ਹਲਕਾ ਵਿਧਾਇਕ ਲਹਿਰਾ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਪਰਾਲ਼ੀ ਤੋਂ ਸੀਐਨਜੀ ਬਣਾਉਣ ਵਾਲੀ ਫ਼ੈਕਟਰੀ ਵਰਬੀਓ ਨੂੰ ਸਿੱਧੀ ਬਿਜਲੀ ਸਪਲਾਈ ਲਾਈਨ ਦੇਣ ਦਾ ਕੀਤਾ ਉਦਘਾਟਨ

brinder singhla

ਲਹਿਰਾਗਾਗਾ (ਰਾਜ ਸਿੰਗਲਾ)।  ਹਲਕਾ ਵਿਧਾਇਕ ਲਹਿਰਾ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਵੱਲੋਂ ਪਰਾਲ਼ੀ ਤੋਂ ਸੀਐਨਜੀ ਬਣਾਉਣ ਵਾਲੀ ਫ਼ੈਕਟਰੀ ਵਰਬੀਓ ਨੂੰ 1100 ਕਿਲੋਵਾਟ ਦੀ ਸਿੱਧੀ ਬਿਜਲੀ ਸਪਲਾਈ ਲਾਈਨ ਦੇਣ ਦਾ ਉਦਘਾਟਨ ਕੀਤਾ। ਐਡਵੋਕੇਟ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਜਰਮਨ ਦੀ ਇਸ ਕੰਪਨੀ ਨੇ ਹਲਕੇ ‘ਚ ਇਹ ਫ਼ੈਕਟਰੀ ਲਗਾਉਣ ਲਈ ਕਰੀਬ 250 ਕਰੋੜ ਦਾ ਨਿਵੇਸ਼ ਕੀਤਾ ਹੈ ਜਿਸ ਨਾਲ ਜਿੱਥੇ ਪਰਾਲ਼ੀ ਦੇ ਨਿਪਟਾਰੇ ਦੀ ਸਮੱਸਿਆ ਹੱਲ ਹੋ ਰਹੀ ਹੈ ਉੱਥੇ ਹੀ ਵੱਡੀ ਗਿਣਤੀ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੁਜ਼ਗਾਰ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਆਮ ਬਿਜਲੀ ਕੁਨੈਕਸ਼ਨ ਹੋਣ ਕਾਰਨ ਇਸ ਦੀ ਕਾਰਜ ਸਮਰੱਥਾ ਘੱਟ ਸੀ ਅਤੇ ਹੁਣ ਨਿਰਵਿਘਨ ਬਿਜਲੀ ਸਪਲਾਈ ਨਾਲ ਫ਼ੈਕਟਰੀ ਦੀ ਕਾਰਜ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਲੋਕਾਂ ਨੂੰ ਵਧੇਰੇ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਪਰਾਲ਼ੀ ਦੇ ਨਿਪਟਾਰੇ ਦਾ ਵਿਕਲਪ ਨਾ ਹੋਣ ਕਾਰਨ ਉਹ ਪਰਾਲ਼ੀ ਨੂੰ ਅੱਗ ਲਗਾਉਂਦੇ ਸੀ ਪਰ ਹੁਣ ਇਸ ਫ਼ੈਕਟਰੀ ਦੇ ਵੱਡੇ ਪੱਧਰ ‘ਤੇ ਕਾਰਜਸ਼ੀਲ ਹੋਣ ਨਾਲ ਇਸ ਸਮੱਸਿਆ ਦਾ ਹੱਲ ਸੰਭਵ ਹੋਵੇਗਾ। ਉਨ੍ਹਾਂ ਕਿਹਾ ਕਿ ਪਰਾਲ਼ੀ ਦੇ ਧੂੰਏਂ ਕਾਰਨ ਹੋਣ ਵਾਲ਼ੀਆਂ ਦੁਰਘਟਨਾਵਾਂ ਅਤੇ ਬੀਮਾਰੀਆਂ ਨੂੰ ਠੱਲ੍ਹ ਪੈਣ ਦੇ ਨਾਲ ਨਾਲ ਧਰਤੀ ਹੇਠਲੇ ਮਿੱਤਰ ਕੀੜੇ ਸੁਰੱਖਿਅਤ ਹੋਣਗੇ ਅਤੇ ਧਰਤੀ ਦੀ ਉਪਜਾਊ ਸ਼ਕਤੀ ਵਧੇਗੀ। ਇਸਦੇ ਨਾਲ ਹੀ ਊਰਜਾ ਦਾ ਵਧੀਆ ਸੋਮਾ ਸੀ ਐਨ ਜੀ ਗੈਸ ਪੈਦਾ ਹੋਵੇਗੀ ਅਤੇ ਪਰਾਲ਼ੀ ਵਾਪਸ ਖਾਦ ਰੂਪ ‘ਚ ਵੀ ਵਰਤੀ ਜਾ ਸਕੇਗੀ।

brinder singhla

ਲੋਕਾਂ ਲਈ ਵਧੇਗਾ ਰੁਜ਼ਗਾਰ

ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਜਾਂ ਖੇਤਰ ਦੇ ਵਿਕਾਸ ‘ਚ ਇੰਡਸਟਰੀ ਦਾ ਵੱਡਾ ਯੋਗਦਾਨ ਹੁੰਦਾ ਹੈ। ਇੰਡਸਟਰੀ ਨੂੰ ਅਜਿਹੀਆਂ ਸੁਵਿਧਾਵਾਂ ਮਿਲਣ ਨਾਲ ਹੋਰ ਇੰਡਸਟਰੀ ਵੀ ਹਲਕੇ ‘ਚ ਆਵੇਗੀ ਅਤੇ ਲੋਕਾਂ ਲਈ ਸੁਵਿਧਾਵਾਂ ਦੇ ਨਾਲ ਨਾਲ ਰੋਜ਼ਗਾਰ ਦੇ ਮੌਕੇ ਵਧਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਸਾਫ਼ ਸੁਥਰੇ ਪ੍ਰਸ਼ਾਸਨਿਕ ਪ੍ਰਬੰਧਾਂ ਨਾਲ ਇੰਡਸਟਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਲੋਕਾਂ ਨੂੰ ਬਿਜਲੀ ਦੇ ਕੱਟਾਂ ਤੋਂ ਮਿਲੇਗੀ ਨਿਜਾਤ

ਐਕਸੀਅਨ ਧਰਮਵੀਰ ਕਮਲ ਨੇ ਕਿਹਾ ਕਿ ਇਸ ਨਾਲ ਪੀ ਐਸ ਪੀ ਸੀ ਐਲ ਰੈਵਨਿਊ ‘ਚ ਵਾਧਾ ਹੋਵੇਗਾ ਅਤੇ ਹੋਰ ਇੰਡਸਟਰੀ ਵੀ ਆਕਰਸ਼ਿਤ ਹੋਵੇਗੀ। ਕੰਪਨੀ ਅਧਿਕਾਰੀ ਤਰੁਨ ਧੀਮਾਨ ਨੇ ਦੱਸਿਆ ਕਿ ਪਾਵਰ ਕੱਟ ਕਾਰਨ ਉਹ ਪਰੇਸ਼ਾਨ ਸਨ ਅਤੇ ਪਲਾਂਟ ਪੂਰੀ ਕਾਰਜ ਸਮਰੱਥਾ ਨਾਲ ਨਹੀਂ ਚੱਲ ਰਿਹਾ ਸੀ। ਉਨ੍ਹਾਂ ਵਿਧਾਇਕ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਅਤੇ ਸਮੂਹ ਪੀ ਐਸ ਪੀ ਸੀ ਐਲ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਪਲਾਂਟ ਨਿਰਵਿਘਨ ਚੱਲ ਸਕੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ