ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੇ ਤਿਆਰ ਕੀਤਾ ਚਲਾਨ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੇ ਤਿਆਰ ਕੀਤਾ ਚਲਾਨ

ਮਾਨਸਾ (ਸੱਚ ਕਹੂੰ ਨਿਊਜ਼)। ਮਸ਼ਹੂਰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਮੂਸੇਵਾਲਾ (Sidhu Moosewala ) ਕਤਲ ਕੇਸ ਵਿੱਚ ਕਰੀਬ ਢਾਈ ਮਹੀਨਿਆਂ ਬਾਅਦ ਮਾਨਸਾ ਪੁਲਿਸ ਵੱਲੋਂ ਚਲਾਨ ਤਿਆਰ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਿਸ ਅਨੁਸਾਰ ਕਤਲ ਨਾਲ ਸਬੰਧਿਤ ਸਾਜ਼ਿਸ਼, ਤੱਥ ਅਤੇ ਸਬੂਤ ਇਕੱਠੇ ਕਰ ਲਏ ਗਏ ਹਨ, ਜਿਨ੍ਹਾਂ ਨੂੰ ਪੁਲਿਸ ਜਲਦੀ ਹੀ ਅਦਾਲਤ ਵਿੱਚ ਪੇਸ਼ ਕਰੇਗੀ।

ਚਾਰਜਸ਼ੀਟ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਸਮੇਤ 15 ਤੋਂ ਵੱਧ ਮੁਲਜ਼ਮਾਂ ਦੇ ਨਾਂਅ ਸ਼ਾਮਲ ਹਨ। ਦੱਸਣਯੋਗ ਹੈ ਕਿ ਬੀਤੀ 29 ਮਈ ਦੀ ਸ਼ਾਮ ਨੂੰ ਨੇੜਲੇ ਪਿੰਡ ਮੂਸੇਵਾਲਾ ਵਿਖੇ ਆਪਣੀ ਬਿਮਾਰ ਮਾਸੀ ਦਾ ਹਾਲ-ਚਾਲ ਪੁੱਛਣ ਲਈ ਜਾ ਰਹੇ ਮੂਸਾਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਦੋਂ ਉਸ ਦੀ ਥਾਰ ਦੀ ਜੀਪ ਪਿੰਡ ਜਵਾਹਕੇ ਕੋਲੋਂ ਲੰਘ ਰਹੀ ਸੀ ਤਾਂ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਦੋਵਾਂ ਪਾਸਿਆਂ ਤੋਂ ਘੇਰ ਲਿਆ ਅਤੇ ਅਤਿ-ਆਧੁਨਿਕ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।

ਕੀ ਹੈ ਮਾਮਲਾ

ਜਿਨ੍ਹਾਂ ਗੈਂਗਸਟਰਾਂ ਨੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ, ਉਨ੍ਹਾਂ ਨੇ ਆਪਣੇ ਸ਼ੂਟਰਾਂ ਨੂੰ ਮੂਸੇਵਾਲਾ (Sidhu Moosewala) ਨੂੰ ਮਾਰਨ ਲਈ ਕਿਹਾ ਸੀ, ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ। ਉਸ ਦਿਨ ਮੂਸੇਵਾਲਾ ਆਪਣੇ ਬਾਡੀਗਾਰਡਾਂ ਨੂੰ ਘਰ ਛੱਡ ਕੇ ਆਪ ਜੀਪ ਵਿੱਚ ਸਵਾਰ ਹੋ ਕੇ ਆਪਣੇ ਦੋ ਸਾਥੀਆਂ ਨਾਲ ਜਾ ਰਿਹਾ ਸੀ। ਉਹਨਾਂ ਦੀ ਕਾਫੀ ਸਮੇਂ ਤੋਂ ਰੇਕੀ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਨੇ ਦੋਸ਼ੀਆਂ ਦੀ ਭਾਲ ਲਈ ਇੱਕ ਸਾਂਝੀ ਮੁਹਿੰਮ ਚਲਾਈ ਅਤੇ ਤਿੰਨ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਮੁਕਾਬਲੇ ਵਿੱਚ ਦੋ ਸ਼ੂਟਰ ਮਾਰੇ ਗਏ ਅਤੇ ਇੱਕ ਸ਼ੂਟਰ ਦੀਪਕ ਮੁੰਡੀ ਅਜੇ ਵੀ ਫਰਾਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ