ਬੈਚੇਨੀ ਭਰੀ ਰਹੀ ਨਵਜੋਤ ਸਿੱਧੂ ਦੀ ਜੇਲ੍ਹ ਅੰਦਰ ਪਹਿਲੀ ਰਾਤ

Employees, Protest, Navjot Singh Sidhu

ਸਿੱਧੂ (Navjot Sidhu) ਦੀ ਲੱਕੜ ਦੇ ਤਖਤਪੋਸ ਅਤੇ ਗੱਦੇ ’ਤੇ ਬਹੁਤੀ ਨਾ ਲੱਗੀ ਅੱਖ

  • ਸਿੱਧੂ ਨੂੰ ਵੀ ਆਮ ਬੰਦੀਆਂ ਵਾਗ ਸਵੇਰੇ 5.30 ਵਜੇ ਉਠਾਇਆ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਬੰਦ ਨਵਜੋਤ ਸਿੰਘ ਸਿੱਧੂ ਦੀ ਪਹਿਲੀ ਰਾਤ ਬੇਚੈਨੀ ਭਰੀ ਰਹੀ। ਉਂਜ ਸਿੱਧੂ ਨਾਲ ਉਨ੍ਹਾਂ ਦੀ 10 ਨੰਬਰ ਵਾਰਡ ’ਚ ਚਾਰ ਕੈਦੀ ਹੋਰ ਪਾਏ ਗਏ ਹਨ। ਸਿੱਧੂ (Navjot Sidhu) ਨੂੰ ਸੌਣ ਲਈ ਕੇਂਦਰੀ ਜੇਲ੍ਹ ਵਿਚਲਾ ਹੀ ਬਣਿਆ ਲੱਕੜ ਦਾ ਤਖਤ ਪੋਸ ਅਤੇ ਗੱਦਾ ਮਿਲਿਆ ਹੈ। ਉਂਜ ਸਿੱਧੂ ਵੱਲੋਂ ਅੱਜ ਜੇਲ੍ਹ ਅੰਦਰ ਕੋਈ ਕੰਮ ਨਹੀਂ ਕੀਤਾ ਗਿਆ।

ਇਕੱਤਰ ਕੀਤੇ ਵੇਰਵਿਆਂ ਮੁਤਾਬਿਕ ਜੇਲ੍ਹ ਮੈਨੂਅਲ ਅਨੁਸਾਰ ਕੈਦੀਆਂ ਅਤੇ ਬੰਦੀਆਂ ਨੂੰ ਸਵੇਰੇ 5.30 ਵਜੇ ਉਠਾ ਦਿੱਤਾ ਜਾਂਦਾ ਹੈ ਅਤੇ ਇਸੇ ਕੜੀ ਤਹਿਤ ਹੀ ਨਵਜੋਤ ਸਿੱਧੂ ਨੂੰ ਵੀ ਸਵੇਰੇ ਉਠਾ ਦਿੱਤਾ ਗਿਆ। ਉਂਜ ਸਿੱਧੂ ਵੱਲੋਂ ਬੀਤੀ ਰਾਤ ਜੇਲ੍ਹ ’ਚ ਜਾਣ ਤੋਂ ਬਾਅਦ ਸ਼ਾਮ ਦਾ ਭੋਜਨ ਨਹੀਂ ਖਾਦਾ ਅਤੇ ਉਨ੍ਹਾਂ ਵੱਲੋਂ ਸਲਾਦ ਵਗੈਰਾ ਲਿਆ ਗਿਆ, ਜੋ ਕਿ ਉਹ ਨਾਲ ਲੈ ਕੇ ਗਏ ਸਨ।

ਸੂਤਰਾਂ ਅਨੁਸਾਰ ਨਜਵੋਤ ਸਿੱਧੂ ਨੂੰ ਜੇਲ੍ਹ ਅੰਦਰ ਪਹਿਲੀ ਰਾਤ ਬਹੁਤ ਔਖੀ ਲੰਘੀ ਅਤੇ ਉਹ ਬੈਚੇਨੀ ਦੇ ਆਲਮ ਵਿੱਚ ਰਹੇ ਅਤੇ ਬਹੁਤ ਘੱਟ ਸੌਂ ਸਕੇ। ਉਨ੍ਹਾਂ ਨਾਲ ਜੋ ਚਾਰ ਹੋਰ ਕੈਦੀ ਪਾਏ ਸਨ, ਸਿੱਧੂ ਵੱਲੋਂ ਉਨ੍ਹਾਂ ਨਾਲ ਵੀ ਗੱਲਾਂ-ਬਾਤਾਂ ਕੀਤੀਆਂ। ਸਿੱਧੂ ਵੱਲੋਂ ਰਾਤ ਨੂੰ ਇਕੱਲੇਪਣ ਰਾਹੀਂ ਆਪਣੇ ਚਿੱਤ ਨੂੰ ਸ਼ਾਂਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਦੇ ਵਾਰਡ ਵਿੱਚ ਟੀਵੀ ਅਤੇ ਕੇਬਲ ਦੀ ਵੀ ਸਹੂਲਤ ਹੈ। ਉਂਜ ਆਮ ਕੈਦੀਆਂ ਲਈ ਵੀ ਟੀਵੀ ਅਤੇ ਕੇਬਲ ਦੀ ਸੁਵਿਧਾ ਹੈ। ਸਾਰੀ ਜੇਲ੍ਹ ਦਾ ਕੇਬਲ ਨੈੱਟਵਰਕ ਰਾਤ 11 ਵਜੇ ਬੰਦ ਕਰ ਦਿੱਤਾ ਜਾਂਦਾ ਹੈ।

  • ਸਿੱਧੂ ਨੂੰ ਵੀ ਆਮ ਬੰਦੀਆਂ ਵਾਗ ਸਵੇਰੇ 5.30 ਵਜੇ ਉਠਾਇਆ

ਜੇਲ੍ਹ ਨਿਯਮਾਂ ਮੁਤਾਬਿਕ ਅੰਦਰ ਕੈਦੀਆਂ ਅਤੇ ਬੰਦੀਆਂ ਨੂੰ ਸਾਢੇ ਪੰਜ ਵਜੇ ਉਠਾਉਣ ਤੋਂ ਬਾਅਦ ਸਾਢੇ 6 ਵਜੇ ਚਾਹ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਖਾਣ ਨੂੰ ਬਿਸਕੁੱਟ ਦਿੱਤੇ ਜਾਂਦੇ ਹਨ। ਇਹ ਬਿਸਕੁੱਟ ਲੁਧਿਆਣਾ ਜੇਲ੍ਹ ਅੰਦਰ ਬਣੀ ਬਿਸਕੁਟਾਂ ਦੀ ਫੈਕਟਰੀ ਤੋਂ ਤਿਆਰ ਹੁੰਦੇ ਹਨ, ਜੋ ਕਿ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਮੁਹੱਈਆਂ ਕੀਤੇ ਜਾਂਦੇ ਹਨ। ਉਂਜ ਭਾਵੇਂ ਕਿ ਪਹਿਲਾਂ ਬੰਦੀਆਂ ਨੂੰ ਸਵੇਰੇ ਛੋਲੇ ਵੀ ਦਿੱਤੇ ਜਾਂਦੇ ਸਨ, ਪਰ ਮਹਿੰਗੇ ਹੋਣ ਕਾਰਨ ਇਹ ਪ੍ਰਥਾ ਪੰਜਾਬ ਦੀਆਂ ਜੇਲ੍ਹਾਂ ਵਿੱਚ ਕਈ ਸਾਲਾਂ ਤੋਂ ਬੰਦ ਹੋ ਚੁੱਕੀ ਹੈ। ਇਸ ਤੋਂ ਬਾਅਦ 7 ਤੋਂ ਸਾਢੇ ਸੱਤ ਵਜੇ ਤੱਕ ਸਵੇਰ ਦਾ ਭੋਜਨ ਦਿੱਤਾ ਜਾਂਦਾ ਹੈ, ਜਿਸ ਵਿੱਚ ਦਾਲ ਜਾਂ ਸਬਜੀ ਨਾਲ 7 ਰੋਟੀਆਂ ਦਿੱਤੀਆਂ ਜਾਂਦੀਆਂ ਹਨ। ਕੋਈ ਵੀ ਕੈਦੀ ਜਾਂ ਬੰਦੀ 7 ਰੋਟੀਆਂ ਤੋਂ ਵੱਧ ਨਹੀਂ ਲੈ ਸਕਦਾ।

ਆਮ ਕੈਦੀਆਂ ਨੂੰ 8 ਵਜੇ ਬਾਹਰ ਕੱਢ ਦਿੱਤਾ ਜਾਂਦਾ ਹੈ ਜੋ ਕਿ ਆਪਣਾ-ਆਪਣਾ ਦਿੱਤਾ ਹੋਇਆ ਕੰਮ ਕਰਦੇ ਹਨ। ਦੁਪਹਿਰ 12 ਵਜੇ ਮੁੜ ਬੰਦੀ ਹੋ ਜਾਂਦੀ ਹੈ ਅਤੇ ਢਾਈ ਤੋਂ ਤਿੰਨ ਵਜੇ ਤੱਕ ਚਾਹ ਦਾ ਸਮਾਂ ਹੁੰਦਾ ਹੈ ਅਤੇ ਦੁਪਹਿਰ ਦੀ ਰੋਟੀ ਨਹੀਂ ਦਿੱਤੀ ਜਾਂਦੀ। ਇਸ ਤੋਂ ਬਾਅਦ ਕੈਦੀ ਮੁੜ ਕੰਮ ’ਤੇ ਪਰਤਦੇ ਹਨ ਅਤੇ ਸ਼ਾਮ ਨੂੰ 5.30 ਤੋਂ 6 ਵਜੇ ਤੱਕ ਮੁੜ ਬੰਦੀ ਹੋ ਜਾਂਦੀ ਹੈ ਅਤੇ ਕੈਦੀ ਅਤੇ ਹਵਾਲਾਤੀ ਆਪਣੇ-ਆਪਣੇ ਟਿਕਾਣਿਆਂ ’ਤੇ ਪੁੱਜ ਜਾਂਦੇ ਹਨ। ਇਸੇ ਸਮੇਂ ਵਿੱਚ ਉਨ੍ਹਾਂ ਨੂੰ ਸ਼ਾਮ ਦਾ ਖਾਣਾ ਦੇ ਦਿੱਤਾ ਜਾਂਦਾ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਕੋਈ ਮੁਲਾਕਾਤ ਦਾ ਦਿਨ ਨਹੀਂ ਹੁੰਦਾ।

ਸਿੱਧੂ ਅਤੇ ਮਜੀਠੀਆ ਵਿਚਕਾਰ ਅੱਧਾ ਕਿਲੋਮੀਟਰ ਦਾ ਫਾਸਲਾ

ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਕੱਟੜ ਵਿਰੋਧੀ ਬਿਕਰਮ ਮਜੀਠੀਆ ਵੀ ਇਸੇ ਜੇਲ੍ਹ ’ਚ ਬੰਦ ਹਨ, ਪਰ ਉਨ੍ਹਾਂ ਨੂੰ ਆਪਸ ਵਿੱਚ ਮਿਲਣ ਲਈ ਘੁੰਮ ਕੇ ਆਉਣ ਲਈ ਲਗਭਗ ਅੱਧਾ ਕਿਲੋਮੀਟਰ ਦਾ ਪੈਂਡਾ ਹੈ। ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਮਜੀਠੀਆ ਨੂੰ ਜੇਲ੍ਹ ਪਹੰੁਚਾਉਣ ਵਿੱਚ ਸਿੱਧੂ ਦਾ ਵੱਡਾ ਹੱਥ ਸੀ, ਪਰ ਹੁਣ ਨਵਜੋਤ ਸਿੱਧੂ ਵੀ ਇਸੇ ਜੇਲ੍ਹ ’ਚ ਪੁੱਜ ਚੁੱਕੇ ਹਨ। ਮਜੀਠੀਆ ਦੇ ਹਮਾਇਤੀਆਂ ਵੱਲੋਂ ਸ਼ੋਸਲ ਮੀਡੀਆ ’ਤੇ ਸਿੱਧੂ ਖਿਲਾਫ਼ ਤੰਨਜ ਵੀ ਕਸੇ ਜਾ ਰਹੇ ਹਨ ਕਿ ਜਿਹੜਾ ਕਿਸੇ ਲਈ ਟੋਆ ਪੁੱਟਦਾ ਹੈ, ਉਸ ਨੂੰ ਖੁਦ ਵੀ ਉਸੇ ਟੋਏ ਵਿੱਚ ਡਿੱਗਣਾ ਪੈਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ