ਮੀਂਹ ਦੀ ਰੁੱਤ ’ਚ ਫ਼ਲਦਾਰ ਬੂਟੇ ਲਗਾਓ

0
162

ਮੀਂਹ ਦੀ ਰੁੱਤ ’ਚ ਫ਼ਲਦਾਰ ਬੂਟੇ ਲਗਾਓ

ਫ਼ਲਦਾਰ ਬੂੁਟੇ ਸਾਡੀ ਸਰੀਰਕ ਅਤੇ ਭੋਜਨ ਸੁਰੱਖਿਆ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹਨ ਕਿਉਂਕਿ ਇਹ ਖਾਣ ਵਿੱਚ ਸੁਆਦ ਹੋਣ ਤੋਂ ਇਲਾਵਾ ਸਰੀਰ ਨੂੰ ਸਿਹਤਮੰਦ ਰੱਖਣ ਵਾਲੇ ਮੁੱਖ ਤੱਤ ਜਿਵੇਂ ਕਿ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਜਿਵੇਂ ਕਿ ਅੰਬ ਤੇ ਪਪੀਤੇ ਦੇ 100 ਗ੍ਰਾਮ ਗੁੱਦੇ ਤੋਂ ਸਾਨੂੰ ਲੜੀਵਾਰ 4800 ਤੇ 2500 ਆਈਯੂ ਵਿਟਾਮਿਨ ਏ ਪ੍ਰਾਪਤ ਹੁੰਦਾ ਹੈ ਸਾਨੂੰ ਸਭ ਤੋਂ ਵੱਧ ਵਿਟਾਮਿਨ ਸੀ

ਆਂਵਲਾ (600 ਮਿ. ਗ੍ਰਾ.), ਅਮਰੂਦ (150-200 ਮਿ. ਗ੍ਰਾ.), ਬੇਰ (120 ਮਿ. ਗ੍ਰਾ.) ਅਤੇ ਨਿੰਬੂ ਜਾਤੀ ਫ਼ਲਾਂ (25-60 ਮਿ. ਗ੍ਰਾ.) ਤੋਂ ਮਿਲਦਾ ਹੈ ਇਸੇ ਤਰ੍ਹਾਂ, ਕਰੌਂਦੇ ਤੋਂ ਲੋਹਾ (39.7 ਫੀਸਦੀ), ਬਦਾਮਾਂ ਤੋਂ ਕੈਲਸ਼ੀਅਮ (0.23 ਫੀਸਦੀ) ਅਤੇ ਫਾਸਫੋਰਸ (0.49 ਫੀਸਦੀ) ਮਿਲਦੇ ਹਨ ਇਸ ਲਈ ਸਾਨੂੰ ਆਪਣੀ ਰੋਜ਼ਾਨਾ ਦੀ ਖੁਰਾਕ ’ਚ 100 ਗ੍ਰਾਮ ਫ਼ਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਕਿਸੇ ਵੀ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਬਾਗਬਾਨੀ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਪੰਜਾਬ ਵਿੱਚ ਫਲਾਂ ਦੀ ਕਾਸ਼ਤ ਦੇ ਅਧੀਨ ਰਕਬਾ ਸਾਲ 1978-79 ਵਿੱਚ 20,000 ਹੈਕਟੇਅਰ ਤੋਂ ਵੱਧ ਕੇ 2015-16 ਵਿੱਚ 79,086 ਹੈਕਟੇਅਰ ਜੋ ਕਿ ਲਗਭਗ ਚਾਰ ਗੁਣਾ ਹੋ ਗਿਆ ਹੈ

ਹੁਣ ਪੰਜਾਬ ਵਿੱਚ ਫਲ਼ਾਂ ਦੀ ਕੁੱਲ ਪੈਦਾਵਾਰ 22.4 ਲੱਖ ਮੀਟ੍ਰਿਕ ਟਨ (2015-16) ਹੈ ਫ਼ਸਲੀ ਵਿਭਿੰਨਤਾ ਦੀ ਇੱਕ ਰਿਪੋਰਟ ਅਨੁਸਾਰ, ਅੱਜ ਪੰਜਾਬ ਵਿੱਖ ਖੇਤੀ ਅਧੀਨ ਰਕਬੇ ’ਚੋਂ ਸਿਰਫ਼ 2 ਫੀਸਦੀ ਤੋਂ ਘੱਟ ਹਿੱਸੇ ਉੱਪਰ ਹੀ ਫ਼ਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਨੂੰ ਬਹੁਤ ਅਸਾਨੀ ਨਾਲ 6 ਫੀਸਦੀ ਤੱਕ ਵਧਾਇਆ ਜਾ ਸਕਦਾ ਹੈ ਇਸ ਲਈ ਕਿਸਾਨ ਵੀਰਾਂ ਨੂੰ ਨਵਾਂ ਬਾਗ ਲਾਉਣ ਤੋਂ ਪਹਿਲਾਂ ਹੇਠ ਦਿੱਤੀਆਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਬਾਗ ਦੀ ਢੁੱਕਵੀਂ ਵਿਉਂਤਬੰਦੀ ਅਤੇ ਬੂਟੇ ਲਾਉਣ ਵੇਲੇ ਕੀਤੀਆਂ ਗਈਆਂ ਗਲਤੀਆਂ ਬਾਦ ਵਿੱਚ ਨਹੀਂ ਸੁਧਾਰੀਆਂ ਜਾ ਸਕਦੀਆਂ

ਢੁੱਕਵੀਂ ਵਿਉਂਤਬੰਦੀ ਤੋਂ ਭਾਵ ਹੈ ਮਿੱਟੀ ਤੇ ਜਲਵਾਯੂ ਦੀ ਅਨੁਕੂਲਤਾ, ਬਾਗ ਦੀ ਢੁੱਕਵੀਂ ਸਥਿਤੀ ਤੇ ਚੰਗੀ ਗੁਣਵੱਤਾ ਵਾਲੇ ਬੂਟਿਆਂ ਦੀ ਚੋਣ ਕਰਨਾ ਆਮ ਤੌਰ ’ਤੇ ਫ਼ਲਦਾਰ ਬੁੂਟਿਆਂ ਨੂੰ ਲਾਉਣ ਦੇ ਸਮੇਂ ਅਨੁਸਾਰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਸਦਾਬਹਾਰ ਬੂਟੇ ਤੇ ਪੱਤਝੜੀ ਫ਼ਲਦਾਰ ਬੂਟੇ ਸਦਾਬਹਾਰ ਫ਼ਲਦਾਰ ਬੂਟੇ ਸਾਲ ਵਿੱਚ ਦੋ ਵਾਰ ਲਾਏ ਜਾ ਸਕਦੇ ਹਨ, ਫ਼ਰਵਰੀ-ਮਾਰਚ ਤੇ ਸਤੰਬਰ-ਅਕਤੂਬਰ, ਜਦ ਕਿ ਪੱਤਝੜੀ ਬੂਟੇ ਲਾਉਣ ਦਾ ਸਮਾਂ ਜਨਵਰੀ ਮਹੀਨਾ ਹੈ

ਨਰਸਰੀ ਵਿੱਚ ਬੂਟਿਆਂ ਦੀ ਚੋਣ:

ਬਾਗ ਲਾਉਣ ਵੇਲੇ ਬੂਟਿਆਂ ਦੀ ਚੋਣ ਸਭ ਤੋਂ ਅਹਿਮ ਹੈ ਇਸ ਲਈ ਚੰਗੀ ਕਿਸਮ ਦੇ, ਕੀੜਿਆਂ ਤੇ ਬਿਮਾਰੀਆਂ ਤੋਂ ਰਹਿਤ, ਸਿਹਤਮੰਦ ਬੂਟੇ ਨੇੜੇ ਦੀ ਕਿਸੇ ਭਰੋਸੇਯੋਗ ਨਰਸਰੀ, ਹੋ ਸਕੇ ਤਾਂ ਬਾਗਬਾਨੀ ਵਿਭਾਗ, ਪੀਏਯੂ ਲੁਧਿਆਣਾ, ਖੇਤੀ ਖੋਜ ਕੇਂਦਰ, ਅਬੋਹਰ, ਬਠਿੰਡਾ, ਬਹਾਦਰਗੜ੍ਹ, ਗੰਗੀਆਂ ਜੱਲੋਵਾਲ, ਲਾਡੋਵਾਲ, ਗੁਰਦਾਸਪੁਰ ਤੇ ਸਰਕਾਰੀ ਮਨਜੂਰਸ਼ੁਦਾ ਨਰਸਰੀਆਂ ਤੋਂ ਲੈਣੇ ਚਾਹੀਦੇ ਹਨ ਬੂਟੇ ਨਰੋਏ ਤੇ ਦਰਮਿਆਨੀ ਉੱਚਾਈ ਦੇ ਹੋਣੇ ਚਾਹੀਦੇ ਹਨ ਬੂਟੇ ਖਰੀਦਣ ਸਮੇਂ ਲੋੜ ਤੋਂ 10-20 ਫੀਸਦੀ ਬੂਟੇ ਵੱਧ ਖਰੀਦੋ ਤਾਂ ਜੋ ਇਨ੍ਹਾਂ ਨੂੰ ਮਰਨ ਵਾਲੇ ਬੂਟਿਆਂ ਦੀ ਜਗ੍ਹਾ ਲਾਇਆ ਜਾ ਸਕੇ

ਬੂਟਿਆਂ ਨੂੰ ਨਰਸਰੀ ਤੋਂ ਖਰੀਦਣ ਸਮੇਂ ਧਿਆਨ ਰੱਖੋ ਕਿ ਬੂਟੇ ਦੀ ਗਾਚੀ ਟੁੱਟੀ ਨਾ ਹੋਵੇ ਟੁੱਟੀ ਗਾਚੀ ਵਾਲੇ ਬੂਟੇ ਲਾਉਣ ਪਿੱਛੋਂ ਅਕਸਰ ਸੁੱਕ ਜਾਂਦੇ ਹਨ ਬੂਟਿਆਂ ਨੂੰ ਲੱਦਣ ਤੋਂ ਪਹਿਲਾਂ ਟਰਾਲੀ ਵਿੱਚ ਘਾਹ-ਫੂਸ, ਪਰਾਲੀ ਜਾਂ ਰੇਤ ਦੀ ਤਹਿ ਬਣਾ ਲਉ ਤਾਂ ਕਿ ਢੋਆ-ਢੋਆਈ ਵੇਲੇ ਬੂਟਿਆਂ ਦੀ ਗਾਚੀ ਨਾ ਟੁੱਟੇ ਬੂਟਿਆਂ ਨੂੰ ਟਰਾਲੀ ਵਿੱਚ ਬਹੁਤ ਧਿਆਨ ਨਾਲ ਲੱਦੋ ਜੇਕਰ ਬੂਟੇ ਜ਼ਿਆਦਾ ਦੂਰੀ ’ਤੇ ਲੈ ਕੇ ਜਾਣੇ ਹੋਣ ਤਾਂ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਛਿੜਕਦੇ ਰਹੋ ਬਾਗ ਦੀ ਸਥਿਰਤਾ ਤੇ ਕਾਮਯਾਬੀ ਲਈ ਬੂਟੇ ਲਾਉਣ ਦੇ ਸਮੇਂ ਤੋਂ ਇੱਕ ਮਹੀਨਾ ਪਹਿਲਾਂ ਹੀ ਵਿਉਂਤਬੰਦੀ ਪੂਰੀ ਕਰ ਲੈਣੀ ਚਾਹੀਦੀ ਹੈ ਜ਼ਮੀਨ ਦੀ ਚੰਗੀ ਤਰ੍ਹਾਂ ਸਫਾਈ ਕਰਕੇ ਲੇਜ਼ਰ ਕਰਾਹੇ ਨਾਲ ਪੱਧਰੀ ਕਰਨੀ ਚਾਹੀਦੀ ਹੈ ਤਾਂ ਜੋ ਪਾਣੀ ਦੀ ਬੱਚਤ ਹੋ ਸਕੇ

ਹਰ ਬੂੂਟੇ ਲਈ ਇੱਕ ਮੀਟਰ ਡੂੰਘਾ ਤੇ ਇੱਕ ਮੀਟਰ ਚੌੜਾ ਗੋਲ ਟੋਆ ਪੁੱਟੋ ਇਨ੍ਹਾਂ ਟੋਇਆਂ ਵਿੱਚ ਉੱਪਰਲੀ ਮਿੱਟੀ ਤੇ ਰੂੜੀ ਬਰਾਬਰ ਮਾਤਰਾ ਵਿੱਚ ਪਾਉ ਇਸ ਤੋਂ ਇਲਾਵਾ ਹਰੇਕ ਟੋਏ ਵਿੱਚ 15 ਮਿ.ਲੀ. ਕਲੋਰੋਪਾਈਰੀਫ਼ਾਸ 20 ਈ ਸੀ 2 ਕਿੱਲੋ ਮਿੱਟੀ ਵਿੱਚ ਰਲਾ ਕੇ ਸਿਉਂਕ ਤੋਂ ਬਚਾਉਣ ਲਈ ਜ਼ਰੂਰ ਪਾ ਦਿਉ ਬੂਟੇ ਲਾਉਣ ਤੋਂ ਪਹਿਲਾਂ ਹਲਕੀ ਸਿੰਚਾਈ ਕਰ ਦੇਣੀ ਚਾਹੀਦੀ ਹੈ ਤਾਂ ਜੋ ਮਿੱਟੀ ਚੰਗੀ ਤਰ੍ਹਾਂ ਬੈਠ ਜਾਵੇ ਬੂਟਿਆਂ ਨੂੰ ਟੋਇਆਂ ਵਿੱਚ ਇਸ ਤਰ੍ਹਾਂ ਰੱਖੋ ਕਿ ਉਹਨਾਂ ਦਾ ਪਿਉਂਦ ਵਾਲਾ ਹਿੱਸਾ ਘੱਟ ਤੋਂ ਘੱਟ 6-8 ਇੰਚ ਉੱਚਾ ਰਹੇ ਬੂਟੇ ਲਾਉੁਣ ਤੋਂ ਬਾਅਦ ਟੋਏ ਦੀ ਮਿੱਟੀ ਬੂਟੇ ਦੁਆਲੇ ਚੰਗੀ ਤਰ੍ਹਾਂ ਨੱਪੋ ਤੇ ਹਲਕਾ ਪਾਣੀ ਦੇ ਦਿਉ

ਹਵਾ ਰੋਕੂ ਵਾੜ ਲਾਉਣਾ:

ਹਵਾ ਤੋਂ ਬਚਾਅ ਲਈ ਹਵਾ ਵਾਲੇ ਪਾਸੇ ਸਫ਼ੈਦਾ, ਅਰਜਨ, ਜਾਮਣ, ਅੰਬ, ਸ਼ਹਿਤੂਤ ਆਦਿ ਰੁੱਖ ਲਾਏ ਜਾ ਸਕਦੇ ਹਨ ਅਤੇ ਇਨ੍ਹਾਂ ਰੁੱਖਾਂ ਵਿਚਾਲੇ ਬੌਗਨਵਿਲੀਆ, ਜੱਟੀ-ਖੱਟੀ, ਗਲਗਲ, ਕਰੌਂਦਾ ਆਦਿ ਦੀ ਵਾੜ ਵੀ ਲਾ ਦੇਣੀ ਚਾਹੀਦੀ ਹੈ

ਨਵੇਂ ਲਾਏ ਬੂਟਿਆਂ ਦੀ ਦੇਖਭਾਲ:

ਨਵੇਂ ਲਾਏ ਬੂਟਿਆਂ ਨੂੰ ਸੋਟੀ ਦਾ ਸਹਾਰਾ ਦਿਉ ਤਾਂ ਜੋ ਉਹ ਸਿੱਧੇ ਰਹਿਣ ਤੇ ਪਾਣੀ ਲਾਉਣ ਵੇਲੇ ਟੇਢੇ ਨਾ ਹੋਣ ਜਾਂ ਡਿੱਗ ਨਾ ਪੈਣ ਥੋੜੇ੍ਹ-ਥੋੜ੍ਹੇ ਵਕਫ਼ੇ ’ਤੇ ਹਲਕੀ ਸਿੰਚਾਈ ਕਰਦੇ ਰਹੋ ਤਾਂ ਜੋ ਬੂਟੇ ਆਪਣੀ ਪਕੜ ਮਜ਼ਬੂਤ ਕਰ ਲੈਣ ਮੁੱਢੋਂ ਫੁੱਟਣ ਵਾਲੀਆਂ ਸ਼ਾਖਾਵਾਂ ਆਦਿ ਲਗਾਤਾਰ ਕੱਟਦੇ ਰਹੋ
ਧੰਨਵਾਦ ਸਹਿਤ, ਚੰਗੀ ਖੇਤੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ