ਮਾਂ ਦੀਆਂ ਚਾਰ ਬੁੱਕਲਾਂ

ਮਾਂ ਦੀਆਂ ਚਾਰ ਬੁੱਕਲਾਂ

ਮੇਰੇ ਪੇਕਿਆਂ ਤੋਂ ਜਦ ਵੀ ਕੋਈ ਵੇਲੇ-ਕੁਵੇਲੇ ਫੋਨ ਆਉਂਦਾ ਮੇਰੀ ਜਾਨ ਹੀ ਨਿੱਕਲ ਜਾਂਦੀ ਮੈਨੂੰ ਲੱਗਦਾ ਕਿਤੇ ਮੇਰੀ ਮਾਂ ਨੂੰ ਨਾ ਕੁੱਝ ਹੋ ਗਿਆ ਹੋਵੇ ਉਹ ਅੰਦਾਜਨ ਅੱਠ ਦਹਾਕੇ ਭੋਗ ਚੁੱਕੀ ਸੀ। ਹੁਣ ਉਹ ਕਈ ਸਾਲਾਂ ਤੋਂ ਮੰਜੇ ’ਤੇ ਹੀ ਪਈ ਸੀ ਬੱਸ ਕੰਧ ਨੂੰ ਹੱਥ ਪਾ ਕੇ ਆਵਦਾ ਨਿੱਤ-ਨੇਮ ਦਾ ਡੰਗ ਸਾਰ ਲੈਂਦੀ ਸੀ ਇਸ ਕਰਕੇ ਮੈਂ ਮਾਂ ਕੋਲ ਪੰਦਰਾਂ-ਵੀਹ ਦਿਨਾਂ ਤੋਂ ਗੇੜਾ ਮਾਰ ਹੀ ਲੈਂਦੀ ਸੀ ਉਹ ਹਮੇਸ਼ਾ ਦੀ ਤਰ੍ਹਾਂ ਮੈਨੂੰ ਉਡੀਕਦੀ ਮਿਲਦੀ ਜਦੋਂ ਮੈਂ ਜਾਂਦੀ ਮੈਨੂੰ ਆਪਣੀ ਬੁੱਕਲ ’ਚ ਲੈ ਲੈਂਦੀ, ਮੇਰਾ ਸਿਰ ਪਲੋਸਦੀ, ਪਿਆਰ ਕਰਦੀ ਅਤੇ ਆਪਣੇ ਮੰਜੇ ’ਤੇ ਹੀ ਬਿਠਾ ਲੈਂਦੀ।

’ਵਾਜਾਂ ਮਾਰ-ਮਾਰ ਕੇ ਮੇਰੇ ਖਾਣ-ਪੀਣ ਨੂੰ ਮੰਗਵਾਉਂਦੀ ਮੇਰੇ ਨਾਲ ਬੀਤੇ ਸਮੇਂ ਦੀਆਂ ਗੱਲਾਂ ਛੇੜ ਲੈਂਦੀ ਉਹ ਆਵਦੇ ਵੇਲੇ ਦੀਆਂ ਔਖਾਂ ਅਤੇ ਅੱਜ-ਕੱਲ੍ਹ ਦੀਆਂ ਸੌਖਾਂ ਬਾਰੇ ਦੱਸਦੀ ਕਿ ਕਿਵੇਂ ਸਵੇਰ ਦੀ ਚੱਕੀ ਝੋਣ ਤੋਂ ਲੈ ਕੇ ਰਾਤ ਦੀ ਰੋਟੀ-ਟੁੱਕ ਤੱਕ ਉਹ ਖਿੜੇ ਮੱਥੇ ਦਮ-ਦਮ ਕੰਮ ਕਰਦੀ ਸੀ। ਸਾਡੀਆਂ ਜਨਮ ਤਾਰੀਖਾਂ ਤਾਂ ਉਸ ਨੂੰ ਯਾਦ ਨਹੀਂ ਸੀ ਬੱਸ ਇਹੀ ਦੱਸਦੀ ਕਿ ਜਦੋਂ ਤੇਰਾ ਵੱਡਾ ਭਰਾ ਹੋਇਆ ਸੀ ਉਦੋਂ ਹੜ੍ਹਾਂ ਦਾ ਪੂਰਾ ਜੋਰ ਸੀ, ਤੂੰ ਤਾਂ ਚਾਰ ਕੁ ਦਿਨਾਂ ਦੀ ਸੀ ਜਦੋਂ ਕਾਲੀਬੋਲੀ ਆਈ ਸੀ। ਉਹ ਸਾਡੇ ਬਚਪਣ ਦੀਆਂ ਗੱਲਾਂ ਯਾਦ ਕਰਕੇ ਕਦੇ ਹੱਸਦੀ, ਕਦੇ ਮੇਰੇ ਪਿਓ ਨੂੰ ਅਤੇ ਆਵਦੇ ਵਿੱਛੜ ਚੁੱਕੇ ਭੈਣ-ਭਰਾਵਾਂ ਨੂੰ ਯਾਦ ਕਰਕੇ ਰੋਣ ਲੱਗ ਜਾਂਦੀ।

ਕਈ ਵਾਰ ਮੈਨੂੰ ਕਹਿੰਦੀ, ‘‘ਧੀਏ, ਰੋਟੀ-ਕੱਪੜਾ ਤਾਂ ਜੇਲ੍ਹ ’ਚ ਕੈਦੀਆਂ ਨੂੰ ਵੀ ਮਿਲ ਜਾਂਦੈ, ਬੁਢਾਪੇ ’ਚ ਲੋੜ ਹੈ ਸਾਥ ਦੀ ਪਰ ਅੱਜ-ਕੱਲ੍ਹ ਤਾਂ ਕੋਈ ਆਪਸ ’ਚ ਨਹੀਂ ਬੋਲਦਾ ਮੇਰੇ ਨਾਲ ਤਾਂ ਕਿਸੇ ਨੇ ਕੀ ਗੱਲ ਕਰਨੀ ਐ। ਹਰੇਕ ਦੇ ਹੱਥ ਵਿਚ ਫੋਨ ਫੜਿਆ ਹੋਇਆ ਉਸੇ ’ਤੇ ਅੱਖਾਂ ਗੱਡੀ ਰੱਖਦੇ ਨੇ, ’ਕੱਲੇ ਹੱਸੀਂ ਜਾਂਦੇ ਨੇ ਸਾਡੇ ਵੇਲੇ ਤਾਂ ਇੰਜ ਕਰਨ ਵਾਲੇ ਨੂੰ ਕਹਿੰਦੇ ਸੀ, ਕਮਲਾ ਹੋ ਗਿਆ ਜਾਂ ਫਿਰ ਕੋਈ ਓਪਰੀ ਵਾਅ ਆਗੀ ਹੁਣ ਤਾਂ ਉਹ ਗੱਲ ਹੈ ਕਿ ਇੱਕ ਨੂੰ ਕੀ ਰੋਣੀ ਐ ਊਤ ਗਿਆ ਈ ਆਵਾ।ਰਾਤ ਨੂੰ ਮੈਂ ਤਾਂ ਸੌਂ ਜਾਂਦੀ ਪਰ ਮੇਰੀ ਮਾਂ ਜਾਗਦੀ ਰਹਿੰਦੀ ਕਦੇ ਮੇਰੇ ਸਿਰ ’ਤੇ ਹੱਥ ਫੇਰਦੀ, ਕਦੇ ਪੈਰ ਦੱਬਦੀ ਕਦੇ ਚਾਦਰ ਖੇਸ ਠੀਕ ਕਰਦੀ ਰਹਿੰਦੀ।

ਆਉਣ ਵੇਲੇ ਫੇਰ ਆਪਣੀ ਬੁੱਕਲ ’ਚ ਲੈ ਕੇ ਰੋਣ ਲੱਗ ਜਾਂਦੀ ਮੈਂ ਮਾਂ ਦੀਆਂ ਭਾਵਨਾਵਾਂ ਨੂੰ ਸਮਝਦੀ ਸੀ। ਉਹ ਇਕੱਲਤਾ ਦੀ ਮਾਰੀ ਪਈ ਸੀ ਘਰ ਦੀਆਂ ਕੰਧਾਂ ਉਸ ਨੂੰ ਖਾਣ ਨੂੰ ਆਉਂਦੀਆਂ ਸਨ ਭਰੇ ਪਰਿਵਾਰ ਵਿਚ ਵੀ ਉਹ ਡੌਰ-ਭੌਰ ਹੋਈ ਪਈ ਸੀ ਇਹੀ ਕਾਰਨ ਸੀ ਕਿ ਉਹ ਮੈਨੂੰ ਉਡੀਕਦੀ ਰਹਿੰਦੀ ਜਿਸ ਦਿਨ ਉਸ ਨੂੰ ਮੇਰੇ ਆਉਣ ਦਾਪਤਾ ਹੁੰਦਾ ਉਹ ਹੌਲੀ-ਹੌਲੀ ਤੁਰ ਕੇ ਦਰਵਾਜੇ ਦੀ ਦਹਿਲੀਜ਼ ਦੇ ਅੰਦਰ-ਬਾਹਰ ਪੀੜ੍ਹੀ ਡਾਹ ਕੇ ਬੈਠੀ ਹੁੰਦੀ ਮੈਂ ਮਾਂ ਨੂੰ ਸਮਝਾਉਂਦੀ ਕਿ ਤੂੰ ਕਿਉਂ ਔਖੀ ਹੋਈ ਆਉਣਾ ਤਾਂ ਮੈਂ ਅੰਦਰ ਹੀ ਸੀ ।

ਉਸ ਦਿਨ ਮਾਂ ਨੇ ਗੱਲਾਂ ਘੱਟ ਕੀਤੀਆਂ ਪਰ ਰੋਈ ਬਹੁਤਾ ਮੇਰੇ ਪੁੱਛਣ ’ਤੇ ਵੀ ਟਾਲ-ਮਟੋਲ ਕਰਦੀ ਰਹੀ। ਜਦ ਮੈਂ ਖਹਿੜੇ ਪੈ ਗਈ ਅਤੇ ਭਰੇ ਗਲੇ ਨਾਲ ਰੋਸਾ ਦਿਖਾਇਆ ਤਾਂ ਬੋਲੀ, ‘‘ਗੱਲ ਤਾਂ ਕੁਝ ਨਹੀਂ ਬੱਸ ਐਵੇਂ ਕਈ ਦਿਨਾਂ ਦਾ ਮਨ ਉੱਛਲ-ਉੱਛਲ ਆਉਂਦਾ, ਮੈਂ ਸੋਚਦੀ ਹਾਂ ਜੇ ਮੈਨੂੰ ਕੁੱਝ ਹੋ ਗਿਆ ਤਾਂ ਤੂੰ ਰੋਂਦੀ ਆਂਵੇਗੀ… ਤੈਨੂੰ ਕੌਣ ਚੁੱਪ ਕਰਾਊ… ਤੂੰ ਰੋਈਂ ਨਾ…. ਮੈਂ ਤਾਂ ਹੁਣ ਜਾਣਾ ਹੀ ਹੈ ਧੀਏ… ਉਮਰ ਭੋਗੀ ਬੈਠੀ ਹਾਂ… ਮਾਂ ਦੀ ਗੱਲ ਸੁਣ ਕੇ ਮੈਂ ਅੰਦਰ ਤੱਕ ਕੰਬ ਗਈ, ਮੇਰੇ ਅੰਦਰੋਂ ਹੂਕ ਨਿੱਕਲੀ ਪਰ ਮੈਂ ਆਪਣੇ ਹਾਵ-ਭਾਵ ਚਿਹਰੇ ’ਤੇ ਨਾ ਆਉਣ ਦਿੱਤੇ ਅਤੇ ਮਾਂ ਨੂੰ ਗਲਵੱਕੜੀ ਪਾ ਕੇ ਕਿਹਾ, ‘‘ਮਾਂ ਅਜਿਹੀਆਂ ਗੱਲਾਂ ਨਾ ਸੋਚਿਆ ਕਰ ਤੂੰ, ਕੁੱਝ ਨਹੀਂ ਹੋਣ ਲੱਗਾ ਤੈਨੂੰ।’’ ਗੱਲਾਂ-ਗੱਲਾਂ ਵਿਚ ਮਾਂ ਤਾਂ ਸਹਿਜ਼ ਹੋ ਗਈ ਪਰ ਮੈਂ ਸੋਚੀ ਜਾਵਾਂ, ਰੱਬਾ ਕੀ ਸ਼ੈਅ ਬਣਾਈ ਹੈ ਤੂੰ ‘ਮਾਂ’ ਜਿਸ ਨੂੰ ਆਵਦੇ ਮਰਨ ਦਾ ਦੁੱਖ ਨਹੀਂ ਸਗੋਂ ਮੇਰੇ ਰੋਣ ਦਾ ਫ਼ਿਕਰ ਲੱਗਾ ਹੋਇਆ।ਫੇਰ ਉਹੀ ਹੋਇਆ

ਜਿਸ ਦਾ ਡਰ ਸੀ ਇੱਕ ਦਿਨ ਸੁਨੇਹਾ ਆਇਆ ਕਿ ਮਾਂ ਤਾਂ ਪੂਰੀ ਹੋ ਗਈ ਮੈਂ ਬਹੁਤ ਰੋਈ ਮੈਨੂੰ ਪਹਿਲੀ ਵਾਰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਪੱਤੇ ਕਿਵੇਂ ਕੰਬਦੇ ਨੇ ਭੋਗ ਪੈਣ ਤੋਂ ਆਉਣ ਵੇਲੇ ਤੱਕ ਮੇਰੀ ਮਾਂ ਮੈਨੂੰ ਬਹੁਤ ਯਾਦ ਆਈ ਉਸ ਦਾ ਮੈਨੂੰ ਉਡੀਕਣਾ, ਬੁੱਕਲ ’ਚ ਲੈਣਾ, ਅੱਖਾਂ ਭਰ ਕੇ ਮੇਰੇ ਵੱਲ ਵੇਖਣਾ, ਮੁੱਠੀ ਵਿਚ ਸ਼ਗਨ ਦੇਣਾ, ਉਸ ਦੀ ਨਿੱਘੀ ਛੋਹ ਅਤੇ ਉਸ ਦਾ ਜਲਦੀ ਗੇੜਾ ਮਾਰਨ ਲਈ ਕਹਿਣਾ ਆਦਿ ਮਾਂ ਤੋਂ ਬਿਨਾ ਮੈਨੂੰ ਸਾਰੇ ਓਪਰੇ-ਓਪਰੇ ਲੱਗਦੇ, ਘਰ ਸੁੰਨਾ-ਸੁੰਨਾ ਅਤੇ ਉਦਾਸ ਲੱਗਦਾ। ਇੱਕ ਕਿੱਲੇ ’ਤੇ ਮਾਂ ਦੀ ਖੂੰਡੀ ਟੰਗੀ ਪਈ ਸੀ ਅਤੇ ਦੂਜੀ ’ਤੇ ਮਾਲਾ ਕਦੇ ਮੈਨੂੰ ਮਾਂ ਮਾਲਾ ਫੇਰਦੀ ਦਿਸਦੀ ਕਦੇ ਖੁੰਡੀ ਨਾਲ ਤੁਰਦੀ ਦਿਸਦੀ।

ਭੋਗ ਪੈਣ ਤੋਂ ਬਾਅਦ ਮੈਂ ਆਪਣੇ ਘਰ ਵਾਪਸ ਆ ਗਈ ਅਤੇ ਨਾਲ ਲੈ ਆਈ ਮਾਂ ਦੀ ਮਿੱਠੀ ਯਾਦ।ਕੁੱਝ ਦਿਨਾਂ ਬਾਅਦ ਹੀ ਮੇਰਾ ਭਰਾ ਮੈਨੂੰ ਲੈਣ ਆ ਗਿਆ ਮੈਂ ਅੰਦਰ-ਬਾਹਰ ਵੜਦੀ ਫਿਰਾਂ। ਮੈਂ ਕਿਵੇਂ ਆਖਾਂ, ਵੀਰਾ ਮੈਂ ਨਹੀਂ ਜਾਣਾ ਓਸ ਘਰੇ , ਉੱਥੇ ਮੇਰਾ ਕੀ ਹੈ ਹੁਣ? ਮਾਂ ਦਾ ਖ਼ਾਲੀ ਕਮਰਾ, ਖ਼ਾਲੀ ਮੰਜਾ ਮੇਰੇ ਤੋਂ ਵੇਖ ਨਹੀਂ ਹੋਣਾ। ਮੈਂ ਰੋਂਦੀ ਹੋਈ ਆਪਣੇ ਵੀਰ ਨਾਲ ਆ ਗਈ ਸਾਰੇ ਰਸਤੇ ਮੇਰੀ ਅੱਖ ਨਾ ਸੁੱਕੀ… ਜਿਵੇਂ-ਜਿਵੇਂ ਘਰ ਨੇੜੇ ਆਈ ਗਿਆ ਮੇਰਾ ਰੋਣਾ ਹੌਕਿਆਂ ’ਚ ਬਦਲਦਾ ਗਿਆ… ਹੰਝੂਆਂ ਨਾਲ ਭਰੀਆਂ ਅੱਖਾਂ ਵਿਚੋਂ ਮੈਨੂੰ ਮਾਂ ਦੇ ਝੌਲੇ ਪਈ ਗਏ ਜਦੋਂ ਮੈਂ ਘਰੇ ਵੜੀ ਮੇਰੀ ਵੱਡੀ ਭਾਬੀ ਨੇ ਭੱਜ ਕੇ ਮੈਨੂੰ ਆਪਣੀ ਬੁੱਕਲ ’ਚ ਲੈ ਲਿਆ।

ਫੇਰ ਦੂਜੀ ਨੇ, ਤੀਜੀ ਨੇ ਅਤੇ ਬਾਅਦ ਵਿਚ ਛੋਟੀ ਨੇ ਸਾਰੀਆਂ ਨੇ ਮੈਨੂੰ ਚੁੱਪ ਕਰਾਇਆ, ਪਿਆਰ ਕੀਤਾ, ਹੌਂਸਲਾ ਦਿੱਤਾ ਮਾਂ ਦੀਆਂ ਗੱਲਾਂ ਕਰਦੀਆਂ ਰਹੀਆਂ ਜਿਸ ਕਮਰੇ ਵਿਚ ਮਾਂ ਇਕੱਲੀ ਬੈਠੀ ਰਹਿੰਦੀ ਸੀ, ਅੱਜ ਉਸ ਕਮਰੇ ਵਿਚ ਮੇਰੇ ਭਰਾ-ਭਰਜਾਈਆਂ ਅਤੇ ਭਤੀਜੇ-ਭਤੀਜੀਆਂ ਸਾਰੇ ਮੇਰੇ ਕੋਲ ਬੈਠੇ ਸਨ। ਅਜਿਹੀ ਰੌਣਕ ਨੂੰ ਮੇਰੀ ਮਾਂ ਤਰਸਦੀ ਮਰ ਗਈ।ਵਾਪਸੀ ’ਤੇ ਮੇਰਾ ਮਨ ਸ਼ਾਂਤ ਸੀ ਬੇਸ਼ੱਕ ਮਾਂ ਦੀ ਬੁੱਕਲ ਨਹੀਂ ਸੀ ਰਹੀ ਪਰ ਮੈਨੂੰ ਭਾਬੀਆਂ ਦੀਆਂ ਚਾਰ ਬੁੱਕਲਾਂ ’ਚੋਂ ਮਾਂ ਦੀ ਬੁੱਕਲ ਵਰਗਾ ਹੀ ਪਿਆਰ ਅਤੇ ਸਹਾਰਾ ਮਿਲਿਆ ਸੀ

ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜਦ ਤੱਕ ਬਜ਼ੁਰਗਾਂ ਦਾ ਸਾਇਆ ਸਿਰ ’ਤੇ ਹੁੰਦਾ ਹੈ, ਬੱਚੇ ਆਪਣੇ ਫ਼ਰਜਾਂ ਅਤੇ ਜ਼ਿੰਮੇਵਾਰੀਆਂ ਤੋਂ ਅਵੇਸਲੇ ਰਹਿੰਦੇ ਹਨ ਤੇ ਜਦੋਂ ਉਨ੍ਹਾਂ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ ਤਾਂ ਸਾਰਿਆਂ ਨੂੰ ਆਪਣੇ ਫ਼ਰਜ ਅਤੇ ਜ਼ਿੰਮੇਵਾਰੀਆਂ ਨਿਭਾਉਣੀਆਂ ਯਾਦ ਆ ਜਾਂਦੀਆਂ ਹਨ ਕਾਸ਼! ਇਹ ਸਭ ਉਨ੍ਹਾਂ ਦੇ ਜਿਉਂਦੇ ਜੀ ਹੁੰਦਾ ਹੋਵੇ ਤਾਂ ਬਜੁਰਗਾਂ ਨੂੰ ਆਪਣਾ ਬੁਢਾਪਾ ਬੋਝ ਨਾ ਲੱਗੇ ਅਤੇ ਨਾ ਹੀ ਕੋਈ ਬਜ਼ੁਰਗ ਮੇਰੀ ਮਾਂ ਵਾਂਗੂੰ ਕਿਸੇ ਅਜਿਹੇ ਫ਼ਿਕਰ ਵਿਚ ਜਾਵੇ ਕਿ ਮੇਰੀ ਰੋਂਦੀ ਧੀ ਨੂੰ ਚੁੱਪ ਕੌਣ ਕਰਾਉਗਾ…।

ਮਨਜੀਤ ਕੌਰ ਬਰਾੜ, ਗਿੱਦੜਬਾਹਾ

ਮੋ. 82888-42066

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।