ਸੁਭਾਅ ਹੋਵੇ ਮਿਲਣਸਾਰ

Nature

ਸੁਭਾਅ ਹੋਵੇ ਮਿਲਣਸਾਰ

ਹੱਦ ਤੋਂ ਜ਼ਿਆਦਾ ਮਿਹਨਤ, ਸਰਦੀ-ਗਰਮੀ ਦਾ ਪ੍ਰਭਾਵ, ਚੰਗੀ ਅਤੇ ਪੌਸ਼ਟਿਕ ਖੁਰਾਕ ਦੀ ਘਾਟ, ਗੰਦਾ ਰਹਿਣ-ਸਹਿਣ, ਸੁਸਤੀ, ਕਮਜ਼ੋਰੀ, ਆਲਸ, ਇਹ ਸਭ ਇਨਸਾਨ ਦੇ ਦੁਸ਼ਮਣ ਹਨ ਪਰ ਇਸ ਤੋਂ ਵੀ ਜ਼ਿਆਦਾ ਮਾੜਾ ਪ੍ਰਭਾਵ ਪਾਉਣ ਵਾਲਾ ਆਦਮੀ ਦਾ ਆਪਣਾ ਸੁਭਾਅ ਹੁੰਦਾ ਹੈ। ਆਦਮੀ ਉੱਤੇ ਖੁਦ ਦੇ ਨਕਾਰਾਤਮਕ ਸੁਭਾਅ ਦਾ ਜਿੰਨਾ ਹਾਨੀਕਾਰਕ ਪ੍ਰਭਾਵ ਪੈਂਦਾ ਹੈ, ਓਨਾ ਕਿਸੇ ਰੋਗ ਜਾਂ ਬਿਮਾਰੀ ਦਾ ਵੀ ਨਹੀਂ ਪੈਂਦਾ। ਕੁਝ ਲੋਕ ਕਿਸੇ ਦੁੱਖ ਜਾਂ ਬਿਮਾਰੀ ਕਰਕੇ ਚਿੜਚਿੜੇ ਹੋ ਜਾਂਦੇ ਹਨ ਪਰ ਉਸ ਦੁੱਖ ਜਾਂ ਬਿਮਾਰੀ ਦੇ ਖਤਮ ਹੋ ਜਾਣ ਨਾਲ ਉਨ੍ਹਾਂ ਦਾ ਚਿੜਚਿੜਾਪਣ ਵੀ ਖਤਮ ਹੋ ਜਾਂਦਾ ਹੈ ਪਰ ਆਦਮੀ ਦੇ ਸੁਭਾਅ ’ਚ ਰਚਿਆ ਚਿੜਚਿੜਾਪਣ ਸਾਰੀ ਉਮਰ ਆਦਮੀ ਦੇ ਮਗਰੋਂ ਨਹੀਂ ਲਹਿੰਦਾ। ਆਦਮੀ ਦਾ ਘਟੀਆ ਸੁਭਾਅ ਉਹਨੂੰ ਸਰੀਰਕ ਪੱਖੋਂ ਹੀ ਨਹੀਂ ਸਮਾਜਿਕ ਤੌਰ ’ਤੇ ਵੀ ਪ੍ਰਭਾਵਿਤ ਕਰਦਾ ਹੈ।

ਆਦਮੀ ਦਾ ਸਦਾ ਰੋਗੀ ਜਾਂ ਨਿਰੋਗੀ ਰਹਿਣਾ ਜਾਂ ਜੀਵਨ ’ਚ ਸਫਲ ਜਾਂ ਅਸਫਲ ਰਹਿਣਾ, ਇਹ ਉਹਦੇ ਸੁਭਾਅ ’ਤੇ ਨਿਰਭਰ ਕਰਦਾ ਹੈ। ਇੱਕ ਬੰਦਾ ਸਦਾ ਹੱਸਦਾ ਮੁਸਕੁਰਾਉਦਾ ਰਹਿੰਦਾ ਹੈ, ਦੂਸਰਾ ਬਿਮਾਰ ਅਤੇ ਚਿੜਚਿੜਾ ਜਿਹਾ ਰਹਿੰਦਾ ਹੈ। ਕੋਈ ਤਰੱਕੀ ਦੀਆਂ ਮੰਜਿਲਾਂ ਪਾਰ ਕਰਦਾ ਤੁਰਿਆ ਜਾਂਦਾ ਹੈ ਤੇ ਕੋਈ ਦੂਸਰਾ ਵਾਰ-ਵਾਰ ਹਰ ਖੇਤਰ ’ਚ ਮਾਤ ਖਾਂਦਾ ਹੈ। ਇਸ ਦਾ ਕਾਰਨ ਉਹਦਾ ਸੁਭਾਅ ਹੀ ਹੁੰਦਾ ਹੈ। ਸੁਭਾਅ ਦੇ ਕਾਰਨ ਹੀ ਕੋਈ ਆਦਮੀ ਲੋਕਾਂ ’ਚ ਸਤਿਕਾਰਿਆ ਜਾਂਦਾ ਹੈ ਤੇ ਕਿਸੇ ਨੂੰ ਕੋਈ ਥੜ੍ਹੇ ਨਹੀਂ ਚੜ੍ਹਨ ਦਿੰਦਾ।

ਖੁਦ ਸੋਚੋ, ਜੇਕਰ ਕਿਸੇ ਆਦਮੀ ਦਾ ਸੁਭਾਅ ਉਜੱਡ, ਕ੍ਰੋਧੀ ਅਤੇ ਕੌੜਾ ਹੋਵੇ ਤਾਂ ਕੀ ਤੁਸੀ ਉਹਦੇ ਨਾਲ ਗੱਲ ਕਰਨਾ ਪਸੰਦ ਕਰੋਗੇ? ਨਹੀਂ ਨਾ! ਅਜਿਹੇ ਬੰਦੇ ਤੋਂ ਲੋਕੀ ਕਿਨਾਰਾ ਕਰਨ ’ਚ ਹੀ ਭਲਾਈ ਸਮਝਦੇ ਹਨ। ਜਿਸ ਦਾ ਸੁਭਾਅ ਮਧੁਰ, ਮਿਲਣਸਾਰ ਅਤੇ ਅਪਣੱਤ ਭਰਿਆ ਹੋਵੇ, ਜਿਸਦੇ ਬੁੱਲ੍ਹਾਂ ਉੱਤੇ ਸਦਾ ਮੁਸਕਾਨ ਥਿਰਕਦੀ ਰਹਿੰਦੀ ਹੋਵੇ, ਉਹਨੂੰ ਸਾਰੇ ਪਸੰਦ ਕਰਦੇ ਹਨ ਅਤੇ ਉਹਦੀ ਨੇੜਤਾ ਚਾਹੁੰਦੇ ਹਨ। ਅਜਿਹੇ ਆਦਮੀ ਹੀ ਆਪਣੇ ਇਲਾਕੇ ਦੇ ‘ਸੱਜਣ-ਪੁਰਖ’ ਕਹਾਉਦੇ ਹਨ। ਘਰ ਦੀ ਖੁਸ਼ਹਾਲੀ ਜਾਂ ਬਦਹਾਲੀ ’ਚ ਵੀ ਸੁਭਾਅ ਦਾ ਬੜਾ ਮਹੱਤਵ ਹੁੰਦਾ ਹੈ। ਜੇਕਰ ਦੋਹਾਂ ਜੀਆਂ ਦਾ ਸੁਭਾਅ ਹੀ ਗਰਮ ਅਤੇ ਝਗੜਾਲੂ ਹੋਵੇ ਤਾਂ ਘਰ-ਗ੍ਰਹਿਸਥੀ ਨਰਕ ਬਣ ਜਾਂਦੀ ਹੈ। ਜਦ ਦੋਹਾਂ ਦਾ ਸੁਭਾਅ ਨਰਮ ਅਤੇ ਪ੍ਰਸਪਰ ਮੇਲ ਖਾ ਜਾਵੇ ਤਾਂ ਘਰ ਸਵਰਗ ਬਣ ਜਾਂਦਾ ਹੈ।

ਸਰਲ ਸੁਭਾਅ ਬੜਾ ਸੁਖਦਾਈ ਹੁੰਦਾ ਹੈ

ਜੇਕਰ ਅਸੀਂ ਹੱਸਦਿਆਂ-ਖੇਡਦਿਆਂ ਅਤੇ ਧਮਾਲਾਂ ਪਾਉਦਿਆਂ ਆਪਣਾ ਜੀਵਨ ਗੁਜ਼ਾਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਸੁਭਾਅ ਨੂੰ ਸਰਲ ਅਤੇ ਸਹਿਜ਼ ਬਣਾਉਣਾ ਹੋਵੇਗਾ। ਸਰਲ ਸੁਭਾਅ ਬੜਾ ਸੁਖਦਾਈ ਹੁੰਦਾ ਹੈ। ਜਦੋਂ ਕੋਈ ਆਦਮੀ ਅਸਹਿਜ਼ ਹੋ ਜਾਂਦਾ ਹੈ ਤਾਂ ਉਹਦੇ ਜੀਵਨ ’ਚ ਖੁਦ ਦੁਆਰਾ ਪੈਦਾ ਕੀਤੀਆਂ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਕੇ ਉਹਨੂੰ ਸੰਕਟ ’ਚ ਪਾ ਦਿੰਦੀਆਂ ਹਨ ਅਤੇ ਉਹਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਜਾਂਦਾ ਹੈ। ਕੁੱਝ ਲੋਕਾਂ ਦਾ ਵਿਚਾਰ ਹੈ ਕਿ ਸੁਭਾਅ ਨੂੰ ਬਦਲਣਾ ਮੁਸ਼ਕਿਲ ਹੈ। ਇਹ ਮੰਨਿਆ ਜਾ ਸਕਦਾ ਹੈ ਕਿ ਮੁਸ਼ਕਿਲ ਹੈ ਪਰ ਅਸੰਭਵ ਨਹੀਂ ਹੋ ਸਕਦਾ।

ਜੇਕਰ ਤੁਸੀਂ ਸੱਚਮੁੱਚ ਹੀ ਹੱਸਦੇ-ਹੱਸਦੇ ਜੀਵਨ ਗੁਜ਼ਾਰਨਾ ਚਾਹੁੰਦੇ ਹੋ ਤਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਕਿ ਤੁਹਾਡੇ ’ਚ ਵੈਰ, ਈਰਖਾ ਜਾਂ ਚਿੜਚਿੜਾਪਣ ਤਾਂ ਨਹੀਂ? ਇਨ੍ਹਾਂ ਸਾਰਿਆਂ ਦੋਸ਼ਾਂ ’ਚੋਂ ਕ੍ਰੋਧ ਸਭ ਤੋਂ ਜ਼ਿਆਦਾ ਹਾਨੀਕਾਰਕ ਹੈ। ਮਾਨਵ-ਜੀਵਨ ’ਚ ਕੋਈ ਹੋਰ ਭਾਵਨਾ ਐਨਾ ਜਿਆਦਾ ਮਾੜਾ ਪ੍ਰਭਾਵ ਨਹੀਂ ਪਾਉਦੀ ਜਿੰਨਾ ਕਿ ਕੋ੍ਰਧ।
ਸ਼ਾਂਤੀ ਅਤੇ ਠਰੰ੍ਹਮਾ ਜੀਵਨ ਦੇ ਮੂਲ ਮੰਤਰ ਹਨ। ਅਜਿਹੇ ਗੁਣ ਵਾਲੇ ਆਦਮੀ ਹਰੇਕ ਖੇਤਰ ’ਚ ਬੁਲੰਦੀਆਂ ’ਤੇ ਪਹੁੰਚਦੇ ਹਨ। ਸਫਲਤਾ ਉਨ੍ਹਾਂ ਦੇ ਜੀਵਨ ’ਚ ਖੁਸ਼ਹਾਲੀ ਦੇ ਰੰਗ ਭਰ ਦਿੰਦੀ ਹੈ ਅਤੇ ਉਹ ਸਾਰਾ ਜੀਵਲ ਹੱਸਦਿਆਂ-ਮੁਸਕੁਰਾਉਦਿਆਂ ਗੁਜ਼ਾਰਦੇ ਹਨ। ਆਦਮੀ ਦੇ ਸੁਭਾਅ ਉੱਤੇ ਹੀ ਉਹਦਾ ਭਵਿੱਖ ਨਿਰਭਰ ਕਰਦਾ ਹੈ। ਇਸ ਲਈ ਖੁਦ ਨੂੰ ਟਟੋਲੋ।

ਭੈਅ, ਘਬਰਾਹਟ, ਦੁੱਖ, ਸੰਤਾਪ ਮਨੁੱਖੀ ਜੀਵਨ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਉਦਾਸੀ, ਚਿੜਚਿੜਾਪਣ, ਅਪ੍ਰਸੰਨਤਾ ਅਤੇ ਅਜਿਹਾ ਹੀ ਜੀਵਨ ਜਿਸ ’ਚ ਕਿਸੇ ਨੇ ਆਪਣੀ ਕਾਬਲੀਅਤ ਦਾ ਵਿਸ਼ਵਾਸ ਗੁਆ ਲਿਆ ਹੋਵੇ, ਜਿਸਨੂੰ ਆਪਣੀਆਂ ਅੰਦਰਲੀਆਂ ਸ਼ਕਤੀਆਂ ’ਤੇ ਯਕੀਨ ਨਾ ਰਿਹਾ ਹੋਵੇ, ਜੋ ਜੀਵਨ ਦਾ ਉਦੇਸ਼ ਹੀ ਭੁੱਲ ਗਿਆ ਹੋਵੇ, ਜਿਸ ਦੀ ਸੋਚ ਅਪੰਗ ਹੋ ਗਈ ਹੋਵੇ, ਨੂੰ ਚਾਹੀਦਾ ਹੈ ਕਿ ਉਹ ਅਜਿਹੇ ਦੁਰਪ੍ਰਭਾਵਾਂ ਦਾ ਡਟ ਕੇ ਮਾਨਸਿਕ ਵਿਰੋਧ ਕਰੇ। ਖਾਸਕਰ ਅਜਿਹੇ ਵਿਚਾਰ ਜੋ ਉਸਦੇ ਮਨ ਨੂੰ ਉਦਾਸ ਬਣਾਉਂਦੇ ਹਨ, ਮਨ ’ਚ ਨਿਰਾਸ਼ਾ ਭਰਦੇ ਹਨ, ਅਜਿਹੀ ਅਪਰਾਧ ਭਾਵਨਾ ਨੂੰ ਮਨ ’ਚੋਂ ਧੂਹ ਕੇ ਖਿੱਚ ਕੱਢੇ। ਨਿਰਾਸ਼ਾਪੂਰਨ ਵਿਚਾਰਾਂ ਦਾ ਡਟ ਕੇ ਆਤਮਿਕ ਸ਼ਕਤੀ ਨਾਲ ਵਿਰੋਧ ਕਰਨਾ ਚਾਹੀਦਾ ਹੈ।

ਗੁਰੂ ਅਰਜਨ ਦੇਵ ਨਗਰ,
ਨੇੜੇ ਚੰਗੀ ਨੰ:7, ਫਰੀਦਕੋਟ।
ਮੋ. 98152-96475
ਸੰਤੋਖ ਸਿੰਘ ਭਾਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ