ਹੁਣ ਡਿੱਗੂ- ਡਿੱਗੂ ਕਰਦੀ ਛੱਤ ਥੱਲੇ ਨੀਂ, ਪੱਕੇ ਮਕਾਨ ਚ ਰਹੇਗਾ ਮਜਦੂਰ ਲੱਖਾ ਸਿੰਘ

0

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਪੰਜ ਘੰਟਿਆਂ ‘ਚ ਬਣਾਇਆ ਪੂਰਾ ਮਕਾਨ

ਸ਼ੇਰਪੁਰ, (ਰਵੀ ਗੁਰਮਾ) ਬਲਾਕ ਸ਼ੇਰਪੁਰ ਦੇ ਪਿੰਡ ਬੜੀ ਦਾ ਮਜਦੂਰ ਲੱਖਾ ਸਿੰਘ ਪੁੱਤਰ ਅਮਰੀਕ ਸਿੰਘ ਜੋ ਕਿ ਅੱਤ ਦੀ ਗਰੀਬੀ ਹੋਣ ਕਾਰਨ ਆਪਣੇ ਦੋ ਛੋਟੇ – ਛੋਟੇ ਬੱਚਿਆਂ ਨਾਲ ਬਿਨਾਂ ਬਿਜਲੀ, ਪਾਣੀ ਤੋਂ ਰਾਤਾਂ ਸੜਕ ‘ਤੇ ਕੱਟਣ ਲਈ ਮਜਬੂਰ ਸੀ। ਲੱਖਾ ਸਿੰਘ ਕੇਵਲ ਇੱਕ ਕਮਰੇ ਦੀ ਡਿੱਗੂ -ਡਿੱਗੂ ਕਰਦੀ ਛੱਤ ਹੇਠ ਹੀ ਆਪਣਾ ਗੁਜਾਰਾ ਕਰਦਾ ਸੀ । ਜਦੋਂ ਮੀਂਹ ਹਨ੍ਹੇਰੀ ਆਉਂਦੀ ਤਾਂ ਉਹ ਆਪਣੇ ਬੱਚਿਆਂ ਨਾਲ ਜਾਗ ਕੇ ਰਾਤਾਂ ਕੱਟਦਾ ਸੀ । ਜਦੋਂ ਇਸ ਸਬੰਧੀ ਡੇਰਾ ਸੱਚਾ ਸੌਦਾ ਸਰਸਾ ਦੀ ਬਲਾਕ ਕਮੇਟੀ ਸ਼ੇਰਪੁਰ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਵੱਲੋਂ ਮਜਦੂਰ ਲੱਖਾ ਸਿੰਘ ਦੇ ਹਾਲਾਤਾਂ ਬਾਰੇ ਸੋਚਦਿਆਂ ਉਸ ਦਾ ਪੂਰਾ ਮਕਾਨ ਬਣਾਉਣ ਦਾ ਫੈਸਲਾ ਕੀਤਾ ।

ਬੀਤੇ ਕੱਲ੍ਹ ਬਲਾਕ ਕਮੇਟੀ ਸ਼ੇਰਪੁਰ ਵੱਲੋਂ ਮਜਦੂਰ ਲੱਖਾ ਸਿੰਘ ਦਾ ਪੂਰਾ ਮਕਾਨ ਪੰਜ ਘੰਟਿਆਂ ਵਿੱਚ ਬਣਾ ਕੇ ਤਿਆਰ ਕੀਤਾ ਗਿਆ ਜਿਸ ਨਾਲ ਲੱਖਾ ਸਿੰਘ ਦੀ 30 ਸਾਲਾਂ ਤੋਂ ਖਵਾਇਸ ਸਾਧ ਸੰਗਤ ਨੇ ਸਿਰਫ 5 ਘੰਟਿਆਂ ਵਿੱਚ ਪੂਰੀ ਕੀਤੀ । ਇਸ ਬਾਰੇ ਬਲਾਕ ਭੰਗੀਦਾਸ ਸੁਖਵਿੰਦਰ ਇੰਸਾਂ ਕੁਰੜ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ 134 ਮਾਨਵਤਾ ਭਲਾਈ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਇਹ ਮਕਾਨ ਸਾਧ-ਸੰਗਤ ਵੱਲੋਂ ਇੱਕ ਲੋੜਵੰਦ ਪਰਿਵਾਰ ਨੂੰ ਤਿਆਰ ਕਰਕੇ ਦਿੱਤਾ ਗਿਆ ਹੈ ਜਿਸ ਵਿੱਚ ਇੱਕ ਕਮਰਾ, ਰਸੋਈ, ਬਾਥਰੂਮ ਦੇ ਨਾਲ – ਨਾਲ ਚਾਰਦੀਵਾਰੀ ਬਣਾਈ ਗਈ ਹੈ । ਇਸ ਸਮੇਂ 45 ਮੈਂਬਰ ਦੁਨੀ ਚੰਦ ਇੰਸਾਂ ਨੇ ਵਿਸੇਸ ਤੌਰ ‘ਤੇ ਆਪਣੀ ਹਾਜਰੀ ਲਗਵਾਈ । ਇਸ ਮੌਕੇ 15 ਮੈਂਬਰ ਰਾਮਦਾਸ ਬਿੱਟੂ, ਜਗਦੇਵ ਸਿੰਘ ਸੋਹਣਾ, ਪਵਨ ਬੜੀ ,ਕੁਲਵੰਤ ਬਾਜਵਾ, ਜਗਦੀਪ ਛਾਪਾ , ਨਛੱਤਰ ਖੇੜੀ ,ਗੁਰਜੀਤ ਕਾਤਰੋਂ, ਜਗਦੇਵ ਕੁਮਾਰ ਹੇੜੀਕੇ ,ਮਿੱਠਾ ਬੜੀ ਤੋਂ ਇਲਾਵਾ ਸਮੂਹ ਸਾਧ ਸੰਗਤ ਹਾਜਰ ਸੀ ।

ਸਾਧ-ਸੰਗਤ ਨੇ ਮੇਰੀ ਬੇਨਤੀ ਸੁਣੀ : ਮਜਦੂਰ ਲੱਖਾ ਸਿੰਘ

ਮਜਦੂਰ ਲੱਖਾ ਸਿੰਘ ਨੇ ਭਾਵੁਕ ਮਨ ਨਾਲ ਕਿਹਾ ਕਿ ਉਹ ਆਪਣੇ ਦੋ ਛੋਟੇ -ਛੋਟੇ ਬੱਚਿਆਂ ਨਾਲ ਰਹਿੰਦਾ ਹੈ । ਉਸ ਦੀ ਘਰਵਾਲੀ ਗਰੀਬੀ ਕਾਰਨ ਉਸਨੂੰ ਤੇ ਬੱਚਿਆਂ ਨੂੰ ਛੱਡ ਕੇ ਚਲੀ ਗਈ। ਉਸ ਨੇ ਲੋਕਾਂ ਅੱਗੇ ਤੇ ਸਰਕਾਰੀ ਦੁਆਰੇ ਆਪਣਾ ਘਰ ਬਣਾਉਣ ਲਈ ਅਰਜ਼ ਕੀਤੀ ਪਰ ਕਿਸੇ ਨੇ ਨਾ ਸੁਣੀ । ਜਦੋਂ ਇਸ ਸਬੰਧੀ ਡੇਰਾ ਸੱਚਾ ਸੌਦਾ ਦੀ ਸੰਗਤ ਅੱਗੇ ਬੇਨਤੀ ਕੀਤੀ ਤਾਂ ਇਨ੍ਹਾਂ ਨੇ ਉਸ ਦਾ ਘਰ ਸਿਰਫ ਕੁਝ ਹੀ ਘੰਟਿਆਂ ਵਿੱਚ ਬਣਾ ਕੇ ਦਿੱਤਾ। ਇਸ ਲਈ ਗੁਰੂ ਜੀ ਤੇ ਸਾਧ ਸੰਗਤ ਦਾ ਹਮੇਸ਼ਾ ਰਿਣੀ ਰਹਾਂਗਾ ।

ਗਰੀਬ ਦੀ ਮਦਦ ਸ਼ਲਾਘਾਯੋਗ : ਕਾਂਗਰਸੀ ਆਗੂ

ਇਸ ਸਬੰਧੀ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਜਸਮੇਲ ਸਿੰਘ ਬੜੀ ਨੇ ਕਿਹਾ ਕਿ ਗਰੀਬ ਦੀ ਮਦਦ ਕਰਨਾ ਬਹੁਤ ਹੀ ਸ਼ਲਾਘਾਯੋਗ ਹੈ। ਕਿਉਂਕਿ ਇਹ ਛੋਟੇ- ਛੋਟੇ ਬੱਚਿਆਂ ਦੀ ਮਾਂ ਇਨ੍ਹਾਂ ਨੂੰ ਛੱਡ ਕੇ ਚਲੀ ਗਈ ਤੇ ਮਜਦੂਰ ਲੱਖਾ ਸਿੰਘ ਆਪਣਾ ਘਰ ਨਹੀਂ ਬਣਾ ਸਕਦਾ ਸੀ । ਇਸ ਦੇ ਮਕਾਨ ਦੀ ਛੱਤ ਬਿਲਕੁੱਲ ਡਿੱਗਣ ਵਾਲੀ ਸੀ, ਜੋ ਡੇਰਾ ਸ਼ਰਧਾਲੂਆਂ ਨੇ ਇਸ ਦਾ ਘਰ ਬਣਾ ਕੇ ਦਿੱਤਾ ਉਹ ਬਹੁਤ ਹੀ ਸ਼ਲਾਘਾਯੋਗ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.