ਹੁਣ ਦੇਸ਼ ਕੋਰੋਨਾ ’ਤੇ ਜਿੱਤ ਹਾਸਲ ਕਰੇ

0
1044

ਸ਼ੁਕਰ ਹੈ ਬੰਗਾਲ ਸਮੇਤ ਪੰਜ ਰਾਜਾਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਦਾ ਕੰਮ ਨੇਪਰੇ ਚੜ੍ਹ ਗਿਆ ਹੈ। ਹੁਣ ਸਿਆਸਤਦਾਨਾਂ ਨੂੰ ਕੋਰੋਨਾ ’ਤੇ ਦੇਸ਼ ਦੀ ਜਿੱਤ ਲਈ ਦਿਨ-ਰਾਤ ਇੱਕ ਕਰ ਦੇਣਾ ਚਾਹੀਦਾ ਹੈ। ਬੰਗਾਲ ਚੋਣਾਂ ਨਾਲ ਲਾਪਰਵਾਹੀਆਂ ਦੀ ਹੱਦ ਹੀ ਹੋ ਗਈ ਸੀ ਅਜਿਹਾ ਲੱਗਦਾ ਸੀ ਜਿਵੇਂ ਚੋਣਾਂ ਬੰਗਾਲ ’ਚ ਨਹੀਂ ਸਾਰੇ ਹਿੰਦੁਸਤਾਨ ’ਚ ਹੋ ਰਹੀਆਂ ਹੋਣ।

ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਨੇ ਕੋਰੋਨਾ ਸਾਵਧਾਨੀਆਂ ਦੀਆਂ ਧੱਜੀਆਂ ਰੱਜ ਕੇ ਉਡਾਈਆਂ। ਵੋਟਾਂ ਦੇ ਅਜੇ ਅੱਧੇ ਗੇੜ ਹੀ ਭੁਗਤੇ ਸਨ ਕਿ ਕੋਰੋਨਾ ਮਰੀਜ਼ਾਂ ਲਈ ਆਕਸੀਜਨ ਦੀ ਕਮੀ ਦੀਆਂ ਖ਼ਬਰਾਂ ਨਾਲ ਭਾਰੀ ਪ੍ਰੇਸ਼ਾਨੀ ਖੜ੍ਹੀ ਹੋ ਗਈ। ਚੋਣ ਮੈਦਾਨ ਹੁਣ ਠੰਢਾ ਹੋ ਗਿਆ ਹੈ। ਹੁਣ ਕੋਰੋਨਾ ਨੂੰ ਹਰਾਉਣ ਲਈ ਤਿਆਰੀ ’ਚ ਜੁਟ ਜਾਣਾ ਚਾਹੀਦਾ ਹੈ। ਬੰਗਾਲ ’ਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਨੇ ਲਗਾਤਾਰ ਤੀਜੀ ਵਾਰ ਝੰਡਾ ਗੱਡ ਕੇ ਇਤਿਹਾਸ ਰਚ ਦਿੱਤਾ ਹੈ। ਓਧਰ ਭਾਜਪਾ ਅਸਾਮ ਤੇ ਪੁੱਡੂਚੇਰੀ ’ਚ ਕਬਜ਼ਾ ਬਰਕਰਾਰ ਰੱਖਿਆ ਹੈ।

ਕੇਰਲ ਅੰਦਰ ਵੀ ਕਾਮਰੇਡਾਂ ਦਾ ਕਿਲ੍ਹਾ ਮਹਿਫ਼ੂਜ਼ ਰਿਹਾ ਹੈ। ਮੋਟੇ ਤੌਰ ’ਤੇ ਤਾਮਿਲਨਾਡੂ ਨੂੰ ਛੱਡ ਕੇ ਵੇਖੀਏ ਤਾਂ ਕੋਰੋਨਾ ਦੀ ਮਹਾਂਮਾਰੀ ਕਾਰਨ ਜਨਤਾ ਨੇ ਆਪਣੇ ਵਿਚਾਰਾਂ ਦੀ ਤਬਦੀਲੀ ਦਾ ਕੋਈ ਬਹੁਤਾ ਸੰਕੇਤ ਨਹੀਂ ਦਿੱਤਾ। ਲਾਕਡਾਊਨ ਕਾਰਨ ਘਰਾਂ ’ਚ ਬੰਦ ਲੋਕਾਂ ਨੇ ਕਿਸੇ ਸਿਆਸੀ ਤਬਦੀਲੀ ਨੂੰ ਸਵੀਕਾਰ ਨਹੀਂ ਕੀਤਾ। ਭਾਜਪਾ ਵਰਗੀ ਵੱਡੀ ਤੇ ਕੇਂਦਰ ’ਚ ਸੱਤਾ ਸੰਭਾਲ ਰਹੀ ਪਾਰਟੀ ਦੇ ਧੂੰਆਂਧਾਰ ਪ੍ਰਚਾਰ ਦੇ ਸਾਹਮਣੇ ਮਾਮਤਾ ਬੈਨਰਜੀ ਪਾਰਟੀ ਡਟੀ ਰਹੀ।

ਇਸੇ ਤਰ੍ਹਾਂ ਸੀਸੀਏ ਦੇ ਮੁੱਦੇ ਦੇ ਹੱਕ ਜਾਂ ਵਿਰੋਧ ਨੂੰ ਵੀ ਚੋਣਾਂ ਦੇ ਪ੍ਰਸੰਗ ’ਚ ਸਮਝਣਾ ਅਜੇ ਮੁਸ਼ਕਲ ਹੈ। ਦਰਅਸਲ ਲੋਕਾਂ ਦਾ ਸਾਰਾ ਧਿਆਨ ਕੋਰੋਨਾ ਮਹਾਂਮਾਰੀ ਵੱਲ ਹੈ। ਜਨਤਾ ਇਸ ਤੋਂ ਮੁਕਤੀ ਚਾਹੁੰਦੀ ਹੈ। ਇਸ ਦੇ ਬਾਵਜੂਦ ਲੋਕਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣੀ ਜਿੰਮੇਵਾਰੀ ਨਿਭਾ ਦਿੱਤੀ ਹੈ। ਸੂਬਿਆਂ ’ਚ ਨਵੀਆਂ ਸਰਕਾਰਾਂ ਬਣਨਗੀਆਂ ਤੇ ਹੁਣ ਸਾਰੀਆਂ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਠੋਸ ਨੀਤੀਆਂ ਤੇ ਪ੍ਰੋਗਰਾਮ ਬਣਾਉਣ।

ਚੋਣਾਂ ਦਾ ਮਕਸਦ ਸਿਰਫ਼ ਸੱਤਾ ਪ੍ਰਾਪਤੀ ਨਹੀਂ ਤੇ ਨਾ ਹੀ ਇਹ ਅਗਲੀਆਂ ਚੋਣਾਂ ਦੀ ਤਿਆਰੀ ਹੋਣੀ ਚਾਹੀਦੀ ਹੈ। ਕੋਰੋਨਾ ਮਹਾਂਮਾਰੀ ਨੇ ਇੱਕ ਵਾਰ ਸਿੱਖਿਆ, ਫ਼ਿਰ ਰੁਜ਼ਗਾਰ ਤੇ ਆਰਥਿਕਤਾ ਨੂੰ ਰਗੜਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਕਾਲ ’ਚ ਇਹ ਚੁਣੌਤੀ ਭਰੀ ਲੜਾਈ ਸਿਰਫ਼ ਸਿਆਸੀ ਬਿਆਨਬਾਜ਼ੀ, ਇੱਕ-ਦੂਜੇ ਖਿਲਾਫ਼ ਭੰਡੀ ਪ੍ਰਚਾਰ ਨਾਲ ਨਹੀਂ ਜਿੱਤੀ ਜਾਣੀ ਸਗੋਂ ਸੱਤਾਧਿਰ ਤੇ ਵਿਰੋਧੀ ਧਿਰ ਦੋਵਾਂ ਨੂੰ ਚੋਣ ਪ੍ਰਚਾਰ ਦੇ ਗੈਰ-ਕਾਨੂੰਨੀ ਢੰਗ-ਤਰੀਕਿਆਂ ਤੋਂ ਤੌਬਾ ਕਰਕੇ ਲੋਕਾਂ ਦੇ ਹਿੱਤ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਨਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।