ਕਾਂਗਰਸ ਨਾਲ ਕੋਈ ਗਠਜੋੜ ਨਹੀਂ, ਭਲਕੇ ਕਰਾਂਗੇ ਰਹਿੰਦੇ ਉਮੀਦਵਾਰਾਂ ਦਾ ਐਲਾਨ : ਭਗਵੰਤ ਮਾਨ

0
155
Congress, Candidates, BhagwantMann

‘ਪ੍ਰਵਾਸੀ ਆਪ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਲਈ ਡਟੇ’

ਸੰਗਰੂਰ, ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ 

ਸਾਡਾ ਕਿਤੇ ਵੀ ਕਾਂਗਰਸ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਅਸੀਂ ਪੰਜਾਬ ਵਿੱਚ ਰਹਿੰਦੇ 3 ਉਮੀਦਵਾਰਾਂ ਦਾ ਐਲਾਨ ਭਲਕੇ ਕਰ ਰਹੇ ਹਾਂ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਮਾਨ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਮੀਡੀਆ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਸਬੰਧੀ ਚੱਲ ਰਹੀਆਂ ਖ਼ਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਪੱਧਰ ‘ਤੇ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਚੋਣ ਲੜ ਰਹੀ ਹੈ ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ 10 ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਹਾਂ ਤੇ 3 ਥਾਵਾਂ ‘ਤੇ ਰਹਿੰਦੇ ਉਮੀਦਵਾਰਾਂ ਦਾ ਐਲਾਨ ਭਲਕੇ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦਾ ਆਮ ਆਦਮੀ ਪਾਰਟੀ ਪ੍ਰਤੀ ਉਤਸ਼ਾਹ ਪਹਿਲਾਂ ਵਾਂਗ ਹੀ ਬਰਕਰਾਰ ਹੈ ਕਈ ਥਾਵਾਂ ‘ਤੇ ਪ੍ਰਵਾਸੀ ਐਨ. ਆਰ. ਆਈਜ਼ ਨੇ ਆ ਕੇ ਆਪ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਆਰੰਭ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਫੰਡ ਦੇਣ ਬਾਰੇ ਕੀਤੀ ਅਪੀਲ ਦਾ ਅਸਰ ਵੀ ਜ਼ੋਰਦਾਰ ਤਰੀਕੇ ਨਾਲ ਹੋ ਰਿਹਾ ਹੈ ਪੰਜਾਬ ਤੇ ਬਾਹਰੋਂ ਲੋਕ ਉਸ ਨੂੰ ਚੋਣ ਫੰਡ ਭੇਜ ਰਹੇ ਹਨ ਉਨ੍ਹਾਂ ਕਿਹਾ ਕਿ ਕੋਈ 1 ਰੁਪਇਆ, ਕੋਈ 5 ਤੇ ਕੋਈ 10 ਰੁਪਏ ਫੰਡ ਭੇਜ ਰਿਹਾ ਹੈ ਉਨ੍ਹਾਂ ਸੰਗਰੂਰ ਤੋਂ ਪੀਡੀਏ ਦੇ ਉਮੀਦਵਾਰ ਜੱਸੀ ਜਸਰਾਜ ਵੱਲੋਂ ਉਨ੍ਹਾਂ ‘ਤੇ ਫੰਡਾਂ ਦੀ ਦੁਰਵਰਤੋਂ ਦੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਹਿਲੀ ਗੱਲ ਕਿ ਉਨ੍ਹਾਂ ਫੰਡ ਪਾਰਟੀ ਨੂੰ ਦਿੱਤਾ ਹੈ ਜਿਹੜਾ ਕਿ ਪਾਰਟੀ ਦੀ ਵੈੱਬਸਾਈਟ ‘ਤੇ ਵੇਖਿਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਬਾਹਰੋਂ ਫੰਡ ਦੇਣ ਲਈ ਬਕਾਇਦਾ ਤੌਰ ‘ਤੇ ਦਾਨੀ ਦੇ ਪਾਸਪੋਰਟ ਦੀ ਕਾਪੀ ਲੱਗਦੀ ਹੈ, ਉਸ ਤੋਂ ਬਾਅਦ ਬਕਾਇਦਾ ਤੌਰ ‘ਤੇ ਉਸ ਨੂੰ ਫੰਡ ਦੀ ਰਸੀਦ ਦਿੱਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਜਦੋਂ ਜੱਸੀ ਪਾਰਟੀ ਵਿੱਚ ਹੁੰਦਾ ਸੀ, ਉਦੋਂ ਤੱਕ ਪਾਰਟੀ ‘ਚ ਸਾਰਾ ਕੁਝ ਸਹੀ ਸੀ, ਹੁਣ ਜਦੋਂ ਬਾਹਰ ਨਿੱਕਲ ਗਿਆ ਤਾਂ ਉਸ ਨੂੰ ਗਲਤ ਲੱਗਣ ਲੱਗ ਪਿਆ।

ਮਾਨ ਦੇ ਗੋਦ ਲਏ ਪਿੰਡ ‘ਚ ਕੋਈ ਵਿਕਾਸ ਕਾਰਜ ਨਾ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਮਾਨ ਨੇ ਕਿਹਾ ਕਿ ਗੋਦ ਲੈਣ ਸਬੰਧੀ ਕੇਂਦਰ ਦੀ ਸਕੀਮ ਫਲਾਪ ਸਾਬਤ ਹੋਈ ਹੈ ਉਨ੍ਹਾਂ ਕਿਹਾ ਕਿ ਮੈਂ ਬੇਨੜਾ ‘ਚ ਆਪਣੇ ਪੱਧਰ ‘ਤੇ ਕਾਫ਼ੀ ਕੰਮ ਕਰਵਾਏ ਹਨ ਪਰ ਵਿਸ਼ੇਸ਼ ਤੌਰ ‘ਤੇ ਕੋਈ ਗ੍ਰਾਂਟ ਨਹੀਂ ਦਿੱਤੀ ਗਈ । ਮਾਨ ਨੇ ਕਿਹਾ ਕਿ ਪਰਮਿੰਦਰ ਢੀਂਡਸਾ ਦੇ ਚੋਣ ਲੜਨ ਬਾਰੇ ਤਾਂ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਦਾ ਲੜਕਾ ਚੋਣ ਲੜਨ ਲਈ ਕਿਉਂ ਰਾਜ਼ੀ ਹੋਇਆ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਹੋਰ ਆਗੂ ਵੀ ਮੌਜ਼ੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।