ਫੀਚਰ

ਨਵੇਂ ਵਰ੍ਹੇ ਦਿਆ ਸੂਰਜਾ ਚਾਨਣ ਦਈਂ ਖਿਲਾਰ

New Year, 2018, SunLight,Spreads, Article

ਨਵੇਂ ਸਾਲ ‘ਤੇ ਵਿਸ਼ੇਸ਼

ਬਿੰਦਰ ਸਿੰਘ ਖੁੱਡੀ ਕਲਾਂ
ਸਾਲ 2017 ਖੱਟੀਆਂ-ਮਿੱਠੀਆਂ ਯਾਦਾਂ ਛੱਡਦਾ ਸਾਡੇ ਕੋਲੋਂ ਰੁਖਸਤ ਹੋ ਗਿਆ ਹੈ ਅਤੇ ਨਵੇਂ ਵਰ੍ਹੇ 2018 ਦਾ ਸੂਰਜ ਆਪਣੀਆਂ ਸੋਨ-ਸੁਨਹਿਰੀ ਕਿਰਨਾਂ ਬਿਖੇਰਦਾ ਸਾਡੀਆਂ ਬਰੂਹਾਂ ‘ਤੇ ਦਸਤਕ ਦੇ ਰਿਹਾ ਹੈ। ਸਾਡੇ ਸਮਾਜ ਲਈ ਚੁਣੌਤੀ ਬਣੀਆਂ ਬੇਸ਼ੁਮਾਰ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਪਿਛਲੇ ਵਰ੍ਹੇ ‘ਚ ਵੀ ਬਰਕਰਾਰ ਰਹੀਆਂ ਹਨ। ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਮਹਿੰਗਾਈ, ਭੁੱਖਮਰੀ, ਮਾਦਾ ਭਰੂਣ ਹੱਤਿਆ, ਹਰ ਖੇਤਰ ‘ਚ ਭਾਈ-ਭਤੀਜਾਵਾਦ, ਵਾਤਾਵਰਨਕ ਅਤੇ ਸੱਭਿਆਚਾਰਕ ਪ੍ਰਦੂਸ਼ਣ, ਮਿਲਾਵਟਖੋਰੀ, ਨੈਤਿਕ ਗਿਰਾਵਟ, ਅੱਤਵਾਦ, ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਅਤੇ ਚੋਣ ਹਿੰਸਾ ਆਦਿ ਨੇ ਪਿਛਲੇ ਵਰ੍ਹਿਆਂ ਵਾਂਗ ਬੀਤੇ ਵਰ੍ਹੇ ‘ਚ ਵੀ ਆਪਣਾ ਰੰਗ ਵਿਖਾਇਆ।

ਸਾਡੇ ਸਿਆਸਤਦਾਨਾਂ ਦੇ ਲੱਖਾਂ ਦਮਗਜਿਆਂ ਦੇ ਬਾਵਜ਼ੂਦ ਸਮਾਜ ਨੂੰ ਇਹਨਾਂ ਮੁਸ਼ਕਿਲਾਂ ਤੋਂ ਕਿਸੇ ਕਿਸਮ ਦੀ ਕੋਈ ਰਾਹਤ ਨਹੀਂ ਮਿਲੀ। ਭਾਰਤ-ਪਾਕਿਸਤਾਨ ਸਰਹੱਦ ਦੀ ਗੋਲੀਬਾਰੀ ਅਤੇ ਅੱਤਵਾਦ ਦੇ ਦੈਂਤ ਨੇ ਸੈਂਕੜੇ ਸੁਹਾਗਣਾਂ ਦੇ ਸੁਹਾਗ ਲੁੱਟੇ, ਸੈਂਕੜੇ ਮਾਵਾਂ ਦੀਆਂ ਅੱਖਾਂ ਦੇ ਤਾਰੇ ਨਿਗਲੇ ਅਤੇ ਕਿੰਨੀਆਂ ਹੀ ਭੈਣਾਂ ਦੀ ਰੱਖੜੀ ਵਿਰਾਨ ਹੋਈ। ਰਾਜਸੀ ਲੋਕਾਂ ਦੇ ਸ਼ਾਂਤੀ ਸਥਾਪਨਾ ਦੇ ਦਾਅਵਿਆਂ ਦੀ ਪੈਰ-ਪੈਰ ‘ਤੇ ਫੂਕ ਨਿੱਕਲਦੀ ਪ੍ਰਤੀਤ ਹੋਈ।

ਨਵੇਂ ਵਰ੍ਹੇ ਦੇ ਸੂਰਜ ਨੂੰ ਅਰਜ਼ੋਈ ਹੈ ਕਿ ਸਮੱਸਿਆਵਾਂ, ਪ੍ਰੇਸ਼ਾਨੀਆਂ ਅਤੇ ਚੁਣੌਤੀਆਂ ਦੇ ਰੂਬਰੂ ਸਾਡੇ ਸਮਾਜ, ਸੂਬੇ ਅਤੇ ਰਾਸ਼ਟਰ ਨੂੰ ਇਹਨਾਂ ਅਲਾਮਤਾਂ ਤੋਂ ਜਰੂਰ ਨਿਜਾਤ ਦਿਵਾਈਂ। ਮੁਲਕ ਵਿੱਚ ਹੀ ਲੋਕਾਂ ਦੇ ਹੁਨਰ ਅਤੇ ਮਿਹਨਤ ਦਾ ਮੁੱਲ ਪੈਣ ਲੱਗ ਜਾਵੇ। ਰੁਜ਼ਗਾਰ ਦੇ ਮੌਕਿਆਂ ਵਿੱਚ ਇਸ ਕਦਰ ਇਜ਼ਾਫਾ ਕਰੀਂ ਕਿ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੀ ਸਾਡੀ ਹੁਨਰਮੰਦ ਜਵਾਨੀ ਨੂੰ ਆਪਣੇ ਮੁਲਕ ਵਿੱਚ ਹੀ ਰੁਜ਼ਗਾਰ ਨਸੀਬ ਹੋਣ ਲੱਗੇ।

ਪ੍ਰਦੂਸ਼ਣ ਪ੍ਰਤੀ ਸੁਚੇਤਤਾ ਵਿੱਚ ਇਜ਼ਾਫਾ ਕਰਦਿਆਂ ਇਸ ਦੇ ਕਾਬੂ ਲਈ ਹਰ ਨਾਗਰਿਕ ਨੂੰ ਆਪਣਾ ਕਰਤੱਵ ਸਮਝਣ ਦੀ ਸੋਝੀ ਬਖਸ਼ੀਂ। ਕੁਦਰਤ ਨਾਲ ਹੋ ਰਹੇ ਖਿਲਵਾੜ ਨੂੰ ਠੱਲ੍ਹ ਪੈ ਜਾਵੇ ਅਤੇ ਰੁੱਖਾਂ ਸਮੇਤ ਤਮਾਮ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਸਾਡੀ ਨੈਤਿਕ ਜਿੰਮੇਵਾਰੀ ਹੋ ਨਿੱਬੜੇ। ਪ੍ਰਦੂਸ਼ਣ ਦੇ ਮਾਰੂ ਪ੍ਰਭਾਵਾਂ ਬਾਬਤ ਲੋਕ ਖੁਦ ਇੰਨੇ ਜਾਗਰੂਕ ਹੋ ਜਾਣ ਕਿ ਉਹਨਾਂ ਨੂੰ ਪ੍ਰਦੂਸ਼ਣ ਦੇ ਇਜ਼ਾਫੇ ਤੋਂ ਰੋਕਣ ਲਈ ਕੋਈ ਬਹੁਤੇ ਤਰੱਦਦ ਨਾ ਕਰਨੇ ਪੈਣ। ਵਾਤਾਵਰਨਕ ਪ੍ਰਦੂਸ਼ਣ ਦੇ ਨਾਲ-ਨਾਲ ਲੋਕਾਂ ਨੂੰ ਸੱਭਿਆਚਾਰਕ ਪ੍ਰਦੂਸ਼ਣ ਪੈਦਾ ਕਰਨ ਵਾਲਿਆਂ ਦੀ ਸ਼ਨਾਖਤ ਕਰਨੀ ਵੀ ਆ ਜਾਵੇ। ਸਾਡੇ ਰਾਸ਼ਟਰ ਦੇ ਮੱਥੇ ਦਾ ਕਲੰਕ ਭਿਖਾਰੀਪਣ ਅਤੇ ਭੁੱਖਮਰੀ ਦੇ ਖਾਤਮੇ ਲਈ ਸੱਤਾਧਾਰੀ ਲੋਕ ਸੁਚਾਰੂ ਨੀਤੀਆਂ ਦਾ ਨਿਰਮਾਣ ਕਰਨ।

ਸਿੱਖਿਆ ਦਾ ਪਸਾਰਾ ਹੋਵੇ ਅਤੇ ਅਨਪੜ੍ਹਤਾ ਦਾ ਨਾਮੋ-ਨਿਸ਼ਾਨ ਮਿਟ ਜਾਵੇ। ਕਮਜ਼ੋਰ ਆਰਥਿਕਤਾ ਦੀ ਬਦੌਲਤ ਖੁਦਕੁਸ਼ੀਆਂ ਦੇ ਰਾਹ ਤੁਰੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਕੋਈ ਯੋਗ ਹੱਲ ਮਿਲ ਜਾਵੇ। ਇਹਨਾਂ ਵਰਗਾਂ ਦੀ ਆਰਥਿਕਤਾ ਸਬੰਧੀ ਮੁਸ਼ਕਿਲਾਂ ਨੂੰ ਹੱਲ ਕਰਨ ਵੱਲ ਸਰਕਾਰਾਂ ਸੁਹਿਰਦਤਾ ਨਾਲ ਯਤਨ ਕਰਨ। ਰਾਸ਼ਟਰ ਦੇ ਬਾਕੀ ਦੇਸ਼ਾਂ ਨਾਲ ਸੁਖਾਵੇਂ ਸਬੰਧਾਂ ਦੀ ਵੀ ਤੇਰੇ ਅੱਗੇ ਅਰਜ਼ੋਈ ਹੈ। ਭਾਰਤ ਅਤੇ ਪਾਕਿਸਤਾਨ ਦੇ ਟਕਰਾਅ ਵਾਲੇ ਹਾਲਾਤਾਂ ਨੇ ਦੋਵੇਂ ਪਾਸੇ ਹਜ਼ਾਰਾਂ ਕੀਮਤੀ ਜਾਨਾਂ ਨੂੰ ਨਿਗਲ ਲਿਆ ਹੈ।

ਕਾਸ਼! ਦੋਵਾਂ ਦੇਸ਼ਾਂ ਵਿਚਲੀ ਵਿੱਥ ਮਿਟ ਜਾਵੇ ਅਤੇ ਆਪਸੀ ਭਾਈਚਾਰਾ ਮੁੜ ਤੋਂ ਬਹਾਲ ਹੋਵੇ। ਭਾਰਤ ਸ਼ਾਂਤਮਈ ਸਥਿਤੀ ‘ਚੋਂ ਗੁਜ਼ਰਦਿਆਂ ਵਿਕਸਤ ਮੁਲਕਾਂ ਦੀ ਚਾਲ ਵਿੱਚ ਚਾਲ ਮਿਲਾਉਣ ਦੇ ਸਮਰੱਥ ਹੋਵੇ। ਲਿੰਗ ਵਿਤਕਰੇ ਦਾ ਆਲਮ ਬੀਤੇ ਦੀ ਬਾਤ ਬਣ ਜਾਵੇ ਅਤੇ ਮਾਦਾ ਭਰੂਣ ਹੱਤਿਆ ਮੁਕਤ ਸਮਾਜ ਦੀ ਸਿਰਜਣਾ ਦਾ ਸੁਪਨਾ ਸਾਕਾਰ ਹੋ ਜਾਵੇ। ਔਰਤਾਂ ਨਾਲ ਹੋ ਰਹੀ ਜ਼ਬਰਦਸਤੀ ਅਤੇ ਵਿਤਕਰੇ ਤੋਂ ਛੁਟਕਾਰਾ ਮਿਲ ਜਾਵੇ ਲੋਕ ਮਨਾਂ ਵਿੱਚ ਵਿਗਿਆਨਕ ਸੋਚ ਦਾ ਪਸਾਰਾ ਕਰਕੇ ਵਹਿਮਾਂ-ਭਰਮਾਂ ਅਤੇ ਅੰਧ-ਵਿਸ਼ਵਾਸਾਂ ਤੋਂ ਮੁਕਤੀ ਦਿਵਾਉਣ ਵਾਲੀਆਂ ਕਿਰਨਾਂ ਭੇਜ। ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਆ ਜਾਵੇ ਅਤੇ ਕਰਤੱਵਾਂ ਦੀ ਪਾਲਣਾ ਕਰਨ ਦਾ ਗਿਆਨ ਵੀ।

ਸੰਸਾਰ ਦੇ ਵੱਡੇ ਲੋਕਤੰਤਰੀ ਦੇਸ਼ਾਂ ਵਿੱਚ ਸ਼ੁਮਾਰ ਸਾਡੇ ਮੁਲਕ ਅੰਦਰ ਲੋਕਤੰਤਰ ਦੀ ਹੋ ਰਹੀ ਹੱਤਕ ਰੋਕਣ ਹਿੱਤ ਕੋਸ਼ਿਸਾਂ ਸ਼ੁਰੂ ਹੋ ਜਾਣ। ਲੋਕਾਂ ਨੂੰ ਆਜ਼ਾਦੀ ਨਾਲ ਅਤੇ ਬਿਨਾ ਕਿਸੇ ਡਰ ਦੇ ਵੋਟ ਪਾਉਣ ਦਾ ਅਧਿਕਾਰ ਨਸੀਬ ਹੋ ਜਾਵੇ ਅਤੇ ਲੋਕਾਂ ਨੂੰ ਇਸ ਅਧਿਕਾਰ ਦੇ ਇਸਤੇਮਾਲ ਦੀ ਸੋਝੀ ਆ ਜਾਵੇ। ਚੋਣ ਹਿੰਸਾ ਦਾ ਵਧਦਾ ਬੋਲਬਾਲਾ ਬੀਤੇ ਦੀ ਗੱਲ ਹੋ ਜਾਵੇ। ਆਓ! ਆਪਾਂ ਵੀ ਨਵੇਂ ਵਰ੍ਹੇ ਦੇ ਸੂਰਜ ਨਾਲ ਆਪਣੇ ਦੇਸ਼, ਸੂਬੇ ਅਤੇ ਸਮਾਜ ਦੀ ਤਰੱਕੀ ਅਤੇ ਖੁਸ਼ਹਾਲੀ ਪ੍ਰਤੀ ਇਮਾਨਦਾਰੀ ਨਾਲ ਆਪਣੀ ਭੂਮਿਕਾ ਅਦਾ ਕਰਨ ਦਾ ਵਚਨ ਕਰਦਿਆਂ ਬੀਤੇ ਦੀਆਂ ਗਲਤੀਆਂ ਤੋਂ ਸਬਕ ਲੈਂਦਿਆਂ ਨਵੇਂ ਉਤਸ਼ਾਹ ਨਾਲ ਉਸਾਰੂ ਟੀਚੇ ਮਿਥਦਿਆਂ ਅੱਗੇ ਵਧਣ ਦਾ ਪ੍ਰਣ ਕਰੀਏ!

ਗਲੀ ਨੰਬਰ 1, ਸ਼ਕਤੀ ਨਗਰ,
ਬਰਨਾਲਾ।
ਮੋ. 98786-05965

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top