ਗੁਜਰਾਤ ‘ਚ 2000 ਕਰੋੜ ਦੀ ਡਰੱਗ ਬਰਾਮਦ

ਗੁਜਰਾਤ ‘ਚ 2000 ਕਰੋੜ ਦੀ MD ਡਰੱਗ ਬਰਾਮਦ

(ਸੱਚ ਕਹੂੰ ਨਿਊਜ਼) ਵਡੋਦਰਾ । ਗੁਜਰਾਤ ਵਿੱਚ ਦੋ ਵੱਖ-ਵੱਖ ਥਾਵਾਂ ਤੋਂ 713 ਕਿਲੋ ਐਮਡੀ ਡਰੱਗ ਬਰਾਮਦ ਹੋਈ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 2000 ਕਰੋੜ ਰੁਪਏ ਦੱਸੀ ਜਾ ਰਹੀ ਹੈ। ਗੁਜਰਾਤ ਏਟੀਐਸ ਨੇ ਵਡੋਦਰਾ ਤੋਂ ਨਸ਼ੀਲੇ ਪਦਾਰਥਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ, ਜਦੋਂਕਿ ਮੁੰਬਈ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਭਰੂਚ ਦੇ ਅੰਕਲੇਸ਼ਵਰ ਤੋਂ ਡਰੱਗ ਦਾ ਭਾਰੀ ਜ਼ਖੀਰਾ ਬਰਾਮਦ ਕੀਤਾ ਹੈ।

ਵਡੋਦਰਾ ‘ਚ ਜਿਸ ਫੈਕਟਰੀ ਤੋਂ ਪਾਬੰਦੀਸ਼ੁਦਾ ਐਮਡੀ ਡਰੱਗਜ਼ ਫੜੀ ਗਈ ਸੀ, ਉਹ ਗੈਰ-ਕਾਨੂੰਨੀ ਢੰਗ ਨਾਲ ਬਣ ਰਹੀ ਸੀ। ਏਟੀਐਸ ਨੇ ਮੋਕਸ਼ੀ ਪਿੰਡ ਵਿੱਚ ਇਸ ਫੈਕਟਰੀ ਵਿੱਚੋਂ ਬਰਾਮਦ ਕੀਤੇ 200 ਕਿਲੋ ਡਰੱਗ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 1000 ਕਰੋੜ ਰੁਪਏ ਦੱਸੀ ਹੈ।

ਏਟੀਐਸ ਦੇ ਡੀਆਈਜੀ ਦੀਪੇਨ ਭਦਰਨ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਕਰੀਬ 6 ਮਹੀਨੇ ਪਹਿਲਾਂ ਤਿਆਰ ਕੀਤੇ ਗਏ ਸਨ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਨਸ਼ੇ ਦੀ ਇੱਕ ਵੱਡੀ ਖੇਪ ਇੱਕ ਹੀ ਵਾਰ ਵਿੱਚ ਤਿਆਰ ਕੀਤੀ ਗਈ ਹੋਵੇਗੀ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕੀਤੀ ਗਈ ਹੈ। ਮੁੰਬਈ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਤੋਂ 513 ਕਿਲੋ ਐਮਡੀ ਡਰੱਗ ਬਰਾਮਦ ਕੀਤੀ ਹੈ। ਨਾਰਕੋਟਿਕਸ ਸੈੱਲ ਦੀ ਵਰਲੀ ਸ਼ਾਖਾ ਨੇ ਇਸ ਮਾਮਲੇ ‘ਚ ਇਕ ਔਰਤ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਬਰਾਮਦ ਨਸ਼ੀਲੇ ਪਦਾਰਥਾਂ ਦੀ ਕੀਮਤ 1 ਹਜ਼ਾਰ 26 ਕਰੋੜ ਦੱਸੀ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀ ਇੱਕ ਗਿਰੋਹ ਦਾ ਹਿੱਸਾ ਹਨ। ਉਨ੍ਹਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਨਸ਼ੇ ਦੀ ਸਪਲਾਈ ਚੇਨ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ