Breaking News

ਰੰਧਾਵਾ ਸਾਹਿਬ ਮੰਤਰੀ ਬਣਨ ਦੀ ਵਧਾਈ, ਕਪੂਰਥਲਾ ਜੇਲ੍ਹ ਚੋਂ ਬੋਲ ਰਿਹਾ ਹਾਂ ਕੈਦੀ

Minister, Randhawa, Prisoner, Kapurthala, Jail

ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਜੇਲ ਵਿੱਚੋਂ ਕੈਦੀ ਫੋਨ ਕਰਕੇ ਦੇ ਰਹੇ ਹਨ ਵਧਾਈਆਂ

ਕਪੂਰਥਲਾ ਜੇਲ੍ਹ ਸਣੇ 2 ਹੋਰ ਜੇਲ੍ਹਾਂ ਵਿੱਚੋਂ ਜੇਲ੍ਹ ਮੰਤਰੀ ਨੂੰ ਆਇਆ ਫੋਨ

ਅਸ਼ਵਨੀ ਚਾਵਲਾ, ਚੰਡੀਗੜ੍ਹ

‘ਜੇਲ ਮੰਤਰੀ ਬਨਣ ‘ਤੇ ਰੰਧਾਵਾ ਸਾਹਿਬ ਤੁਹਾਨੂੰ ਵਧਾਈ ਹੋਵੇ’ ਇਹ ਵਧਾਈ ਕੋਈ ਵਿਧਾਇਕ ਜਾਂ ਫਿਰ ਆਮ ਵਿਅਕਤੀ ਨਹੀਂ, ਸਗੋਂ ਜੇਲ੍ਹ ‘ਚ ਬੰਦ ਕੈਦੀ ਆਪਣੇ ਮੋਬਾਇਲ ਫੋਨ ਤੋਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਫੋਨ ਕਰਕੇ ਦੇ ਰਿਹਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਇੱਕ ਜਾਂ ਫਿਰ ਦੋ ਨਹੀਂ, ਸਗੋਂ 4-5 ਫੋਨ ਸਿਰਫ਼ ਕੈਦੀਆਂ ਦੇ ਹੀ ਆ ਚੁੱਕੇ ਹਨ, ਜਿਸ ਨੂੰ ਸੁਣ ਕੇ ਖ਼ੁਦ ਸੁਖਜਿੰਦਰ ਸਿੰਘ ਰੰਧਾਵਾ ਨਾ ਸਿਰਫ਼ ਹੈਰਾਨ ਹੋਏ, ਸਗੋਂ ਵਧਾਈ ਮਿਲਣ ਦੇ ਕਾਰਨ ਤੁਰੰਤ ਕੋਈ ਕਾਰਵਾਈ ਕਰਨ ਤੋਂ ਟਾਲ਼ਾ ਵੀ ਵੱਟ ਲਿਆ ਹੈ।

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੰਡੀਗੜ੍ਹ ਵਿਖੇ ਦੱਸਿਆ ਕਿ ਕੈਬਨਿਟ ਮੰਤਰੀ ਬਨਣ ਤੋਂ ਬਾਅਦ ਕਾਫ਼ੀ ਦੋਸਤਾਂਮਿੱਤਰਾਂ ਦੇ ਫੋਨ ਆਉਣ ਕਾਰਨ ਉਹ ਹਰ ਫੋਨ ਚੁੱਕ ਰਹੇ ਸਨ ਪਰ ਉਨ੍ਹਾਂ ਨੂੰ ਉਸ ਸਮੇਂ ਬੜੀ ਹੈਰਾਨੀ ਹੋਈ ਜਦੋਂ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕੈਦੀਆਂ ਵੱਲੋਂ ਹੀ ਵਧਾਈ ਸੰਦੇਸ਼ ਆਉਣ ਲੱਗ ਪਏ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜੇਲ੍ਹ ਸਣੇ ਕੁਝ ਹੋਰ ਜੇਲ੍ਹ ਵਿੱਚੋਂ ਉਨ੍ਹਾਂ ਨੂੰ ਹੁਣ ਤੱਕ 4-5 ਫੋਨ ਕੈਦੀਆਂ ਵੱਲੋਂ ਆ ਚੁੱਕੇ ਹਨ। ਉਨ੍ਹਾਂ ਹੈਰਾਨਗੀ ਜਤਾਉਂਦੇ ਹੋਏ ਕਿਹਾ ਕਿ ਜੇਲ੍ਹਾਂ ਵਿੱਚ ਮੋਬਾਇਲ ਫੋਨ ਲੈ ਕੇ ਜਾਣਾ ਜਾਂ ਫਿਰ ਵਰਤੋਂ ਕਰਨਾ ਗੈਰ ਕਾਨੂੰਨੀ ਹੈ ਪਰ ਫਿਰ ਵੀ ਕੈਦੀ ਬਿਨਾਂ ਕਿਸੇ ਡਰ ਤੋਂ ਸਿੱਧਾ ਜੇਲ੍ਹ ਮੰਤਰੀ ਨੂੰ ਹੀ ਫੋਨ ਕਰਨ ਵਿੱਚ ਲੱਗੇ ਹੋਏ ਹਨ।

ਹੁਣ ਫੋਨ ਆਇਆ ਤਾਂ ਕੈਦੀ ਨਹੀਂ, ਟੰਗ ਦਿੱਤਾ ਜਾਏਗਾ ਜੇਲਰ

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹੁਣ ਤੱਕ ਜੇਲ੍ਹ ਵਿੱਚੋਂ ਜਿੰਨੇ ਵੀ ਫੋਨ ਆਏ ਹਨ, ਉਹ ਠੀਕ ਹਨ ਪਰ ਹੁਣ ਤੋਂ ਬਾਅਦ ਕੋਈ ਫੋਨ ਆਇਆ ਜਾਂ ਫਿਰ ਫੋਨ ਮਿਲਣ ਦੀ ਸ਼ਿਕਾਇਤ ਮਿਲੀ ਤਾਂ ਕੈਦੀ ਖ਼ਿਲਾਫ਼ ਬਾਅਦ ਵਿੱਚ ਕਾਰਵਾਈ ਕੀਤੀ ਜਾਏਗੀ, ਉਸ ਤੋਂ ਪਹਿਲਾਂ ਉਸ ਜੇਲ੍ਹ ਦਾ ਜੇਲਰ ਟੰਗ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਕੈਦੀ ਨਾਲੋਂ ਜਿਆਦਾ ਦੋਸ਼ ਜੇਲਰ ਦਾ ਹੈ, ਜਿਸਦੇ ਇਲਾਕੇ ਵਿੱਚ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਹਰਕਤਾਂ ਚੱਲ ਰਹੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top