ਪੰਜਾਬ

ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੇ ਆਪ ਆਗੂਆਂ ਨੂੰ ਪੁਲਿਸ ਨੇ  ਝੰਬਿਆਂ

Police Flock, AAP, Leaders, Going, Gharana, Residence

ਪਾਣੀ ਦੀਆਂ ਤੋਪਾਂ ਨਾਲ ਭਜਾਏ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਲੀਡਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਜੰਮ ਕੇ ਝੰਬਿਆ ਅਤੇ ਪਾਣੀ ਦੀਆਂ ਤੋਪਾਂ ਨਾਲ ਹਮਲਾ ਕਰਦੇ ਹੋਏ ਮੌਕੇ ਤੋਂ ਭਜਾ ਦਿੱਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਅੱਧੀ ਦਰਜ਼ਨ ਵਿਧਾਇਕਾਂ ਸਣੇ ਵੱਡੀ ਗਿਣਤੀ ਵਿੱਚ ਲੀਡਰਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ, ਜਿਨ੍ਹਾਂ ਨੂੰ ਕੁਝ ਘੰਟਿਆਂ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ।

ਇੱਥੇ ਹੀ ਕੁਝ ਲੀਡਰਾਂ ਨੂੰ ਪੁਲਿਸ ਨਾਲ ਹੱਥੋਪਾਈ ਅਤੇ ਪਾਣੀ ਦੀਆਂ ਤੋਪਾਂ ਦੇ ਕਾਰਨ ਕੁਝ ਸੱਟਾਂ ਵੀ ਜਰੂਰ ਲੱਗੀਆਂ ਹਨ। ਚੰਡੀਗੜ੍ਹ ਪੁਲਿਸ ਵੱਲੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ, ਅਮਰਜੀਤ ਸਿੰਘ ਸੰਦੋਆ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਜ਼ੋਨ ਪ੍ਰਧਾਨ ਦਲਬੀਰ ਸਿੰਘ ਢਿੱਲੋਂ, ਮਹਿਲਾ ਵਿੰਗ ਦੀ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ, ਉਪ ਪ੍ਰਧਾਨ ਜੀਵਨਜੋਤ ਕੌਰ, ਯੂਥ ਵਿੰਗ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਖ਼ਜ਼ਾਨਚੀ ਸੁਖਵਿੰਦਰ ਸੁੱਖੀ, ਵਿੱਤ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਸਮੇਤ ਆਗੂਆਂ ਅਤੇ ਭਾਰੀ ਗਿਣਤੀ ‘ਚ ਵਲੰਟੀਅਰਾਂ ਨੂੰ ਪੁਲਿਸ ਹਿਰਾਸਤ ‘ਚ ਲੈ ਕੇ ਸੈਕਟਰ 3 ਦੇ ਪੁਲਸ ਸਟੇਸ਼ਨ ‘ਚ ਬੰਦ ਕਰ ਦਿੱਤਾ ਗਿਆ।

ਇਸ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਸੰਦੀਪ ਬਰਾੜ ਥਾਣੇ ਵਿਚ ਹੀ ਮੰਗ ਪੱਤਰ ਲੈਣ ਪਹੁੰਚੇ, ਜਿਸ ਉਪਰੰਤ ਪੁਲਿਸ ਨੇ ਸਾਰੇ ਆਗੂ ਰਿਹਾ ਕਰ ਦਿੱਤੇ। ਮੰਗ ਪੱਤਰ ਲੈਣ ਪੁੱਜੇ ਮੁੱਖ ਮੰਤਰੀ ਦੇ ਨੁਮਾਇੰਦੇ ਨੂੰ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਰਜਿੰਦਰ ਸਿੰਘ ਰਾਜਾ ਵੱਲੋਂ ਪੰਚਾਇਤ ਸੰਮਤੀ ਚੋਣਾਂ ਦੌਰਾਨ ਕੀਤੀ ਗੁੰਡਾਗਰਦੀ ਅਤੇ ਜਗਸੀਰ ਸਿੰਘ ਉੱਤੇ ਹਮਲੇ ਦੀਆਂ ਵੀਡੀਓ ਸਬੂਤ ਵਜੋਂ ਦਿੱਤੀ। ਹਰਪਾਲ  ਸਿੰਘ ਚੀਮਾ ਨੇ ਕਿਹਾ ਕਿ ਪੁਲਸ ਅਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨ ‘ਚ ਕਾਂਗਰਸ ਸਰਕਾਰ ਬਾਦਲ ਸਰਕਾਰ ਤੋਂ ਵੀ ਦੋ ਕਦਮ ਅੱਗੇ ਨਿਕਲ ਗਈ ਹੈ।

ਉਨਾਂ ਕਿਹਾ ਕਿ ਜਗਸੀਰ ਸਿੰਘ ਉੱਤੇ ਹਮਲਾ ਅਤੇ ਬੂਥ ‘ਤੇ ਕਬਜ਼ਾ ਕਰਨ ਦੀ ਘਟਨਾ ਸੰਮਤੀ ਚੋਣਾਂ ‘ਚ ਲੋਕਤੰਤਰ ਦੀ ਸੂਬਾ ਭਰ ‘ਚ ਸ਼ਰੇਆਮ ਹੋਈ ਹੱਤਿਆ ਦਾ ਸਟੀਕ ਟਰੇਲਰ ਹੈ। ਮੰਗ ਪੱਤਰ ‘ਚ ਰਾਜਾ ਵਿਰੁੱਧ ਜਾਤੀ ਸੂਚਕ ਸ਼ਬਦ ਵਰਤੇ ਜਾਣ ਵਾਲੀ ਐਸ.ਸੀ/ਐਸਟੀ ਐਕਟ ਦੀ ਧਾਰਾ ਜੋੜਨ ਅਤੇ ਰਾਜਾ ਨਾਲ ਸ਼ਾਮਲ ਪੁਲਸ ਕਰਮਚਾਰੀ ਨੂੰ ਬਰਖ਼ਾਸਤ ਕਰਨ ਦੀ ਵੀ ਮੰਗ ਰੱਖੀ ਗਈ ਹੈ।

ਪੁਲਿਸ ਹਿਰਾਸਤ ਤੋਂ ਨਿਕਲਣ ਉਪਰੰਤ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਪ੍ਰੋ. ਬਲਜਿੰਦਰ ਕੌਰ, ਸਰਬਜੀਤ ਸਿੰਘ ਮਾਣੂੰਕੇ ਅਤੇ ਹੋਰ ਆਗੂ ਸੈਕਟਰ 16 ਸਥਿਤ ਸਰਕਾਰੀ ਹਸਪਤਾਲ ‘ਚ ਜ਼ਖਮੀ ਯੂਥ ਵਿੰਗ ਦੇ ਮੀਤ ਪ੍ਰਧਾਨ ਅਮਰਦੀਪ ਸਿੰਘ ਰਾਜਨ ਅਤੇ ਪ੍ਰਿੰਸੀਪਲ ਐਸ.ਐਸ. ਬਸਰਾ ਦਸੂਹਾ ਦਾ ਉਚੇਚੇ ਤੌਰ ‘ਤੇ ਹਾਲ ਪੁੱਛਣ ਗਏ।

ਰਾਜਨ ਦੀਆਂ ਦੋਵੇਂ ਲੱਤਾਂ ਅਤੇ ਪ੍ਰਿੰਸੀਪਲ ਬਸਰਾ ਦੀ ਇੱਕ ਲੱਤ ਟੁੱਟ ਗਈ। ਜਦਕਿ ਵਪਾਰ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ, ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਵਿਦਿਆਰਥੀ ਆਗੂ ਪਰਮਿੰਦਰ ਸਿੰਘ ਗੋਲਡੀ ਅਤੇ ਪਟਿਆਲਾ ਜ਼ਿਲਾ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ ਅਤੇ ਮਾਲਵਾ ਜ਼ੋਨ-3 ਦੇ ਸੰਯੁਕਤ ਸਕੱਤਰ ਹਰਜੀਤ ਸਿੰਘ ਲੁਧਿਆਣਾ ਦੇ ਵੀ ਸੱਟਾ ਲੱਗੀਆਂ, ਜਦਕਿ ਪਾਣੀ ਦੀਆਂ ਤੇਜ਼ ਬੁਛਾਰਾ ਕਾਰਨ ਉਪ ਨੇਤਾ ਵਿਰੋਧੀ ਧਿਰ ਬੀਬੀ ਸਰਬਜੀਤ ਕੌਰ ਮਾਣੂੰਕੇ ਵੀ ਡਿਗ ਗਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top