ਸਵ: ਗੁਰਦਾਸ ਸਿੰਘ ਬਾਦਲ ਦੀਆਂ ਅਸਥੀਆਂ ‘ਤੇ ਲਾਇਆ ਪੌਦਾ

0
62

ਕਰੋਨਾ ਵਾਇਰਸ ਕਾਰਨ ਮਨਪ੍ਰੀਤ ਸਿੰਘ ਬਾਦਲ ਨੇ ਬਹੁਤਾ ਇਕੱਠ ਨਾ ਕਰਨ ਦੀ ਕੀਤੀ ਬੇਨਤੀ

ਦੁੱਖ ਸਾਂਝਾ ਕਰਨ ਵਾਲਿਆਂ ‘ਚ ਕੈਬਨਿਟ ਮੰਤਰੀ ਤੇ ਹੋਰ ਆਗੂ ਹੋਏ ਸ਼ਾਮਲ

ਮੇਵਾ ਸਿੰਘ, ਲੰਬੀ/ਮੰਡੀ ਕਿੱਲਿਆਂਵਾਲੀ।

ਪੰਜਾਬ ਦੇ ਖਜ਼ਾਨਾ ਮੰਤਰੀ ਮਨਪੀਤ ਸਿੰਘ ਬਾਦਲ ਨੇ ਅਸਰਥੀਆਂ ਸਬੰਧੀ ਆਪਣੀ ਰਵਾਇਤ ਨੂੰ ਕਾਇਮ ਰੱਖਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਦੇ ਛੋਟੇ ਭਰਾ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪੀ੍ਰਤ ਸਿੰਘ ਬਾਦਲ ਦੇ ਪਿਤਾ ਸਵ: ਗੁਰਦਾਸ ਸਿੰਘ ਬਾਦਲ(90) ਸਾਬਕਾ ਮੈਂਬਰ ਪਾਰਲੀਮੈਂਟ ਦੇ ਅਕਾਲ ਚਲਾਣੇ ਪਿੱਛੋਂ ਉਨ੍ਹਾਂ ਦੇ ਪੁੱਤਰ ਮਨਪ੍ਰੀਤ ਸਿੰਘ ਬਾਦਲ, ਭਤੀਜੇ ਸੁਖਬੀਰ ਸਿੰਘ ਬਾਦਲ ਤੇ ਸਮੂਹ ਬਾਦਲ ਪਰਿਵਾਰਕ ਮੈਂਬਰਾਂ ਨੇ ਸਵੇਰੇ ਕਰੀਬ 10 ਵਜੇ ਫੁੱਲ ਚੁਗਣ ਦੀ ਰਸਮ ਤੋਂ ਬਾਅਦ ਅਸਥੀਆਂ ਨੂੰ ਘਰ ਵਿੱਚ ਹੀ ਧਰਤੀ ਹੇਠ ਦਬਾ ਕੇ ਉਪਰ ਪੌਦਾ ਲਾ ਦਿੱਤਾ ਗਿਆ।

 

ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਆਪਣੀ ਮਾਤਾ ਦੇ ਫੁੱਲਾਂ ਨੂੰ ਵੀ ਜਲ ਪ੍ਰਵਾਹ ਕਰਨ ਦੀ ਬਜਾਇ ਜ਼ਮੀਨ ‘ਚ ਦੱਬ ਕੇ ਪੌਦਾ ਲਾਇਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ‘ਚ ਡੇਰਾ ਸੱਚਾ ਸੌਦਾ ਵੱਲੋਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਬਜਾਇ ਜ਼ਮੀਨ ‘ਚ ਦੱਬ ਕੇ ਪੌਦਾ ਲਾਉਣ ਦੀ ਮੁਹਿੰਮ ਚਲਾਈ ਗਈ ਸੀ ਇਸ ਮੁਹਿੰਮ ਪਿੱਛੇ ਵੱਡਾ ਤਰਕ ਇਹ ਵੀ ਹੈ ਕਿ ਇਸ ਤਰ੍ਹਾਂ ਜਲ ਪ੍ਰਦੂਸ਼ਣ ਵੀ ਨਹੀਂ ਹੁੰਦਾ ਤੇ ਨਾਲ ਹੀ ਧਰਤੀ ਦੀ ਉਪਰਾਊ ਸ਼ਕਤੀ ਵੀ ਵਧਦੀ ਹੈ।

ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਸਮੂਹ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਇਸ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਨਾਲ ਪੰਜਾਬ ਭਰ ਦੇ ਧਾਰਮਿਕ, ਸਮਾਜਿਕ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਸਮੂਹ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਕਾਂਗਰਸ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਪੰਜਾਬ ਦੇ ਕੈਬਨਿਟ ਮੰਤਰੀਆਂ ਵਿਚ ਗੁਰਪ੍ਰੀਤ ਸਿੰਘ ਕਾਂਗੜ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸ੍ਰ: ਲਾਲ ਸਿੰਘ, ਗੁਰਮੀਤ ਸਿੰਘ ਰਾਣਾ ਸੋਢੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪੁੱਤਰ ਅਭੈ ਚੌਟਾਲਾ ਨੇ ਸਮੂਹ ਬਾਦਲ ਪਰਿਵਾਰ ਨਾਲ ਨਿੱਜੀ ਤੌਰ ‘ਤੇ ਦੁੱਖ ਸਾਂਝਾ ਕੀਤਾ। ਇਸ ਦੇ ਨਾਲ ਹੀ ਮਨਪ੍ਰੀਤ ਸਿੰਘ ਬਾਦਲ ਨੇ ਖਾਸਕਰ ਹਲਕਾ ਲੰਬੀ ਦੇ ਨਿਵਾਸੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬਹੁਤਾ ਇਕੱਠ ਕਰਨ ਦੀ ਕੋਸ਼ਿਸ ਨਾ ਹੀ ਕੀਤੀ ਜਾਵੇ।

ਲੰਬੀ ਹਲਕੇ ਦੇ ਲੋਕਾਂ ਨਾਲ ਬਹੁਤ ਹੀ ਪਿਆਰ ਰਿਹਾ

ਉਨ੍ਹਾਂ ਕਿਹਾ ਕਿ ਉਹ ਇਹ ਵੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਪਿਤਾ ਸਵ: ਗੁਰਦਾਸ ਸਿੰਘ ਬਾਦਲ ਦਾ ਸਾਰੇ ਪੰਜਾਬ ਤੋਂ ਇਲਾਵਾ ਤੇ ਖਾਸਕਰ ਲੰਬੀ ਹਲਕੇ ਦੇ ਲੋਕਾਂ ਨਾਲ ਬਹੁਤ ਹੀ ਪਿਆਰ ਰਿਹਾ, ਇਸ ਲਈ ਹਰ ਕੋਈ ਆਪਣਾ ਦੁੱਖ ਦਾ ਪ੍ਰਗਟਾਵਾ ਉਨ੍ਹਾਂ ਨਾਲ ਮਿਲਕੇ ਕਰਨਾ ਚਾਹੁੰਦਾ ਹੈ,ਪਰੰਤੂ ਕਰੋਨਾ ਵਾਇਰਸ ਸਦਕਾ ਹਰ ਕਿਸੇ ਨੂੰ ਮਿਲਣਾ ਔਖਾ ਹੋ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।