ਹੁਣ ਮੁੱਦਿਆਂ ਵੱਲ ਵਾਪਸੀ

0
156

ਹੁਣ ਮੁੱਦਿਆਂ ਵੱਲ ਵਾਪਸੀ

ਇਸ ਵਾਰ ਪੰਜਾਬ ’ਚ ਕਾਫੀ ਕੁਝ ਵੱਖਰਾ ਤੇ ਨਵਾਂ ਹੋ ਰਿਹਾ ਹੈ ਪਿਛਲੇ ਦੋ ਦਹਾਕਿਆਂ ਤੋਂ ਇਹੀ ਰੁਝਾਨ ਚੱਲਦਾ ਆ ਰਿਹਾ ਸੀ ਕਿ ਪਾਰਟੀਆਂ ਲਈ ਚੋਣਾਂ ਦਾ ਮਤਲਬ ਰੈਲੀਆਂ ਦੀ ਭੀੜ, ਸਭਾਵਾਂ ਤੇ ਧੂੰਆਂਧਾਰ ਲੈਕਚਰਬਾਜ਼ੀ ਸੀ ਅਜਿਹੇ ਮਾਹੌਲ ’ਚ ਮੁੱਦਿਆਂ ਦਾ ਜ਼ਿਕਰ ਹੀ ਨਹੀਂ ਹੁੰਦਾ ਸੀ, ਜੋ ਚੋਣਾਂ ਦਾ ਮੁੱਖ ਆਧਾਰ ਹਨ ਚੋਣ ਮਨੋਰਥ ਪੱਤਰ ਨੂੰ ਫਾਲਤੂ ਜਿਹੀ ਚੀਜ਼ ਸਮਝਿਆ ਜਾਂਦਾ ਸੀ ਵੋਟਿੰਗ ਤੋਂ ਪੰਜ-ਸੱਤ ਦਿਨ ਪਹਿਲਾਂ ਜਦੋਂ ਆਗੂ ਰੈਲੀਆਂ ਕਰ-ਕਰ ਕੇ ਥੱਕ ਗਏ ਹੁੰਦੇ ਉਦੋਂ ਚੋਣ ਮਨੋਰਥ ਪੱਤਰ ਯਾਦ ਆਉਂਦਾ ਤੇ ਵਾਅਦਿਆਂ ਦੀ ਲੰਮੀ-ਚੌੜੀ ਲਿਸਟ ਦੇ ਦੇਂਦੇ

ਇਸ ਵਾਰ ਆਮ ਆਦਮੀ ਪਾਰਟੀ ਨੇ 300 ਯੂਨਿਟ ਬਿਜਲੀ ਮਾਫ ਕਰਨ ਦਾ ਵਾਅਦਾ ਕਰਕੇ ਪੰਜਾਬ ਦੀ ਸਿਆਸਤ ’ਚ ਹਲਚਲ ਮਚਾ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਐਲਾਨ ਤੋਂ ਦੋ ਦਿਨ ਬਾਦ ਹੀ ਕਾਂਗਰਸ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਆਪ ਨੇ ਕਾਂਗਰਸ ਦੀ ਸਕੀਮ ਚੋਰੀ ਕਰ ਲਈ ਹੈ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸੂਬਾ ਸਰਕਾਰ ਨੂੰ ਤੁਰੰਤ 300 ਯੂਨਿਟ ਮਾਫ ਕਰਨ ਲਈ ਕਿਹਾ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਵਾਅਦਿਆਂ ਦਾ ਮੋਰਚਾ ਸਾਂਭ ਲਿਆ ਹੈ ਤੇ ਆਪਣੀ ਸਰਕਾਰ ਆਉਣ ’ਤੇ 400 ਯੂਨਿਟ ਬਿਜਲੀ ਦੇਣ ਦਾ ਵਾਅਦਾ ਕਰਨ ਦੇ ਨਾਲ 12 ਹੋਰ ਵਾਅਦੇ ਕਰ ਦਿੱਤੇ ਹਨ

ਅਕਾਲੀ ਦਲ ਦੇ ਇਹ ਵਾਅਦੇ ਚੋਣ ਮਨੋਰਥ ਪੱਤਰ ਵਾਂਗ ਹੀ ਨਜ਼ਰ ਆ ਰਹੇ ਹਨ ਸਿਆਸਤ ’ਚ ਇਹ ਚੰਗਾ ਰੁਝਾਨ ਸ਼ੁਰੂ ਹੋਇਆ ਹੈ ਕਿ ਮੁੱਦਿਆਂ ਨੂੰ ਅਹਿਮੀਅਤ ਮਿਲੀ ਹੈ ਪਿਛਲੇ ਸਮੇਂ ’ਚ ਹਾਲਾਤ ਇਹ ਰਹੇ ਹਨ ਕਿ ਮੁੱਦੇ ਕਿਤੇ ਨਜ਼ਰ ਹੀ ਨਹੀਂ ਆਉਂਦੇ ਸਨ ਜਾਂ ਸਿਰਫ਼ ਖਾਨਾਪੂਰਤੀ ਨਜ਼ਰ ਆਉਂਦੀ ਸੀ ਬਿਨਾਂ ਸ਼ੱਕ ਬਿਜਲੀ ਦਾ ਮੁੱਦਾ ਬੜਾ ਗੰਭੀਰ ਮੁੱਦਾ ਹੈ ਮਹਿੰਗੀ ਬਿਜਲੀ ਦਾ ਬੋਝ ਜਨਤਾ ਦੇ ਨਾਲ-ਨਾਲ ਸਰਕਾਰ ’ਤੇ ਵੀ ਭਾਰਾ ਪੈ ਰਿਹਾ ਹੈ ਚੰਗਾ ਹੋਵੇ

ਜੇਕਰ ਮੁਫ਼ਤ ਬਿਜਲੀ ਵੰਡਣ ਦੇ ਧੜਾਧੜ ਵਾਅਦੇ ਕਰਨ ਵਾਲੀਆਂ ਪਾਰਟੀਆਂ ਆਰਥਿਕਤਾ ਨੂੰ ਅਰਥ ਸ਼ਾਸਤਰ ਦੀ ਨਜ਼ਰ ਨਾਲ ਵੀ ਵੇਖਣ ਅਕਸਰ ਲੋਕ ਲੁਭਾਊ ਵਾਅਦੇ ਕਰਨ ਦੀ ਹੋੜ ’ਚ ਮੁਫ਼ਤ ਸ਼ਬਦ ਦੀ ਵਰਤੋਂ ਧੜੱਲੇ ਨਾਲ ਕੀਤੀ ਜਾਂਦੀ ਹੈ ਅਜਿਹੇ ਐਲਾਨਾਂ ਕਾਰਨ ਖਜ਼ਾਨੇ ਦਾ ਕਚੂੰਮਰ ਨਿੱਕਲ ਜਾਂਦਾ ਹੈ ਭਾਵੇਂ ਪੰਜਾਬ ’ਚ ਖੇਤੀ ਨੂੰ ਮੁਫ਼ਤ ਬਿਜਲੀ ਸਹੂਲਤ ਦਿੱਤੀ ਹੋਈ ਹੈ ਪਰ ਪਾਵਰਕੌਮ ਦੀ ਹਾਲਤ ਬੇਹੱਦ ਤਰਸਯੋਗ ਹੈ ਜੋ ਵੱਡੇ ਘਾਟੇ ਦਾ ਸਾਹਮਣਾ ਕਰ ਰਿਹਾ ਹੈ

ਸਰਕਾਰ ਸਬਸਿਡੀ ਦਾ ਪੈਸਾ ਸਮੇਂ ਸਿਰ ਅਦਾ ਨਹੀਂ ਕਰਦੀ ਜਿਸ ਦਾ ਖਮਿਆਜਾ ਪਾਵਰਕੌਮ ਨੂੰ ਭੁਗਤਣਾ ਪਿਆ ਹੈ ਇਹ ਵੀ ਤੱਥ ਹਨ ਕਿ ਖੇਤੀ ਲਈ ਮੁਫਤ ਬਿਜਲੀ ਨੂੰ ਛੱਡ ਕੇ ਹੋਰ ਲੋਕ ਲੁਭਾਊ ਸਕੀਮਾਂ ਬੁਰੀ ਤਰ੍ਹਾਂ ਪਿੱਟ ਚੁੱਕੀਆਂ ਹਨ ਸਰਕਾਰ ਕੋਲ ਖਜ਼ਾਨੇ ’ਚ ਪੈਸਾ ਨਹੀਂ ਹੁੰਦਾ ਪਰ ਐਲਾਨ ਵੱਡੇ-ਵੱਡੇ ਕੀਤੇ ਜਾਂਦੇ ਹਨ ਅਕਾਲੀ-ਭਾਜਪਾ ਸਰਕਾਰ ਨੇ ਮੁਫਤ ਆਟਾ ਦਾਲ ਸਕੀਮ ਸ਼ੁਰੂ ਕੀਤੀ ਜੋ ਫੇਲ੍ਹ ਹੋ ਗਈ ਅਕਾਲੀਆਂ ਦੀ ਸ਼ਗਨ ਸਕੀਮ ਕਾਂਗਰਸ ’ਚ ਅਸ਼ੀਰਵਾਦ ਸਕੀਮ ਬਣ ਗਈ ਪਰ ਹੱਕਦਾਰ ਨੂੰ ਪੈਸਾ ਨਹੀਂ ਮਿਲ ਰਿਹਾ ਫ਼ਿਰ ਵੀ ਹੁਣ ਮੁੱਦਿਆਂ ਦੀ ਗੱਲ ਚੰਗੀ ਹੈ ਪਰ ਮੁੱਦਿਆਂ ਨਾਲ ਖਿਲਵਾੜ ਨਾ ਹੋਵੇ ਸਗੋਂ ਹਰ ਵਾਅਦੇ ਪਿੱਛੇ ਤਰਕ ਤੇ ਸਿਧਾਂਤ ਹੋਣੇ ਜ਼ਰੂਰੀ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ