ਝੋਨੇ ਦੀ ਪਰਾਲੀ ਇੱਕ ਅਨਮੋਲ ਖਜ਼ਾਨਾ

Paddy straw | ਝੋਨੇ ਦੀ ਪਰਾਲੀ ਇੱਕ ਅਨਮੋਲ ਖਜ਼ਾਨਾ

ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 91ਵੇਂ ਅਤੇ 134ਵੇਂ ਮਾਨਵਤਾ ਭਲਾਈ ਕਾਰਜਾਂ ਤਹਿਤ ਸਾਧ-ਸੰਗਤ ਨੂੰ ਨਾੜ/ਪਰਾਲੀ ਨੂੰ ਅੱਗ ਨਾ ਲਾਉਣ ਅਤੇ ਪ੍ਰਦੂਸ਼ਣ ਨਾ ਫੈਲਾਉਣ ਦੀ ਪ੍ਰੇਰਨਾ ਦਿੱਤੀ ਗਈ ਹੈ ਸੋ ਸਾਰੀ ਸਾਧ-ਸੰਗਤ ਨੂੰ ਗੁਰੂ ਜੀ ਦੇ ਬਚਨਾਂ ’ਤੇ ਫੁੱਲ ਚੜ੍ਹਾ ਕੇ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ਅਤੇ ਦੁਨੀਆਂ ਲਈ ਪ੍ਰੇਰਨਾਸ੍ਰੋਤ ਬਣਨਾ ਚਾਹੀਦਾ ਹੈ ਉਂਜ ਵੀ ਜਦੋਂ ਅਸੀਂ ਵਿਗਿਆਨਕ ਤੌਰ ’ਤੇ ਸੋਚਦੇ ਹਾਂ ਤਾਂ ਖੇਤ ਨੂੰ ਅੱਗ ਲਾ ਕੇ ਅਸੀਂ ਆਪਣਾ ਬਹੁਤ ਸਾਰਾ ਆਰਥਿਕ ਨੁਕਸਾਨ ਕਰ ਰਹੇ ਹੁੰਦੇ ਹਾਂ

ਅੱਗ ਲਾ ਕੇ ਅਸੀਂ ਆਪਣੇ ਖੇਤ ਦੀ ਪ੍ਰੋਡਕਸ਼ਨ ਕਪੈਸਟੀ ਭਾਵ ਉਤਪਾਦਨ ਸਮਰੱਥਾ ਨੂੰ ਘਟਾ ਰਹੇ ਹੁੰਦੇ ਹਾਂ ਜ਼ਮੀਨ ਦੀ ਉਤਪਾਦਨ ਸਮਰੱਥਾ ਜ਼ਮੀਨ ਵਿਚਲੇ ਉਹ ਖੁਰਾਕੀ ਤੱਤ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਬੂਟਾ ਵਧਦਾ-ਫੁੱਲਦਾ ਤੇ ਪੱਕਦਾ ਹੈ ਇਨ੍ਹਾਂ ਖੁਰਾਕੀ ਤੱਤਾਂ ਦੀ ਗਿਣਤੀ ਸਤਾਰਾਂ ਦੇ ਲਗਭਗ ਹੁੰਦੀ ਹੈ ਜਿਨ੍ਹਾਂ ’ਚੋਂ ਚਾਰ ਮੁੱਖ ਤੱਤ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਜਿੰਕ ਹਨ, ਬਾਕੀ 13 ਲਘੂ ਤੱਤ ਜਿਵੇਂ ਆਇਰਨ, ਮੈਗਨੀਜ਼, ਸਲਫਰ, ਕੋਬਾਲਟ, ਬੋਰੇਨ ਆਦਿ ਹਨ

ਹੁਣ ਸੋਚਣ ਵਾਲੀ ਗੱਲ ਹੈ ਕਿ ਇਹ ਤੱਤ ਜ਼ਮੀਨ ’ਚ ਕਿੱਥੋਂ ਆਉਂਦੇ ਹਨ ਇਹ ਖੁਰਾਕੀ ਤੱਤ ਜ਼ਮੀਨ ਨੂੰ ਦੋ ਵਸੀਲਿਆਂ ਰਾਹੀਂ ਪ੍ਰਾਪਤ ਹੁੰਦੇ ਹਨ ਪਹਿਲਾ ਵਸੀਲਾ ਮਨੁੱਖ ਦੁਆਰਾ ਲਾਈਆਂ ਗਈਆਂ ਰਸਾਇਣਕ ਖਾਦਾਂ ਦੀਆਂ ਫੈਕਟਰੀਆਂ ਜਿਵੇਂ ਕਿ ਬਠਿੰਡਾ ਵਿਖੇ ਨਾਈਟ੍ਰੋਜਨ ਖਾਦ ਦੀ ਫੈਕਟਰੀ, ਸੰਗਰੂਰ ਵਿਖੇ ਜਿੰਕ ਖਾਦ ਦੀ ਫੈਕਟਰੀ ਤੇ ਦੱਖਣ ਦੇ ਸੂਬਿਆਂ ’ਚ ਡੀਏਪੀ ਭਾਵ ਕਿ ਨਾਈਟ੍ਰੋਜਨ+ਫਾਸਫੋਰਸ ਅਤੇ ਐੱਨਪੀਕੇ ਭਾਵ ਕਿ ਨਾਈਟ੍ਰੋਜਨ+ਫਾਸਫੋਰਸ+ਪੋਟਾਸ਼ ਦੀਆਂ ਫੈਕਟਰੀਆਂ ਫਸਲਾਂ ਲਈ ਖੁਰਾਕੀ ਤੱਤਾਂ ਦੀ ਉਪਲੱਬਧਤਾ ਦਾ ਦੂਸਰਾ ਵਸੀਲਾ ਜ਼ਮੀਨ ਵਿਚਲੀਆਂ ਕੁਦਰਤੀ ਫੈਕਟਰੀਆਂ ਹਨ

ਕੁਦਰਤੀ ਫੈਕਟਰੀਆਂ ਤੋਂ ਭਾਵ ਜ਼ਮੀਨ ਵਿਚਲੇ ਸੂਖਮ ਜੀਵ, ਗੰਡੋਏ ਅਤੇ ਗੰਦਗੀ ਦੇ ਕੀੜੇ ਆਦਿ ਹਨ ਇਨ੍ਹਾਂ ਫੈਕਟਰੀਆਂ ’ਚ ਫ਼ਸਲਾਂ ਲਈ ਸਤਾਰਾਂ ਦੇ ਸਤਾਰਾਂ ਖੁਰਾਕੀ ਤੱਤ ਤਿਆਰ ਹੁੰਦੇ ਹਨ ਇਨ੍ਹਾਂ ਫੈਕਟਰੀਆਂ ਦਾ ਕੱਚਾ ਮਾਲ ਘਾਹ-ਫੂਸ, ਕੱਚੀ ਰੂੜੀ, ਕਣਕ-ਝੋਨੇ ਦਾ ਨਾੜ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਹਨ ਝੋਨੇ ਦੀ ਪਰਾਲੀ ਨੂੰ ਖੇਤ ’ਚ ਦੱਬਣ ਤੋਂ ਕੁਝ ਮਹੀਨੇ ਬਾਅਦ ਇਹ ਫੈਕਟਰੀਆਂ ਇਸ ਕੱਚੇ ਮਾਲ ਤੋਂ ਪੌਦੇ ਦੇ ਸਾਰੇ ਖੁਰਾਕੀ ਤੱਤ ਤਿਆਰ ਕਰਕੇ ਜ਼ਮੀਨ ’ਚ ਜਮ੍ਹਾ ਕਰ ਦਿੰਦੀਆਂ ਹਨ ਤੇ ਜਮੀਨ ਦੀ ਪ੍ਰੋਡਕਸ਼ਨ ਕਪੈਸਟੀ ਵਧਾ ਦਿੰਦੀਆਂ ਹਨ

ਭਾਵੇਂ ਉਹ ਮੁੱਖ ਤੱਤ ਹੋਵੇ, ਲਘੂ ਤੱਤ ਹੋਵੇ ਹਰ ਇੱਕ ਖੁਰਾਕੀ ਤੱਤ ਦੀ ਪੌਦੇ ਦੇ ਵਿਕਾਸ ਤੇ ਫਸਲ ਦੇ ਝਾੜ ’ਚ ਆਪੋ-ਆਪਣੀ ਮਹੱਤਤਾ ਹੁੰਦੀ ਹੈ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਇੱਥੇ ਇੱਕ ਮਿਸਾਲ ਦੇਣੀ ਬਣਦੀ ਹੈ ਪਹਾੜਾਂ ਉੱਪਰ ਬਹੁਤ ਉੱਚੀ ਜਗ੍ਹਾ ’ਤੇ ਇੱਕ ਧਰਮਸ਼ਾਲਾ ਦੇ 75 ਕਮਰਿਆਂ ਦੀ ਤਿਆਰੀ ਲਈ ਇੱਟਾਂ, ਬੱਜਰੀ, ਸੀਮਿੰਟ, ਬਰੇਤੀ ਪਹੁੰਚਾਈ ਗਈ (ਜੋ ਕਿ 74 ਕਮਰੇ ਇੱਕੋ-ਜਿਹੇ ਆਕਾਰ ਤੇ ਬਣਤਰ ਦੇ ਸਨ) ਲਈ ਇਹ ਸਮਾਨ ਕਾਫੀ ਸੀ, ਇਸੇ ਤਰ੍ਹਾਂ ਸਰੀਆ ਵੀ 3 ਟਰੱਕਾਂ ’ਚ ਲੋਡ ਕੀਤਾ ਗਿਆ ਪਰ ਬਦਕਿਸਮਤੀ ਨਾਲ ਸਰੀਏ ਵਾਲਾ ਇੱਕ ਟਰੱਕ ਬਰੇਕ ਫੇਲ੍ਹ ਹੋਣ ਕਾਰਨ ਪਲਟ ਗਿਆ ਤੇ ਡੂੰਘੀ ਖੱਡ ’ਚ ਡਿੱਗ ਗਿਆ ਸੋ ਦੋ ਟਰੱਕਾਂ ਦੇ ਸਰੀਏ ਨਾਲ ਸਿਰਫ਼ 50 ਕਮਰੇ ਹੀ ਤਿਆਰ ਹੋ ਸਕੇ 25 ਕਮਰਿਆਂ ਦੀ ਬੱਜਰੀ, ਬਰੇਤੀ, ਸੀਮਿੰਟ ਬੇਕਾਰ ਚਲਾ ਗਿਆ

ਇਸ ਤਰ੍ਹਾਂ ਲਘੂ ਤੱਤਾਂ ਦੀ ਕਮੀ ਕਾਰਨ ਮੁੱਖ ਤੱਤ ਯੂਰੀਆ ਤੇ ਡਾਈਮੋਨੀਆ ਜੋ ਕਿ ਅਸੀਂ ਬਜ਼ਾਰੋਂ ਖਰੀਦ ਕੇ ਪਾਉਂਦੇ ਹਾਂ ਬੇਕਾਰ ਚਲਾ ਜਾਂਦਾ ਹੈ ਪਰ ਫ਼ਸਲ ਦਾ ਝਾੜ ਨਹੀਂ ਵਧਦਾ ਇਸ ਤਰ੍ਹਾਂ ਕਿਸੇ ਖਾਸ ਫਸਲ ਲਈ ਖੁਰਾਕੀ ਤੱਤਾਂ ਦਾ ਸੰਤੁਲਨ ਕੰਬੀਨੇਸ਼ਨ ਜਟਾਉਣ ਦੀ ਸਮਰੱਥਾ ਨੂੰ ਉਸ ਜ਼ਮੀਨ ਦੀ ਉਤਪਾਦਨ ਸਮਰੱਥਾ ਕਹਿ ਸਕਦੇ ਹਾਂ ਪਰ ਬੜੇ ਦੁੱਖ ਨਾਲ ਲਿਖਣਾ ਪੈਂਦਾ ਹੈ ਕਿ ਕਿਸਾਨ ਕਣਕ ਜ਼ਲਦੀ ਬੀਜਣ ਦੇ ਚੱਕਰ ’ਚ ਇਨ੍ਹਾਂ ਫੈਕਟਰੀਆਂ ਭਾਵ ਕਿ ਸੂਖਮ ਜੀਵਾਂ, ਗੰਡੋਇਆਂ ਆਦਿ ਨੂੰ ਅਤੇ ਇਨ੍ਹਾਂ ਦੇ ਕੱਚੇ ਮਾਲ ਯਾਨੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸੁਆਹ ਕਰ ਦਿੰਦਾ ਹੈ,

ਉਹ ਖੜ੍ਹੇ ਝੋਨੇ ’ਚ ਕਣਕ ਦੀ ਰੌਣੀ ਕਰਕੇ ਝੋਨਾ ਵੱਢਣ ਸਾਰ ਪਰਾਲੀ ਨੂੰ ਸੁਕਾ ਕੇ ਅੱਗ ਲਾ ਦਿੰਦਾ ਹੈ ਉਹ ਤਰਕ ਦਿੰਦਾ ਹੈ ਕਿ ਯੂਨੀਵਰਸਿਟੀ ਦੀ ਹਦਾਇਤ ਮੁਤਾਬਿਕ ਕਣਕ ਜਲਦੀ ਬੀਜ ਕੇ ਕਣਕ ਦਾ ਵੱਧ ਝਾੜ ਮਿਲੇਗਾ ਪਰ ਉਹ ਭੁੱਲ ਜਾਂਦਾ ਹੈ ਕਿ ਜ਼ਮੀਨ ਦੀ ਉਤਪਾਦਨ ਸਮਰੱਥਾ ਤਬਾਹ ਕਰਕੇ ਕਣਕ ਨੂੰ ਵੱਧ ਸਮਾਂ ਦੇ ਕੇ ਅਸੀਂ ਕਣਕ ਦਾ ਵੱਧ ਝਾੜ ਨਹੀਂ ਲੈ ਸਕਦੇ

ਪਿਛਲੇ 40 ਸਾਲ ਦੇ ਤਜ਼ਰਬੇ ਦੱਸਦੇ ਹਨ ਜਿਨ੍ਹਾਂ ਖੇਤਾਂ ’ਚ ਜ਼ਮੀਨ ਦੀ ਉਤਪਾਦਨ ਸਮਰੱਥਾ ਵਧਾ ਕੇ ਦਸੰਬਰ ਦੇ ਸ਼ੁਰੂ ’ਚ ਬੀਜੀ ਕਣਕ 62-63 ਮਣ ਫੀ-ਏਕੜ ਨਿੱਕਲੀ, ਉਨ੍ਹਾਂ ਖੇਤਾਂ ’ਚ ਲਗਾਤਾਰ ਅੱਗ ਲਾਉਣ ਲਈ ਉਤਪਾਦਨ ਸਮਰੱਥਾ ਘਟਣ ’ਤੇ ਨਵੰਬਰ ਦੇ ਸ਼ੁਰੂ ’ਚ ਬੀਜੀ ਕਣਕ ਵੀ 50 ਮਣ ਤੋਂ ਵਧ ਨਹੀਂ ਸਕੀ ਕੁਝ ਕਿਸਾਨ ਭਰਾ ਝੋਨੇ ਦਾ ਵੱਧ ਝਾੜ ਪ੍ਰਾਪਤ ਕਰਨ ਲਈ ਝੋਨੇ ਦੀਆਂ ਲੰਮੇ ਸਮੇਂ ਵਾਲੀਆਂ ਕਿਸਮਾਂ ਜਿਵੇਂ ਕਿ ਡੋਗਰ ਪੂਸਾ ਆਦਿ ਬੀਜਦੇ ਹਨ ਅਤੇ ਬਾਅਦ ’ਚ ਅਣਮੁੱਲੀ ਪਰਾਲੀ ਨੂੰ ਦਬਾਉਣ ਦੇ ਬਜਾਏ ਸਾੜ ਦਿੰਦੇ ਹਨ ਅਤੇ ਆਪਣੀ ਜ਼ਮੀਨ ਦੀ ਉਤਪਾਦਨ ਸਮਰੱਥਾ ਘਟਾ ਲੈਂਦੇ ਹਨ, ਜਿਸ ਕਰਕੇ ਆਉਣ ਵਾਲੇ ਸਾਲਾਂ ’ਚ ਇਨ੍ਹਾਂ ਕਿਸਮਾਂ ਦਾ ਝਾੜ ਵੀ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨਾਲੋਂ ਵੀ ਘਟ ਜਾਂਦਾ ਹੈ

ਸਾਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਜਮੀਨ ਦੀ ਉਤਪਾਦਨ ਸਮਰੱਥਾ ਘਟ ਜਾਂਦੀ ਹੈ, ਉਹ ਜਮੀਨ ’ਚ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਸਮੇਂ ਸਿਰ ਬੀਜ ਕੇ ਅਸੀਂ ਵੱਧ ਝਾੜ ਨਹੀਂ ਲੈ ਸਕਦੇ ਕੁਝ ਕਿਸਾਨ ਵਹਾਈ ਬਿਜਾਈ ਦਾ 1000/1500 ਰੁਪਏ ਖਰਚ ਬਚਾਉਣ ਦੇ ਚੱਕਰ ’ਚ ਖੁਰਾਕੀ ਤੱਤਾਂ ਦੇ ਇਸ ਖਜ਼ਾਨੇ ਨੂੰ ਅੱਗ ਦੀ ਭੇਂਟ ਚੜ੍ਹਾ ਦਿੰਦੇ ਹਨ ਝੋਨੇ ਦੀ ਪਰਾਲੀ ਨੂੰ ਦੱਬਣ ਤੇ ਕਣਕ ਬੀਜਣ ਦਾ ਸਭ ਤੋਂ ਕਾਰਗਰ ਤਰੀਕਾ ਛੱਟਾ ਬਿਜਾਈ ਹੀ ਹੈ ਛੱਟਾ ਬਿਜਾਈ ਕਰਕੇ ਅਸੀਂ ਤਵੀਆਂ ਤੇ ਪਾਰਸ ਹਲ਼ਾਂ ਦੀ ਮੱਦਦ ਨਾਲ ਸਹਿਜੇ ਹੀ ਝੋਨੇ ਦੀ ਪਰਾਲੀ ਖੇਤ ’ਚ ਦੱਬ ਕੇ ਕਣਕ ਬੀਜ ਸਕਦੇ ਹਾਂ ਕੋਈ ਮਹਿੰਗਾ ਸੰਦ ਖਰੀਦਣ ਦੀ ਲੋੜ ਨਹੀਂ

ਫਸਲਾਂ ਦੀ ਰੱਖਿਆ ਲਈ ਕਿਸਾਨਾਂ ਨੂੰ ਬਹੁਤ ਸਾਰੇ ਜੀਵਾਂ ਦਾ ਘਾਤ ਕਰਨਾ ਪੈਂਦਾ ਹੈ ਜੋ ਫਸਲਾਂ ਦਾ ਨੁਕਸਾਨ ਕਰਦੇ ਹਨ ਜੋ ਕਿ ਆਤਮ-ਰੱਖਿਆ ਲਈ ਕਾਫੀ ਹੱਦ ਤੱਕ ਜਾਇਜ਼ ਹੈ, ਪਰ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਕਿਸਾਨ ਮਿੱਤਰ ਕੀੜਿਆਂ ਨੂੰ ਅੱਗ ’ਚ ਸਾੜਦਾ ਹੈ, ਜੋ ਕਿ ਜ਼ਮੀਨ ’ਚ ਖੁਰਾਕੀ ਤੱਤ ਤਿਆਰ ਕਰਕੇ ਕਿਸਾਨ ਦੀ ਮੱਦਦ ਕਰਦੇ ਹਨ ਇਹ ਇੱਕ ਬਹੁਤ ਵੱਡਾ ਅਪਰਾਧ ਹੈ ਸੋ ਖੇਤਾਂ ’ਚ ਅੱਗ ਲਾਉਣਾ ਕਿਸਾਨ ਦੀ ਭਾਰੀ ਗਲਤੀ ਹੈ
ਸਾਰਜੰਟ ਸਿੰਘ ਇੰਸਾਂ,
ਕੋਟਲੀ ਅਬਲੂ, ਕੋਠੇ ਰੋੜਾਂ ਵਾਲੇ
ਮੋ. 62805-72604

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ