Breaking News

ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਦਫ਼ਤਰਾਂ ‘ਚ ਵਧੇਗਾ ਧੀਆਂ ਦੇ ਮਾਪਿਆਂ ਦਾ ਮਾਣ

Parents, Daughters, VIP, Facility

ਹੁਣ ਧੀਆਂ ਦੇ ਮਾਪਿਆਂ ਨੂੰ ਮਿਲੇਗੀ ਵੀਆਈਪੀ ਸਹੂਲਤ
ਧੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਿਸ਼ੇਸ਼ ਮਾਣ ਦੇਣ ਦੇ ਮੰਤਵ ਨਾਲ ਲਿਆ ਫੈਸਲਾ : ਗੁਪਤਾ 
ਕਿਹਾ ਕਿ ਸੜਕਾਂ/ਗਲੀਆਂ ਦੇ ਨਾਮ ਵੀ ਹੋਣਗੇ ਧੀਆਂ ਦੇ ਨਾਮ ‘ਤੇ

ਜਸਵੀਰ ਸਿੰਘ
ਬਰਨਾਲਾ

ਕੁੜੀਆਂ ਪ੍ਰਤੀ ਸੌੜੀ ਸੋਚ ਦੇ ਚਲਦਿਆਂ ਸਮਾਜ ਅੰਦਰ ਹੋ ਰਹੀ ਭਰੂਣ ਹੱਤਿਆ ਨੂੰ ਰੋਕਣ ਤੇ ਧੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਦਰਜ਼ਾ ਦਿਵਾਉਣ ਤੋਂ ਇਲਾਵਾ ਆਮ ਲੋਕਾਂ ‘ਚ ਧੀਆਂ ਦੇ ਮਾਪਿਆਂ ਨੂੰ ਮਾਣ ਮਹਿਸੂਸ ਕਰਵਾਉਣ ਲਈ ਜਾਗਰੂਕਤਾ ਲਿਆਉਣ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੇ ਇੱਕ ਵੀਆਈਪੀ ਕੀਤਾ ਹੈ ਜਿਸ ਦੇ ਤਹਿਤ ‘ਬੇਟੀ ਪੜ੍ਹਾਓ-ਬੇਟੀ ਬਚਾਓ’ ਬੈਨਰ ਹੇਠ ਉਨ੍ਹਾਂ ਮਾਪਿਆਂ ਦੇ ਵੀਆਈਪੀ ਕਾਰਡ ਬਣਾਏ ਜਾਣਗੇ, ਜਿੰਨ੍ਹਾਂ ਦੇ ਇੱਕ ਜਾਂ ਇੱਕ ਤੋਂ ਵਧੇਰੇ ਸਿਰਫ਼ ਲੜਕੀਆਂ ਹੀ ਹਨ।

ਇਸ ਕਾਰਡ ਦੀ ਸਹਾਇਤਾ ਨਾਲ ਸਬੰਧਿਤ ਮਾਪਿਆਂ ਨੂੰ ਸਰਕਾਰੀ ਦਫਤਰਾਂ ‘ਚ ਨਾ ਸਿਰਫ਼ ਵਿਸ਼ੇਸ਼ ਮਾਣ-ਸਨਮਾਨ ਮਿਲੇਗਾ ਸਗੋਂ ਉਨ੍ਹਾਂ ਦੇ ਸਰਕਾਰੀ ਅਦਾਰਿਆਂ ਨਾਲ ਸਬੰਧਿਤ ਕੰਮ ਵੀ ਪਹਿਲ ਦੇ ਅਧਾਰ ‘ਤੇ ਕੀਤੇ ਜਾਣਗੇ। ਇਸ ਉਪਰਾਲੇ ਨਾਲ ਪ੍ਰਸ਼ਾਸਨ ਪ੍ਰਸ਼ੰਸਾ ਦਾ ਪਾਤਰ ਬਣਨ ਦੇ ਨਾਲ-ਨਾਲ ਧੀਆਂ ਦੇ ਮਾਪਿਆਂ ਨੂੰ ਵੀਆਈਪੀ ਮਾਣ ਦੇਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਵੀ ਬਣ ਚੁੱਕਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਡੀਸੀ ਬਰਨਾਲਾ ਘਣਸ਼ਿਆਮ ਥੋਰੀ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੇ ਜ਼ਿਲ੍ਹੇ ਅੰਦਰ ਸਰਕਾਰੀ ਹਸਪਤਾਲਾਂ ‘ਚ ਸਾਲ 2017 ‘ਚ ਜਨਮ ਲੈਣ ਵਾਲੀਆਂ ਬੇਟੀਆਂ ਦੀ ਜਿਲ੍ਹਾ ਪੱਧਰ ‘ਤੇ ਲੋਹੜੀ ਮਨਾਉਣ ਦਾ ਫੈਸਲਾ ਲਿਆ ਹੈ। ਜਿਸ ਦੌਰਾਨ 1 ਜਨਵਰੀ 2017 ਤੋਂ 31 ਦਸੰਬਰ 2017 ਤੱਕ ਜਨਮੀਆਂ ਬੱਚੀਆਂ ਨੂੰ ਬੇਬੀ ਗਰੁਮਿੰਗ ਕਿੱਟਾਂ ਅਤੇ ਨੈਪੀ ਵੀ ਮੁਫ਼ਤ ਵੰਡੇ ਜਾਣ ਦੇ ਨਾਲ-ਨਾਲ ਅਜਿਹੇ ਮਾਪਿਆਂ ਦੇ ਵੀਆਈਪੀ ਕਾਰਡ ਵੀ ਬਣਾਏ ਜਾਣਗੇ, ਜਿੰਨ੍ਹਾਂ ਦੇ ਇੱਕ ਜਾਂ ਇੱਕ ਤੋਂ ਵਧੇਰੇ ਕੇਵਲ ਕੁੜੀਆਂ ਹੀ ਹਨ।

ਜਿਸ ਦੀ ਮੱਦਦ ਨਾਲ ਵੀਆਈਪੀ ਕਾਰਡ ਧਾਰਕ ਮਾਪੇ ਹੁਣ ਕਿਸੇ ਵੀ ਸਰਕਾਰੀ ਦਫ਼ਤਰ ‘ਚ ਆਪਣਾ ਕੰਮ ਪਹਿਲ ਦੇ ਅਧਾਰ ‘ਤੇ ਕਰਵਾ ਸਕਣਗੇ। ਇਸ ਤੋਂ ਇਲਾਵਾ ਇਸ ਕਾਰਡ ਦਾ ਮਕਸਦ ਧੀਆਂ ਦੇ ਮਾਪਿਆਂ ਨੂੰ ਵਿਸ਼ੇਸ਼ ਮਾਣ-ਸਨਮਾਨ ਦੇਣਾ ਅਤੇ ਆਮ ਲੋਕਾਂ ਦੀ ਧੀਆਂ ਪ੍ਰਤੀ ਸੋਚ ਨੂੰ ਸਕਾਰਾਤਮਕ ਕਰਨਾ ਵੀ ਹੈ। ਵੀਆਈਪੀ ਕਾਰਡ ਸਬੰਧੀ ਸਬੰਧਿਤ ਮਾਪਿਆਂ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ‘ਚ ਇੱਕ-ਇੱਕ ਨੋਡਲ ਅਫ਼ਸਰ ਵੀ ਲਾਇਆ ਜਾ ਚੁੱਕਾ ਹੈ ਜੋ ਕਾਰਡ ਧਾਰਕ ਦਾ ਹਰ ਸਰਕਾਰੀ ਕੰਮ ਪਹਿਲ ਦੇ ਅਧਾਰ ‘ਤੇ ਕਰਵਾਉਣ ਲਈ ਬਚਨਵੱਧ ਹੋਣਗੇ ਤੇ ਉਨ੍ਹਾਂ ਦੇ ਕੰਮ ‘ਚ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਵੀ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਕੇਵਲ ਧੀਆਂ ਵਾਲੇ ਮਾਪਿਆਂ ਨੂੰ ਵਿਸ਼ੇਸ਼ ਮਾਣ ਦੇਣ ਤੋਂ ਇਲਾਵਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਦਫ਼ਤਰਾਂ ‘ਚ ਉਨ੍ਹਾਂ ਦੇ ਕੰਮ ਪਹਿਲ ਦੇ ਅਧਾਰ ‘ਤੇ ਕਰਨ ਲਈ ਵੱਖਰੀ ਪਛਾਣ ਦੇ ਮੰਤਵ ਨਾਲ ਇਹ ਉਪਰਾਲਾ ਕੀਤਾ ਗਿਆ ਹੈ। ਜਿਸ ਸਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਹੁਣ ਤੱਕ 1 ਹਜ਼ਾਰ ਦੇ ਕਰੀਬ ਵੀਆਈਪੀ ਕਾਰਡ ਬਣਾਏ ਜਾ ਚੁੱਕੇ ਹਨ।

ਇੰਨ੍ਹਾਂ ਕਾਰਜ਼ਾਂ ਨੂੰ ਦਿੱਤਾ ਜਾ ਚੁੱਕੈ ਅੰਜ਼ਾਮ

ਇੱਥੇ ਇਹ ਵੀ ਜਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਹੀ ‘ਬੇਟੀ ਪੜ੍ਹਾਓ-ਬੇਟੀ ਬਚਾਓ’ ਸਕੀਮ ਤਹਿਤ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਪੈਸ਼ਲ ਪੋਸਟਲ ਕਵਰ ਵੀ ਰਿਲੀਜ ਕਰ ਚੁੱਕਾ ਹੈ, ਜੋ ਦੇਸ ਦੇ ਸਾਰੇ ਡਾਕਘਰਾਂ ‘ਚ ਉਪਲਬੱਧ ਹਨ ਤੇ ਬੇਟੀ ਬਚਾਓ,ਬੇਟੀ ਪੜ੍ਹਾਓ ਸੰਦੇਸ਼ ਪੂਰੇ ਭਾਰਤ ‘ਚ ਪਹੁੰਚਾ ਰਹੇ ਹਨ।

ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਨੁੱਕੜ ਨਾਟਕ ਵੀ ਕਰਵਾਉਣ ਤੋਂ ਇਲਾਵਾ ਲੜਕੀਆਂ ਦੀ ਸਹੂਲਤ ਲਈ ਜ਼ਿਲੇ ਦੇ ਕੁਝ ਸਰਕਾਰੀ ਸਕੂਲਾਂ ਅੰਦਰ ਸੇਨੇਟਰੀ ਨੈਪਕਿਨ ਵੈਂਡਿੰਗ ਮਸ਼ੀਨਾਂ ਵੀ ਲਗਵਾ ਚੁੱਕਾ ਹੈ। ਗਰੈਫਿਟੀ ਪ੍ਰੋਜੈਕਟ ਤਹਿਤ ਉਕਤ ਸਕੀਮ ਨੂੰ ਵਿਸ਼ਾ ਬਣਾ ਕੇ ਵੱਖ-ਵੱਖ ਖੇਤਰਾਂ ‘ਚ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀਆਂ ਮਹਿਲਾਵਾਂ ਨੂੰ ਸਮਰਪਿਤ ਆਈ.ਟੀ.ਆਈ ਨਜਦੀਕ ਟੀ-ਪੁਆਇੰਟ ਸਬਵੇਅ ਅਤੇ ਤਪਾ ਵਿਖੇ ਵਾਲ ਪੇਟਿੰਗ ਵੀ ਕੀਤੀ ਜਾ ਚੁੱਕੀ ਹੈ।

ਸਕੀਮ ਤਹਿਤ ਇਹ ਹੋਣਗੇ ਅਗਲੇ ਕਾਰਜ਼

ਲੜਕੀਆਂ ਨੂੰ ਅਤੇ ਲੜਕੀਆਂ ਦੇ ਜਨਮ ਨੂੰ ਹੋਰ ਵਧੇਰੇ ਉਤਸਾਹਿਤ ਕਰਨ ਦੇ ਮਕਸਦ ਨਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਸਮੇਂ ‘ਚ ਸੜਕਾਂ/ਗਲੀਆਂ ਦੇ ਨਾਮ ਉਨ੍ਹਾਂ ਲੜਕੀਆਂ ਦੇ ਨਾਮ ‘ਤੇ ਰੱਖੇ ਜਾਣਗੇ ਜਿੰਨਾਂ ਨੇ ਸਿੱਖਿਆ, ਸਪੋਰਟਸ ਜਾਂ ਕਿਸੇ ਹੋਰ ਖੇਤਰ ‘ਚ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਅਜਿਹੀਆਂ ਲੜਕੀਆਂ ਦੀ ਚੋਣ ਕਰਨ ਹਿੱਤ ਜ਼ਿਲਾ ਪੱਧਰ ‘ਤੇ ਇੱਕ ਕਮੇਟੀ ਦਾ ਗਠਨ ਵੀ ਕੀਤਾ ਜਾ ਚੁੱਕਾ ਹੈ।

ਇਸੇ ਲੜੀ ਤਹਿਤ 10 ਜਨਵਰੀ ਨੂੰ ਬੇਟੀ ਬਚਾਓ,ਬੇਟੀ ਪੜਾਓ ਸਕੀਮ’ ਤਹਿਤ ‘ਲੋਹੜੀ ਧੀਆਂ ਦੀ’ ਜਿਲ੍ਹਾ ਪੱਧਰੀ ਮੇਲਾ ਵੀ ਕਰਵਾਇਆ ਜਾ ਰਿਹਾ ਹੈ। ਜਿਸ ‘ਚ ਜਿੱਥੇ ਡਾਕਟਰਾਂ ਦੁਆਰਾ ਬੱਚੀਆਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ ਉੱਥੇ ਹੀ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਉਪਲਬੱਧ ਕਰਵਾਈਆਂ ਜਾਣਗੀਆਂ ਲੜਕੀਆਂ ਨੂੰ ਸਵੈ-ਰੱਖਿਆ ਦੀ ਸਿਖਲਾਈ ਲਈ ਸਵੈ-ਰੱਖਿਆ ਕਲਾਸਾਂ ਵੀ ਆਰੰਭ ਕੀਤੀਆਂ ਜਾ ਰਹੀਆਂ ਹਨ, ਜਿਸ ‘ਚ ਲੜਕੀਆਂ ਆਪਣੇ ਬਚਾਅ ਦੇ ਗੁਰ ਪ੍ਰਾਪਤ ਕਰ ਸਕਣਗੀਆਂ।

ਉਕਤ ਫੈਸਲੇ ਦੀ ਸਲਾਘਾ ਕਰਦਿਆਂ ਮਜ਼ਦੂਰ ਆਗੂ ਬਲਜੀਤ ਕੌਰ ਚੁਹਾਣਕੇ, ਮਨਪ੍ਰੀਤ ਕੌਰ ਨਾਈਵਾਲਾ, ਪਰਮਜੀਤ ਕੌਰ ਗਹਿਲ, ਬਲਜੀਤ ਕੌਰ ਬਰਨਾਲਾ ਤੇ ਗੁਰਜਿੰਦਰ ਕੌਰ ਮੂੰਮ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਦਾ ਇਹ ਵੀਆਈਪੀ ਕਾਰਡ ਦਾ ਫਾਰਮੂਲਾ ਸਮੁੱਚੇ ਪੰਜਾਬ ‘ਚ ਲਾਗੂ ਕਰਨ ਦੀ ਲੋੜ ਹੈ ਤਾਂ ਜੋ ਧੀਆਂ ਨੂੰ ਬੋਝ ਨਾ ਸਮਝਣ ਵਾਲੇ ਆਪਣੇ-ਆਪ ‘ਤੇ ਮਾਣ ਮਹਿਸੂਸ ਕਰ ਸਕਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top