ਮਹਿਤਾ ਖਰੀਦ ਕੇਂਦਰ ’ਚ ਲੱਖਾਂ ਦੇ ਪਏ ਝੋਨੇ ਦਾ ਵਾਰਸ ਬਣਨ ਨੂੰ ਨਹੀਂ ਕੋਈ ਤਿਆਰ!

Mehta Procurement Center Sachkahoon

ਕਿਸਾਨ ਕਹਿਣ ਝੋਨਾ ਬਾਹਰਲਾ, ਆੜ੍ਹਤੀਆ ਕਹੇ ਕਿਸਾਨ ਦਾ

ਰੌਲਾ ਪੈਣ ’ਤੇ ਪੁਲਿਸ ਦਾ ਨਾ ਆਉਣਾ ਬਣਿਆ ਬੁਝਾਰਤ

(ਮਨਜੀਤ ਨਰੂਆਣਾ/ਅਸ਼ੋਕ ਗਰਗ) ਬਠਿੰਡਾ। ਮਾਰਕਿਟ ਕਮੇਟੀ ਸੰਗਤ ਅਧੀਨ ਪੈਂਦੇ ਖਰੀਦ ਕੇਂਦਰ ਮਹਿਤਾ ’ਚ ਪਿਛਲੇ ਚਾਰ ਦਿਨ੍ਹਾਂ ਤੋਂ ਪਏ ਲੱਖਾਂ ਦੇ ਝੋਨੇ ਦਾ ਵਾਰਸ ਬਣਨ ਨੂੰ ਕੋਈ ਤਿਆਰ ਹਨ। ਮਾਮਲਾ ਸ਼ੱਕੀ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਵੱਲੋਂ ਝੋਨੇ ਦੀ ਢੇਰੀ ਕੋਲ ਪਹੁੰਚ ਕੇ ਪੰਜਾਬ ਸਰਕਾਰ ਤੇ ਆੜ੍ਹਤੀਏ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦਾ ਕਹਿਣਾ ਸੀ ਕਿ ਇਹ ਝੋਨਾ ਬਾਹਰਲੇ ਸੂਬੇ ’ਚੋਂ ਆਇਆ ਹੈ ਜਦ ਕਿ ਆੜਤੀਆ ਕਹਿ ਰਿਹਾ ਸੀ, ਕਿ ਇਹ ਝੋਨਾ ਪਿੰਡ ਫੁੱਲੋ ਮਿੱਠੀ ਦੇ ਇਕ ਕਿਸਾਨ ਪਰਿਵਾਰ ਦਾ ਹੈ।

ਲਗਭਗ ਸਾਰਾ ਦਿਨ ਰੌਲਾ ਪੈਂਦਾ ਰਿਹਾ ਪ੍ਰੰਤੂ ਪੁਲਿਸ ਦਾ ਖ੍ਰੀਦ ਕੇਂਦਰ ’ਚ ਇਕ ਵੀ ਅਧਿਕਾਰੀ ਨਹੀਂ ਪਹੁੰਚਿਆ, ਜੋ ਲੋਕਾਂ ਲਈ ਬੁਝਾਰਤ ਬਣਿਆ। ਕਿਸਾਨ ਆਗੂ ਜਗਦੇਵ ਸਿੰਘ ਮਹਿਤਾ ਨੇ ਕਿਹਾ ਕਿ ਬਾਹਰਲੇ ਸੂਬੇ ਤੋਂ ਝੋਨੇ ਦੇ ਆਉਣ ਦਾ ਪਤਾ ਲਗਾਉਣ ਲਈ ਉਨ੍ਹਾਂ ਦੀ ਡਿਊਟੀ ਖਰੀਦ ਕੇਂਦਰ ’ਚ ਪੱਕੀ ਲੱਗੀ ਹੋਈ ਸੀ, ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਦਿਨ੍ਹਾਂ ਤੋਂ ਖਰੀਦ ਕੇਂਦਰ ’ਚ ਹਜ਼ਾਰਾਂ ਮਣ ਝੋਨਾ ਸ਼ੱਕੀ ਹਲਾਤ ’ਚ ਪਿਆ ਸੀ, ਇਸ ਦਾ ਕੋਈ ਵੀ ਮਾਲਕ ਨਹੀਂ ਬਣਿਆ।

ਉਨ੍ਹਾਂ ਦੱਸਿਆ ਕਿ ਇਸ ਝੋਨੇ ਦੀ ਕੁਆਲਿਟੀ ਵੀ ਉਨ੍ਹਾਂ ਦੇ ਝੋਨੇ ਤੋਂ ਵੱਖਰੀ ਹੈ। ਉਨ੍ਹਾਂ ਦੱਸਿਆ ਕਿ ਆੜਤੀਏ ਵੱਲੋਂ ਚੋਰੀ ਛੁਪੇ ਬਾਹਰਲੇ ਸੂਬੇ ਤੋਂ ਝੋਨਾ ਮੰਗਵਾ ਕੇ ਵੇਚਿਆ ਜਾ ਰਿਹਾ ਸੀ। ਜਦ ਇਸ ਸਬੰਧੀ ਅਗਰਵਾਲ ਟੇ੍ਰਡਰ ਫਰਮ ਦੇ ਮਾਲਕ ਦੀਵਾਨ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਝੋਨਾ ਪਿੰਡ ਫੁੱਲੋ ਮਿੱਠੀ ਦੇ ਕਿਸਾਨ ਗੁਰਚਰਨ ਸਿੰਘ ਪੁੱਤਰ ਘੂਕਰ ਸਿੰਘ ਦਾ ਹੈ। ਉਨ੍ਹਾਂ ਦੱਸਿਆ ਇਹ ਝੋਨਾ ਉਨ੍ਹਾਂ ਜੈ ਸਿੰਘ ਵਾਲਾ ਦੇ ਖ੍ਰੀਦ ਕੇਂਦਰ ’ਚ ਰੱਖਣਾ ਸੀ ਪ੍ਰੰਤੂ ਉਥੇ ਥਾਂ ਨਾ ਹੋਣ ਕਾਰਨ ਉਹ ਇਥੇ ਲੈ ਆਇਆ। ਜਦ ਉਨ੍ਹਾਂ ਤੋਂ ਪੁੱਛਿਆ ਕਿ ਝੋਨਾ ਪਿਛਲੇ ਚਾਰ ਦਿਨ੍ਹਾਂ ਤੋਂ ਕਮੇਟੀ ਕੋਲ ਦਰਜ ਕਿਉਂ ਨਹੀਂ ਕਰਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਤੋਂ ਕੋਈ ਪੁੱਛੇਗਾ ਤਦ ਹੀ ਉਹ ਦਰਜ ਕਰਵਾਉਣਗੇ।

ਜਦ ਇਸ ਮਾਮਲੇ ਸਬੰਧੀ ਖ੍ਰੀਦ ਏਜੰਸੀ ਪਨਸਪ ਦੇ ਇੰਸਪੈਕਟਰ ਦਿਲਬਾਗ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਸਿਰਫ ਝੋਨੇ ਦੀ ਕੁਆਲਿਟੀ ਚੈੱਕ ਕਰਕੇ ਬੋਲੀ ਲਗਾਉਣਾ ਹੁੰਦਾ ਹੈ, ਖ੍ਰੀਦ ਕੇਂਦਰ ’ਚ ਆਏ ਝੋਨੇ ਦੀ ਐਂਟਰੀ ਮਾਰਕਿਟ ਕਮੇਟੀ ਵੱਲੋਂ ਕਰਨੀ ਹੁੰਦੀ ਹੈ, ਜਦ ਇਸ ਸਬੰਧੀ ਮਾਰਕਿਟ ਕਮੇਟੀ ਸੰਗਤ ਦੇ ਸਕੱਤਰ ਸੁਖਜੀਵਨ ਸਿੰਘ ਨਾਲ ਉਨ੍ਹਾਂ ਦੇ ਫੋਨ ਤੇ ਗੱਲ ਕਰਨੀ ਚਾਹੀ ਤਾਂ ਵਾਰ-ਵਾਰ ਫੋਨ ਦੀ ਘੰਟੀ ਵੱਜਦੀ ਰਹੀ, ਉਨ੍ਹਾਂ ਆਪਣਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਸਰਕਾਰ ਵੱਲੋਂ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਝੋਨੇ ਨੂੰ ਫੜ੍ਹਨ ਲਈ ਪੁਲਸ ਨੂੰ ਵਿਸ਼ੇਸ਼ ਹਦਾਇਤਾ ਕੀਤੀਆਂ ਹੋਈਆਂ ਹਨ, ਪ੍ਰੰਤੂ ਖ੍ਰੀਦ ਕੇਂਦਰ ’ਚ ਬਾਹਰਲੇ ਸੂਬੇ ਤੋਂ ਝੋਨਾ ਆਉਣ ਦਾ ਸਾਰਾ ਦਿਨ ਰੌਲਾ ਪੈਂਦਾ ਰਿਹਾ ਪ੍ਰੰਤੂ ਪੁਲਿਸ ਦਾ ਇੱਕ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆਂ ਜੋ ਸਮਝ ਤੋਂ ਪਰੇ ਦੀ ਗੱਲ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ