‘‘ਨੀ ਮੈਂ ਕੱਤਾਂ ਪ੍ਰੀਤਾਂ ਨਾਲ, ਚਰਖਾ ਚੰਨਣ ਦਾ…’’

0
220

‘‘ਨੀ ਮੈਂ ਕੱਤਾਂ ਪ੍ਰੀਤਾਂ ਨਾਲ, ਚਰਖਾ ਚੰਨਣ ਦਾ…’’

‘ਚਰਖਾ’ ਫ਼ਾਰਸੀ ਭਾਸ਼ਾ ਦੇ ਸ਼ਬਦ ‘ਚਰਖ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਗੋਲ ਚੱਕਰ। ਚਰਖਾ ਪੰਜਾਬੀ ਸੱਭਿਆਚਾਰ ਤੇ ਸਾਡੇ ਲੋਕ ਗੀਤਾਂ ਦਾ ਸ਼ਿੰਗਾਰ ਤੇ ਅਨਿੱਖੜਵਾਂ ਅੰਗ ਹੈ। ਇਸੇ ਲਈ ਤਾਂ ਲੋਕ ਗੀਤ ਬਣਿਆ ‘ਕੂਕੇ ਚਰਖਾ ਬਿਸ਼ਨੀਏ ਤੇਰਾ, ਨੀ ਲੋਕਾਂ ਭਾਣੇ ਮੋਰ ਕੂਕਦਾ। ਇਸੇ ਤਰ੍ਹਾਂ ਇੱਕ ਸੱਜ ਵਿਆਹੀ ਮੁਟਿਆਰ ਆਪਣੇ ਕੰਤ ਨੂੰ ਮਿਹਣਾ ਮਾਰਦੀ ਹੋਈ ਨਵਾਂ ਚਰਖਾ ਲੈਣ ਵਾਸਤੇ ਤਰਲਾ ਕਰਦੀ ਹੋਈ ਕਹਿੰਦੀ ਹੈ ‘ਮੈਨੂੰ ਲੈ ਦੇ ਚੰਦਨ ਦਾ ਚਰਖਾ, ਵੇ ਕੱਤਦੀ ਦਾ ਚੂੜਾ ਛਣਕੇ। ਵਿਆਹੀ ਮੁਟਿਆਰ ਆਪਣੇ ਪੇਕਿਆਂ ਨੂੰ ਯਾਦ ਕਰਦੀ ਹੋਈ ਆਪਣੀਆਂ ਸਹੇਲੀਆਂ ਵਿੱਚ ਬੈਠੀ, ਚਰਖਾ ਕੱਤਦੀ ਹੋਈ, ਆਪਣੇ ਦਿਲ ਦੇ ਵਲਵਲਿਆਂ ਨੂੰ ਗੀਤ ਦੇ ਰੂਪ ਗਾਉਂਦੀ ਹੋਈ ਕਹਿੰਦੀ ਹੈ-

‘ਨੀਂ ਮੈਂ ਕੱਤਾਂ ਪ੍ਰੀਤਾਂ ਨਾਲ, ਚਰਖਾ ਚੰਨਣ ਦਾ।
ਸ਼ਾਵਾ ਚਰਖਾ ਚੰਨਣ ਦਾ।
ਮਾਂ ਮੇਰੀ ਮੈਨੂੰ ਚਰਖਾ ਦਿੱਤਾ, ਵਿੱਚ ਚਰਖੇ ਦੇ ਮੇਖਾਂ।
ਮਾਂ ਰਾਣੀ ਮੈਨੂੰ ਯਾਦ ਪਈ ਆਵੇ, ਜਦ ਚਰਖੇ ਵੱਲ ਵੇਖਾਂ।
ਚਰਖਾ ਚੰਨਣ ਦਾ…

ਚਰਖਾ ਲੱਕੜ ਤੋਂ ਤਿਆਰ ਕੀਤੀ ਗਈ ਦੇਸੀ ਮਸ਼ੀਨ ਹੈ। ਜਿਸ ਨੂੰ ਹੱਥ ਨਾਲ ਘੁਮਾ ਕੇ ਚਲਾਇਆ ਜਾਂਦਾ ਹੈ। ਇਸ ਨਾਲ ਕਪਾਹ ਜਾਂ ਨਰਮੇ ਆਦਿ ਤੋਂ ਤਿਆਰ ਕੀਤੀ ਰੂੰ ਨੂੰ ਕੱਤ ਕੇ ਸੂਤ ਬਣਾਇਆ ਜਾਂਦਾ ਹੈ। ‘ਚਰਖਾ’ ਫੱਟ, ਮਝੇਰੂ, ਹੱਥੀ, ਮੁੰਨੇ, ਮੁੰਨੀਆਂ, ਮਾਹਲ, ਤੱਕਲਾ, ਚਰਮਖਾਂ, ਦਮੱਕੜਾ, ਕਸਣ, ਬੀੜੀ ਆਦਿ ਨੂੰ ਮਿਲਾ ਕੇ ਲੱਕੜੀ ਦੇ ਕਾਰੀਗਰ ਵੱਲੋਂ ਤਿਆਰ ਕੀਤੀ ਜਾਂਦੀ ਸੂਤ ਕੱਤਣ ਵਾਲੀ ਦੇਸੀ ਮਸ਼ੀਨ ਹੈ। ਸਭ ਤੋਂ ਪਹਿਲਾਂ 1234 ਈਸਵੀ ਵਿੱਚ ਬਗਦਾਦ, (1270) ਵਿੱਚ ਚੀਨ (1280) ਵਿੱਚ ਯੂਰਪ ਅੰਦਰ ਇਸਦੇ ਚਿੱਤਰ ਮਿਲਦੇ ਹਨ ਜੋ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ 11ਵੀਂ ਸਦੀ ਵਿੱਚ ਇਹ ਚੀਨ ਤੇ ਇਸਲਾਮੀ ਦੁਨੀਆਂ ਵਿੱਚ ਵਰਤਿਆ ਜਾਣਾ ਸ਼ੁਰੂ ਹੋ ਚੁੱਕਾ ਸੀ।

ਇਰਫਾਨ ਹਬੀਬ ਅਨੁਸਾਰ, ਭਾਰਤ ਵਿੱਚ ਚਰਖਾ ਇਰਾਨ ਵਿੱਚੋਂ 13ਵੀਂ ਸਦੀ ਵਿੱਚ ਆਇਆ ਸੀ। ਅੰਗਰੇਜ਼ਾਂ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਇੱਥੇ ਚਰਖੇ ਅਤੇ ਹੱਥ ਖੱਡੀ ਦੀ ਵਰਤੋਂ ਆਮ ਹੋ ਚੁੱਕੀ ਸੀ। ਸੰਨ 1500 ਤੱਕ ਖਾਦੀ ਤੇ ਦਸਤਕਾਰੀ ਉਦਯੋਗ ਪੂਰੀ ਤਰ੍ਹਾਂ ਵਿਕਸਿਤ ਹੋ ਕੇ ਪੂਰੇ ਜੋਬਨ ’ਤੇ ਸੀ।

ਪੰਜਾਬੀ ਲੋਕਾਂ ਦਾ ਜੀਵਨ ਬਹੁਤ ਸਾਦਾ, ਖੁੱਲ੍ਹਾ-ਡੁੱਲਾ ਤੇ ਸ਼ਹਿਣਸ਼ੀਲਤਾ ਭਰਪੂਰ ਰਿਹਾ ਹੈ। ਅਜੇ ਮਸ਼ੀਨੀਕਰਨ ਦਾ ਪ੍ਰਭਾਵ ਨਹੀਂ ਸੀ, ਪੇਟ ਦੀ ਅੱਗ ਬੁਝਾਉਣ ਲਈ ਹੀ ਅਨਾਜ ਪੈਦਾ ਕੀਤਾ ਜਾਂਦਾ ਸੀ ਤੇ ਤਨ ਢੱਕਣ ਲਈ ਕੱਪੜਾ ਵੀ ਹੱਥੀ ਬੁਣਕੇ ਹੀ ਪਾਇਆ ਜਾਂਦਾ ਸੀ। ਕੱਪੜੇ ਲਈ ਦੇਸੀ ਕਪਾਹ ਬੀਜੀ ਜਾਂਦੀ ਸੀ ਤੇ ਸਮਾਂ ਬਦਲਣ ਕਾਰਨ ਹੌਲੀ-ਹੌਲੀ ਕਪਾਹ ਦੇ ਨਾਲ-ਨਾਲ ਨਰਮਾ ਵੀ ਵਰਤਿਆ ਜਾਣ ਲੱਗਾ। ਕਪਾਹ ਨੂੰ ਵੇਲਣੇ ਵਿੱਚ ਵੇਲ ਕੇ ਰੂੰ ਤੋਂ ਵੜੇਵੇਂ ਵੱਖ ਕਰ ਲਏ ਜਾਂਦੇ ਸਨ।

ਰੂੰ ਨੂੰ ਕਾਨੇ ਦੀਆਂ ਤੀਲਾਂ ਤੇ ਹੱਥਾਂ ਨਾਲ ਵੇਲ ਕੇ ਪੂਣੀਆਂ ਬਣਾ ਕੇ ਚਰਖੇ ’ਤੇ ਕੱਤ ਕੇ ਗਲੋਟੇ ਬਣਾ ਲਏ ਜਾਂਦੇ ਸਨ। ਫਿਰ ਇਸ ਤੋਂ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਬੁਨਣ ਲਈ ਸੂਤ ਨੂੰ ਵਰਤਿਆ ਜਾਂਦਾ ਸੀ। ਜਿਸ ਕਰਕੇ ਕਪਾਹ ਬੀਜਣ ਤੋਂ ਲੈ ਕੇ ਕੱਪੜਾ ਬੁਨਣ ਤੱਕ ਦਾ ਸਫਰ ਰੋਮਾਂਚ ਭਰਿਆ ਰਹਿੰਦਾ ਸੀ ਤੇ ਔਰਤਾਂ ਇਸ ਸਮੇਂ ਨੂੰ ਭਾਵ ਚਰਖਾ ਚਲਾਉਣ ਵਾਲੇ ਸਮੇਂ ਨੂੰ ਵਿਭਿੰਨ ਪ੍ਰਕਾਰ ਦੇ ਗੀਤ ਗਾ ਕੇ ਟਾਈਮ ਪਾਸ ਕਰਦੀਆਂ ਹੋਈਆਂ ਜਵਾਨ ਕੁੜੀਆਂ ਨੂੰ ਆਹਰੇ ਲਾਈ ਰੱਖਦੀਆਂ ਸਨ।

ਪੁਰਾਣੇ ਸਮਿਆਂ ਵਿੱਚ ਤਾਂ ਰਿਸ਼ਤਾ ਕਰਨ ਵੇਲੇ ਇਹ ਪੁੱਛਿਆ ਜਾਂਦਾ ਸੀ ਕਿ ਕੁੜੀ ਨੂੰ ਚੁੱਲ੍ਹੇ-ਚੌਂਕੇ ਦੇ ਕੰਮ ਨਾਲ ਕੱਤਣਾ ਵੀ ਆਉਂਦਾ ਹੈ ਤਾਂ ਕਿ ਜੇਕਰ ਉਹ ਕੱਤਣਾ ਜਾਣਦੀ ਹੈ ਤਾਂ ਪਰਿਵਾਰ ਦੇ ਸਾਰੇ ਜੀਆਂ ਨੂੰ ਇੱਕ ਲੜੀ ਵਿੱਚ ਪਿਰੋਅ ਕੇ ਰੱਖ ਸਕੇਗੀ ਅੱਜ ਇਹ ਬੀਤੇ ਦੀਆਂ ਗੱਲਾਂ ਹੋ ਚੁੱਕੀਆਂ ਹਨ।

ਬੀਤੇ ਸਮਿਆਂ ਵਿੱਚ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ਼ ਨਹੀਂ ਹੁੰਦਾ ਸੀ ਬੱਸ ਘਰ ਦੇ ਕੰਮ-ਕਾਜ ਵਿੱਚ ਸੁਚੱਜੀ ਬਣਾਉਣਾ, ਚਰਖਾ ਕੱਤਣਾ ਸਿਖਾਉਣਾ, ਦਰੀਆਂ, ਖੇਸ ਬੁਨਣੇ ਸਿਖਾਉਣੇ ਆਦਿ ਵਿੱਚ ਨਿਪੁੰਨ ਬਣਾਉਣਾ ਹੀ ਕੁੜੀ ਦਾ ਸਹੁਰਿਆਂ ਵਿੱਚ ਮਾਣ ਵਧਾਉਣਾ ਹੁੰਦਾ ਸੀ
ਛੋਪ ਪਾ ਕੇ ਕੱਤਣਾ ਚਰਖਾ ਕੱਤਣ ਦਾ ਇੱਕ ਵੱਖਰਾ ਢੰਗ ਸੀ। ਇਸ ਵਿੱਚ ਕੱਤਣ ਦੇ ਮੁਕਾਬਲੇ ਹੁੰਦੇ ਸੀ। ਕੋਈ ਇੱਕ ਘਰ ਮਿਥ ਲੈਣ ਅਤੇ ਆਂਢ-ਗੁਆਂਢ ਦੀਆਂ ਬਾਕੀ ਸਾਰੀਆਂ ਕੁੜੀਆਂ ਆਪੋ-ਆਪਣੇ ਚਰਖੇ ਤੇ ਦੀਵਿਆਂ ਵਿੱਚ ਪਾਉਣ ਲਈ ਤੇਲ, ਚਾਹ-ਪਾਣੀ ਲਈ ਗੁੜ ਪੱਤੀ ਨਾਲ ਲੈ ਕੇ ਆ ਜਾਂਦੀਆਂ, ਤੇ ਸਾਰੀਆਂ ਰਲ-ਮਿਲ ਕੇ ਚਰਖੇ ਕੱਤਦੀਆਂ ਸਨ।

ਇੱਕ ਮੁਰੈਲਣ ਕੁੜੀ ਵਿਚਕਾਰ ਤੇ ਬਾਕੀ ਸਾਰੀਆਂ ਚਾਰ-ਚੁਫੇਰੇ ਗੋਲਾਕਾਰ ਚੱਕਰ ਬਣਾ ਕੇ ਵਾਰੀ-ਵਾਰੀ ਆਪਣੀਆਂ ਪੂਣੀਆਂ ਮੁਰੈਲਣ ਕੁੜੀ ਦੇ ਬੋਟੇ ਵਿੱਚ ਰੱਖ ਦਿੰਦੀਆਂ ਤੇ ਫਿਰ ਉਹ ਸਾਰੀਆਂ ਨੂੰ ਉਨ੍ਹਾਂ ਵੱਲੋਂ ਦਿੱਤੀਆਂ ਬਰਾਬਰ ਦੀਆਂ ਪੂਣੀਆਂ ਵੰਡ ਦਿੰਦੀ ਇਸ ਨੂੰ ਛੋਪ ਪਾਉਣਾ ਕਿਹਾ ਜਾਦਾ ਹੈ। ਛੋਪ ਪਾ ਕੇ ਸਾਰੀ ਰਾਤ ਕੱਤਣ ਨੂੰ ‘ਰਾਤ ਕੱਤਣੀ’ ਵੀ ਕਿਹਾ ਜਾਂਦਾ ਹੈ।

ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਤਿ੍ਰੰਝਣਾਂ ਵਿੱਚ ਬੈਠ ਮੁਟਿਆਰਾਂ ਚਰਖਾ ਕੱਤਦੀਆਂ, ਬਾਗ ਤੇ ਫੁਲਕਾਰੀਆਂ ਕੱਢਦੀਆਂ, ਦਰੀਆਂ ਖੇਸ ਬੁਣਦੀਆਂ, ਚਾਦਰਾਂ ਤੇ ਝੋਲਿਆਂ ’ਤੇ ਮੋਰ, ਘੁੱਗੀਆਂ ਪਾਉਂਦੀਆਂ, ਕੱਚੀਆਂ ਕੰਧੋਲੀਆਂ ’ਤੇ ਮਿੱਟੀ ਨਾਲ ਮੋਰ-ਘੁੱਗੀਆਂ ਬਣਾਉਂਦੀਆਂ, ਹੱਥ ਚੱਕੀਆਂ ਨਾਲ ਆਟਾ ਪੀਂਹਦੀਆਂ, ਦੁੱਧ ਰਿੜਕਦੀਆਂ, ਖੂਹ ’ਤੇ ਪਾਣੀ ਭਰਨ ਜਾਂਦੀਆਂ। ਜਿਸ ਨਾਲ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਦੀਆਂ ਗੰਢਾਂ ਹੋਰ ਮਜ਼ਬੂਤ ਹੁੰਦੀਆਂ ਸਨ ਤੇ ਹੱਥੀਂ ਕਿਰਤ ਕਰਨ ਦੀ ਸੇਧ ਮਿਲਦੀ ਸੀ।

ਇੱਕ ਸਮਾਂ ਅਜਿਹਾ ਸੀ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਹਰੇਕ ਘਰ ਅੰਦਰ ਚਰਖੇ ਦੀ ਘੂਕ ਸੁਣਾਈ ਦਿੰਦੀ ਸੀ। ਕੁੜੀਆਂ-ਚਿੜੀਆਂ ਆਪਣੇ ਹੱਥੀਂ ਕੱਤਕੇ ਆਪਣਾ ਸਾਰਾ ਦਾਜ ਦਾ ਸਾਮਾਨ ਆਪ ਹੀ ਤਿਆਰ ਕਰਦੀਆਂ ਸਨ ਤੇ ਉਸ ਸਮੇਂ ਦਾਜ ਵਿੱਚ ਚਰਖਾ ਦੇਣ ਦਾ ਰਿਵਾਜ਼ ਵੀ ਆਮ ਹੀ ਪ੍ਰਚੱਲਿਤ ਸੀ ਸਰਦੇ-ਪੁੱਜਦੇ ਘਰ ਆਪਣੀ ਧੀ ਨੂੰ ਸਪੈਸ਼ਲ ਸ਼ੀਸ਼ਿਆਂ ਤੇ ਪਿੱਤਲ ਦੀਆਂ ਮੇਖਾਂ ਤੇ ਕੋਕਿਆਂ ਨਾਲ ਜੜੇ ਚਰਖੇ ਦਿੰਦੇ ਸਨ।
ਚਰਖਾ ਪੰਜਾਬੀ ਮੁਟਿਆਰਾਂ ਦੀ ਜ਼ਿੰਦਗੀ ਦਾ ਅਟੁੱਟ ਅੰਗ ਸੀ ਉਹ ਚਰਖੇ ਨੂੰ ਆਪਣੇ ਸਾਕ-ਸਬੰਧੀਆਂ ਨਾਲ ਜੋੜ ਕੇ ਦਿਲੋਂ ਪਿਆਰ ਕਰਦੀਆਂ ਹੋਈਆਂ ਦਿਲ ਦੇ ਵਹਿਣਾਂ ਨੂੰ ਕੁੱਝ ਇਸ ਤਰ੍ਹਾਂ ਬਿਆਨ ਕਰਦੀਆਂ ਸਨ:-

ਚਰਚਾ ਮੇਰਾ ਰੰਗ ਰੰਗੀਲਾ, ਮੁੰਨੇ ਮੇਰੇ ਭਾਈ,
ਗੁੱਡੀਆਂ ਮੇਰੀਆਂ ਸਕੀਆਂ ਭੈਣਾਂ, ਮਾਲ੍ਹ ਵੱਡੀ ਭਰਜਾਈ।
ਸੋਹਣੇ ਚਰਖੇ ਤੋਂ, ਨੀ ਮੈਂ ਜਿੰਦੜੀ ਘੋਲ ਘੁਮਾਈ।

ਚਰਖਾ ਲੱਕੜ ਦੇ ਕਾਰੀਗਰ ਵੱਲੋਂ ਬਣਾਇਆ ਕਾਰੀਗਰੀ ਦੀ ਬੇਮਿਸਾਲ ਕਲਾ ਦਾ ਨਮੂਨਾ ਹੈ, ਲੋਕ ਗੀਤਾਂ ਵਿੱਚ ਚਰਖੇ ਦੇ ਨਾਲ-ਨਾਲ

ਚਰਖਾ ਬਣਾਉਣ ਵਾਲੇ ਕਾਰੀਗਰ ਦੀ ਵੀ ਖੂਬ ਪ੍ਰਸੰਸਾ ਕੀਤੀ ਗਈ ਹੈ:-
ਚਰਖਾ ਮੇਰਾ ਰੰਗ ਰੰਗੀਲਾ, ਕੌਡੀਆਂ ਨਾਲ ਸਜਾਇਆ,
ਕਾਰੀਗਰ ਨੂੰ ਦਿਉ ਵਧਾਈਆਂ,ਜਿਹਨੇ ਰੰਗਲਾ ਚਰਖਾ ਬਣਾਇਆ।
ਫਕੀਰ ਬੁੱਲ੍ਹੇ ਸ਼ਾਹ ਵੀ ਚਰਖੇ

ਨੂੰ ਆਤਮਾ ਦੇ ਪਰਮਾਤਮਾ ਨਾਲ ਮਿਲਾਪ ਲਈ ਅੰਦਰੂਨੀ ਤਾਂਘ ਨੂੰ ਕੁੱਝ ਇਸ ਤਰ੍ਹਾਂ ਬਿਆਨ ਕਰਦੇ ਹਨ:-

ਗਮਾਂ ਦਾ ਚਰਖਾ ਦੁੱਖਾਂ ਦੀਆਂ ਪੂਣੀਆਂ,
ਜਿਉਂ-ਜਿਉਂ ਕੱਤੀ ਜਾਵਾਂ ਹੋਈ ਜਾਣ ਦੂਣੀਆਂ।

ਨਿੱਤ ਨਵੀਆਂ ਖੋਜਾਂ ਹੋਣ ਨਾਲ ਅਸੀਂ ਆਪਣੇ-ਆਪ ਨੂੰ ਅੱਪਡੇਟ ਭਾਵ ਐਡਵਾਂਸ ਕਰਨ ਲਈ ਬਦਲਦੇ ਜ਼ਮਾਨੇ ਨਾਲ ਆਪਣੇ ਸੱਭਿਆਚਾਰ ਤੋਂ ਲਗਾਤਾਰ ਟੁੱਟ ਰਹੇ ਹਾਂ।

ਅੱਜ ਚਰਖਾ ਸਾਡੇ ਪੰਜਾਬ ਦੇ ਪਿੰਡਾਂ ਵਿੱਚੋਂ ਖਤਮ ਹੋਣ ਕਿਨਾਰੇ ਹੀ ਹੈ, ਕੋਈ ਵਿਰਲੇ ਘਰ ਹੀ ਬੇਬੇ ਕਿਤੇ ਚਰਖਾ ਕੱਤਦੀ ਹੋਵੇਗੀ। ਨਵੀਆਂ ਮੁਟਿਆਰਾਂ ਦੀਆਂ ਉਂਗਲਾਂ ਤਾਂ ਸਮਾਰਟ ਫੋਨ ’ਤੇ ਹੀ ਘੁੰਮਦੀਆਂ ਹਨ, ਵਿਚਾਰੀ ਵੱਡੀ ਬੇਬੇ ਅੱਜ ਪੰਜਾਬ ਦੇ ਪਾਣੀ ਤੇ ਹਵਾ ਪਲੀਤ ਹੋਣ ਕਾਰਨ ਭਿਆਨਕ ਬਿਮਾਰੀਆਂ ਦੀ ਚਪੇਟ ਵਿੱਚ ਆ ਕੇ ਤੁਰਨੋ-ਫਿਰਨੋ ਵੀ ਰਹਿ ਗਈ ਹੈ, ਚਰਖਾ ਕੱਤਣਾ ਤਾਂ ਦੂਰ ਦੀ ਗੱਲ ਹੈ। ਪਹਿਲੀ ਗੱਲ ਤਾਂ ਕਿਸੇ ਘਰ ਚਰਖਾ ਹੈ ਹੀ ਨਹੀਂ ਜੇਕਰ ਪਿਆ ਹੈ ਤਾਂ ਉਹ ਕਿਸੇ ਖੂੰਜੇ ਮਿੱਟੀ ਨਾਲ ਭਰਿਆ ਪਿਆ ਹੈ, ਸਿਰਫ ਬੇਬੇ ਦੀ ਨਿਸ਼ਾਨੀ ਦੇ ਤੌਰ ’ਤੇ, ਖੂੰਜੇ ਪਿਆ ਚਰਖਾ ਭੁੱਬੀ ਰੋਂਦਾ ਹੋਇਆ ਪੰਜਾਬੀਆਂ ਨੂੰ ਸਵਾਲ ਕਰਦਾ ਹੈ:-

ਤੀਆਂ ਤੇ ਤਿ੍ਰੰਝਣ ਆਪਾਂ ਭੁੱਲ ਗਏ ਆਂ,
ਵੈਸਟਰਨ ਵਾਲੇ ਵਿਰਸੇ ਉੱਤੇ ਡੁੱਲ ਗਏ ਆਂ,
ਕੋਈ ਨਾ ਸਾਨੂੰ ਜਾਣੇ ਸੱਭਿਆਚਾਰ ਬਿਨਾਂ,
ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾਂ।

ਕਿਸੇ ਸਮੇਂ ਚਰਖਾ ਸਾਡੇ ਪੰਜਾਬੀਆਂ ਨੁੂੰ ਜੰਮਣ ਤੋਂ ਲੈ ਕੇ ਮਰਨ ਤੱਕ ਨੰਗ ਢੱਕਣ ਦਾ ਜਿੰਮੇਵਾਰ ਸੀ। ਕਿਉਂਕਿ ਪੋਤੜੇ ਤੇ ਖੱਫਣ ਦਾ ਸੂਤ ਚਰਖੇ ਨਾਲ ਕੱਤਕੇ ਹੀ ਕੱਪੜਾ ਤਿਆਰ ਹੁੰਦਾ ਸੀ। ਇਸ ਤੋਂ ਇਲਾਵਾ ਖੇਸ, ਚਾਦਰਾਂ, ਦਰੀਆਂ, ਕੋਰਿਆਂ, ਪੋਣਿਆਂ, ਤਾਣੀਆਂ ਦੇ ਸੂਤ ਦਾ ਜਨਮਦਾਤਾ ਵੀ ਚਰਖਾ ਹੀ ਹੁੰਦਾ ਸੀ, ਜਿਸ ਨੂੰ ਕੱਤਦੇ ਸਮੇਂ ਬਜੁਰਗ ਔਰਤਾਂ, ਕੁਆਰੀਆਂ, ਵਿਆਹੀਆਂ, ਪੇਕੇ ਆਈਆਂ ਜਾਂ ਸੱਜ ਵਿਆਹੀਆਂ ਸਹੁਰੇ ਘਰ ਤਿ੍ਰੰਝਣ ਵਿੱਚ ਆਪਣੇ ਦੁੱਖ-ਸੁਖ ਸਾਂਝੇ ਕਰਦੀਆਂ ਸਨ। ਪਰ ਅੱਜ ਤਾਂ ਚਰਖਾ ਡੀ. ਜੇ. ਵਾਲਿਆਂ ਦੀਆਂ ਸਟੇਜਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ ਜਾਂ ਫਿਰ ਕਿਧਰੇ-ਕਿਧਰੇ ਪੰਜਾਬੀ ਫਿਲਮਾਂ ਜਾਂ ਗਾਣਿਆਂ ਦੀਆਂ ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ।

ਅੱਜ ਚੰਦ ’ਤੇ ਪਹੁੰਚਣ ਦੀ ਹੋੜ ਨੇ ਸਾਨੂੰ ਪੰਜਾਬੀਆਂ ਨੂੰ ਆਪਣੇ ਪੁਰਾਤਨ ਵਿਰਸੇ ਨਾਲੋਂ ਬਿਲਕੁਲ ਤੋੜ ਕੇ ਪੱਛਮੀ ਮੁਲਕਾਂ ਦੀ ਚਕਾਚੌਂਧ ਰੌਸ਼ਨੀ ਵਿੱਚ ਲਿਜਾ ਖੜ੍ਹਾ ਕੀਤਾ ਹੈ, ਜਿੱਥੇ ਜਾ ਕੇ ਅਸੀਂ ਸੱਭਿਆਚਾਰ ਤਾਂ ਇੱਕ ਪਾਸੇ ਅਸੀਂ ਆਪਣੇ-ਆਪ ਨੂੰ ਵੀ ਭੁੱਲਣ ਦੇ ਕਿਨਾਰੇ ਖੜ੍ਹੇ ਹਾਂ। ਫਿਰ ਵੀ ਕੁੱਝ ਲੋਕ ਵਿਰਸੇ ਨੂੰ ਬਚਾਉਣ ਲਈ ਜੀ ਤੋੜ ਯਤਨ ਕਰ ਰਹੇ ਹਨ, ਆਓ! ਰਲ-ਮਿਲ ਉਸ ਕਤਾਰ ਨੂੰ ਲੰਬੀ ਕਰੀਏ ਵਿਰਸੇ ਨਾਲ ਜੁੜੀਏ
ਜਗਜੀਤ ਸਿੰਘ ਕੰਡਾ, ਕੋਟਕਪੂਰਾ
ਮੋ. 96462-00468

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।