Breaking News

ਇਸ਼ਤਿਹਾਰਾਂ ‘ਚ ਵੰਡੇ ਗਏ 1 ਲੱਖ 30 ਹਜ਼ਾਰ ਬੇਘਰਿਆਂ ਨੂੰ ਪਲਾਟ, ਮਿਲਿਆ ਅਜੇ ਤੱਕ ਇੱਕ ਨੂੰ ਵੀ ਨਹੀਂ!

Plot, Homeless, Distributed, Advertisement

ਪੰਜਾਬ ‘ਚ ਚੱਲ ਰਹੀ ਐ ਅਜੇ ਪ੍ਰਕਿਰਿਆ, ਨਹੀਂ ਹੋਈ ਕਿਸੇ ਦੀ ਵੈਰੀਫਿਕੇਸ਼ਨ

ਚੰਡੀਗੜ੍ਹ(ਅਸ਼ਵਨੀ ਚਾਵਲਾ ) | ਪੰਜਾਬ ਦੀ ਅਮਰਿੰਦਰ ਸਰਕਾਰ ਵੱਲੋਂ ਦਿੱਤੇ ਜਾ ਰਹੇ ਸਰਕਾਰੀ ਇਸ਼ਤਿਹਾਰਾਂ ਵਿੱਚ ਉਨ੍ਹਾਂ ਕੰਮਾਂ ਨੂੰ ਗਿਣਾਇਆ ਜਾ ਰਿਹਾ ਹੈ, ਜਿਸ ਕੰਮ ਦੀ ਅਜੇ ਤੱਕ ਸ਼ੁਰੂਆਤ ਤੱਕ ਨਹੀਂ ਕੀਤੀ ਗਈ ਹੈ। ਇੱਥੇ ਤੱਕ ਕਿ ਜਿਹੜੇ ਵਿਭਾਗ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਫੋਟੋ ਦੇ ਨਾਲ ਸਰਕਾਰੀ ਇਸ਼ਤਿਹਾਰ ਦਿੱਤਾ ਗਿਆ ਹੈ, ਉਸ ਵਿਭਾਗ ਦਾ ਖ਼ੁਦ ਕੈਬਨਿਟ ਮੰਤਰੀ ਹੀ ਇਨਕਾਰ ਕਰਨ ‘ਚ ਲੱਗਾ ਹੋਇਆ ਹੈ ਕਿ ਇਸ ਸਰਕਾਰੀ ਇਸ਼ਤਿਹਾਰ ਬਾਰੇ ਉਨ੍ਹਾਂ ਨੂੰ ਜਾਣਕਾਰੀ ਤੱਕ ਨਹੀਂ ਹੈ ਤੇ ਉਨ੍ਹਾਂ ਨੇ ਇਸ਼ਤਿਹਾਰ ਦੇਖਿਆ ਤੱਕ ਨਹੀਂ ਹੈ।

ਪੰਜਾਬ ਸਰਕਾਰ ਵੱਲੋਂ ਬੁੱਧਵਾਰ ਨੂੰ ਪੰਜਾਬ ਦੇ ਲਗਭਗ ਸਾਰੇ ਹਿੰਦੀ ਤੇ ਪੰਜਾਬੀ ਅਖ਼ਬਾਰਾਂ ਸਣੇ ਅੰਗਰੇਜ਼ੀ ਅਖ਼ਬਾਰਾਂ ‘ਚ ਭਲਾਈ ਵਿਭਾਗ ਵਿੱਚ ਕੀਤੇ ਗਏ ਕੰਮਾਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਕਈ ਕੰਮਾਂ ਨੂੰ ਗਿਣਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਇੱਕ ਇਹੋ ਜਿਹੀ ਪ੍ਰਾਪਤੀ ਦਾ ਗੁਣਗਾਣ ਕੀਤਾ ਹੋਇਆ ਹੈ, ਜਿਸ ਬਾਰੇ ਅੱਗੇ ਪ੍ਰਕਿਰਿਆ ਵੀ ਮੁਕੰਮਲ ਨਹੀਂ ਕੀਤੀ ਗਈ ਹੈ।

ਇਸ ਇਸ਼ਤਿਹਾਰ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ 1 ਲੱਖ 30 ਹਜ਼ਾਰ ਪੇਂਡੂ ਖੇਤਰ ਵਿੱਚ ਬੇਘਰਾ ਨੂੰ 5-5 ਮਰਲੇ ਦੇ ਮੁਫ਼ਤ ਪਲਾਟ ਦਿੱਤੇ ਗਏ ਹਨ। ਇਸ ਇਸ਼ਤਿਹਾਰ ਛਪਣ ਤੋਂ ਬਾਅਦ ਪਿੰਡਾਂ ਵਿੱਚ ਇਹ ਘੁਸਰ ਮੁਸਰ ਸ਼ੁਰੂ ਹੋ ਗਈ ਕਿ ਸਰਕਾਰ ਵੱਲੋਂ ਪਲਾਟ ਕਿਨ੍ਹਾਂ ਨੂੰ ਦਿੱਤੇ ਗਏ ਹਨ, ਜਦੋਂ ਕਿ ਉਨ੍ਹਾਂ ਨੇ ਨੇੜਲੇ ਇਲਾਕੇ ‘ਚ ਕਿਸੇ ਨੂੰ ਵੀ ਪਿਛਲੇ 2 ਸਾਲਾਂ ਦੇ ਕਾਰਜਕਾਲ ਵਿੱਚ ਇੱਕ ਵੀ ਪਲਾਟ ਨਹੀਂ ਮਿਲਿਆ ਹੈ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਬਕਾਇਦਾ ਇਸ਼ਤਿਹਾਰਬਾਜ਼ੀ ਕਰਦੇ ਹੋਏ ਬੇਘਰਾ ਨੂੰ ਪਲਾਟ ਲੈਣ ਲਈ ਫਾਰਮ ਭਰਨ ਲਈ ਕਿਹਾ ਗਿਆ ਸੀ। ਪੰਜਾਬ ਭਰ ‘ਚੋਂ ਲੱਖਾਂ ਫਾਰਮ ਭਰੇ ਗਏ ਸਨ, ਜਿਨ੍ਹਾਂ ਦੀ ਅਜੇ ਪੜਤਾਲ ਜਾਰੀ ਹੈ ਕਿ ਕਿਹੜੇ ਬੇਘਰ ਹਨ ਤੇ ਕਿਹੜੇ ਬੇਘਰ ਨਹੀਂ ਹਨ। ਇਸ ਦੇ ਨਾਲ ਹੀ ਜਿਹੜੇ ਬੇਘਰ ਹਨ, ਉਹ ਸਰਕਾਰੀ ਨਿਯਮਾਂ ਦੇ ਖਰੇ ਵੀ ਉੱਤਰਦੇ ਹਨ ਜਾਂ ਫਿਰ ਨਹੀਂ ਉੱਤਰਦੇ ਹਨ। ਇਸ ਸਬੰਧੀ ਪੰਜਾਬ ਭਰ ਦੇ ਜ਼ਿਲ੍ਹਿਆਂ ਵਿੱਚ ਪੜਤਾਲ ਚੱਲ ਰਹੀ ਹੈ, ਜਦੋਂ ਕਿ ਇਸ ਸਬੰਧੀ ਅਜੇ ਤੱਕ ਡਿਪਟੀ ਕਮਿਸ਼ਨਰ ਦੇ ਪੱਧਰ ਦੇ ‘ਤੇ ਰਿਪੋਰਟ ਤੱਕ ਨਹੀਂ ਬਣੀ ਹੈ।

ਰਿਪੋਰਟ ਤਿਆਰ ਹੋਣ ਤੋਂ ਬਾਅਦ ਸੂਚੀ ਚੰਡੀਗੜ੍ਹ ਵਿਖੇ ਆਏਗੀ, ਉਸ ਤੋਂ ਬਾਅਦ ਖ਼ਾਲੀ ਜਮੀਨ ਨੂੰ ਦੇਖਦੇ ਹੋਏ ਪਲਾਟ ਦੇਣ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤੀ ਜਾਏਗੀ। ਇਹ ਬਹੁਤ ਹੀ ਲੰਮੀ ਪ੍ਰੀਖਿਆ ਹੈ, ਇਹਨੂੰ ਖ਼ਤਮ ਹੁੰਦੇ ਹੁੰਦੇ ਹੀ ਕਈ ਮਹੀਨੇ ਲੱਗ ਜਾਣਗੇ, ਜਦੋਂ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਸਰਕਾਰੀ ਇਸ਼ਤਿਹਾਰ ‘ਚ 1 ਲੱਖ 30 ਹਜ਼ਾਰ ਪਲਾਟ ਵੰਡਣ ਦਾ ਅੰਕੜਾ ਤੱਕ ਜਾਰੀ ਕਰ ਦਿੱਤਾ ਗਿਆ, ਇਹ ਸਮਝ ਤੋਂ ਬਾਹਰ ਹੈ ਕਿ ਸਰਕਾਰ ਵੱਲੋਂ ਇਹ ਅੰਕੜਾ ਕਿਵੇਂ ਜਾਰੀ ਕੀਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top