ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਨੂੰ ਕਿਸ ਤਰ੍ਹਾਂ ਪਾਸ ਕਰੀਏ

0
Pass, Punjab State Teacher, Eligibility , Test?

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਨੂੰ ਕਿਸ ਤਰ੍ਹਾਂ ਪਾਸ ਕਰੀਏ

ਪ੍ਰੀਖਿਆ ਤੋਂ ਪਹਿਲਾਂ ਪਿਛਲੇ ਸਾਲਾਂ ਦੇ ਪੇਪਰ ਲੈ ਕੇ ਉਹਨਾਂ ਨੂੰ ਹੱਲ ਕਰੋ। ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰਾਂ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪ੍ਰਸ਼ਨ ਪੱਤਰ ਕਿਸ ਤਰ੍ਹਾਂ ਤਿਆਰ ਕੀਤੇ ਗਏ ਹਨ ਅਤੇ ਇਹਨਾਂ ਨੂੰ ਹੱਲ ਕਰਨ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਪ੍ਰਸ਼ਨ ਪੱਤਰ ਕਿੰਨੇ ਸਮੇਂ ਵਿੱਚ ਹੱਲ ਹੁੰਦਾ ਹਾਂ। ਜਿਸ ਨਾਲ ਤੁਸੀਂ ਸਮੇਂ ਦਾ ਸਹੀ ਉਪਯੋਗ ਕਰ ਸਕਦੇ ਹੋ।

ਜੀਵਨ ਵਿੱਚ ਵਿਅਕਤੀ ਨੂੰ ਬਹੁਤ ਸਾਰੀਆਂ ਪ੍ਰੀਖਿਆਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ, ਪ੍ਰੰਤੂ ਸਫਲ ਉਹੀ ਵਿਅਕਤੀ ਹੁੰਦਾ ਹੈ ਜੋ ਯੋਜਨਾਬੱਧ ਤਰੀਕੇ ਅਤੇ ਦ੍ਰਿੜ ਨਿਸ਼ਚੇ ਨਾਲ ਆਪਣੀ ਤਿਆਰੀ ਕਰਦਾ ਹੈ। ਜੋ ਵਿਅਕਤੀ ਆਪਣੇ ਸਮੇਂ ਦਾ ਸਹੀ ਉਪਯੋਗ ਕਰਦਾ ਹੈ, ਉਹੀ ਵਿਅਕਤੀ ਆਪਣੀ ਮੰਜ਼ਿਲ ਪ੍ਰਾਪਤ ਕਰਦਾ ਹੈ। 5 ਜਨਵਰੀ 2020 ਨੂੰ ਹੋਣ ਜਾ ਰਹੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਪੀ.ਐਸ. ਟੈਟ-2018) ਦੇ ਪੇਪਰ ਵਿੱਚ ਬੈਠਣ ਤੋਂ ਪਹਿਲਾਂ ਹੇਠ ਲਿਖੇ ਕੁਝ ਜ਼ਰੂਰੀ ਨੁਕਤਿਆਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਵਿਦਿਆਰਥੀ ਇਹ ਟੈਸਟ ਜ਼ਰੂਰ ਪਾਸ ਕਰ ਲੈਣਗੇ:-

1. ਪ੍ਰੀਖਿਆ ਤੋਂ ਪਹਿਲਾਂ ਘਬਰਾਓ ਨਾ:

ਆਮ ਤੌਰ ‘ਤੇ ਪ੍ਰੀਖਿਆਰਥੀ ਜਦੋਂ ਪ੍ਰੀਖਿਆ ਵਿੱਚ ਕੁਝ ਦਿਨ ਬਚਦੇ ਹਨ ਤਾਂ ਉਹ ਘਬਰਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਇਸੇ ਚਿੰਤਾ ਵਿੱਚ ਘਿਰੇ ਰਹਿੰਦੇ ਹਨ ਕਿ ਪਤਾ ਨਹੀਂ ਪੇਪਰ ਪਾਸ ਹੋਵੇਗਾ ਕਿ ਨਹੀਂ? ਸਾਨੂੰ ਇਹ ਸੋਚਣ ਦੀ ਜ਼ਰੂਰਤ ਨਹੀਂ ਹੈ, ਸਗੋਂ ਸਾਨੂੰ ਦ੍ਰਿੜ ਨਿਸ਼ਚੇ ਨਾਲ ਆਪਣੀ ਪ੍ਰੀਖਿਆ ਦੀ ਤਿਆਰੀ ਵਿੱਚ ਲੱਗੇ ਰਹਿਣਾ ਚਾਹੀਦਾ ਹੈ। ਘਬਰਾਉਣ ਨਾਲ ਅਕਸਰ ਹੀ ਆਪਣਾ ਹੀ ਨੁਕਸਾਨ ਹੁੰਦਾ ਹੈ। ਘਬਰਾਉਣ ਨਾਲ ਸਾਡਾ ਦਿਮਾਗ ਸਹੀ ਢੰਗ ਨਾਲ ਨਿਰਣਾ ਨਹੀਂ ਲੈ ਪਾਉਂਦਾ। ਇਸ ਲਈ ਪ੍ਰੀਖਿਆ ਸਮੇਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਪੂਰੇ ਆਤਮ-ਵਿਸ਼ਵਾਸ ਨਾਲ ਪ੍ਰੀਖਿਆ ਦੇਣੀ ਚਾਹੀਦੀ ਹੈ।

2. ਨਵੇਂ ਟਾਪਿਕ/ਵਿਸ਼ੇ ਦਾ ਅਧਿਐਨ ਨਾ ਕਰਨਾ:

ਪ੍ਰੀਖਿਆ ਸਮੇਂ ਇਹ ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਪ੍ਰੀਖਿਆਰਥੀ ਆਪਣੇ ਦੋਸਤਾਂ-ਮਿੱਤਰਾਂ ਦੇ ਕਹਿਣ ‘ਤੇ ਨਵੇਂ ਟਾਪਿਕ/ਵਿਸ਼ੇ ਨੂੰ ਪੜ੍ਹਨ ਵਿੱਚ ਲੱਗ ਜਾਂਦੇ ਹਨ, ਜਿਸ ਨਾਲ ਉਹਨਾਂ ਵੱਲੋਂ ਪਹਿਲਾਂ ਯਾਦ ਕੀਤੇ ਗਏ ਵਿਸ਼ੇ ਯਾਦ ਨਹੀਂ ਰਹਿੰਦੇ ਅਤੇ ਪੇਪਰ ਵਿੱਚ ਸਹੀ ਢੰਗ ਨਾਲ ਉੱਤਰ ਨਹੀਂ ਦਿੱਤੇ ਜਾਂਦੇ। ਇਸ ਲਈ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਨਵੇਂ ਟਾਪਿਕ/ਵਿਸ਼ਿਆਂ ਨੂੰ ਨਹੀਂ ਪੜ੍ਹਨਾ ਚਾਹੀਦਾ।

3. ਵਾਰ-ਵਾਰ ਦੁਹਰਾਈ:

ਪ੍ਰੀਖਿਆ ਤੋਂ ਇੱਕ ਹਫਤਾ ਪਹਿਲਾਂ ਜੋ ਕੁਝ ਵੀ ਤੁਸੀਂ ਹੁਣ ਤੱਕ ਪੜ੍ਹਿਆ ਹੈ, ਉਸਦੀ ਵਾਰ-ਵਾਰ ਦੁਹਰਾਈ ਕਰੋ। ਦੁਹਰਾਈ ਕਰਨ ਸਮੇਂ ਹੇਠ ਲਿਖੇ ਬਿੰਦੂਆਂ ‘ਤੇ ਖਾਸ ਧਿਆਨ ਦਿੱਤਾ ਜਾਵੇ-

 ਨਵੀਂ ਤਕਨੀਕ ਦਾ ਸਹਾਰਾ:
ਵਰਤਮਾਨ ਸਮਾਂ ਨਵੀਆਂ ਤਕਨੀਕਾਂ ਦਾ ਸਮਾਂ ਹੈ, ਇਸ ਲਈ ਦੁਹਰਾਈ ਲਈ ਨਵੀਆਂ ਤਕਨੀਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਅਹਿਮ ਬਿੰਦੂਆਂ ਨੂੰ ਆਪਣੇ ਮੋਬਾਇਲ ਫੋਨ ਵਿੱਚ ਰਿਕਾਰਡ ਕਰਕੇ ਰੱਖੋ ਅਤੇ ਜਦੋਂ ਵੀ ਸਮਾਂ ਮਿਲੇ ਹੈੱਡਫੋਨ ਲਾ ਕੇ ਇਸਦੀ ਦੁਹਰਾਈ ਕਰਦੇ ਰਹੋ। ਇਸ ਨਾਲ ਤੁਹਾਨੂੰ ਉਹ ਵਿਸ਼ੇ/ਬਿੰਦੂ ਚੰਗੀ ਤਰ੍ਹਾਂ ਯਾਦ ਹੋ ਜਾਵੇਗਾ ਅਤੇ ਸਮੇਂ ਦਾ ਵੀ ਸਹੀ ਉਪਯੋਗ ਹੋਵੇਗਾ।

ਚਾਰਟਾਂ ਦਾ ਸਹਾਰਾ ਲਓ:
ਦੁਹਰਾਈ ਲਈ ਚਾਰਟ ਸਭ ਤੋਂ ਵਧੀਆ ਸਾਧਨ ਹੈ। ਕਿਸੇ ਵਿਸ਼ੇ ਦੇ ਮੁੱਖ ਬਿੰਦੂਆਂ ਨੂੰ ਚਾਰਟ ਉੱਪਰ ਨੋਟ ਕਰਕੇ ਉਸਨੂੰ ਅਜਿਹੀ ਜਗ੍ਹਾ ‘ਤੇ ਲਾਓ ਜਿੱਥੇ ਤੁਹਾਡਾ ਸਭ ਤੋਂ ਜਿਆਦਾ ਸਮਾਂ ਬਤੀਤ ਹੁੰਦਾ ਹੈ। ਵਾਰ-ਵਾਰ ਤੁਹਾਡੀ ਨਿਗ੍ਹਾ ਉਸ ਚਾਰਟ ‘ਤੇ ਪਵੇਗੀ, ਜਿਸ ਨਾਲ ਉਹ ਸਾਰੇ ਮੁੱਖ ਬਿੰਦੂ ਤੁਹਾਨੂੰ ਆਪਣੇ-ਆਪ ਯਾਦ ਹੋ ਜਾਣਗੇ।

 ਨੋਟਸ ਦਾ ਪ੍ਰਯੋਗ:
ਜਦੋਂ ਵੀ ਤੁਸੀਂ ਕਿਸੇ ਵਿਸ਼ੇ ਬਾਰੇ ਵਿਸਥਾਰ ਨਾਲ ਪੜ੍ਹ ਰਹੇ ਹੋਵੋ ਤਾਂ ਉਸ ਵਿੱਚੋਂ ਅਹਿਮ ਅਤੇ ਉਪਯੋਗੀ ਨੁਕਤਿਆਂ ਦੇ ਛੋਟੇ ਨੋਟਸ ਬਣਾ ਲਓ ਤਾਂ ਜੋ ਅਉਣ ਵਾਲੇ ਸਮੇਂ ਵਿੱਚ ਇਹ ਤੁਹਾਡੇ ਲਈ ਬਹੁਤ ਅਹਿਮ ਸਾਬਿਤ ਹੋਣਗੇ ਅਤੇ ਦੁਹਰਾਈ ਵਿੱਚ ਕਾਰਗਾਰ ਸਿੱਧ ਹੋਣਗੇ। ਨੋਟਸ ਪੂਰੇ ਵਿਸ਼ੇ ਦਾ ਨਿਚੋੜ ਹੁੰਦਾ ਹੈ, ਜੋ ਦੁਹਰਾਈ ਵਿੱਚ ਕਾਰਗਰ ਸਿੱਧ ਹੁੰਦੇ ਹਨ।

4. ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਹੱਲ ਕਰਨਾ:

ਪ੍ਰੀਖਿਆ ਤੋਂ ਪਹਿਲਾਂ ਪਿਛਲੇ ਸਾਲਾਂ ਦੇ ਪੇਪਰ ਲੈ ਕੇ ਉਹਨਾਂ ਨੂੰ ਹੱਲ ਕਰੋ। ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰਾਂ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪ੍ਰਸ਼ਨ ਪੱਤਰ ਕਿਸ ਤਰ੍ਹਾਂ ਤਿਆਰ ਕੀਤੇ ਗਏ ਹਨ ਅਤੇ ਇਹਨਾਂ ਨੂੰ ਹੱਲ ਕਰਨ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਪ੍ਰਸ਼ਨ ਪੱਤਰ ਕਿੰਨੇ ਸਮੇਂ ਵਿੱਚ ਹੱਲ ਹੁੰਦਾ ਹਾਂ, ਜਿਸ ਨਾਲ ਤੁਸੀਂ ਸਮੇਂ ਦਾ ਸਹੀ ਉਪਯੋਗ ਕਰ ਸਕਦੇ ਹੋ। ਜੇਕਰ ਤੁਹਾਡਾ ਪ੍ਰਸ਼ਨ ਪੱਤਰ ਨਿਰਧਾਰਿਤ ਸਮੇਂ ਵਿੱਚ ਪੂਰਾ ਨਹੀਂ ਹੋ ਰਿਹਾ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਪੂਰੇ ਆਤਮ-ਵਿਸ਼ਵਾਸ ਨਾਲ ਪ੍ਰੀਖਿਆ ਵਿੱਚ ਬੈਠੋ ਅਤੇ ਆਪਣਾ ਪ੍ਰਸ਼ਨ ਪੱਤਰ ਹੱਲ ਕਰਨ ਦੀ ਕੋਸ਼ਿਸ਼ ਕਰੋ।

5. ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ:

ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਪ੍ਰੀਖਿਆਰਥੀ ਰੋਲ ਨੰਬਰ ਉੱਪਰ ਲਿਖੀਆਂ ਹਦਾਇਤਾਂ ਨੂੰ ਪੜ੍ਹ ਕੇ ਨਹੀਂ ਜਾਂਦੇ ਅਤੇ ਪ੍ਰੀਖਿਆ ਸਮੇਂ ਕਈ ਵਾਰ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਸਾਨੂੰ ਪ੍ਰੀਖਿਆ ਵਾਲੇ ਦਿਨ ਦੀ ਤਿਆਰੀ ਕਰਨੀ ਚਾਹੀਦੀ ਹੈ ਜਿਵੇਂ ਪੈੱਨ, ਪੈਨਸਿਲ ਹੋਰ ਲੋੜ ਦੀਆਂ ਚੀਜ਼ਾਂ ਪਹਿਲਾਂ ਹੀ ਪੈਕ ਕਰਕੇ ਰੱਖ ਲਵੋ। ਜਿਸ ਨਾਲ ਪ੍ਰੀਖਿਆ ਵਾਲੇ ਦਿਨ ਤੁਹਾਡਾ ਸਮਾਂ ਵੀ ਬਚੇਗਾ ਅਤੇ ਹੋਰ ਕਿਸੇ ਤਰ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਤੋਂ ਬਚੇ ਰਹੋਗੇ।

6. ਸ਼ਾਂਤ ਮਨ ਨਾਲ ਪੇਪਰ ਹਾਲ ਵਿੱਚ ਬੈਠੋ:

ਜਦੋਂ ਵੀ ਪ੍ਰੀਖਿਆ ਹਾਲ ਵਿੱਚ ਜਾਵੋ ਤਾਂ ਆਪਣੇ ਮਨ ਨੂੰ ਸ਼ਾਂਤ ਅਤੇ ਇਕਾਗਰ ਰੱਖੋ। ਪ੍ਰੀਖਿਆ ਸਮੇਂ ਅਰਾਮ ਨਾਲ ਬੈਠੋ ਅਤੇ ਇੱਧਰ-ਉੱਧਰ ਦੇਖ ਕੇ ਸਮਾਂ ਖਰਾਬ ਕਰਨ ਨਾਲੋਂ ਆਪਣੇ-ਆਪ ਵਿੱਚ ਮਸਤ ਹੋ ਕੇ ਪ੍ਰਸ਼ਨ-ਪੱਤਰ ਹੱਲ ਕਰਨ ਦੀ ਕੋਸ਼ਿਸ਼ ਕਰੋ।

7. ਜੋ ਪ੍ਰਸ਼ਨ ਆਉਂਦੇ ਹਨ ਉਹ ਪਹਿਲਾਂ ਹੱਲ ਕਰੋ:
ਸਭ ਤੋਂ ਪਹਿਲਾਂ ਪ੍ਰਸ਼ਨ ਪੱਤਰ ਚੈੱਕ ਕਰੋ ਅਤੇ ਜੋ ਪ੍ਰਸ਼ਨ ਤੁਹਾਨੂੰ ਆਉਂਦੇ ਹਨ, ਉਹ ਪ੍ਰਸ਼ਨ ਪਹਿਲਾਂ ਹੱਲ ਕਰੋ। ਬਹੁਤ ਸਾਰੇ ਪ੍ਰੀਖਿਆਰਥੀ ਲੜੀਵਾਰ ਪ੍ਰਸ਼ਨ ਹੱਲ ਕਰਦੇ ਹਨ, ਜਿਸ ਨਾਲ ਇਹ ਹੁੰਦਾ ਹੈ ਕਿ ਸਮਾਂ ਘੱਟ ਬਚਣ ‘ਤੇ ਜਲਦਬਾਈ ਵਿੱਚ ਕਈ ਪ੍ਰਸ਼ਨ ਗਲਤ ਹੋ ਜਾਂਦੇ ਹਨ ਅਤੇ ਪ੍ਰੀਖਿਆ ਵਿੱਚੋਂ ਨੰਬਰ ਘੱਟ ਆਉਂਦੇ ਹਨ ਅਤੇ ਕਈ ਵਾਰ ਅਸਫਲਤਾ ਦਾ ਮੂੰਹ ਦੇਖਣਾ ਪੈਂਦਾ ਹੈ। ਦੂਸਰਾ ਜਿਹੜੇ ਪ੍ਰਸ਼ਨਾਂ ‘ਤੇ ਤੁਹਾਨੂੰ 50-50 ਯਕੀਨ ਹੈ, ਉਹ ਹੱਲ ਕਰਨੇ ਚਾਹੀਦੇ ਹਨ, ਇਸ ਤਰੀਕੇ ਨਾਲ ਵੀ ਕਈ ਵਾਰ ਬਹੁਤ ਸਾਰੇ ਪ੍ਰਸ਼ਨ ਹੱਲ ਹੋ ਜਾਂਦੇ ਹਨ ਤੇ ਪ੍ਰੀਖਿਆ ਵਿੱਚੋਂ ਚੰਗੇ ਨੰਬਰ ਆ ਜਾਂਦੇ ਹਨ।

8. ਪ੍ਰਸ਼ਨ ਪੱਤਰ ਵੇਖ ਕੇ ਘਬਰਾਓ ਨਾ:
ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਪ੍ਰੀਖਿਆਰਥੀ ਪ੍ਰੀਖਿਆ ਵਿੱਚ ਪ੍ਰਸ਼ਨ ਪੱਤਰ ਵੇਖ ਕੇ ਤਣਾਅ ਵਿੱਚ ਆ ਜਾਂਦੇ ਹਨ। ਜਦਕਿ ਤੁਸੀਂ ਜਿਸ ਸਿਲੇਬਸ ਦੇ ਅਨੁਸਾਰ ਤਿਆਰੀ ਕੀਤੀ ਹੈ, ਪੇਪਰ ਉਸੇ ਸਿਲੇਬਸ ਵਿੱਚੋਂ ਹੀ ਆਉਂਦਾ ਹੈ।  ਇਸ ਲਈ  ਪ੍ਰਸ਼ਨ ਪੱਤਰ ਨੂੰ ਵੇਖ ਕੇ ਤਣਾਅ ਵਿੱਚ ਨਹੀਂ ਆਉਣਾ ਚਾਹੀਦਾ।

9. ਓ.ਐਮ.ਆਰ. ਸ਼ੀਟ ਭਰਨ ਦੀ ਤਿਆਰੀ:

ਪ੍ਰੀਖਿਆ ਸਮੇਂ ਕਈ ਵਾਰ ਓ.ਐਮ.ਆਰ. ਸ਼ੀਟ ਭਰਦੇ ਸਮੇਂ ਅਕਸਰ ਹੀ ਗਲਤ ਸਰਕਲ ਕਾਲੇ ਹੋ ਜਾਂਦੇ ਹਨ ਅਤੇ ਸੋਚਦੇ ਹਨ ਕਿ ਜੇਕਰ ਓ.ਐਮ.ਆਰ. ਧਿਆਨ ਨਾਲ ਭਰੀ ਹੁੰਦੀ ਤਾਂ ਪੇਪਰ ਜ਼ਰੂਰ ਪਾਸ ਹੋ ਜਾਣਾ ਸੀ, ਓ.ਐਮ.ਆਰ. ਸ਼ੀਟ ਭਰਦੇ ਸਮੇਂ ਜਲਦਬਾਜੀ ਨਹੀਂ ਕਰਨੀ ਚਾਹੀਦੀ। ਪ੍ਰੀਖਿਆ ਤੋਂ ਪਹਿਲਾਂ ਓ.ਐਮ.ਆਰ. ਸ਼ੀਟ ਭਰਨ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਗੋਲੇ ਕਾਲੇ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੋ।
ਆਪ ਸਭ ਲਈ ਬਹੁਤ-ਬਹੁਤ ਸੁੱਭਕਾਮਨਾਵਾਂ ਅਤੇ ਉਮੀਦ ਹੈ ਕਿ ਸਾਰੇ ਪ੍ਰੀਖਿਆਰਥੀ ਜੀਵਨ ਵਿੱਚ ਸਫਲ ਹੋਣਗੇ ਅਤੇ ਬੁਲੰਦੀਆਂ ਨੂੰ ਛੂਹਣਗੇ।

  • ਜੀਵਨ ਵਿੱਚ ਹੈ ਜੇਕਰ ਸਫਲ ਹੋਣਾ
  • ਸਮਾਂ ਪ੍ਰਬੰਧਨ ਨੂੰ ਪਵੇਗਾ ਅਪਣਾਉਣਾ।

ਡਾ. ਹਰਿਭਜਨ ਪ੍ਰਿਯਦਰਸ਼ੀ
ਲੈਕਚਰਾਰ ਹਿੰਦੀ (ਸਟੇਟ ਐਵਾਰਡੀ)
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਲੋਟ
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।