ਵਿਦਿਆਰਥੀਆਂ ਦੀ ਭੀੜ ਵਾਲੇ ਅਜੀਤ ਰੋਡ ’ਤੇ ਚੱਲੀਆਂ ਗੋਲੀਆਂ, ਇੱਕ ਦੀ ਮੌਤ

0
146

 ਦੋ ਜਣੇ ਹੋਏ ਜ਼ਖਮੀ, ਜ਼ਖਮੀਆਂ ’ਚ ਘਟਨਾ ਦੌਰਾਨ ਉੱਥੋਂ ਲੰਘ ਰਿਹਾ ਰਾਹਗੀਰ ਵੀ ਸ਼ਾਮਿਲ

(ਸੁਖਜੀਤ ਮਾਨ) ਬਠਿੰਡਾ। ਆਈਲੈਟਸ ਤੇ ਹੋਰ ਕੋਚਿੰਗ ਸੈਂਟਰਾਂ ਕਾਰਨ ਵਿਦਿਆਰਥੀਆਂ ਦੀ ਭਾਰੀ ਭੀੜ ਵਾਲੇ ਰੋਡ ਵਜੋਂ ਜਾਣੇ ਜਾਂਦੇ ਅਜੀਤ ਰੋਡ ’ਤੇ ਅੱਜ ਦਿਨ ਦਿਹਾੜੇ ਦੋ ਧੜਿਆਂ ਦੀ ਆਪਸੀ ਰੰਜਿਸ਼ ’ਚ ਚੱਲੀਆਂ ਗੋਲੀਆਂ ’ਚ ਇੱਕ ਦੀ ਮੌਤ ਹੋ ਗਈ ਤੇ ਦੋ ਜਣੇ ਜ਼ਖਮੀ ਹੋ ਗਏ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਮਗਰੋਂ ਮੌਕੇ ’ਤੇ ਫਰਾਰ ਹੋ ਗਏ ਪੂਰੀ ਘਟਨਾ ਉੱਥੇ ਨੇੜੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਪੁਲਿਸ ਸੀਸੀਟੀਵੀ ਫੁਟੇਜ ਤੋਂ ਇਲਾਵਾ ਹੋਰ ਕਈ ਪਹਿਲੂਆਂ ਤੋਂ ਜਾਂਚ ’ਚ ਜੁਟ ਗਈ ਹੈ।

ਵੇਰਵਿਆਂ ਮੁਤਾਬਿਕ ਅਜੀਤ ਰੋਡ ਦੀ ਗਲ਼ੀ ਨੰਬਰ ਛੇ ਵਿੱਚ ਹੋਈ ਅੰਨੇ੍ਹਵਾਹ ਫਾਇਰਿੰਗ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਦੋ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਘਟਨਾ ’ਚ ਹਮਲਾਵਰਾਂ ਨੇ ਹਥਿਆਰਾਂ ਤੋਂ ਇਲਾਵਾ ਲਾਠੀਆਂ ਅਤੇ ਨਲਕੇ ਦੀ ਹੱਥੀ ਦੀ ਵਰਤੋਂ ਕੀਤੀ। ਇਸੇ ਦੌਰਾਨ ਜਦੋਂ ਭੀੜ ਵਧ ਗਈ ਤਾਂ ਹਮਲਾਵਰ ਆਪਣੀਆਂ ਕਾਰਾਂ ’ਤੇ ਫਰਾਰ ਹੋ ਗਏ। ਹਮਲੇ ’ਚ ਪਿੰਡ ਮਹਿਮਾ ਭਗਵਾਨਾ ਦੇ ਹਸਨਦੀਪ ਸਿੰਘ (30) ਦੀ ਮੌਤ ਹੋ ਗਈ।

ਮਿ੍ਰਤਕ ਦੇ ਇੱਕ ਸਾਥੀ ਪਿੰਡ ਜੰਡਾਂਵਾਲਾ ਦੇ ਬੂਟਾ ਸਿੰਘ ਦੀਆਂ ਲੱਤਾਂ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ ਅਤੇ ਬਾਅਦ ’ਚ ਤੇਜ਼ਧਾਰ ਹਥਿਆਰਾਂ ਨਾਲ ਲੱਤਾਂ ਅਤੇ ਬਾਹਾਂ ’ਤੇ ਵਾਰ ਕੀਤੇ ਇਸ ਦੌਰਾਨ ਉੱਥੋਂ ਦੀ ਲੰਘਣ ਵਾਲਾ ਨੌਜਵਾਨ ਜਸਕਰਨ ਸਿੰਘ ਵਾਸੀ ਪੱਕਾ ਕਲਾਂ ਵੀ ਜਖਮੀ ਹੋ ਗਿਆ ਜਿਸ ਦੇ ਪੈਰ ’ਚ ਛਰ੍ਹਾ ਲੱਗਿਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਐਸਪੀ ਹੈੱਡਕੁਆਟਰ ਸੁਰਿੰਦਰਪਾਲ ਸਿੰਘ , ਐਸਪੀ ਸਿਟੀ ਜਸਪਾਲ ਸਿੰਘ ਅਤੇ ਸੀਆਈਏ ਸਟਾਫ ਦੀ ਟੀਮ ਮੌਕੇ ’ਤੇ ਪੁੱਜ ਗਈ। ਮਿ੍ਰਤਕ ਹਸਨਦੀਪ ਸਿੰਘ ਦੇ ਦੋਸਤ ਪਰਵਿੰਦਰ ਨੇ ਦੱਸਿਆ ਕਿ ਹਸਨ ਨੇ ਉਸਨੂੰ ਫੋਨ ਕਰਕੇ ਬੁਲਾਇਆ ਸੀ। ਜਦੋਂ ਉਹ ਇੱਥੇ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਹਮਲਾਵਰ ਹਸਨ ਨੂੰ ਗੋਲੀ ਮਾਰਨ ਤੋਂ ਬਾਅਦ ਬੂਟਾ ਸਿੰਘ ਨੂੰ ਮਾਰ ਰਹੇ ਸਨ ਜੋਕਿ ਲੋਕਾਂ ਨੂੰ ਦੇਖ ਕੇ ਭੱਜ ਗਏ। ਐਸਪੀ (ਐਚ) ਸੁਰਿੰਦਰਪਾਲ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਪੜਤਾਲ ਉਪਰੰਤ ਹੀ ਜਾਣਕਾਰੀ ਦੇ ਸਕੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ