ਖ਼ਾਲਿਸਤਾਨੀ ਪੱਖੀ ਐ ਸੁਖਪਾਲ ਖਹਿਰਾ ਤਾਂ ਹੀ ਹੋਈ ਛੁੱਟੀ

0
Only, Sukhpal Khaira, Khalistan, Fanatic, Took Leave

ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ ਖਹਿਰਾ ‘ਤੇ ਸ਼ਬਦੀ ਹਮਲਾ

ਡਰਿਆ ਪਿਆ ਐ ਅਕਾਲੀ ਦਲ, ਹਾਰ ਨੂੰ ਦੇਖਦੇ ਹੋਏ ਲਗਾ ਰਿਹਾ ਐ ਝੂਠੇ ਦੋਸ਼ : ਜਾਖੜ

ਚੰਡੀਗੜ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਬਾਗੀ ਵਿਧਾਇਕ ਸੁਖਪਾਲ ਖਹਿਰਾ ਖ਼ੁਦ ਹੀ ਖਾਲੀਸਤਾਨੀ ਪੱਖੀ ਹਨ ਅਤੇ ਖ਼ਾਲਿਸਤਾਨ ਦਾ ਪੱਖ ਪੂਰਨ ਕਰਕੇ ਹੀ ਉਨਾਂ ਦੀ ਵਿਰੋਧੀ ਧਿਰ ਦੇ ਅਹੁਦੇ ਤੋਂ ਛੁੱਟੀ ਕੀਤੀ ਗਈ ਹੈ। ਜੇਕਰ ਇਹ ਸੱਚ ਨਹੀਂ ਹੈ ਤਾਂ ਸੁਖਪਾਲ ਖਹਿਰਾ ਨੂੰ ਅੱਗੇ ਆ ਕੇ ਰੈਫਰੰਡਮ 20-20 ਲਈ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਉਹ ਇਸ ਦੇ ਹੱਕ ਵਿੱਚ ਹਨ ਜਾਂ ਫਿਰ ਨਹੀਂ ਹਨ। ਰੈਫਰੰਡਮ 20-20 ਦੇ ਹੱਕ ਵਿੱਚ ਹੋਣ ਦੇ ਕਾਰਨ ਹੀ ਸੁਖਪਾਲ ਖਹਿਰਾ ਨੂੰ ਹਟਾਇਆ ਗਿਆ ਹੈ। ਇਹੋ ਜਿਹੇ ਲੋਕ ਪੰਜਾਬ ਦੀ ਵੰਡ ਕਰਵਾਉਣਾ ਚਾਹੁੰਦੇ ਹਨ ਅਤੇ ਇਸ ਤਰਾਂ 20-20 ਰੈਫਰੰਡਮ ਦਾ ਸਮਰਥਨ ਕਰਦੇ ਹਨ। ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।

ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬਿਕਰਮ ਮਜੀਠੀਆ ਵੱਲੋਂ ਪੰਚਾਇਤੀ ਚੋਣਾਂ ਵਿੱਚ ਧੱਕੇਸ਼ਾਹੀ ਦਾ ਦੋਸ਼ ਲਾਉਣਾ ਸਾਫ਼ ਜ਼ਾਹਿਰ ਕਰ ਰਿਹਾ ਹੈ ਕਿ ਉਹ ਚੋਣਾਂ ਤੋਂ ਭੱਜਣਾ ਚਾਹੁੰਦੇ ਹਨ ਅਤੇ ਡਰ ਰਹੇ ਹਨ ਕਿ ਇਸ ਵਾਰ ਉਹ ਚੋਣਾਂ ਹਾਰਨ ਵਾਲੇ ਹਨ। ਜਾਖੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ ਕਿ ਉਹ ਚੋਣਾਂ ਵਿੱਚ ਗੜਬੜ ਕਰਾ ਕੇ ਚੋਣਾਂ ਜਿੱਤਦੇ ਆਏ ਹਨ, ਜਦੋਂਕਿ ਕਾਂਗਰਸ ਹਮੇਸ਼ਾ ਹੀ ਲੋਕਤੰਤਰੀ ਤਰੀਕੇ ਨਾਲ ਹੀ ਚੋਣਾਂ ਲੜਦੀ ਹੈ। ਉਨਾਂ ਕਿਹਾ ਕਿ ਨਗਰ ਨਿਗਮਾਂ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਹਾਰ ਸੀ ਅਤੇ ਹੁਣ ਪੰਚਾਇਤੀ ਚੋਣਾਂ ‘ਚ ਹਾਰ ਦਾ ਡਰ ਉਨਾਂ ਨੂੰ ਸਤਾ ਰਿਹਾ ਹੈ।

ਜਾਖੜ ਨੇ ਕਿਹਾ ਕਿ ਮਜੀਠਿਆ ਦੇ ਇਹੋ ਜਿਹੇ ਬਿਆਨ ਸਾਬਤ ਕਰਦੇ ਹਨ ਕਿ ਉਹ ਇਨਾਂ ਪੰਚਾਇਤੀ ਚੋਣਾਂ ਵਿੱਚ ਹਾਰ ਹੁਣ ਤੋਂ ਹੀ ਕਬੂਲ ਕਰੀ ਬੈਠੇ ਹਨ ਅਤੇ ਸਿਰਫ਼ ਕਾਂਗਰਸ ‘ਤੇ ਝੂਠੇ ਦੋਸ਼ ਹੀ ਲਗਾਉਣਗੇ। ਇਥੇ ਜਾਖੜ ਨੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਦਾ ਨਾਅ ਆ ਚੁੱਕਾ ਹੈ ਅਤੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨਾਲ ਡੀ.ਜੀ.ਪੀ. ਸੁਮੇਧ ਸੈਣੀ ਰਾਤ ਦੇ 12 ਵਜੇ ਤੱਕ ਗੱਲਬਾਤ ਕਰਦੇ ਰਹੇ ਸਨ ਅਤੇ ਉਸ ਤੋਂ ਬਾਅਦ ਅਗਲੀ ਸਵੇਰੇ ਗੋਲੀ ਚਲਾ ਦਿੱਤੀ ਜਾਂਦੀ ਹੈ। ਇਹ ਸਾਰਾ ਕੁਝ ਬਹੁਤ ਹੀ ਬਿਆਨ ਕਰ ਰਹੀਂ ਹੈ। ਉਨਾਂ ਕਿਹਾ ਕਿ ਬਾਦਲਾ ਨੇ ਹੁਣ ਜਿਹੜਾ ਕੁਝ ਕੀਤਾ ਹੈ। ਉਸ ਨੂੰ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਪੰਚਾਇਤੀ ਚੋਣਾਂ ਚੋਣ ਨਿਸ਼ਾਨ ‘ਤੇ ਲੜੇਗੀ ਕਾਂਗਰਸ

ਸੁਨੀਲ ਜਾਖੜ ਨੇ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਜਿਲਾ ਪਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਕਾਂਗਰਸ ਪਾਰਟੀ ਆਪਣੇ ਚੋਣ ਨਿਸ਼ਾਨ ‘ਤੇ ਲੜੇਗੀ। ਉਨਾਂ ਕਿਹਾ ਕਿ ਗਰਾਮ ਪੰਚਾਇਤ ਦੀਆਂ ਚੋਣਾਂ ਪਹਿਲਾਂ ਵੀ ਕਾਂਗਰਸ ਪਾਰਟੀ ਚੋਣ ਨਿਸ਼ਾਨ ‘ਤੇ ਨਹੀਂ ਲੜਦੀ ਆਈ ਹੈ ਅਤੇ ਇਸ ਵਾਰ ਵੀ ਉਹ ਚੋਣ ਨਿਸ਼ਾਨ ‘ਤੇ ਨਹੀਂ ਲੜੇਗੀ

ਦਿਨ ਭਰ ਚਲਦਾ ਰਿਹਾ ਮੀਟਿੰਗਾਂ ਦਾ ਦੌਰ, 17 ਵਿੱਚੋਂ ਆਏ 10 ਮੰਤਰੀ

ਕਾਂਗਰਸ ਭਵਨ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਦਿਨ ਭਰ ਮੀਟਿੰਗਾਂ ਦਾ ਦੌਰ ਚਲਦਾ ਰਿਹਾ। ਸਵੇਰੇ ਪਹਿਲਾਂ ਕੈਬਨਿਟ ਮੰਤਰੀਆਂ ਨਾਲ ਸੁਨੀਲ ਜਾਖੜ ਨੇ ਮੀਟਿੰਗ ਕੀਤੀ ਸੀ ਤਾਂ ਦੁਪਹਿਰ ਤੋਂ ਪਹਿਲਾਂ ਜਿਲਾ ਕਾਂਗਰਸ ਪ੍ਰਧਾਨਾ ਅਤੇ ਵਿਧਾਨ ਸਭਾ ਚੋਣ ਨਾ ਜਿੱਤਣ ਵਾਲੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ 3 ਵਜੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਗਈ। ਸਾਰਾ ਦਿਨ ਹੀ ਮੀਟਿੰਗਾਂ ਦੌਰ ਚਲਾਉਂਦੇ ਹੋਏ ਕਾਂਗਰਸ ਪ੍ਰਧਾਨ ਨੇ ਜਿਥੇ ਉਨਾਂ ਤੋਂ ਚੋਣ ਸਬੰਧੀ ਸੁਝਾਅ ਮੰਗੇ, ਉਥੇ ਤਕੜੇ ਹੋਣ ਬਾਰੇ ਵੀ ਕਿਹਾ ਗਿਆ। ਕੈਬਨਿਟ ਮੰਤਰੀਆਂ ਦੀ ਮੀਟਿੰਗ ਵਿੱਚ ਸਿਰਫ਼ 10 ਕੈਬਨਿਟ ਮੰਤਰੀ ਹੀ ਹਾਜ਼ਰ ਹੋਏ ਸਨ। ਗੈਰ ਹਾਜ਼ਰ ਰਹਿਣ ਵਾਲਿਆਂ ਵਿੱਚ ਨਵਜੋਤ ਸਿੱਧੂ ਅਤੇ ਮਨਪ੍ਰੀਤ ਬਾਦਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।