ਪਟਿਆਲਾ ਮੀਡੀਆ ਕਲੱਬ ਨੇ ਆਰਟੀਆਈ ਐਕਟ ਬਾਰੇ ਸੈਮੀਨਾਰ ਕਰਵਾ ਕੇ ਮਨਾਇਆ ਕੌਮੀ ਪ੍ਰੈਸ ਦਿਵਸ

0
91
National Press Day Sachkahoon

ਆਰਟੀਆਈ ਐਕਟ ਨੂੰ ਕਮਜੋਰ ਕਰਨ ਦੀਆਂ ਕੋਸ਼ਿਸਾਂ ਖਿਲਾਫ਼ ਡੱਟ ਕੇ ਮੁਕਾਬਲਾ ਹੋਵੇ-ਡੀ.ਸੀ. ਗੁਪਤਾ

ਪਟਿਆਲਾ ਮੀਡੀਆ ਕਲੱਬ ਲਗਾਤਾਰ ਕਰ ਰਿਹੈ ਅਨੇਕਾ ਕਾਰਜ਼-ਜ਼ਿਲ੍ਹਾ ਸੰਪਕਰ ਅਫ਼ਸਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਮੀਡੀਆ ਕਲੱਬ ਵੱਲੋਂ ਅੱਜ ਕੌਮੀ ਪ੍ਰੈਸ ਦਿਵਸ ਮੌਕੇ ‘ਆਰਟੀਆਈ ਐਕਟ ਪੱਤਰਕਾਰੀ ਲਈ ਵੱਡਾ ਹਥਿਆਰ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਆਰ. ਟੀ. ਆਈ. ਐਕਟ ਦੇ ਮਾਹਿਰ ਡੀ ਸੀ ਗੁਪਤਾ ਆਈ ਡੀ ਏ ਐਸ (ਰਿਟਾ.) ਨੇ ਕੂੰਜੀਵਤ ਭਾਸ਼ਣ ਦਿੱਤਾ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਲੋਕ ਸੰਪਰਕ ਅਫਸਰ ਰਵੀ ਇੰਦਰ ਸਿੰਘ ਮੱਕੜ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਵਿਚ ਕਲੱਬ ਦੇ ਪ੍ਰਧਾਨ ਅਮਨ ਸੂਦ ਨੇ ਆਏ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਕਲੱਬ ਦੇ ਸਕੱਤਰ ਖੁਸ਼ਵੀਰ ਸਿੰਘ ਤੂਰ ਨੇ ਕਲੱਬ ਦੇ ਇਤਿਹਾਸ ਤੇ ਗਤੀਵਿਧੀਆ ’ਤੇ ਚਾਨਣਾ ਪਾਇਆ। ਕਲੱਬ ਦੇ ਪ੍ਰੈਸ ਸਕੱਤਰ ਕਰਮ ਪ੍ਰਕਾਸ਼ ਨੇ ਕੌਮੀ ਪ੍ਰੈਸ ਦਿਵਸ ਦੇ ਪਿਛੋਕੜ ਤੇ ਮਹੱਤਤਾ ਬਾਰੇ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ।

ਇਸ ਉਪਰੰਤ ਡੀ ਸੀ ਗੁਪਤਾ ਨੇ ਆਰ ਟੀ ਆਈ ਐਕਟ ਦੇ ਵੱਖ ਵੱਖ ਪਹਿਲੁਆਂ ਬਾਰੇ ਸਾਰੇ ਮੈਂਬਰਾਂ ਤੇ ਆਏ ਪਤਵੰਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਆਰ ਟੀ ਆਈ ਐਕਟ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਜਿਨ੍ਹਾਂ ਦਾ ਡੱਟ ਦੇ ਮੁਕਾਬਲਾ ਕਰਨਾ ਚਾਹੀਦਾ ਹੈ ਕਿਉਕਿ ਜੇਕਰ ਇਹ ਕਾਨੂੰਨ ਕਮਜ਼ੋਰ ਹੋ ਗਿਆ ਤਾਂ ਇਹ ਭਾਰਤੀ ਲੋਕਤੰਤਰ ਲਈ ਗੰਭੀਰ ਖ਼ਤਰਾ ਸਾਬਤ ਹੋਵੇਗਾ। ਉਨ੍ਹਾਂ ਨੇ ਐਕਟ ਦੀਆਂ ਵੱਖ ਵੱਖ ਧਾਰਾਵਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਹ ਕਾਨੂੰਨ ਦੇਸ਼ ਦੀ ਦੂਜੀ ਆਜ਼ਾਦੀ ਵਜੋਂ ਜਾਣਿਆ ਜਾਂਦਾ ਹੈ ਤੇ ਇਹ ਆਜ਼ਾਦੀ ਤਾਂ ਹੀ ਕਾਇਮ ਰਹਿ ਸਕਦੀ ਹੈ ਜੇਕਰ ਸਾਨੂੰ ਇਸ ਬਾਰੇ ਜਾਣਕਾਰੀ ਹੋਵੇ। ਉਨ੍ਹਾਂ ਕਿਹਾ ਕਿ ਪੱਤਰਕਾਰ ਆਰ ਟੀ ਆਈ ਐਕਟ ਤਹਿਤ ਠੋਸ ਜਾਣਕਾਰੀ ਅਤੇ ਸਰਕਾਰ ਵੱਲੋਂ ਪਰਦੇ ਹੇਠ ਰੱਖੇ ਤੱਥਾਂ ਦੀ ਜਾਣਕਾਰੀ ਲੈ ਸਕਦੇ ਹਨ।

ਜ਼ਿਲ੍ਹਾ ਲੋਕ ਸੰਪਰਕ ਅਫਸਰ ਰਵੀ ਇੰਦਰ ਸਿੰਘ ਮੱਕੜ ਨੇ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਕੌਮੀ ਪ੍ਰੈਸ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਦਿਹਾੜੇ ਦੀ ਪੱਤਰਕਾਰੀ ਜਗਤ ਵਿਚ ਆਪਣੀ ਵਿਸ਼ੇਸ਼ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋਇਆ ਹੈ ਕਿ ਅੱਜ ਪਟਿਆਲਾ ਮੀਡੀਆ ਕਲੱਬ ਵੱਲੋਂ ਇਹ ਦਿਹਾੜਾ ਇਸ ਤਰੀਕੇ ਆਰ ਟੀ ਆਈ ਐਕਟ ਸਬੰਧੀ ਜਾਣਕਾਰੀ ਹਾਸਲ ਕਰ ਕੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਪ੍ਰੋਗਰਾਮ ਦੀ ਸਫ਼ਲਤਾ ਲਈ ਪ੍ਰਬੰਧਕਾਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਰਵੀ ਇੰਦਰ ਸਿੰਘ ਮੱਕੜ, ਸਹਾਇਕ ਲੋਕ ਸੰਪਰਕ ਅਫਸਰ ਹਰਦੀਪ ਸਿੰਘ ਤੇ ਜਸਤਰਨ ਸਿੰਘ, ਜੰਗਲਾਤ ਵਿਭਾਗ ਦੇ ਬੀਟ ਅਫਸਰ ਅਮਨ ਅਰੋੜਾ, ਹਰਦੀਪ ਸ਼ਰਮਾ ਤੇ ਹੋਰਨਾਂ ਨਾਲ ਰਲ ਕੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਕਲੱਬ ਵਿਚ ਬੂਟੇ ਵੀ ਲਗਾਏ ਗਏ।

ਇਸ ਦੌਰਾਨ ਕਲੱਬ ਦੇ ਖ਼ਜ਼ਾਨਚੀ ਨਵਦੀਪ ਢੀਂਗਰਾ, ਜੁਆਇੰਟ ਸਕੱਤਰ ਚਰਨਜੀਵ ਜੋਸ਼ੀ ਤੇ ਪਰਮਜੀਤ ਸਿੰਘ ਪਰਵਾਨਾ, ਰਾਮ ਸਰੂਪ ਪੰਜੋਲਾ ਤੇ ਹੋਰਨਾਂ ਵੱਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਦੋਂ ਕਿ ਮੰਚ ਸੰਚਾਲਨ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਭੰਗੂ ਨੇ ਬਾਖੂਬੀ ਨਿਭਾਇਆ। ਇਸ ਮੌਕੇ ਰਾਣਾ ਰਣਧੀਰ, ਪਰਮੀਤ ਸਿੰਘ, ਗੁਰਵਿੰਦਰ ਸਿੰਘ ਔਲਖ, ਹਰਿੰਦਰ ਸ਼ਾਰਦਾ, ਗੁਲਸ਼ਨ ਕੁਮਾਰ, ਰਵਨੀਤ ਸਿੰਘ, ਮਨਦੀਪ ਖਰੋੜ, ਧਰਮਿੰਦਰ ਸਿੱਧੂ, ਵਰੁਣ ਸੈਣੀ, ਸੰੁਦਰ ਸ਼ਰਮਾ, ਹਰਮੀਤ ਸੋਢੀ, ਕਮਲ ਦੁਆ, ਅਮਰਜੀਤ ਸਿੰਘ ਸਰਤਾਜ, ਅਮਨਦੀਪ ਸਿੰਘ, ਤੇਜਿੰਦਰ ਬਾਗੀ, ਸਸ਼ਾਂਕ, ਹਰਵਿੰਦਰ ਸਿੰਘ ਭਿੰਡਰ, ਪਰਦੀਪ ਸ਼ਰਮਾ, ਜਤਿੰਦਰ ਸਿੰਘ, ਅਸ਼ੋਕ ਅਤੱਤਰੀ, ਸੁਧੀਰ ਪਾਹੂਜਾ ਤੇ ਹੋਰ ਪਤਵੰਤੇ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ