ਯੂਥ ਅਕਾਲੀ ਆਗੂ ਦੇ ਕਤਲ ਦੇ ਦੋਸ਼ ‘ਚ ਇੱਕ ਗ੍ਰਿਫ਼ਤਾਰ

0

5 ਸਤੰਬਰ ਰਾਤ ਨੂੰ ਹੋਇਆ ਸੀ ਕਤਲ

ਬਠਿੰਡਾ, (ਸੁਖਜੀਤ ਮਾਨ) ਇੱਥੋਂ ਦੀ ਲਾਲ ਸਿੰਘ ਬਸਤੀ ‘ਚ ਰਹਿਣ ਵਾਲੇ ਅਤੇ ਯੂਥ ਅਕਾਲੀ ਆਗੂ ਸੁਖਨਪ੍ਰੀਤ ਸਿੰਘ ਉਰਫ ਸੁਖਨ ਸਿੱਧੂ ਦਾ ਕਤਲ ਕਰਨ ਦੇ ਮਾਮਲੇ ‘ਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ  ਮੁਲਜ਼ਮ ਕੋਲੋਂ ਪੁਲਿਸ ਨੇ ਕਤਲ ਦੌਰਾਨ ਵਰਤਿਆ ਰਿਵਾਲਰ, ਜੋ ਸੁਖਨ ਦਾ ਹੀ ਸੀ ਉਸ ਸਮੇਤ 30 ਹਜ਼ਾਰ ਰੁਪਏ ਨਗਦੀ ਵੀ ਬਰਾਮਦ ਕੀਤੀ ਹੈ ਇਸ ਸਬੰਧੀ ਅੱਜ ਦੇਰ ਸ਼ਾਮ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 5 ਸਤੰਬਰ ਰਾਤ ਨੂੰ ਕਰੀਬ 10 ਵਜੇ ਸੁਖਨਪ੍ਰੀਤ ਸਿੰਘ ਸੰਧੂ ਉਰਫ ਸੁਖਨ ਪੁੱਤਰ ਗੁਰਵਿੰਦਰ ਸਿੰਘ ਵਾਸੀ ਗਲੀ ਨੰਬਰ 9 ਲਾਲ ਸਿੰਘ ਬਸਤੀ ਬਠਿੰਡਾ ਨੂੰ ਕਿਸੇ ਨਾਮਲੂਮ ਵਿਅਕਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਇਸ ਕਤਲ ਮਗਰੋਂ ਪੁਲਿਸ ਨੇ ਮ੍ਰਿਤਕ ਦੇ ਪਿਤਾ ਗੁਰਵਿੰਦਰ ਸਿੰਘ ਦੇ ਬਿਆਨਾਂ ‘ਤੇ ਧਾਰਾ 302, 382 ਤੇ 25,54,59 ਅਸਲਾ ਐਕਟ ਤਹਿਤ ਥਾਣਾ ਕੈਨਾਲ ਕਲੋਨੀ ਬਠਿੰਡਾ ‘ਚ ਮਾਮਲਾ ਦਰਜ਼ ਕਰ ਲਿਆ ਸੀ ਵਾਰਦਾਤ ਤੋਂ ਤੁਰੰਤ ਮਗਰੋਂ ਹੀ ਪੁਲਿਸ ਵੱਲੋਂ ਕਾਤਲ ਦੀ ਭਾਲ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ‘ਚ ਵੱਖ-ਵੱਖ ਟੀਮਾਂ ਗਠਿਤ ਕੀਤੀਆ ਸਨ

ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵੱਲੋਂ ਹਰ ਪਹਿਲੂ ਤੇ ਪੂਰੀ ਤਕਨੀਕ ਨਾਲ ਜਾਂਚ ਕੀਤੀ ਗਈ ਤਾਂ ਸੰਜੇ ਠਾਕੁਰ ਉਰਫ ਸੰਮੀ ਪੁੱਤਰ ਉਮੇਸ਼ ਕੁਮਾਰ ਵਾਸੀ ਗਲੀ ਨੰਬਰ 30/04 ਪ੍ਰਤਾਪ ਨਗਰ ਬਠਿੰਡਾ ਨੂੰ ਇਸ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਐਸਐਸਪੀ ਨੇ ਦੱਸਿਆ ਕਿ ਅੱਜ ਪਿੰਡ ਜੈ ਸਿੰਘ ਵਾਲਾ ਦੇ ਬੱਸ ਅੱਡੇ ਤੋਂ ਮੁਲਜ਼ਮ ਸੰਜੇ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ ਪੁਲਿਸ ਵੱਲੋਂ ਸੰਜੇ ਠਾਕੁਰ ਤੋਂ ਕੀਤੀ ਗਈ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਸੰਜੇ ਦਾ ਮ੍ਰਿਤਕ ਸੁਖਨਪ੍ਰੀਤ ਨਾਲ ਪੈਸੇ ਦਾ ਲੈਣ ਦੇਣ ਚੱਲਦਾ ਸੀ ਸੰਜੇ ਫਾਇਨਾਂਸ ਦਾ ਕੰਮ ਕਰਦਾ ਹੈ ਜਿਸ ਕੋਲੋਂ ਸੁਖਨਪ੍ਰੀਤ ਸਿੰਘ ਨੇ ਕਰੀਬ ਤਿੰਨ ਸਾਲ ਪਹਿਲਾਂ 3 ਲੱਖ ਰੁਪਏ ਲੋਨ ਲਿਆ ਸੀ

children

ਪੁਲਿਸ ਨੇ ਦੱਸਿਆ ਕਿ ਲਏ ਗਏ ਲੋਨ ‘ਚੋਂ ਇੱਕ ਲੱਖ ਰੁਪਏ ਦੀ ਅਦਾਇਗੀ ਕਰਨ ਲਈ ਗੱਲ ਹੋਈ ਸੀ ਪਰ ਸੁਖਨਪ੍ਰੀਤ 40 ਹਜ਼ਾਰ ਰੁਪਏ ਘਰੋਂ ਲੈ ਕੇ ਸੰਜੇ ਠਾਕੁਰ ਨੂੰ ਦੇਣ  ਗਿਆ ਤਾਂ ਦੋਵਾਂ ਦਾ ਆਪਸੀ ਤਕਰਾਰ ਹੋ ਗਿਆ ਇਸ ਤਰਕਾਰ ਦੌਰਾਨ ਹੀ ਸੰਜੇ ਠਾਕੁਰ ਨੇ ਸੁਖਨਪ੍ਰੀਤ ਦਾ ਪਿਸਟਲ ਖੋਹ ਕੇ ਉਸਦੇ ਸਿਰ ਵਿੱਚ ਗੋਲੀ ਮਾਰੀ ਅਤੇ ਘਟਨਾ ਸਥਾਨ ਤੋਂ ਪਿਸਟਲ ਅਤੇ 40 ਹਜਾਰ ਰੁਪਏ ਲੈ ਕੇ ਫਰਾਰ ਹੋ ਗਿਆ ਸੀ ਸੰਜੇ ਠਾਕੁਰ ਅੱਜ ਆਪਣੀ ਘਰਵਾਲੀ ਨੂੰ ਦਿੱਲੀ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਪੁਲਿਸ ਨੇ ਸ਼ਨਾਖਤ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਪੁਲਿਸ ਨੇ ਮੁਲਜ਼ਮ ਤੋਂ ਰਿਵਾਲਰ ਅਤੇ 30 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ

ਹੋਰ ਡੂੰਘਾਈ ਨਾਲ ਕੀਤੀ ਜਾਵੇਗੀ ਪੁੱਛਗਿੱਛ : ਐਸਐਸਪੀ

ਇਸ ਮੌਕੇ ਜਦੋਂ ਪੱਤਰਕਾਰਾਂ ਨੇ ਇਸ ਮਾਮਲੇ ‘ਚ ਹੋਰ ਪਹਿਲੂਆਂ ਨੂੰ ਜਾਣਨ ਸਬੰਧੀ ਐਸਐਸਪੀ ਭੁਪਿੰਦਰ ਸਿੰਘ ਵਿਰਕ ਨੂੰ ਸਵਾਲ ਕੀਤੇ ਤਾਂ ਉਨ੍ਹਾਂ ਆਖਿਆ ਕਿ ਮੁਲਜ਼ਮ ਨੂੰ ਭਲਕੇ 8 ਸਤੰਬਰ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.