‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਵੜੈਚ ਕਤਲ ਕਾਂਡ ਦੀ ਜ਼ਿੰਮੇਵਾਰੀ

0
Pandori Waraich, Murder, Responsible,Pavitar gang

ਸੋਸ਼ਲ ਸਾਈਟ ‘ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ

ਅੰਮ੍ਰਿਤਸਰ : ਬਟਾਲਾ ਦੇ ਇਕ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪਿੰਡ ਪੰਡੋਰੀ ਵੜੈਚ ਦੇ ਮਨਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ‘ਪਵਿੱਤਰ ਗੈਂਗ’ ਧੜੇ ਨੇ ਮਜੀਠਾ ਦੇ ਪਿੰਡ ਜੀਜੇਆਣੀ ਵਿਚ ਇਕ ਨੌਜਵਾਨ ਤ੍ਰਿਪਤਪਾਲ ਸਿੰਘ ਨੂੰ 6 ਗੋਲੀਆਂ ਮਾਰਨ ਦਾ ਵੀ ਦਾਅਵਾ ਕੀਤਾ ਹੈ। ਪੁਲਿਸ ਦੇ ਐੱਸ. ਐੱਸ. ਪੀ. ਬਿਕਰਮਜੀਤ ਦੁੱਗਲ ਨੇ ਆਖਿਆ ਕਿ ਬਟਾਲਾ ਦੇ ਹਰਵਿੰਦਰ ਸਿੰਘ ਨਾਂਅ ਦੇ ਇਕ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਮਨਦੀਪ ਸਿੰਘ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਦਾਅਵਾ ਕੀਤਾ ਕਿ ਇਹ ਕਤਲ ਅਣਖ ਖਾਤਰ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਇਕ ਤਸਵੀਰ ਵੀ ਅਪਲੋਡ ਕੀਤੀ ਗਈ ਹੈ, ਜਿਸ ਵਿਚ ਦੋ ਨੌਜਵਾਨ ਹਥਿਆਰਾਂ ਸਮੇਤ ਦਿਖਾਏ ਦੇ ਰਹੇ ਹਨ, ਉਹ ਦਾਅਵਾ ਕਰ ਰਹੇ ਹਨ ਕਿ ਉਹ ਬਟਾਲਾ ਦੇ ‘ਪਵਿੱਤਰ ਗੈਂਗ’ ਦੇ ਮੈਂਬਰ ਹਨ। ਗੈਂਗਸਟਰਾਂ ਨੇ ਦਾਅਵਾ ਕੀਤਾ ਕਿ ਕਤਲ ਕੀਤੇ ਨੌਜਵਾਨ ਨਾਲ ਉਨ੍ਹਾਂ ਦੀ ਪੁਰਾਣੀ ਦੁਸ਼ਮਣੀ ਸੀ, ਜਿਸ ਦੇ ਸਿੱਟੇ ਵਜੋਂ ਉਸ ਨੂੰ 25 ਗੋਲੀਆਂ ਮਾਰੀਆਂ ਹਨ। ਪੁਲਿਸ ਵੱਲੋਂ ਇਸ ਸਬੰਧ ਵਿਚ ਬਟਾਲਾ ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ ਹੈ ਤਾਂ ਜੋ ਇਸ ‘ਪਵਿੱਤਰ ਗੈਂਗ’ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਐੱਸ. ਐੱਸ. ਪੀ. ਨੇ ਆਖਿਆ ਕਿ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇ ਮਾਰ ਰਹੀ ਹੈ।

ਸਭ ਤੋਂ ਛੋਟਾ ਪੁੱਤਰ ਸੀ ਮ੍ਰਿਤਕ ਮਨਦੀਪ ਸਿੰਘ

ਮ੍ਰਿਤਕ ਮਨਦੀਪ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮਨਦੀਪ ਉਸ ਦਾ ਤਿੰਨ ਬੱਚਿਆਂ ਵਿਚੋਂ ਸਭ ਤੋਂ ਛੋਟਾ ਪੁੱਤਰ ਸੀ ਅਤੇ ਉਸ ਦਾ ਤਲਾਕ ਹੋ ਚੁੱਕਾ ਸੀ। ਉਹ ਮਜ਼ਦੂਰੀ ਕਰਦਾ ਸੀ। ਬੀਤੀ ਸ਼ਾਮ ਕੁਝ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਚਲਾਈਆਂ ਸਨ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਦੂਜੇ ਪਾਸੇ ਪਵਿੱਤਰ ਗੈਂਗ ਵੱਲੋਂ ਸੋਸ਼ਲ ਮੀਡੀਆ ‘ਤੇ ਮਨਦੀਪ ਨਾਲ ਪੁਰਾਣੀ ਦੁਸ਼ਮਣੀ ਦਾ ਹਵਾਲਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਗੈਂਗ ਵੱਲੋਂ ਮਜੀਠਾ ਦੇ ਪਿੰਡ ਜੀਜੇਆਣੀ ਦੇ ਤ੍ਰਿਪਤਪਾਲ ਸਿੰਘ ਨੂੰ ਵੀ ਬੀਤੀ ਸ਼ਾਮ ਗੋਲੀਆਂ ਮਾਰਨ ਦਾ ਦਾਅਵਾ ਕੀਤਾ ਗਿਆ ਹੈ। ਗੈਂਗਸਟਰਾਂ ਨੇ ਦਾਅਵਾ ਕੀਤਾ ਕਿ ਇਸ ਨੌਜਵਾਨ ਨੇ ਉਸ ਦੇ ਭਰਾ ਨੂੰ ਚੁਣੌਤੀ ਦਿੱਤੀ ਸੀ, ਜਿਸ ਕਾਰਨ ਉਸ ਨੂੰ ਗੋਲੀਆਂ ਮਾਰੀਆਂ ਹਨ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਪੁਲਿਸ ਵੱਲੋਂ ਹੁਣ ਤਕ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਅਜੇ ਤੱਕ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫਤਾਰੀ ਦੀ ਖਬਰ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।