜ ਦੇ ਸਮੇਂ ਦਾ ਦਸਤੂਰ ਹੈ। ਇਹੀ ਸੱਚ ਹੈ। ਜੋ ਸ਼ਾਇਦ ਕੌੜਾ ਵੀ ਹੈ।

ਹਾਂ, ਮਾਂ-ਪਿਓ ਦੇ ਪੈਰੀਂ ਹੱਥ ਲਾਉਣ, ਜੀ-ਜੀ ਕਰਨ ਦਾ ਢੋਂਗ ਨਾ ਕਰੋ। ਉਹਨਾਂ ਦੀ ਗੱਲ, ਹਾਲਾਤ, ਬਿਮਾਰੀ, ਇੱਛਾ ਅਤੇ ਰੀਝ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਹਰ ਕੰਮ ਉਹਨਾਂ ਅਨੁਸਾਰ ਹੀ ਕਰਨਾ ਜਰੂਰੀ ਨਹੀਂ ਪਰ ਉਹਨਾਂ ਨੂੰ ਝਿੜਕੋ ਵੀ ਨਾ। ਦੁਰਕਾਰੋ ਵੀ ਨਾ। ਇਹ ਬਜੁਰਗ ਸਿਰਫ ਤੁਹਾਡੇ ਪਿਆਰ ਦੇ ਭੁੱਖੇ ਹਨ। ਤੁਹਾਡੇ ਨਾਲ ਗੱਲਾਂ ਮਾਰਨ ਨੂੰ ਤਰਸਦੇ ਹਨ। ਮਾਂ-ਪਿਓ ਨੂੰ ਸੰਭਾਲ ਲਵੋ। ਇਹ ਫਿਰ ਨਹੀਂ ਮਿਲਣੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top