ਖੇਤੀਬਾੜੀ

ਬਰਸਾਤੀ ਪਾਣੀ ਨੂੰ ਸੰਭਾਲਣਾ ਸਮੇਂ ਦੀ ਮੁੱਖ ਲੋੜ

ਜਲ ਹੀ ਜੀਵਨ ਹੈ ਅਤੇ ਇਸ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਗੁਰੂ ਸਾਹਿਬਾਨਾਂ ਨੇ ਪਾਣੀ ਨੂੰ ਪਿਤਾ ਆਖ ਵਡਿਆਇਆ ਹੈ ਪਾਣੀ ਕੁਦਰਤ ਦਾ ਸਾਨੂੰ ਦਿੱਤਾ ਹੋਇਆ ਅਨਮੋਲ ਸਰਮਾਇਆ ਹੈ ਪਾਣੀ ਹੀ ਬਨਸਪਤੀ ਅਤੇ ਜੀਵਾਂ ਦੀ ਆਧਾਰਸ਼ਿਲਾ ਹੈ ਤੇ ਇਸਦੀ ਗੈਰ-ਮੌਜੂਦਗੀ ਜੀਵਾਂ ਲਈ ਸੰਕਟ ਹੋ ਨਿੱਬੜਦੀ ਹੈ ਪਾਣੀ ਦੀ ਉਪਲੱਬਧਤਾ 78 ਫੀਸਦੀ ਜਲ ਸਮੁੰਦਰਾਂ ‘ਚ ਹੈ ਤੇ ਜ਼ਮੀਨਦੋਜ਼ ਪਾਣੀ 2 ਫੀਸਦੀ ਹੈ, ਜੋ ਆਧੁਨਿਕ ਵਿਧੀਆਂ ਨਾਲ ਜ਼ਮੀਨ ‘ਚੋਂ ਪ੍ਰਾਪਤ ਕੀਤਾ ਜਾਦਾ ਹੈ ਬਦਲਦੇ ਮੌਸਮੀ ਮਿਜ਼ਾਜ ਅਤੇ ਅਬਾਦੀ ਦੇ ਭਾਰ ਨੇ ਇਸ ਜ਼ਮੀਨੀ ਪਾਣੀ ਨੂੰ ਢਾਹ ਲਾਈ ਹੈ ਉਦਯੋਗਾਂ, ਖੇਤੀਬਾੜੀ ਅਤੇ ਘਰੇਲੂ ਲੋੜਾਂ ਲਈ ਪਾਣੀ ਦੀ ਅੰਨ੍ਹੇਵਾਹ ਵਰਤੋਂ ਨੇ ਦੁਨੀਆਂ ਲਈ ਪਾਣੀ ਦੀ ਥੁੜ ਦਾ ਸੰਕਟ ਪੈਦਾ ਕੀਤਾ ਹੈ ਵਧਦੇ ਪ੍ਰਦੂਸ਼ਣ ਅਤੇ ਕੀਟਨਾਸ਼ਕਾਂ ਨੇ ਪਾਣੀ ਨੂੰ ਸਾਫ ਰਹਿਣ ਦੀ ਚੁਣੌਤੀ ਦਿੱਤੀ ਹੈ ਤੇ ਜਿਸ ਅੱਗੇ ਪਾਣੀ ਗੋਡੇ ਟੇਕਦਾ ਮਹਿਸੂਸ ਹੁੰਦਾ ਹੈ ਇਸ ਲਈ ਲੋਕਾਈ ਪੀਣ ਵਾਲੇ ਸਾਫ ਪਾਣੀ ਤੋਂ ਵੀ ਵਾਂਝੀ ਹੋ ਰਹੀ ਹੈ ਅਤੇ ਭਾਰੀਆਂ ਧਾਤਾਂ ਮਿਸ਼ਰਣ ਵਾਲਾ ਪਾਣੀ ਪੀ ਕੇ ਮੌਤ ਨੂੰ ਸੱਦਾ ਦੇ ਰਹੀ ਹੈ ਜ਼ਮੀਨੀ ਪਾਣੀ ਦਾ ਡਿੱਗਦਾ ਪੱਧਰ ਅਤੇ ਜਲ ਸੋਮਿਆਂ ‘ਚੋਂ ਪਾਣੀ ਦੀ ਘਟ ਰਹੀ ਮਿਕਦਾਰ ਨੇ ਦੇਸ਼ ਵਿੱਚ ਸੋਕੇ ਦਾ ਸੰਕਟ ਪੈਦਾ ਕੀਤਾ ਹੈ ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਦੇ ਜਲ ਸੋਮਿਆਂ ਵਿੱਚ 23 ਫੀਸਦੀ ਪਾਣੀ ਦੀ ਗਿਰਾਵਟ ਪਾਈ ਗਈ ਹੈ ਜੋ ਆਉਣ ਵਾਲੇ ਸਮੇਂ ਲਈ ਚੰਗੇ ਸੰਕੇਤ ਨਹੀਂ ਹਨ
ਦੇਸ਼ ਦੀ ਇੱਕ ਚੌਥਾਈ ਅਬਾਦੀ ਭਾਵ 33 ਕਰੋੜ ਲੋਕ ਸੋਕੇ ਦੀ ਮਾਰ ਹੇਠਾਂ ਹਨ ਪਿਛਲੇ ਸਮੇਂ ਤੋਂ ਦੇਸ਼ ਦੇ 256 ਜਿਲ੍ਹੇ ਸੋਕੇ ਤੋਂ ਬੁਰੀ ਤਰ੍ਹਾਂ ਪੀੜਤ ਰਹੇ ਹਨ ਮਾਨਸੂਨ ਦੀ ਅਨਿਯਮਤਤਾ ਅਤੇ ਵਧ ਰਹੀ ਤਪਸ਼ ਨੇ ਸੋਕੇ ਦੀ ਸਥਿਤੀ ਹੋਰ ਵੀ ਗੰਭੀਰ ਕਰ ਦਿੱਤੀ ਹੈ ਇਹ ਵੀ ਵਿਡੰਬਨਾ ਹੈ ਕਿ ਜੇਕਰ ਮਾਨਸੂਨ ਚੰਗੀ ਮਾਤਰਾ ‘ਚ ਆ ਜਾਵੇ ਤਾਂ ਹੜ ਆ ਜਾਂਦੇ ਹਨ ਮਤਲਬ ਅਸੀਂ ਅਜੇ ਵੀ ਇਸ ਬਰਸਾਤੀ ਜਲ ਨੂੰ ਸੰਭਾਲਣ ਸਬੰਧੀ ਜਾਗਰੂਕ ਨਹੀਂ ਹੋਏ ਹਾਂ ਅਗਰ ਇਸੇ ਬਰਸਾਤੀ ਪਾਣੀ ਦੀ ਸੰਭਾਲ ਕਰ ਲਈਏ ਤਾਂ ਸੋਕੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਪਾਣੀ ਦੀ ਸਮੱਸਿਆ ਅਰਾਮ ਨਾਲ ਹੱਲ ਹੋ ਸਕਦੀ ਹੈ
ਸਾਡੇ ਦੇਸ਼ ਅੰਦਰ ਜਲ ਭੰਡਾਰਾਂ ਦੀ ਤਾਂ ਕਮੀ ਨਹੀਂ ਹੈ ਪਰ ਸਹੀ ਵਰਤੋਂ ਅਤੇ ਸਾਂਭ-ਸੰਭਾਲ ਨਾ ਹੋਣ ਕਰਕੇ ਦੇਸ਼ ਪਾਣੀ ਦੀ ਥੁੜ ਨਾਲ ਜੂਝਣ ਲਈ ਮਜ਼ਬੂਰ ਹੋ ਜਾਂਦਾ ਹੈ ਦੇਸ਼ ਦੀਆਂ ਜ਼ਿਆਦਾਤਰ ਨਦੀਆਂ ਦਾ ਜਲ ਸਰੋਤ ਹਿਮਾਲਿਆ ਦੇ ਗਲੇਸ਼ੀਅਰ ਹਨ, ਜਿਨ੍ਹਾਂ ਤੋਂ ਸਾਰਾ ਸਾਲ ਪਾਣੀ ਮਿਲਦਾ ਹੈ ਇਸ ਤੋਂ ਇਲਾਵਾ ਜ਼ਮੀਨੀ ਪਾਣੀ ਵੀ ਵਰਤੋਂ ‘ਚ ਲਿਆਂਦਾ ਜਾਂਦਾ ਹੈ ਅਜ਼ਾਦੀ ਤੋਂ ਬਾਅਦ ਦੇਸ਼  ਵਿੱਚ ਟਿਊਬਵੈੱਲਾਂ ਦੀ ਗਿਣਤੀ ਬਹੁਤ ਤੇਜੀ ਨਾਲ ਵਧੀ ਹੈ ਜਿਸ ਕਾਰਨ ਖੇਤੀ, ਉਦਯੋਗਾਂ ਅਤੇ ਘਰੇਲੂ ਲੋੜਾਂ ਲਈ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਹੋਣ ਲੱਗੀ ਅੱਜ ਇਸਦੇ ਫਲਸਰੂਪ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ ਜਾਂ ਇੰਜ ਕਹਿ ਲਓ ਪਾਣੀ ਸਾਡੇ ਤੋਂ ਦੂਰ ਜਾ ਰਿਹਾ ਹੈ
ਭਾਰਤ ਵਿੱਚ ਖੇਤੀ, ਜੋ ਮੀਂਹ ‘ਤੇ ਨਿਰਭਰ ਸੀ, ਉਹ ਟਿਊਬਵੈੱਲਾਂ ਦੀ ਉਪਲੱਬਧਤਾ ਦੇ ਕਾਰਨ ਜ਼ਮੀਨੀ ਪਾਣੀ ‘ਤੇ ਨਿਰਭਰ ਹੋ ਗਈ ਬਿਨਾਂ ਸ਼ੱਕ ਇਸ ਤਰ੍ਹਾਂ ਫਸਲਾਂ ਦੀ ਪੈਦਾਵਾਰ ਜ਼ਰੂਰ ਵਧੀ ਅਤੇ ਕਰੋੜਾਂ ਲੋਕਾਂ ਦੀ ਭੁੱਖ ਵੀ ਸ਼ਾਂਤ ਹੋਈ ਪਰ ਪਾਣੀ ਦੀ ਅੰਨ੍ਹੇਵਾਹ ਵਰਤੋਂ ਨੇ ਇਸਨੂੰ ਹੋਰ ਡੂੰਘਾ ਜਾਣ ਲਈ ਮਜ਼ਬੂਰ ਕਰ ਦਿੱਤਾ ਅਜੋਕੇ ਦੌਰ ਅੰਦਰ ਦੇਸ਼ ਦੀ 60 ਫੀਸਦੀ ਖੇਤੀ ਪਾਣੀ ਦੀ ਵਰਤੋਂ ਅੰਨ੍ਹੇਵਾਹ ਕਰ ਰਹੀ ਹੈ ਇਸੇ ਤਰ੍ਹਾਂ ਉਦਯੋਗਾਂ ਨੇ ਵੀ ਰੱਜ ਕੇ ਪਾਣੀ ਦੀ ਦੁਰਵਰਤੋਂ ਕੀਤੀ ਹੈ
ਪੰਜਾਬ ਜੋ ਖੇਤੀ ਪ੍ਰਧਾਨ ਸੂਬਾ ਹੈ, ਇੱਥੇ ਵੀ ਜ਼ਮੀਨੀ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ ਝੋਨੇ ਦੀ ਫਸਲ ਨੇ ਪਾਣੀ ਨੂੰ ਖ਼ਤਮ ਕਰਨ ‘ਚ ਕੋਈ ਕਸਰ ਨਹੀਂ ਛੱਡੀ ਟਿਊਬਵੈੱਲਾਂ ਰਾਹੀਂ ਇਹ ਫਸਲ ਪਾਲੀ ਜਾਂਦੀ ਹੈ, ਜੋ ਨਰਮੇ ਦੀ ਫਸਲ ਦਾ ਬਦਲ ਹੈ ਇਸ ਸਮੇਂ ਸੂਬੇ ‘ਚ 14 ਲੱਖ ਤੋਂ ਜ਼ਿਆਦਾ ਟਿਊਬਵੈੱਲ ਹਨ ਤੇ ਬਿਜਲੀ ਮਹਿਕਮੇ ਕੋਲ 3 ਲੱਖ ਹੋਰ ਟਿਊਬਵੈੱਲ ਕੁਨੈਕਸ਼ਨ ਲੈਣ ਲਈ ਕਿਸਾਨ ਜੱਦੋ-ਜਹਿਦ ਕਰ ਰਹੇ ਹਨ ਸੰਨ 1997 ਵਿੱਚ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਝੋਨੇ ਦੀ ਫਸਲ ਨੇ ਸੂਬੇ ‘ਚ ਆਪਣੇ ਪੈਰ ਜਮਾਏ ਅਤੇ ਨਰਮੇ ਨੂੰ ਵਿਦਾਇਗੀ ਦਿੱਤੀ ਇੱਕ ਅੰਦਾਜੇ ਮੁਤਾਬਕ ਪੰਜਾਬ ਵਿਚ ਇੱਕ ਕਿਲੋਗ੍ਰਾਮ ਚਾਵਲ ਪੈਦਾ ਕਰਨ ਲਈ 5400 ਲੀਟਰ ਪਾਣੀ ਵਰਤਿਆ ਜਾਂਦਾ ਹੈ ਅਤੇ ਪੱਛਮੀ ਬੰਗਾਲ ਵਿੱਚ 2400 ਲੀਟਰ ਪਾਣੀ ਇੱਕ ਕਿਲੋਗ੍ਰਾਮ ਚਾਵਲ ਪੈਦਾ ਕਰਨ ਲਈ ਵਰਤਿਆ ਜਾਦਾ ਹੈ ਅਮਰੀਕਾ ਦੀ ਪੁਲਾੜ ਸੰਸਥਾ ਨਾਸਾ ਨੇ ਸੂਬੇ ਦੇ 145 ਬਲਾਕਾਂ ਨੂੰ ਡਾਰਕ ਜੋਨ ਐਲਾਨਿਆ ਹੈ, ਜਿੱਥੇ ਜ਼ਮੀਨੀ ਪਾਣੀ ‘ਚ ਗਿਰਾਵਟ ਸਭ ਤੋਂ ਜਿਆਦਾ ਹੈ ਨਾਸਾ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਇੱਥੇ ਮਾਰੂਥਲ ਬਣਨ ਦੀ ਸੰਭਾਵਨਾ ਹੈ ਸੂਬੇ ਦੇ ਦੱਖਣੀ ਪੱਛਮੀ ਇਲਾਕੇ ਸਾਫ ਪੀਣ ਵਾਲੇ ਪਾਣੀ ਤੋਂ ਵਾਂਝੇ ਹੋ ਰਹੇ ਹਨ
ਅਮਰੀਕਾ ਦੀ ਮੈਸਾਚੂਸੇਸ ਇੰਸਟੀਚਿਊਟ ਆਫ ਟੈਕਨਾਲੋਜੀ ਸੰਸਥਾ ਅਨੁਸਾਰ ਸੰਨ 2050 ਤੱਕ ਏਸ਼ੀਆ ਵਿੱਚ ਜਲ ਸੰਕਟ ਹੋਰ ਵੀ ਗੰਭੀਰ ਹੋਣ ਵਾਲਾ ਹੈ ਇਸ ਵਰਤਾਰੇ ਦੇ ਕਾਰਨ ਵਧਦੀ ਅਬਾਦੀ, ਜਲਵਾਯੂ ਪਰਿਵਰਤਨ ਅਤੇ ਪਾਣੀ ਦੀ ਸਹੀ ਸੰਭਾਲ ਨਾ ਹੋਣਾ ਆਦਿ ਹੋਣਗੇ ਭਾਰਤ ਵਿੱਚ ਸੈਂਟਰਲ ਗਰਾਂਊਡ ਵਾਟਰ ਬੋਰਡ ਅਨੁਸਾਰ ਪਾਣੀ ਦੇ ਪੱਧਰ ‘ਚ ਲਗਾਤਾਰ ਗਿਰਾਵਟ ਕਾਰਨ ਸੰਨ 2050 ਤੱਕ ਪ੍ਰਤੀ ਵਿਅਕਤੀ ਔਸਤਨ ਪਾਣੀ ਉਪਲੱਬਧਤਾ 3120 ਲੀਟਰ ਹੋਵੇਗੀ ਸੰਨ 1951 ਵਿੱਚ ਪ੍ਰਤੀ ਵਿਅਕਤੀ ਔਸਤਨ ਪਾਣੀ ਉਪਲੱਬਧਤਾ 14180 ਲੀਟਰ ਸੀ ਤੇ ਸੰਨ 2001 ਵਿੱਚ ਘਟ ਕੇ 5120 ਲੀਟਰ ਰਹਿ ਗਈ ਪਿਛਲੇ ਸੱਤ ਸਾਲਾਂ ਦੌਰਾਨ ਜ਼ਮੀਨੀ ਪਾਣੀ ਤੇ ਉਸਦੀ ਪੂਰਤੀ ਵਿੱਚ 54 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ
ਭਾਰਤ ਵਿੱਚ ਵਰਖਾ ਦਾ ਲੱਖਾਂ ਲੀਟਰ ਪਾਣੀ ਸੰਭਾਲ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਫਾਲਤੂ ਵਹਿ ਜਾਂਦਾ ਹੈ ਅਤੇ ਜ਼ਮੀਨ ‘ਚ ਵੀ ਨਾ ਜਾ ਕੇ ਸਮੁੰਦਰਾਂ ਦਾ ਹਿੱਸਾ ਬਣ ਜਾਂਦਾ ਹੈ ਮੁਲਕ ਦੇ ਜੋ ਹਿੱਸੇ ਕੁਝ ਸਮਾਂ ਪਹਿਲਾਂ ਸੋਕੇ ਦੀ ਮਾਰ ਹੇਠ ਸਨ ਪਰ ਮਾਨਸੂਨ ਆਉਣ ‘ਤੇ ਉੱਥੇ ਹੜਾਂ ਜਿਹੀ ਸਥਿਤੀ ਬਣ ਗਈ ਦੇਸ਼ ਅੰਦਰ ਹਰ ਰੋਜ਼ 40 ਹਜਾਰ ਮਿਲੀਅਨ ਲੀਟਰ ਪਾਣੀ ਸੀਵਰੇਜ ‘ਚ ਜਾਂਦਾ ਹੈ, ਉਸ ਵਿੱਚੋਂ ਕੇਵਲ 20 ਫੀਸਦੀ ਪਾਣੀ ਦੀ ਸੁਧਾਈ ਹੁੰਦੀ ਹੈ ਤੇ ਬਾਕੀ ਉਸੇ ਤਰ੍ਹਾਂ ਨਦੀਆਂ ਜਾਂ ਹੋਰ ਜਲ ਸਰੋਤਾਂ ‘ਚ ਵਹਾਇਆ ਜਾ ਰਿਹਾ ਹੈ ਇਸੇ ਕਰਕੇ ਜ਼ਮੀਨੀ ਅਤੇ ਨਦੀਆਂ ਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਹੈ ਅਜੋਕੇ ਹਾਲਾਤ ਇਹ ਹਨ ਕਿ ਦੇਸ਼ ਵਿੱਚ 70 ਫੀਸਦੀ ਸਾਫ ਪਾਣੀ ਸੀਵਰੇਜ਼ ਦੀ ਸਹੀ ਵਿਵਸਥਾ ਨਾ ਹੋਣ ਕਰਕੇ ਪ੍ਰਦੂਸ਼ਿਤ ਹੋ ਰਿਹਾ ਹੈ ਇਸ ਗੰਦੇ ਪਾਣੀ ਨੂੰ ਪੀਣ ਕਾਰਨ ਉਸ ਤੋਂ ਪੈਦਾ ਹੁੰਦੀਆਂ ਬਿਮਾਰੀਆਂ ਕਾਰਨ ਦੇਸ਼ ਦੇ ਕਈ ਲੱਖ ਲੋਕ ਹਰ ਸਾਲ ਮਰ ਜਾਦੇ ਹਨ ਅਤੇ 1.5 ਲੱਖ ਬੱਚੇ ਦਸਤ ਆਦਿ ਰੋਗਾਂ ਕਾਰਨ ਹਰ ਸਾਲ ਮਰਦੇ ਹਨ
ਉਪਰੋਕਤ ਵਿਸ਼ਲੇਸ਼ਣ ਤੋਂ ਬਾਅਦ ਦੇਸ਼ ਵਿੱਚ ਸੋਕੇ ਅਤੇ ਪਾਣੀ ਦੀ ਘਾਟ ਦੇ ਤੱਥ ਪੂਰੀ ਤਰ੍ਹਾਂ ਉੱਭਰ ਕੇ ਸਾਹਮਣੇ ਆਏ ਹਨ ਪਾਣੀ ਦੀ ਸਹੀ ਸਾਂਭ-ਸੰਭਾਲ ਦੀ ਅਣਹੋਂਦ, ਅੰਨ੍ਹੇਵਾਹ ਵਰਤੋਂ ਕਾਰਨ ਪਾਣੀ ਦੀ ਥੁੜ ਜਾਂ ਸੋਕਾ ਅਤੇ ਪ੍ਰਦੂਸ਼ਣ ਆਦਿ ਮੁੱਖ ਮੁੱਦੇ ਹਨ ਸੋਕਾ ਪੀੜਤ ਰਾਜਾਂ ਵਿੱਚ ਹੜ ਪ੍ਰਭਾਵਿਤ ਨਦੀਆਂ ਦੇ ਜਲ ਨੂੰ ਕੰਟਰੋਲ ਕਰਕੇ ਪਹੁੰਚਾਉਣ ਦੀ ਸਾਰਥਕ ਕੋਸ਼ਿਸ਼ ਕੀਤੀ ਜਾ ਸਕਦੀ ਹੈ ਸਭ ਤੋਂ ਵੱਡੀ ਗੱਲ ਲੋਕਾਂ ਨੂੰ ਪਾਣੀ ਦੇ ਸਬੰਧ ‘ਚ, ਖਾਸ ਕਰਕੇ ਵਰਖਾ ਦੇ ਜਲ ਸਬੰਧੀ, ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਵਰਖਾ ਦਾ ਪਾਣੀ ਇਕੱਠਾ ਕਰਕੇ ਖੇਤੀ, ਉਦਯੋਗਾਂ ਅਤੇ ਇਮਾਰਤੀ ਨਿਰਮਾਣ ਕੰਮਾਂ ‘ਚ ਵਰਤਿਆ ਜਾਵੇ ਬਰਸਾਤ ਦੇ ਦਿਨਾਂ ‘ਚ ਖੇਤਾਂ ਵਿੱਚ ਪਾਣੀ ਜਮ੍ਹਾ ਕਰਨ ਲਈ ਤਲਾਬ ਆਦਿ ਬਣਾਏ ਜਾਣ ਅਤੇ ਸਰਕਾਰ ਇਸ ਕੰਮ ਨੂੰ ਸੰਜੀਦਗੀ ਨਾਲ ਲਵੇ ਜ਼ਮੀਨੀ ਪਾਣੀ ‘ਤੇ ਬੋਝ ਘਟਾਉਣ ਲਈ ਇਹ ਕਾਰਗਰ ਕਦਮ ਹੈ ਜਲ ਪ੍ਰਦੂਸ਼ਣ ਰੋਕਣ ਲਈ ਪਾਣੀ ‘ਚ ਗੰਦਗੀ ਨਾ ਵਹਾਈ ਜਾਵੇ ਅਤੇ ਆਸਥਾ ਦੇ ਨਾਂਅ ‘ਤੇ ਜਲ ਸੋਮਿਆਂ ਨੂੰ ਪ੍ਰਦੂਸ਼ਿਤ ਨਾ ਕੀਤਾ ਜਾਵੇ ਇਸਦੀ ਦੁਰਵਰਤੋਂ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ ਬਰਸਾਤੀ ਜਲ ਨੂੰ ਸੰਭਾਲਣਾ ਅਜੋਕੇ ਸਮੇ ਦੀ ਮੁੱਖ ਲੋੜ ਹੈ
ਗੁਰਤੇਜ ਸਿੰਘ,
ਚੱਕ ਬਖਤੂ (ਬਠਿੰਡਾ)
ਮੋ. 94641-72783

ਪ੍ਰਸਿੱਧ ਖਬਰਾਂ

To Top