ਪੰਜਾਬ

ਮੇਰਾ ਪਿੰਡ ਮੇਰੀ ਸ਼ਾਨ ਮੁਹਿੰਮ ਤਹਿਤ ਹਿੰਮਤਪੁਰਾ ਕਲੱਬ ਨੇ ਬਾਜ਼ੀ ਮਾਰੀ

Village Campaign Himmatpura

ਅੱਵਲ ਕਾਰਗੁਜ਼ਾਰੀ ਲਈ ਗ੍ਰਾਮ ਸੇਵਕ ਪਰਮਜੀਤ ਭੁੱਲਰ ਸਨਮਾਨਿਤ

ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼

ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀ ਕਲਾਂ ਦੇ ਨੌਜਵਾਨ ਪੇਂਡੂ ਵਿਕਾਸ ਅਫਸਰ (ਗ੍ਰਾਮ ਸੇਵਕ) ਪਰਮਜੀਤ ਭੁੱਲਰ ਨੂੰ ਪੰਜਾਬ ਸਰਕਾਰ ਨੇ ਸਲੂਟ ਮਾਰਿਆ ਹੈ ਇਸ ਹਿੰਮਤੀ ਨੌਜਵਾਨ ਨੇ ਪਿੰਡ ਵਾਸੀਆਂ ਨੂੰ ਪ੍ਰੇਰਣਾ ਦੇ ਕੇ ਪਿੰਡ ਹਿੰਮਤਪੁਰਾ ਦੀ ਨੁਹਾਰ ਬਦਲਣ ‘ਚ ਸਫਲਤਾ ਹਾਸਲ ਕੀਤੀ ਤੇ ਹੋਰਨਾਂ ਲਈ ਪ੍ਰੇਰਣਾ ਸਰੋਤ ਬਣ ਗਿਆ ਹੈ ਗੌਰਤਲਬ ਹੈ ਕਿ ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੀ ‘ਮੇਰਾ ਪਿੰਡ ਮੇਰੀ ਸ਼ਾਨ’ ਮੁਹਿੰਮ ਤਹਿਤ ਸਰਵੇਖਣ ਕਰਵਾਇਆ ਗਿਆ ਸੀ ਸਾਫ ਸਫਾਈ ਪੱਖਂੋ ਸੋਹਣਾ ਪਿੰਡ ਬਣਾਉਣ ਦੇ ਮਾਮਲੇ ‘ਚ ਪਿੰਡ ਹਿੰਮਤਪੁਰਾ ਦਾ ਬਾਬਾ ਅਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਬਾਜੀ ਮਾਰਨ ‘ਚ ਸਫਲ ਰਿਹਾ ਇਸੇ ਅਧਾਰ ‘ਤੇ ਪਿੰਡ ਦੇ ਗ੍ਰਾਮ ਸੇਵਕ ਪਰਮਜੀਤ ਭੁੱਲਰ ਨੂੰ ਵੀ ਜ਼ਿਲ੍ਹੇ ‘ਚੋਂ ਵਧੀਆ ਕਾਰਗੁਜ਼ਾਰੀ ਬਦਲੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸਨਮਾਨਿਆ ਤੇ ਪ੍ਰਸੰਸਾ ਕੀਤੀ ਹੈ। ਜਦੋਂ ਪਰਮਜੀਤ ਭੁੱਲਰ ਹਿੰਮਤਪੁਰਾ ‘ਚ ਨਿਯੁਕਤ ਹੋਇਆ ਤਾਂ ਉਦੋਂ ਇਹ ਪਿੰਡ ਵੀ ਆਮ ਪਿੰਡਾਂ ਵਰਗਾ ਹੀ ਸੀ।

ਉਸ ਨੇ ਪਿੰਡ ਦੀ ਨੁਹਾਰ ਬਦਲਣ ਦੀ ਠਾਣ ਲਈ ਤੇ ਆਪਣੀ ਯੋਜਨਾ ਦਾ ਖੁਲਾਸਾ ਯੁਵਕ ਸੇਵਾਵਾਂ ਕਲੱਬ ਤੇ ਪੰਚਾਇਤ ਕੋਲ ਕੀਤਾ ਹਾਲਾਂਕਿ ਸ਼ੁਰੂਆਤੀ ਦੌਰ ‘ਚ ਪਿੰਡ ਵਾਸੀਆਂ ਨੂੰ ਸਫਲਤਾ ਪ੍ਰਤੀ ਸ਼ੱਕ ਸੀ ਪਰ ਭੁੱਲਰ ਨੇ ਆਸ ਦਾ ਪੱਲਾ ਨਾ ਛੱਡਿਆ ਉਸ ਨੇ ਪੰਚਾਇਤ ਤੇ ਕਲੱਬ ਮੈਂਬਰਾਂ ਨੂੰ ਵਿਕਸਿਤ ਪਿੰਡਾਂ ਬਾਰੇ ਜਾਣਕਾਰੀ ਦਿੱਤੀ ਦੱਸਦੇ ਹਨ ਕਿ ਉਹ ਆਪਣੇ ਸ਼ੌਕ ਤੇ ਜਨੂੰਨ ਤਹਿਤ ਪਿੰਡ ਦੇ ਪਤਵੰਤੇ ਲੋਕਾਂ ਨੂੰ ਕੁਝ ਵਿਕਸਤ ਪਿੰਡ ਦਿਖਾ ਕੇ ਵੀ ਲਿਆਇਆ ਬੱਸ ਫਿਰ ਕੀ ਸੀ ਉਸ ਮਗਰੋਂ ਤਾਂ ਕਲੱਬ ਮੈਂਬਰ ਤੇ ਪਿੰਡ ਵਾਸੀ ਇੱਕ ਮੋਰੀ ਨਿਕਲ ਗਏ ਕਲੱਬ ਤੇ ਪਿੰਡ ਵਾਸੀਆਂ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਹਿੰਮਤਪੁਰਾ ਬਠਿੰਡਾ ਜ਼ਿਲ੍ਹੇ ਦੀ ਸ਼ਾਨ ਮੰਨਿਆ ਜਾਂਦਾ ਹੈ ਸਭ ਤੋਂ ਪਹਿਲਾਂ ਹਿੰਮਤਪੁਰਾ ਦੀ ਪੰਚਾਇਤ ਨੇ ਗ੍ਰਾਮ ਸਭਾ ਦੇ ਆਮ ਇਜਲਾਸ ‘ਚ ਸ਼ਹਿਰੀਕਰਨ ਦੀ ਤਰਜ਼ ‘ਤੇ ਪਿੰਡ ਦਾ ਵਿਕਾਸ ਕਰਨ ਦਾ ਫੈਸਲਾ ਕੀਤਾ ਤੇ ਆਪਣੇ ਮਸਲਿਆਂ ਦੇ ਹੱਲ ਲਈ ਪਿੰਡ ਨੂੰ ਆਦਰਸ਼ ਪਿੰਡ ਬਣਾਉਣ ਦਾ ਸੁਫ਼ਨਾ ਲਿਆ ਪਿੰਡ ਦੀ ਤੱਤਕਾਲੀ ਮਹਿਲਾ ਸਰਪੰਚ ਮਲਕੀਤ ਕੌਰ ਨੇ ਪਿੰਡ ਦੇ ਲੋਕਾਂ ਨੂੰ ‘ਸਵੱਛ ਭਾਰਤ ਮੁਹਿੰਮ’ ਤਹਿਤ ਪਿੰਡ ਨੂੰ ਸਾਫ ਸੁਥਰਾ ਰੱਖਣ ਦੀ ਸਹੁੰ ਚਕਾਈ, ਜਿਸ ‘ਤੇ ਲੋਕ ਹੁਣ ਵੀ ਪਹਿਰਾ ਦੇ ਰਹੇ ਹਨ।

ਪਿੰਡ ਦੇ ਹਰ ਗਲੀ ਮੁਹੱਲੇ ‘ਚ ਹਰੇ ਤੇ ਨੀਲੇ ਰੰਗ ਦੇ ਕੂੜੇਦਾਨ ਰੱਖੇ ਗਏ ਹਨ ਇਨ੍ਹਾਂ ‘ਚੋਂ ਇੱਕ ਕੂੜੇਦਾਨ ‘ਚ ਸਿਰਫ਼ ਪਲਾਸਟਿਕ ਦੇ ਲਿਫਾਫੇ ਪਾਏ ਜਾਂਦੇ ਹਨ ਜਦੋਂਕਿ ਬਾਕੀ ਕੂੜਾ ਦੂਸਰੇ ਕੂੜੇਦਾਨ ‘ਚ ਪਾਇਆ ਜਾਂਦਾ ਹੈ ਕਲੱਬ ਦੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਦਾ ਕਹਿਣਾ ਸੀ ਕਿ ਪੰਚਾਇਤ ਤੇ ਕਲੱਬ ਦੇ ਸਾਂਝੇ ਉਪਰਲਿਆਂ ਸਦਕਾ ਸਫਾਈ ਪੱਖੋਂ ਪਿੰਡ ਨੂੰ ਸਾਫ ਸੁਥਰਾ ਬਣਾਇਆ ਗਿਆ ਹੈ ਕਲੱਬ ਮੈਂਬਰ ਹਰ ਹਫਤੇ ਗਲੀਆਂ ਨਾਲੀਆਂ ਦੀ ਸਫਾਈ ਕਰਦੇ ਹਨ ਤੇ ਮੱਖੀਆਂ ਤੇ ਮੱਛਰ ਮਾਰਨ ਲਈ ਦਵਾਈ ਛਿੜਕੀ ਜਾਂਦੀ ਹੈ ।

ਭਗਤ ਪੂਰਨ ਸਿੰਘ ਪਾਰਕ ਦੀਆਂ ਕੰਧਾਂ ‘ਤੇ ਪੰਜਾਬੀ ਭਾਸ਼ਾ, ਕਿਸਾਨ ਖੁਦਕੁਸ਼ੀਆਂ ਦੀ ਰੋਕਥਾਮ, ਪਾਣੀ ਦੀ ਦੁਰਵਰਤੋਂ ਰੋਕਣ, ਭਰੂਣ ਹੱਤਿਆ, ਦਾਜ, ਅਲੋਪ ਹੋ ਰਹੀਆਂ ਪੰਛੀਆਂ ਦੀਆਂ ਨਸਲਾਂ ਦੀ ਰਾਖੀ , ਪੰਜਾਬੀ ਵਿਰਸੇ ਦੀ ਝਲਕ ਅਤੇ ਸਫਾਈ ਕਰਨ ਦਾ ਸੁਨੇਹਾ ਦੇਣ ਵਾਲੇ ਚਿਤਰ ਬਣਾਏ ਗਏ ਹਨ ਜਲ ਸਪਲਾਈ ਵਿਭਾਗ ਵੱਲੋਂ ਹਰ ਘਰ ਵਿੱਚ ਪਖਾਨਾ ਹੋਣ ਤੇ ਜਨਤਕ ਪਖਾਨਿਆਂ ਦੀ ਸਹੂਲਤ ਦੇਣ ਕਰਕੇ ਓਡੀਐਫ ਕਰਾਰਿਆ ਜਾ ਚੁੱਕਾ ਹੈ ਪਿੰਡ ‘ਚ ਪ੍ਰਗਤੀਸ਼ੀਲ ਇਸਤਰੀ ਸਭਾ ਵੀ ਬਣੀ ਹੋਈ ਹੈ ਪਿੰਡ ਹਿੰਮਤਪੁਰਾ ਨੂੰ ਪੰਚਾਇਤ ਦਿਵਸ ਮੌਕੇ ਕੇਂਦਰ ਸਰਕਾਰ ਤਰਫੋਂ ਵੀ ਸਨਮਾਨ ਮਿਲ ਚੁੱਕਿਆ ਹੈ ਕਲੱਬ ਦੇ ਆਗੂ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਹਿੰਮਤਪੁਰਾ ਵਿੱਚ ਗਾਲ੍ਹ ਕੱਢਣ ਦੀ ਮਨਾਹੀ ਕੀਤੀ ਹੋਈ ਹੈ ਤੇ ਅਜਿਹਾ ਕਰਨ ਵਾਲੇ ਨੂੰ ਜੁਰਮਾਨੇ ਦੀ ਵਿਵਸਥਾ ਹੈ ਉਨ੍ਹਾਂ ਦੱਸਿਆ ਕਿ ਨਸ਼ਿਆਂ ਤੇ ਰੋਕ ਲਾਉਣ ਕਾਰਨ ਵੀ ਪਿੰਡ ‘ਚ ਕਦੇ ਕੋਈ ਲੜਾਈ ਝਗੜਾ ਨਹੀਂ ਹੁੰਦਾ ਹੈ ਕਲੱਬ ਮੈਂਬਰ ਸੁਖਪਾਲ ਸੁੱਖੀ ਨੇ ਦੱਸਿਆ ਕਿ ਪਿੰਡ ਦੀ ਨੁਹਾਰ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਬਦਲੀ ਹੈ ਉਨ੍ਹਾਂ ਦੱਸਿਆ ਕਿ ਪਿੰਡ ‘ਚ ਪਲਾਸਟਿਕ ਜਲਾਉਣ ‘ਤੇ ਪਾਬੰਦੀ ਲਗਾਈ ਹੈ ਤਾਂ ਜੋ ਪ੍ਰਦੂਸ਼ਣ ਪੈਦਾ ਹੋਣ ਤੋਂ ਰੋਕਿਆ ਜਾ ਸਕੇ ।

ਇਨਸਾਨੀ ਫਰਜ਼ ਨਿਭਾਇਆ

ਗ੍ਰਾਮ ਸੇਵਕ ਪਰਮਜੀਤ ਭੁੱਲਰ ਦਾ ਕਹਿਣਾ ਸੀ ਕਿ ਪਿੰਡ ਲਈ ਕੁਝ ਕਰਕੇ ਉਸ ਨੇ ਕਿਸੇ ‘ਤੇ ਕੋਈ ਅਹਿਸਾਨ ਨਹੀਂ ਕੀਤਾ ਸਗੋਂ ਆਪਣਾ ਇਨਸਾਨੀ ਫਰਜ਼ ਨਿਭਾਇਆ ਹੈ ਉਨ੍ਹਾਂ ਆਖਿਆ ਕਿ ਇਨ੍ਹਾਂ ਪ੍ਰਾਪਤੀਆਂ ਲਈ ਅਸਲ ‘ਚ ਸਨਮਾਨ ਦੇ ਹੱਕਦਾਰ ਸਮੂਹ ਪਿੰਡ ਵਾਸੀ ਹਨ ਜਿਨ੍ਹਾਂ ਨੇ ਅਸੰਭਵ ਸ਼ਬਦ ਨੂੰ ਦਰਕਿਨਾਰ ਕਰਕੇ ਹਰ ਚੀਜ਼ ਨੂੰ ਸੰਭਵ ਕਰ ਦਿਖਾਇਆ ਹੈ।

ਹਿੰਮਤਪੁਰਾ ਦੀ ਪੰਚਾਇਤ ਰਾਹ ਦਸੇਰਾ

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਠਿੰਡਾ ਸ੍ਰੀਮਤੀ ਸਾਕਸ਼ੀ ਸਾਹਨੀ ਦਾ ਕਹਿਣਾ ਸੀ ਕਿ ਆਮ ਤੌਰ ‘ਤੇ ਲੋਕ ਸਮਾਜਿਕ ਕੁਰੀਤੀਆਂ ਦੇ ਖਾਤਮੇ ਵੱਲ ਬਹੁਤੀ ਤਵੱਜੋ ਨਹੀਂ ਦਿੰਦੇ ਪਰ ਹਿੰਮਤਪੁਰਾ ਦੀ ਪੰਚਾਇਤ ਨਿਵੇਕਲੇ ਕਾਰਜਾਂ ਰਾਹੀਂ ਹੋਰਨਾਂ ਲਈ ਰਾਹ ਦਸੇਰਾ ਬਣੀ ਹੈ, ਜਿਸ ਦੀ ਸ਼ਲਾਘਾ ਕਰਨੀ ਬਣੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top