ਫੁਲਕਾਰੀ ਤੇ ਬਾਗ ਬੀਤੇ ਸਮੇਂ ਦੀ ਗੱਲ ਹੋ ਕੇ ਰਹਿ ਗਏ

0
389

ਫੁਲਕਾਰੀ ਤੇ ਬਾਗ ਬੀਤੇ ਸਮੇਂ ਦੀ ਗੱਲ ਹੋ ਕੇ ਰਹਿ ਗਏ

ਕਦੇ ਫੁਲਕਾਰੀ ਸੱਭਿਆਚਾਰ ਦਾ ਮੁੱਖ ਅੰਗ ਸੀ। ਅੱਜ ਫੁਲਕਾਰੀ ਕੱਢਣਾ ਅਲੋਪ ਹੋ ਗਿਆ ਹੈ। ਫੁਲਕਾਰੀ ਅੱਜ-ਕੱਲ੍ਹ ਜਿਵੇਂ ਇੱਕ ਬੁਝਾਰਤ ਬਣ ਕੇ ਜਾਂ ਫਿਰ ਗੀਤਾਂ ਆਦਿ ਵਿੱਚ ਹੀ ਸਿਮਟ ਕੇ ਰਹਿ ਗਈ ਹੈ। ਅੱਜ ਕਿਸੇ ਨੇ ਫੁਲਕਾਰੀ ਦੇਖਣੀ ਹੋਵੇ ਤਾਂ ਅਜ਼ਾਇਬ ਘਰਾਂ ਵਿੱਚ ਜਾਂ ਵਿਆਹ-ਸ਼ਾਦੀਆਂ ਮੌਕੇ ਮੈਰਿਜ ਪੈਲਸਿਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਨ ਵਾਲਿਆਂ ਦੀਆਂ ਸਟੇਜਾਂ ’ਤੇ ਫੁਲਕਾਰੀ ਦੀ ਝਲਕ ਮਿਲ ਸਕਦੀ ਹੈ।

ਫੁਲਕਾਰੀ ਕੀ ਹੈ? ਫੁਲਕਾਰੀ ਇੱਕ ਤਰ੍ਹਾਂ ਦੀ ਕਢਾਈ ਹੁੰਦੀ ਹੈ ਜੋ ਚੁੰਨੀਆਂ/ਦੁਪੱਟਿਆਂ ’ਤੇ ਹੱਥਾਂ ਰਾਹੀਂ ਕੀਤੀ ਜਾਂਦੀ ਹੈ। ਫੁਲਕਾਰੀ ਸ਼ਬਦ ਫੁੱਲ ਅਤੇ ਕਾਰੀ ਤੋਂ ਬਣਿਆ ਹੈ ਜਿਸਦਾ ਮਤਲਬ ਫੁੱਲਾਂ ਦੀ ਕਾਰੀਗਰੀ। ਫੁਲਕਾਰੀ ਪੰਜਾਬਣ ਦਾ ਕੱਜਣ ਹੈ ਜੋ ਉਸ ਦੇ ਮਨ ਦੇ ਵਲਵਲਿਆਂ, ਰੀਝਾਂ ਅਤੇ ਸਿਰਜਣਸ਼ਕਤੀ ਦਾ ਪ੍ਰਤੀਕ ਰਹੀ ਹੈ। ਫੁਲਕਾਰੀ ਸ਼ਬਦ ਹਰ ਤਰ੍ਹਾਂ ਦੀ ਕਸ਼ੀਦਾਕਾਰੀ ਲਈ ਵਰਤਿਆ ਜਾਂਦਾ ਹੈ।

ਇਸ ਦੇ ਸ਼ਾਬਦਕ ਅਰਥ ਹਨ- ਫੁੱਲ ਕੱਢਣੇ। ਇਹ ਇੱਕ ਅਜਿਹੀ ਲੋਕ ਕਲਾ ਹੈ ਜਿਸ ਨੂੰ ਪੰਜਾਬੀ ਮੁਟਿਆਰਾਂ ਨੇ ਆਪਣੀ ਅਣਥੱਕ ਮਿਹਨਤ ਅਤੇ ਅਨੋਖੀ ਲਗਨ ਨਾਲ ਨਿਖਾਰਿਆ ਹੈ। ਇਹ ਉਹ ਸੁੱਚੀ ਅਤੇ ਸੱਚੀ ਲੋਕ-ਕਲਾ ਹੈ ਜਿਸ ਦੇ ਇੱਕ-ਇੱਕ ਧਾਗੇ ਵਿਚ ਪੰਜਾਬਣਾਂ ਨੇ ਅਪਣੀਆਂ ਭਾਵਨਾਵਾਂ ਨੂੰ ਪਿਰੋਇਆ ਹੈ। ਵਣਜਾਰਾ ਬੇਦੀ ਦਾ ਕਹਿਣਾ ਹੈ ਕਿ ਫੁਲਕਾਰੀ ਪੰਜਾਂ ਦਰਿਆਵਾਂ ਦੇ ਮੁੜ੍ਹਕੇ ਦੀ ਮਹਿਕ ਹੀ ਨਹੀਂ, ਉਨ੍ਹਾਂ ਦੇ ਨਿੱਜੀ ਤੇ ਰੰਗੀਲੇ ਸੁਭਾਅ ਦੀ ਛਾਪ ਵੀ ਹੈ।

ਫੁਲਕਾਰੀ ਦੀ ਸ਼ੁਰੂਆਤ 15ਵੀਂ ਸਦੀ ਤੋਂ ਮੰਨੀ ਜਾਂਦੀ ਹੈ ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਲਾ ਪਰਸ਼ੀਆ ਤੋਂ ਆਈ। ਜਿੱਥੇ ਇਸ ਕਲਾ ਨੂੰ ਗੁਲਕਾਰੀ ਕਿਹਾ ਜਾਂਦਾ ਹੈ, ਕਲਾ ਦੇ ਇਸ ਬਿਹਤਰੀਨ ਨਮੁਨੇ ਨੂੰ ਖੱਦਰ ਦੇ ਕੱਪੜੇ ’ਤੇ ਕੱਢਿਆ ਜਾਂਦਾ ਹੈ । ਜਿਸ ਉੱਤੇ ਰੇਸ਼ਮੀ ਧਾਗੇ ਨਾਲ ਕਢਾਈ ਕੀਤੀ ਜਾਂਦੀ ਹੈ, ਪਹਿਲਾਂ ਪੰਜਾਬ ’ਚ ਫੁਲਕਾਰੀ ਦਾ ਇਸਤੇਮਾਲ ਅੰਦਰ-ਬਾਹਰ ਜਾਣ ਵੇਲੇ ਮੁਟਿਆਰਾਂ ਤੇ ਨਵ ਵਿਆਹੀਆਂ ਵੱਲੋਂ ਕੀਤਾ ਜਾਂਦਾ ਸੀ ।

ਫੁਲਕਾਰੀ ਚਾਰ ਤਰ੍ਹਾਂ ਦੀ ਹੁੰਦੀ ਹੈ ਜਿਸ ’ਚੋਂ ਪਹਿਲੀ ਕਿਸਮ ਹੈ, ਬਾਗ ਬਾਗ ਫੁੱਲਾਂ ਨਾਲ ਕੱਢੀ ਗਈ ਫੁਲਕਾਰੀ ਦਾ ਅਜਿਹਾ ਰੂਪ ਹੁੰਦੀ ਹੈ ਜੋ ਬਹੁਤ ਭਰਵੀਂ ਹੁੰਦੀ ਹੈ ਇਸ ਕਿਸਮ ਦੀ ਫੁਲਕਾਰੀ ਦੇ ਕੱਪੜੇ ਨੂੰ ਫੁੱਲਾਂ ਨਾਲ ਪੂਰੀ ਤਰ੍ਹਾਂ ਭਰਿਆ ਜਾਂਦਾ ਹੈ। ਜਿਸ ਕਰਕੇ ਇਸਨੂੰ ਬਾਗ ਕਿਹਾ ਜਾਂਦਾ ਹੈ। ਦੂਸਰੀ ਕਿਸਮ ਦੀ ਫੁਲਕਾਰੀ ਹੈ, ਥਿਰਮਾ ਇਸ ਕਿਸਮ ਦੀ ਫੁਲਕਾਰੀ ਨੂੰ ਅੱਧਖੜ ਤੇ ਬਜ਼ੁਰਗ ਔਰਤਾਂ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ।

ਤੀਜੀ, ਬਾਵਨ ਫੁਲਕਾਰੀ ਇਸ ਕਿਸਮ ਦੀ ਫੁਲਕਾਰੀ ਦੇ ਇੱਕ ਪੀਸ ’ਤੇ ਅਲੱਗ-ਅਲੱਗ ਪੈਟਰਨ ਦੇ ਫੁੱਲ ਬਣਾਏ ਜਾਂਦੇ ਹਨ। ਚੌਥੀ, ਚੋਭ ਚੋਭ ਇੱਕ ਕਿਸਮ ਦੀ ਕਿਨਾਰਿਆਂ ’ਤੇ ਕੱਢੀ ਜਾਂਦੀ ਹੈ ਇਹ ਫੁਲਕਾਰੀ ਦੇ ਚਾਰੇ-ਚੁਫੇਰੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕੀਤੀ ਜਾਂਦੀ ਹੈ। ਸੋਬਰ ਫੁਲਕਾਰੀ ਲੈਣ ਦੀਆਂ ਸ਼ੌਕੀਨ ਮੁਟਿਆਰਾਂ ਅਕਸਰ ਇਸ ਕਿਸਮ ਦੀ ਫੁਲਕਾਰੀ ਦਾ ਇਸਤੇਮਾਲ ਕਰਦੀਆਂ ਹਨ।

ਫੁਲਕਾਰੀ ਸਾਡੇ ਜੀਵਨ ਦੇ ਬਹੁਤ ਜ਼ਿਆਦਾ ਨੇੜੇ ਹੋਣ ਕਰਕੇ ਆਮ ਹੀ ਸਾਡੇ ਗੀਤਾਂ, ਟੱਪਿਆਂ ਅਤੇ ਬੋਲੀਆਂ ਵਿੱਚ ਵਿਚਰੀ ਜਾਣ ਲੱਗੀ। ਇਹ ਪੰਜਾਬੀ ਮੁਟਿਆਰਾਂ ਦੀਆਂ ਉਂਗਲਾਂ ਦਾ ਹੀ ਕਮਾਲ ਹੈ ਕਿ ਉਹ ਛੋਟੀ ਜਹੀ ਸੂਈ ਅਤੇ ਧਾਗਿਆਂ ਨਾਲ ਕਲਾ ਦੀ ਅਲੌਕਿਕ ਦੁਨੀਆਂ ਸਿਰਜ ਦੇਂਦੀਆਂ ਹਨ। ਜਦੋਂ ਉਹ ਫੁਲਕਾਰੀ ਕੱਢਦੀਆਂ ਹਨ ਤਾਂ ਗੀਤਾਂ ਦੇ ਮਿੱਠੇ-ਮਿੱਠੇ ਬੋਲ ਵੀ ਉਚਾਰਦੀਆਂ ਹਨ। ਇਨ੍ਹਾਂ ਵਿਚ ਅਨੇਕ ਪ੍ਰਕਾਰ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪੰਜਾਬੀ ਮੁਟਿਆਰਾਂ ਫੁਲਕਾਰੀ ਕੱਢਣ ਸਮੇਂ ਪ੍ਰਗਟਾਉਂਦੀਆਂ ਹਨ।
ਪੰਜਾਬਣਾਂ ਦੀ ਸ਼ਾਨ ਤੇ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀ ਹੈ ਫੁਲਕਾਰੀ। ਭਾਵੇਂ ਸਮੇਂ ਦੇ ਨਾਲ-ਨਾਲ ਪੰਜਾਬਣਾਂ ਦੇ ਪਹਿਰਾਵੇ ’ਚ ਥੋੜ੍ਹਾ

ਬਦਲਾਅ ਆਇਆ ਪਰ ਫੁਲਕਾਰੀ ਹਮੇਸ਼ਾ ਹੀ ਪੰਜਾਬਣਾਂ ਦੀ ਪਹਿਲੀ ਪਸੰਦ ਰਹੀ ਹੈ। ਪੰਜਾਬ ਦੀ ਇਹ ਲੋਕ ਕਲਾ ਅੱਜ ਪੰਜਾਬ ’ਚ ਹੀ ਨਹੀਂ ਸਗੋਂ ਪੂਰੇ ਉੱਤਰ ਭਾਰਤ ਦੀਆਂ ਔਰਤਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਰੰਗ-ਬਿਰੰਗੇ ਫੁੱਲਾਂ ਨਾਲ ਸੱਜੀ ਇਹ ਫੁਲਕਾਰੀ ਪੰਜਾਬੀ ਮੁਟਿਆਰਾਂ ਦੀ ਜ਼ਿੰਦਗੀ ’ਚ ਵੀ ਕਈ ਰੰਗ ਭਰਦੀ ਹੈ।

ਸ਼ਗਨਾਂ ਦਾ ਕੋਈ ਵੀ ਮੌਕਾ ਹੋਵੇ ਜਾਂ ਕੋਈ ਤਿੱਥ-ਤਿਉਹਾਰ ਫੁਲਕਾਰੀ ਦੀ ਅਹਿਮੀਅਤ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਪਹਿਲਾਂ ਫੁਲਕਾਰੀ ਸਿਰਫ ਖੱਦਰ ਦੇ ਕੱਪੜੇ ’ਤੇ ਕੱਢੀ ਜਾਂਦੀ ਸੀ। ਹੁਣ ਹਲਕੇ ਕੱਪੜੇ ’ਚ ਫੁਲਕਾਰੀ ਦੀਆਂ ਕਈ ਵੰਨਗੀਆਂ ਆ ਗਈਆਂ ਹਨ। ਕਿਉਂਕਿ ਇਸ ਨੂੰ ਦਾਨ-ਦਹੇਜ ’ਚ ਵੀ ਦਿੱਤਾ ਜਾਂਦਾ ਹੈ

ਬੇਸ਼ੱਕ ਅੱਜ ਫੁਲਕਾਰੀ ਗੁੰਮਦੀ ਜਾ ਰਹੀ ਹੈ ਪਰ ਸਾਡੇ ਗੀਤਕਾਰਾਂ, ਸ਼ਾਇਰਾਂ ਤੇ ਲੇਖਕਾਂ ਨੇ ਫੁਲਕਾਰੀ ਨੂੰ ਜਿੰਨਾ ਵੀ ਹੋ ਸਕਿਆ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਲੋਕ ਗੀਤਾਂ ਵਿੱਚ ਵੀ ਫੁਲਕਾਰੀ ਆਪਣਾ ਸਥਾਨ ਬੜੀ ਸ਼ਿੱਦਤ ਨਾਲ ਦਰਸਾਉਂਦੀ ਹੈ।

ਅੱਜ ਫੁਲਕਾਰੀ ਤੇ ਬਾਗ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਏ ਹਨ ਜਿਸ ਬਾਰੇ ਕਿਸੇ ਤਰ੍ਹਾਂ ਭਰਮ-ਭੁਲੇਖਾ ਨਹੀਂ ਹੈ। ਅਸੀਂ ਆਪਣੇ ਵਿਰਸੇ ਅਤੇ ਸੱਭਿਆਚਾਰ ਤੋਂ ਹੌਲੀ-ਹੌਲੀ ਦੂਰ ਹੋਈ ਜਾ ਰਹੇ ਹਾਂ ਜਿਸ ਦਾ ਜਿੰਮਾ ਸਾਡੇ ਸਿਰ ਪਹਿਲਾਂ ਆਉਂਦਾ ਅਤੇ ਬਾਅਦ ਵਿੱਚ ਬਦਲਦੇ ਸਮੇਂ ਦਾ ਵੀ ਹੱਥ ਹੈ । ਪਰ ਅਸੀਂ ਸ਼ਾਇਦ ਜਿਆਦਾ ਹੀ ਅਵੇਸਲੇ ਹਾਂ ਅਤੇ ਆਪਣੇ ਵਿਰਸੇ ਨੂੰ ਸਾਂਭਣ ਲਈ ਕਿਸੇ ਤਰ੍ਹਾਂ ਵੀ ਜ਼ਿੰਮੇਵਾਰੀ ਨਹੀਂ ਦਿਖਾਉਂਦੇ ਅਤੇ ਗੁਰਦਾਸ ਮਾਨ ਨੇ ਆਪਣੇ ਗੀਤ ਦੇ ਬੋਲਾਂ ਵਿੱਚ ਬਿਲਕੁਲ ਸੱਚ ਬਿਆਨ ਕੀਤਾ ਹੈ।
ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ
ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ
ਹੁਣ ਚੱਲ ਪਏ ਵਲੈਤੀ ਬਾਣੇ, ਕੀ ਬਣੂ ਦੁਨੀਆਂ ਦਾ
ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ।

ਗਗਨਦੀਪ ਧਾਲੀਵਾਲ, ਝਲੂਰ, ਬਰਨਾਲਾ।
ਜਨਰਲ ਸਕੱਤਰ, ਮਹਿਲਾ ਕਾਵਿ ਮੰਚ, ਪੰਜਾਬ।
ਮੋ. 99889-33161

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।