ਪੰਜਾਬ ‘ਚ ਮੈਡੀਕਲ ਆਕਸੀਜਨ ਦੀ ਕੋਈ ਕਮੀ ਨਹੀਂ : ਬਲਬੀਰ ਸਿੱਧੂ

0

ਆਕਸੀਜਨ ਦੀ ਸਪਲਾਈ ਲਈ ਸਥਾਨਕ ਸਰਕਾਰਾਂ ਦੇ ਡਿਪਟੀ ਡਾਇਰੈਕਟਰ ਅਮਿਤ ਬਾਂਬੀ ਨੂੰ ਨੋਡਲ ਅਫ਼ਸਰ ਲਾਇਆ

ਚੰਡੀਗੜ, (ਅਸ਼ਵਨੀ ਚਾਵਲਾ)। ਕੋਵਿਡ ਮਹਾਂਮਾਰੀ ਦੌਰਾਨ ਸੂਬੇ ਭਰ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਮੈਡੀਕਲ ਆਕਸੀਜਨ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਰਾਜ ਸਰਕਾਰ ਨੇ ਆਕਸੀਜਨ ਸਿਲੰਡਰਾਂ ਦੇ ਉਤਪਾਦਨ ਅਤੇ ਮੁੜ ਭਰਾਈ ਲਈ ਵਿਸਥਾਰਤ ਪ੍ਰਬੰਧ ਕੀਤੇ ਹਨ।ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੋੜ ਅਨੁਸਾਰ ਹੋਰ ਜ਼ਿਲ੍ਹਿਆਂ ਨੂੰ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਠੋਸ ਯਤਨਾਂ ਸਦਕਾ ਲੁਧਿਆਣਾ ਵਿੱਚ ਰੋਜ਼ਾਨਾ 800 ਆਕਸੀਜਨ ਸਿਲੰਡਰਾਂ ਦੇ ਉਤਪਾਦਨ ਅਤੇ ਰੋਜ਼ਾਨਾ 3000 ਸਿਲੰਡਰਾਂ ਦੀ ਭਰਾਈ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਸ. ਸਿੱਧੂ ਨੇ ਕਿਹਾ ਕਿ ਲੁਧਿਆਣਾ ਸਭ ਤੋਂ ਵੱਡਾ ਅਤੇ ਸੂਬੇ ਦੇ ਕੋਵਿਡ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਤੁਰੰਤ ਸ਼ੁਰੂ ਕਰਨ ਲਈ ਲੁਧਿਆਣਾ ਦੇ ਉਦਯੋਗਪਤੀਆਂ ਨੂੰ ਕਿਹਾ ਹੈ । ਇਸ ਤੋਂ ਪਹਿਲਾਂ ਵੈਲਟੇਕ ਇਕਉਪਮੈਂਟਜ਼ ਐਂਡ ਇਨਫਰਾਸਟਰੱਕਚਰ ਲਿਮਟਿਡ ਦਾ ਗਿਆਸਪੁਰਾ ਪਿੰਡ ਵਿਖੇ ਸਥਾਪਤ ਇੱਕ ਪਲਾਂਟ ਸਿਰਫ ਉਦਯੋਗਾਂ ਲਈ ਆਕਸੀਜਨ ਪੈਦਾ ਕਰਦਾ ਸੀ।

ਇਸੇ ਤਰ੍ਹਾਂ ਆਕਸੀਜਨ ਦੇ ਜ਼ਿਆਦਾਤਰ ਸਪਲਾਇਰਾਂ ਕੋਲ ਮੈਡੀਕਲ ਆਕਸੀਜਨ ਦੀ ਸਪਲਾਈ ਦਾ ਲਾਇਸੰਸ ਨਹੀਂ ਸੀ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨਾਲ ਤਾਲਮੇਲ ਕਰਕੇ ਲੁਧਿਆਣਾ ਦੇ ਪੰਜ ਆਕਸੀਜਨ ਸਪਲਾਇਅਰਜ਼ (ਹਰਪ੍ਰੀਤ ਕ੍ਰਾਇਓਜੀਨਿਕਸ, ਜੀ.ਡੀ.ਆਰ. ਗੈਸਿਜ਼, ਵੈਲਟੇਕ ਇਕਉਪਮੈਂਟਜ਼, ਬੀਓਸੀ ਗੈਸਿਜ਼ ਅਤੇ ਅਪਰਨਾ ਗੈਸਿਜ਼) ਨੂੰ ਮੈਡੀਕਲ ਆਕਸੀਜਨ ਰੀਪੈਕਿੰਗ ਲਾਇਸੰਸ ਜਾਰੀ ਕੀਤੇ ਗਏ ਹਨ। ਮੈਸਰਜ਼ ਵੈਲਟੇਕ ਇਕਉਪਮੈਂਟਜ਼ ਐਂਡ ਇਨਫਰਾਸਟਰੱਕਚਰ ਲਿਮਟਿਡ ਦੀ ਇੱਕ ਨਿਰਮਾਣ ਇਕਾਈ ਨੂੰ ਮੈਡੀਕਲ ਆਕਸੀਜਨ ਦੇ ਉਤਪਾਦਨ ਲਈ ਲਾਇਸੈਂਸ ਜਾਰੀ ਕੀਤਾ ਗਿਆ ਹੈ।

ਇਹ ਲੁਧਿਆਣਾ ਵਿੱਚ ਦਿੱਤਾ ਪਹਿਲਾ ਲਾਇਸੰਸ ਹੈ ਜਿਸ ਨਾਲ ਮੈਡੀਕਲ ਆਕਸੀਜਨ ਦੀ ਕਮੀ ਪੂਰੀ ਹੋਈ ਹੈ।ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰੇਰਨਾ ਸਦਕਾ, ਵੈਲਟੇਕ ਇਕਉਪਮੈਂਟਜ਼ ਨੇ ‘ਸੰਭਵ’ ਫਾਉਂਡੇਸ਼ਨ ਦੇ ਬੈਨਰ ਹੇਠ ਲੋੜਵੰਦ ਵਿਅਕਤੀਆਂ ਲਈ ਆਕਸੀਜਨ ਸਿਲੰਡਰਾਂ ਦੀ ਮੁਫ਼ਤ ਸਪਲਾਈ ਸ਼ੁਰੂ ਕੀਤੀ ਹੈ। ਲੋੜਵੰਦ ਇਸ ਮੁਫ਼ਤ ਸੇਵਾ ਦਾ ਲਾਭ ਲੈਣ ਲਈ ਮੋਬਾਈਲ ਨੰਬਰ 97799-18899 ਅਤੇ 98140-27317 ‘ਤੇ ਸੰਪਰਕ ਕਰ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.