ਪੰਜਾਬ

ਨਵਾਂ ਵਰ੍ਹਾ 2019 ਪੰਜਾਬ ਦੀਆਂ ਰਾਜਸੀ ਧਿਰਾਂ ਲਈ ਹੋਵੇਗਾ ਅਹਿਮ

New Year 2019, Important, Political Parties, Punjab

ਪ੍ਰਮੁੱਖ ਪਾਰਟੀਆਂ ਦੀ ਸਥਿਤੀ ਬਹੁਤੀ ਚੰਗੀ ਨਹੀਂ

ਨਵੇਂ ਵਰ੍ਹੇ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਕਾਂਗਰਸ, ਅਕਾਲੀ-ਭਾਜਪਾ, ਆਪ ਤੇ ਹੋਰਨਾਂ ਧਿਰਾਂ ਦੀ ਰਾਜਸੀ ਜ਼ਮੀਨ ਕਰੇਗਾ ਤੈਅ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਨਵਾਂ ਵਰ੍ਹਾ 2019 ਪੰਜਾਬ ਦੀ ਰਾਜਨੀਤੀ ਲਈ ਨਵਾਂ ਅਧਿਆਏ ਬਣ ਕੇ ਆਵੇਗਾ। ਇਸ ਨਵੇਂ ਵਰ੍ਹੇ ਦੌਰਾਨ ਹੀ ਹੋ ਰਹੀਆਂ ਲੋਕ ਸਭਾ ਚੋਣਾਂ ਪੰਜਾਬ ਅੰਦਰ ਸੱਤਧਾਰੀ ਧਿਰ ਕਾਂਗਰਸ ਪਾਰਟੀ, ਅਕਾਲੀ ਦਲ-ਭਾਜਪਾ ਤੇ ਆਮ ਆਦਮੀ ਪਾਰਟੀ ਲਈ ਪਰਖ ਦੀ ਖੜ੍ਹੀ ਸਾਬਤ ਹੋਣਗੀਆਂ। ਉਂਜ ਵੱਖ-ਵੱਖ ਆਗੂਆਂ ਦਾ ਬਣ ਰਿਹਾ ਚੌਥਾ ਫਰੰਟ ਵੀ ਲੋਕ ਸਭਾ ਚੋਣਾਂ ‘ਚ ਆਪਣੇ ਹੱਥ ਅਜਮਾਉਣ ਲਈ ਪਰ ਤੋਲ ਰਿਹਾ ਹੈ। ਜਾਣਕਾਰੀ ਅਨੁਸਾਰ ਪੈਰ ਧਰਾਈ ਖੜ੍ਹਾ ਨਵਾਂ ਵਰ੍ਹਾ 2019 ਜਿੱਥੇ ਦੇਸ਼ ਦੀ ਰਾਜਨੀਤੀ ਲਈ ਅਹਿਮ ਹੈ, ਉੱਥੇ ਹੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਲਈ ਵੀ ਅਹਿਮ ਬਣਨ ਜਾ ਰਿਹਾ ਹੈ। ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਿਆ ਭਾਵੇਂ ਲਗਭਗ ਦੋ ਸਾਲ ਦਾ ਸਮਾਂ ਹੋਣ ਵਾਲਾ ਹੈ, ਪਰ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਬਹੁਤੇ ਸਤੁੰਸ਼ਟ ਨਹੀਂ ਹਨ।

ਇੱਧਰ ਵਿਰੋਧੀ ਧਿਰਾਂ ਵੀ ਕੈਪਟਨ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਚੇਤੇ ਕਰਵਾ ਕੇ ਲੋਕਾਂ ਦੀ ਕਚਹਿਰੀ ‘ਚ ਭੰਡ ਰਹੀਆਂ ਹਨ। ਹੋਰ ਤਾਂ ਹੋਰ ਮੁਲਾਜ਼ਮ ਵਰਗ ਵੀ ਸਰਕਾਰ ਨਾਲ ਆਢਾ ਵਿੱਡਣ ਨੂੰ ਤਿਆਰ ਬੈਠਾ ਹੈ ਜੋ ਕਿ ਲੋਕ ਸਭਾ ਚੋਣਾਂ ਅੰਦਰ ਸੱਤਾਧਿਰ ਲਈ ਸਿਰਦਰਦੀ ਖੜ੍ਹਾ ਕਰ ਸਕਦਾ ਹੈ। ਇਹ ਵੀ ਚਰਚਾ ਹੈ ਕਿ ਸਰਕਾਰ ਅੰਦਰ ਆਪਣੀ ਗੱਲ ਨਾ ਸੁਣਨ ਕਾਰਨ ਕੈਪਟਨ ਸਰਕਾਰ ਤੋਂ ਉਸ ਦੇ ਆਪਣੇ ਵਿਧਾਇਕ ਵੀ ਖੁਸ਼ ਨਹੀਂ ਹਨ। ਕਾਂਗਰਸ ਦੇ ਕਪਤਾਨ ਲਈ ਪੰਜਾਬ ਅੰਦਰ ਲੋਕ ਸਭਾ ਦੀਆਂ 13 ਸੀਟਾਂ ਦੇ ਕਬਜ਼ਾ ਕਰਨਾ ਅਸਾਨ ਨਹੀਂ ਹੋਵੇਗਾ। ਇੱਧਰ ਅਕਾਲੀ ਦਲ ਵੀ ਆਪਣੀ ਜ਼ਮੀਨੀ ਰਾਜਨੀਤੀ ‘ਚੋਂ ਇਸ ਸਮੇਂ ਔਖੇ ਦੌਰ ‘ਚ ਗੁਜ਼ਰ ਰਿਹਾ ਹੈ। ਉਸ ਨੂੰ ਜਿੱਥੇ ਆਪਣਿਆਂ ਵੱਲੋਂ ਵੀ ਨਵਾਂ ਅਕਾਲੀ ਦਲ ਬਣਾ ਕੇ ਟੱਕਰਿਆ ਜਾ ਰਿਹਾ ਹੈ, ਉੱਥੇ ਹੀ ਅੰਦਰਲੀਆਂ ਕਈ ਹੋਰ ਚੋਭਾਂ ਵੀ ਸਹਿਣੀਆਂ ਪੈ ਰਹੀਆਂ ਹਨ।

ਉਂਜ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਨੂੰ ਵੀ ਪੰਜਾਬ ਅੰਦਰ ਬਹੁਤੀ ਸਫ਼ਲਤਾ ਨਹੀਂ ਮਿਲ ਰਹੀ। ਸਿਆਸੀ ਪੰਡਿਤਾਂ ਵੱਲੋਂ ਅਕਾਲੀ ਦਲ-ਭਾਜਪਾ ਨੂੰ ਨਵੇਂ ਵਰ੍ਹੇ ਪੰਜਾਬ ਅੰਦਰ ਰਾਜਨੀਤਿਕ ਤੌਰ ‘ਤੇ ਵੱਡੀਆਂ ਔਕੜਾਂ ਦੀ ਗੱਲ ਆਖੀ ਜਾ ਰਹੀ ਹੈ। ਅਕਾਲੀ ਦਲ-ਭਾਜਪਾ ਵੱਲੋਂ ਕਾਂਗਰਸ ਨੂੰ ਲੋਕ ਸਭਾ ‘ਚ ਪਟਕੀ ਦੇਣ ਲਈ ਇਕਜੁਟਤਾ ਦਿਖਾਈ ਜਾ ਰਹੀ ਹੈ। ਪੰਜਾਬ ਦੀ ਤੀਜੀ ਧਿਰ ਆਮ ਆਦਮੀ ਪਾਰਟੀ ਲਈ ਵੀ ਮੌਜ਼ੂਦਾ ਸਮੇਂ ਬਹੁਤਾ ਚੰਗਾ ਨਹੀਂ ਹੋ ਰਿਹਾ ਅਤੇ ਪੰਜਾਬ ਅੰਦਰ ਉਸ ਦਾ ਵੱਡੇ ਪੱਧਰ ‘ਤੇ ਅਧਾਰ ਡਿੱਗਿਆ ਹੈ। ਆਪ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਸਮੇਤ ਹੋਰਨਾਂ ਵਿਧਾਇਕਾਂ ਵੱਲੋਂ ਆਪਣੀ ਹੀ ਪਾਰਟੀ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਨ੍ਹਾਂ ਵੱਲੋਂ ਸਿੱਧਾ ਹੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੰਗਾਰਿਆ ਜਾ ਰਿਹਾ ਹੈ।

ਲੋਕ ਸਭਾ ਚੋਣਾਂ ਆਮ ਆਦਮੀ ਪਾਰਟੀ ਲਈ ਵੱਡਾ ਇਮਤਿਹਾਨ ਸਾਬਤ ਹੋਣਗੀਆਂ, ਕਿਉਂਕਿ ਪਿਛਲੀ ਵਾਰ ਉਸ ਵੱਲੋਂ ਪੰਜ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਗਈ ਸੀ, ਜੋਂ ਬਾਅਦ ‘ਚ ਖਿੰਡ ਪੁਡ ਗਏ। ਇਸ ਵਾਰ ਆਪ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਇਹ ਵੀ ਨਵਾਂ ਵਰ੍ਹਾ ਹੀ ਤੈਅ ਕਰੇਗਾ। ਇੱਧਰ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਲੋਕ ਇਨਸਾਫ਼ ਪਾਰਟੀ ਦੇ ਮੁਖੀ ਬੈਂਸ ਭਰਾ, ਬਾਗੀ ਵਿਧਾਇਕ ਸੁਖਪਾਲ ਖਹਿਰਾ ਸਮੇਤ ਹੋਰ ਧਿਰਾਂ ਵੱਲੋਂ ਲੋਕ ਸਭਾ ਚੋਣਾਂ 2019 ਦੀ ਲੜਾਈ ਰਲਕੇ ਲੜਨ ਦੀ ਗੱਲ ਆਖੀ ਜਾ ਰਹੀ ਹੈ। ਕੁੱਲ ਮਿਲਾ ਕੇ ਸੂਬੇ ਅੰਦਰ ਇਨ੍ਹਾਂ ਸਾਰੀਆਂ ਧਿਰਾਂ ਲਈ ਨਵਾਂ ਵਰ੍ਹਾ 2019 ਲੋਕ ਸਭਾ ਚੋਣਾਂ ਪੱਖੋਂ ਅਤਿ ਮਹੱਤਵਪੂਰਨ ਹੋਵੇਗਾ। ਇਸ ਵਰ੍ਹੇ ਦੌਰਾਨ ਹੀ ਪਤਾ ਲੱਗੇਗਾ ਕਿ ਇਨ੍ਹਾਂ ਲੋਕ ਸਭਾ ਚੋਣਾਂ ‘ਚ ਕਿਹੜੀ ਪਾਰਟੀ ਦਾ ਰਾਜਸੀ ਕਿਰਦਾਰ ਉੱਚਾ ਹੋਵੇਗਾ ਤੇ ਕਿਹੜੀ ਪਾਰਟੀ ਨੂੰ ਚਿੰਤਨ ਦੀ ਲੋੜ ਪਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top