ਕੁਦਰਤ ਦਾ ਅਨਮੋਲ ਤੋਹਫ਼ਾ ਸਵੇਰ ਦੀ ਸੈਰ

ਕੁਦਰਤ ਦਾ ਅਨਮੋਲ ਤੋਹਫ਼ਾ ਸਵੇਰ ਦੀ ਸੈਰ

ਜ਼ਿੰਦਗੀ ਬਹੁਤ ਖੂਬਸੂਰਤ ਹੈ। ਅਸੀਂ ਜ਼ਿੰਦਗੀ ਦੇ ਹਰ ਪਲ ਦਾ ਅਨੰਦ ਮਾਣਦੇ ਹਾਂ। ਸਾਨੂੰ ਜ਼ਿੰਦਗੀ ਦੇ ਹਰ ਪਲ ਨੂੰ ਖੁਸ਼ੀ-ਖੁਸ਼ੀ ਜਿਊਣਾ ਚਾਹੀਦਾ ਹੈ। ਅੱਜ-ਕੱਲ੍ਹ ਤਾਂ ਉਂਜ ਹੀ ਜ਼ਿੰਦਗੀ ਬਹੁਤ ਛੋਟੀ ਹੋ ਚੁੱਕੀ ਹੈ। ਪਤਾ ਹੀ ਨਹੀਂ ਲੱਗਦਾ ਕਿ ਕਦੋਂ ਇਨਸਾਨ ਇਸ ਸੰਸਾਰ ਤੋਂ ਰੁਖਸਤ ਹੋ ਜਾਂਦਾ ਹੈ। ਇਨਸਾਨ ਦੀ ਜ਼ਿੰਦਗੀ ਅੱਜ-ਕੱਲ੍ਹ ਟੈਨਸ਼ਨ ਨਾਲ ਭਰ ਗਈ ਹੈ। ਛੋਟੀ-ਛੋਟੀ ਚੀਜ਼ ਦੀ ਟੈਨਸ਼ਨ ਲੈ ਕੇ ਇਨਸਾਨ ਆਪਣਾ ਜੀਵਨ ਨਰਕ ਬਣਾ ਰਿਹਾ ਹੈ। ਕੋਈ ਸਮਾਂ ਸੀ ਜਦੋਂ ਲੋਕ ਸਵੇਰੇ ਜ਼ਲਦੀ ਉੱਠ ਕੇ ਸੈਰ ਕਰਨ ਜਾਂਦੇ ਸਨ। ਪਰ ਹੁਣ ਉਹ ਸਮਾਂ ਨਹੀਂ ਰਿਹਾ, ਹੁਣ ਲੋਕ ਸਵੇਰੇ-ਸਵੇਰੇ ਹੀ ਜਿੰਮਾਂ ਵੱਲ ਭੱਜਦੇ ਦੇਖੇ ਜਾਂਦੇ ਹਨ। ਜਿੰਮ ਵਿੱਚ ਅਸੀਂ ਬੰਦ ਕਮਰੇ ਵਿੱਚ ਵਰਜ਼ਿਸ਼ ਕਰਦੇ ਹਾਂ। ਉੱਥੇ ਚਾਲੀ-ਪੰਤਾਲੀ ਸਾਲ ਦੇ ਮਨੁੱਖ ਆਮ ਵੇਖੇ ਜਾਂਦੇ ਹਨ।

ਕਈ ਵਾਰ ਅਸੀਂ ਜਿੰਮ ਕਰਕੇ ਛੱਡ ਦਿੰਦੇ ਹਾਂ, ਫਿਰ ਆਮ ਵੇਖਿਆ ਜਾਂਦਾ ਹੈ ਕਿ ਜਿੰਮ ਛੱਡਣ ਨਾਲ ਭਾਰ ਵਧ ਜਾਂਦਾ ਹੈ, ਜਿਸ ਨਾਲ ਅਸੀਂ ਮੋਟੇ ਹੋ ਜਾਂਦੇ ਹਾਂ । ਠੀਕ ਹੈ ਕਿ ਜਿੰਮ ਵਿੱਚ ਅਸੀਂ ਮਸ਼ੀਨਾਂ ’ਤੇ ਵਰਜਿਸ਼ ਕਰਦੇ ਹਾਂ। ਪਰ ਜੋ ਸਵੇਰ ਦੀ ਸੈਰ ਦਾ ਅਨੰਦ ਹੈ, ਉਹ ਕਿਸੇ ਜਿੰਮ ’ਚੋਂ ਨਹੀਂ ਮਿਲ ਸਕਦਾ। ਜਿੰਮਾਂ ਵਿੱਚ ਅਸੀਂ ਵਰਜਿਸ਼ ਕਰਨ ਲਈ ਹਜ਼ਾਰਾਂ ਰੁਪਏ ਦਿੰਦੇ ਹਾਂ। ਪਰੰਤੂ ਕੁਦਰਤ ਦਾ ਅਨਮੋਲ ਤੋਹਫ਼ਾ ਸਵੇਰ ਦੀ ਸੈਰ ਅਸੀਂ ਨਹੀਂ ਕਰਦੇ। ਕਈ ਜਿੰਮਾਂ ਵਿੱਚ ਤਾਂ ਏ. ਸੀ. ਲੱਗੇ ਹੁੰਦੇ ਹਨ। ਅਸੀਂ ਉੱਥੇ ਵਰਜਿਸ਼ ਕਰਦੇ ਹਾਂ ਜੋ ਸਾਡੀ ਸਿਹਤ ਲਈ ਬਹੁਤ ਹੀ ਨੁਕਸਾਨਦਾਇਕ ਹੁੰਦਾ ਹੈ।

ਸਵੇਰੇ ਜ਼ਲਦੀ ਉੱਠ ਕੇ ਤਾਜ਼ਾ ਹੋ ਕੇ ਸੈਰ ਕਰਨ ਲਈ ਨਿੱਕਲੋ। ਸਵੇਰੇ ਵਾਤਾਵਰਨ ਬਹੁਤ ਹੀ ਸਾਫ਼-ਸੁਥਰਾ ਹੁੰਦਾ ਹੈ। ਪੰਛੀਆਂ ਦੀਆਂ ਚਹਿਚਹਾਉਣ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਹਨ। ਸਬਜ਼ੀ ਖਰੀਦਣ ਵਾਲੇ ਲੋਕ ਮੰਡੀਆਂ ਵੱਲ ਜਾ ਰਹੇ ਹੁੰਦੇ ਹਨ। ਸਵੇਰ ਦਾ ਨਜ਼ਾਰਾ ਬਹੁਤ ਹੀ ਖੂਬਸੂਰਤ ਹੁੰਦਾ ਹੈ। ਸਵੇਰ ਦੀ ਸੈਰ ਕਰਨ ਨਾਲ ਬੰਦਾ ਸਾਰਾ ਦਿਨ ਤਾਜ਼ਾ-ਤਾਜ਼ਾ ਅਨੁਭਵ ਕਰਦਾ ਹੈ। ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਚਿਹਰੇ ਦੀ ਰੌਣਕ ਵਧਦੀ ਹੈ। ਸਾਰਾ ਦਿਨ ਸੁਸਤੀ ਨਹੀਂ ਪੈਂਦੀ। ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ। ਵਾਤਾਵਰਨ ਵਿੱਚ ਬਹੁਤ ਹੀ ਤਾਜ਼ੀ ਹਵਾ ਹੁੰਦੀ ਹੈ।

ਬੱਚਿਆਂ ਲਈ ਸਵੇਰ ਦੀ ਸੈਰ ਇੱਕ ਟਾਨਿਕ ਵਰਗੀ ਹੁੰਦੀ ਹੈ। ਜੇਕਰ ਬੱਚੇ ਸਵੇਰ ਦੀ ਸੈਰ ਕਰਨ ਤਾਂ ਉਨ੍ਹਾਂ ਦੀ ਯਾਦਸ਼ਕਤੀ ਤੇਜ਼ ਰਹਿੰਦੀ ਹੈ। ਬੱਚਿਆਂ ’ਚ ਹੋਰ ਵੀ ਵੱਧ ਚੁਸਤੀ ਆਉਂਦੀ ਹੈ। ਜੋ ਲੋਕ ਸਵੇਰ ਦੀ ਸੈਰ ਨਿਯਮਿਤ ਕਰਦੇ ਹਨ ਉਨ੍ਹਾਂ ਨੂੰ ਬਿਮਾਰੀਆਂ ਵੀ ਬਹੁਤ ਘੱਟ ਲੱਗਦੀਆਂ ਹਨ। ਅਸੀਂ ਦੇਖਿਆ ਹੈ ਕਿ ਜੋ ਸਵੇਰ ਦੀ ਸੈਰ ਕਰਦੇ ਹਨ ਉਹ ਕਦੇ ਵੀ ਬਜ਼ੁਰਗ ਜਿਹੇ ਨਹੀਂ ਲੱਗਦੇ ਹਾਲਾਂਕਿ ਉਨ੍ਹਾਂ ਦੀ ਉਮਰ ਚਾਹੇ ਸੱਤਰ ਸਾਲ ਹੋਵੇ। ਚੱਲੋ ਜਿੰਮ ਵੀ ਜਾਓ, ਪਰ ਜੋ ਨਜ਼ਾਰਾ ਸਵੇਰ ਦੀ ਸੈਰ ਦਾ ਹੁੰਦਾ ਹੈ ਉਹ ਜਿੰਮ ਜਾ ਕੇ ਨਹੀਂ ਮਿਲ ਸਕਦਾ ।ਜਿੰਮ ਵਿੱਚ ਅਸੀਂ ਬੰਦ ਕਮਰੇ ਵਿੱਚ ਵਰਜ਼ਿਸ਼ ਕਰਦੇ ਹਾਂ। ਉੱਥੇ ਦੇਖਿਆ ਗਿਆ ਹੈ ਕਿ ਨੌਜਵਾਨ ਆਪਣੇ ਵਜਨ ਨਾਲੋਂ ਜ਼ਿਆਦਾ ਭਾਰ ਚੁੱਕਦੇ ਹਨ ਫਿਰ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਵਿੱਚ ਨੁਕਸ ਵੀ ਆ ਜਾਂਦਾ ਹੈ।

ਸੋ ਜਿੰਨਾ ਵੀ ਹੋ ਸਕਦਾ ਹੈ ਸਵੇਰ ਦੀ ਸੈਰ ਕਰੋ ਕਿਉਂਕਿ ਸਵੇਰ ਦੀ ਸੈਰ ਕਰਨ ਨਾਲ ਬਿਮਾਰੀਆਂ ਸਰੀਰ ਨੂੰ ਨਹੀਂ ਚਿੰਬੜਦੀਆਂ। ਵਾਤਾਵਰਨ ’ਚ ਇਨਸੂਲਿਨ ਵੀ ਹੁੰਦੀ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਟਾਨਿਕ ਹੁੰਦੀ ਹੈ। ਇਹ ਇਨਸੂਲਿਨ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਹੀ ਵਾਤਾਵਰਨ ਵਿੱਚ ਹੁੰਦੀ ਹੈ ਇਹ ਪਰਮਾਤਮਾ ਦਾ ਇੱਕ ਤਰ੍ਹਾਂ ਤੋਹਫਾ ਹੈ। ਅਸੀਂ ਪਾਰਕਾਂ ਵਿੱਚ ਸੈਰ ਕਰਦੇ ਹਾਂ ਤਾਂ ਉੱਥੇ ਤਰ੍ਹਾਂ-ਤਰ੍ਹਾਂ ਦੇ ਫੁੱਲ ਦੇਖ ਕੇ ਚਿਹਰਾ ਖਿੜ ਉੱਠਦਾ ਹੈ। ਨਕਾਰਾਤਮਕ ਸੋਚ ਖ਼ਤਮ ਹੁੰਦੀ ਹੈ। ਸਕਾਰਾਤਮਕ ਵਿਚਾਰ ਦਿਮਾਗ ਵਿੱਚ ਆਉਂਦੇ ਹਨ। ਆਓ! ਅਸੀਂ ਪ੍ਰਣ ਕਰੀਏ ਕਿ ਅਸੀਂ ਸਵੇਰ ਦੀ ਸੈਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ।
ਸੰਜੀਵ ਸਿੰਘ ਸੈਣੀ, ਮੋਹਾਲੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ