ਆਨਲਾਈਨ ਗੇਮਾਂ ਦਾ ਵਧਦਾ ਰੁਝਾਨ ਬੇਹੱਦ ਖ਼ਤਰਨਾਕ

0
Online, Games, Extremely, Dangerous

ਗੀਤਾ ਜੋਸਨ

ਅੱਜ ਦਾ ਯੁੱਗ ਇੰਟਰਨੈੱਟ ਦਾ ਯੁੱਗ ਹੈ। ਅੱਜ-ਕੱਲ੍ਹ ਬਹੁਤ ਸਾਰੇ ਕੰਮ ਇੰਟਰਨੈੱਟ ਦੇ ਜ਼ਰੀਏ ਹੀ ਹੋ ਜਾਂਦੇ ਹਨ। ਲੋਕ ਆਪਣੇ ਮੋਬਾਇਲ ਵਿਚ ਬਹੁਤ ਸਾਰੇ ਐਪਸ ਡਾਊਨਲੋਡ ਕਰਕੇ ਉਹਨਾਂ ਦੇ ਜ਼ਰੀਏ ਆਪਣਾ ਕੰਮ ਘਰ ਬੈਠੇ ਹੀ ਕਰ ਲੈਂਦੇ ਹਨ। ਹੁਣ ਬਹੁਤ ਸਾਰੇ ਕੰਮ ਜਿਵੇਂ ਬਿਜਲੀ ਦਾ ਬਿੱਲ ਭਰਨਾ ਆਦਿ ਹੁਣ ਘਰ ਬੈਠੇ ਹੀ ਹੋ ਜਾਂਦੇ ਹਨ। ਇਸ ਤਰ੍ਹਾਂ ਜਿੱਥੇ ਲੋਕਾਂ ਦੇ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ, ਉਥੇ ਹੀ ਇੰਟਰਨੈੱਟ ਦੀ ਗ਼ਲਤ  ਵਰਤੋਂ ਨਾਲ ਇਸ ਦੇ ਨੁਕਸਾਨ ਵੀ ਬਹੁਤ ਹੋਏ ਹਨ।

ਇੰਟਰਨੈੱਟ ਉੱਤੇ ਬਹੁਤ ਸਾਰੀਆਂ ਆਨਲਾਈਨ ਗੇਮਾਂ ਹਨ ਜਿਵੇਂ ਬਲੂ ਵ੍ਹੇਲ, ਕੈਂਡੀ ਕਰੱਸ਼, ਪਬਜੀ ਆਦਿ। ਇਹ ਸਾਰੀਆਂ ਗੇਮਾਂ ਇੰਟਰਨੈੱਟ ਉੱਤੇ ਆਨਲਾਈਨ ਖੇਡੀਆਂ ਜਾਂਦੀਆਂ ਹਨ। ਇਹ ਗੇਮਾਂ ਬਹੁਤ ਪ੍ਰਚੱਲਿਤ ਹੋ ਗਈਆਂ ਹਨ। ਬੱਚੇ ਅਤੇ ਨੌਜਵਾਨ ਇਹਨਾਂ ਗੇਮਾਂ ਨੂੰ ਬਹੁਤ ਸ਼ੌਂਕ ਨਾਲ ਖੇਡਦੇ ਹਨ। ਕਈ ਬੱਚੇ ਤਾਂ ਅਜਿਹੇ ਵੀ ਨੇ ਜੋ ਅੱਧੀ-ਅੱਧੀ ਰਾਤ  ਨੂੰ ਵੀ ਇਹਨਾਂ ਗੇਮਾਂ ‘ਤੇ ਲੱਗੇ ਰਹਿੰਦੇ ਹਨ। ਖੇਡਾਂ ਦਾ ਜੇ ਅਰਥ ਦੱਸੀਏ ਤਾਂ ਖੇਡ ਉਹ ਹੈ ਜੋ ਅਸੀਂ ਆਪਣੇ ਕੰਮ-ਕਾਜ ਤੋਂ ਬਾਅਦ ਆਪਣੇ ਵਿਹਲੇ ਸਮੇਂ ਵਿੱਚ ਆਪਣੇ ਮਨੋਰੰਜਨ ਲਈ ਅਤੇ ਆਪਣੇ ਮਨ ਨੂੰ ਸ਼ਾਂਤੀ ਦੇਣ ਲਈ ਜੋ ਕੰਮ ਕਰਦੇ ਹਾਂ ਉਸ ਨੂੰ ਖੇਡ ਕਹਿੰਦੇ ਹਨ। ਖੇਡਾਂ ਘਰ ਦੇ ਅੰਦਰ ਅਤੇ ਖੇਡ ਦੇ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਵੀ ਹੁੰਦੀਆਂ ਹਨ। ਪਰ ਅੱਜ ਦੇ ਬੱਚੇ ਅਤੇ ਨੌਜਵਾਨ ਇਹਨਾਂ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਨੂੰ ਖੇਡਣ ਦੀ ਬਜਾਏ ਆਨਲਾਈਨ ਖੇਡਾਂ ਖੇਡਣਾ ਹੀ ਪਸੰਦ ਕਰਦੇ ਹਨ, ਜੋ ਕਿ ਬਹੁਤ ਗਲਤ ਹੈ। ਇਹ ਗੇਮਾਂ ਜਿੱਥੇ ਬੱਚਿਆਂ ਦੀ ਅੱਖਾਂ ਦੀ ਰੌਸ਼ਨੀ ਨੂੰ ਕਮਜ਼ੋਰ ਕਰ ਰਹੀਆਂ ਹਨ, ਉੱਥੇ ਹੀ ਇਹਨਾਂ ਨੇ ਬੱਚਿਆਂ ਦਾ ਧਿਆਨ ਪੜ੍ਹਾਈ ਵੱਲੋਂ ਹਟਾ ਕੇ ਆਪਣੇ ਵੱਲ ਕਰ ਲਿਆ ਹੈ। ਇਹਨਾਂ ਆਨਲਾਈਨ ਗੇਮਾਂ ਦਾ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੈ ਕਿ ਇਹਨਾਂ ਨੂੰ ਖੇਡਣ ਨਾਲ ਬਹੁਤ ਸਾਰੇ ਬੱਚੇ ਆਤਮਹੱਤਿਆ ਵੀ ਕਰਨ ਲੱਗ ਜਾਂਦੇ ਹਨ। ਇਹਨਾਂ ਆਨਲਾਈਨ ਗੇਮਾਂ ਵਿੱਚ ਕੁੱਝ ਅਜਿਹੀਆਂ ਚੁਣੌਤੀਆਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ, ਅਤੇ ਆਖ਼ਰ ਨੂੰ ਉਹ ਬੱਚਾ ਜਾਂ ਨੌਜਵਾਨ ਜੋ ਇਹ ਗੇਮ ਖੇਡਦਾ ਹੈ ਉਹ ਆਪਣੇ-ਆਪ ਨੂੰ ਮੌਤ ਦੇ ਹਵਾਲੇ ਕਰ ਦਿੰਦਾ ਹੈ। ਪਹਿਲਾਂ ਸ਼ੁਰੂਆਤ ਵਿੱਚ ਤਾਂ ਕੁੱਝ ਕੁ ਸੌਖੀਆਂ ਤੇ ਅਸਾਨ ਜਿਹੀਆਂ ਚੁਣੌਤੀਆਂ ਦਿੱਤੀਆਂ ਜਾਂਦੀਆਂ ਹਨ ਤੇ ਹੌਲੀ-ਹੌਲੀ ਇਹ ਚੁਣੌਤੀਆਂ ਔਖੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਸਟੇਜ ‘ਤੇ ਆ ਕੇ ਬੱਚੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਤੇ ਆਪਣੇ-ਆਪ ਨੂੰ ਬੱਸ ਗੇਮ ਦੇ ਹਵਾਲੇ ਹੀ ਕਰ ਦਿੰਦੇ ਹਨ।

ਪਿਛਲੇ ਦਿਨੀਂ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਕਿ ਕਿਸੇ ਪਿੰਡ ਦਾ ਇੱਕ ਨੌਜਵਾਨ ਵੀ ਪਬਜੀ ਗੇਮ ਦਾ ਸ਼ਿਕਾਰ ਹੋ ਗਿਆ। ਇਸ ਨੌਜਵਾਨ ਦੀ ਉਮਰ 18 ਸਾਲ ਦੀ ਸੀ ਤੇ ਇਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਨੇ ਗੇਮ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਘਰ ਦੇ ਕੋਲੋਂ ਲੰਘਦੀ ਨਹਿਰ ਵਿੱਚ ਛਾਲ ਮਾਰ ਕੇ ਆਪਣੇ-ਆਪ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਅਜਿਹੀਆਂ ਹੀ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਪਰ ਇਸ ਤਰ੍ਹਾਂ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾਂਦਾ। ਮਾਪਿਆਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਉਹਨਾਂ ਦਾ ਬੱਚਾ ਆਪਣੇ ਮੋਬਾਈਲ ਫ਼ੋਨ ਦੀ ਵਰਤੋਂ ਹੱਦੋਂ ਜ਼ਿਆਦਾ ਕਰਨ ਲੱਗੇ ਤਾਂ ਉਸ ਉੱਤੇ ਨਜ਼ਰ ਰੱਖ ਕੇ ਉਸ ਨੂੰ ਸਮਝਾਇਆ ਜਾਵੇ ਕਿ ਇਸ ਤਰ੍ਹਾਂ ਦੀਆਂ ਗੇਮਾਂ ਨਾਲ ਕੋਈ ਫਾਇਦਾ ਨਹੀਂ ਹੋਣਾ। ਬੱਸ ਨੁਕਸਾਨ ਹੀ ਹੋਣਾ ਹੈ।   ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਇਹ ਜਰੂਰ ਸੋਚਣਾ ਚਾਹੀਦਾ ਹੈ ਕਿ ਜ਼ਿੰਦਗੀ ਤਾਂ ਸਿਰਫ਼ ਇੱਕ ਵਾਰ ਹੀ ਮਿਲੀ ਹੈ ਇਸ ਨੂੰ ਵਧੀਆ ਤਰੀਕੇ ਨਾਲ ਜੀਅ ਕੇ ਕੇ ਤੇ ਚੰਗੀਆਂ ਤਰੱਕੀਆਂ ਕਰਕੇ ਆਪਣਾ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਨ ਨਾ ਕਿ ਫਜ਼ੂਲ ਦੀਆਂ ਗੇਮਾਂ ਖੇਡ ਕੇ ਆਪਣਾ ਕੀਮਤੀ ਸਮਾਂ ਖ਼ਰਾਬ ਕਰਨਾ ਚਾਹੀਦਾ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਪਿਆਂ ਦੀ ਹਰੇਕ ਗੱਲ ਨੂੰ ਚੰਗੀ ਤਰ੍ਹਾਂ ਸੁਣਨ ਅਤੇ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਉੱਤੇ ਅਮਲ ਵੀ ਕਰਨ। ਕਿਉਂਕਿ  ਜ਼ਿੰਦਗ਼ੀ ਦੇ ਸਭ ਤੋਂ ਵੱਡੇ ਅਧਿਆਪਕ ਅਤੇ ਮਾਰਗਦਰਸ਼ਕ ਮਾਤਾ-ਪਿਤਾ ਹੀ ਹੁੰਦੇ ਹਨ। ਇਸ ਪਿੱਛੇ ਇੱਕ ਖਾਸ ਵਜ੍ਹਾ ਵੀ ਹੁੰਦੀ ਹੈ ਕਿਉਂ ਮਾਤਾ-ਪਿਤਾ ਨੇ ਸਾਰੀ ਉਮਰ ਦੁਨੀਆ ਦੇਖੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਸਾਰੀ ਦੁਨੀਆਂ ਦੀ ਸਮਝ ਹੁੰਦੀ ਹੈ। ਸੋ ਅੱਜ ਲੋੜ ਹੈ ਕਿ ਬੱਚੇ ਅਤੇ ਨੌਜਵਾਨ ਵੀ ਇਸ ਗੱਲ ਨੂੰ ਸਮਝਣ ਕਿ ਇਹਨਾਂ ਗੇਮਾਂ ਵਿੱਚ ਕੁਝ ਨਹੀਂ ਰੱਖਿਆ। ਜੇਕਰ ਨੌਜਵਾਨ ਇਸ ਗੱਲ ਨੂੰ ਸਮਝ ਲੈਣਗੇ ਤਾਂ ਇਹਨਾਂ ਆਨਲਾਈਨ ਗੇਮਾਂ ਨਾਲ ਹੋ ਰਹੀਆਂ ਮੌਤਾਂ ਨੂੰ ਘਟਾਇਆ ਜਾ ਸਕਦਾ ਹੈ।

ਮਮਦੋਟ (ਫਿਰੋਜ਼ਪੁਰ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।